ਜੁੜਦਾ ਫੈਲਦਾ ਪੰਜਾਬ: ਪੰਜਾਬ ਦਾ ਜੁੜ ਜੁੜ ਕੇ ਬਣਨਾ ਅਤੇ ਟੁੱਟ-ਟੁੱਟ ਕੇ ਫੈਲਣਾ ਜਾਰੀ

1245

Old Well in Punjab– ਜਸਵੰਤ ਜ਼ਫਰ

ਪ੍ਰਾਚੀਨ ਭਾਰਤੀ ਸਾਹਿਤ ਵਿਚ ਪੰਜਾਬ ਨੂੰ ‘ਸਪਤ ਸਿੰਧੂ’ ਕਿਹਾ ਗਿਆ ਹੈ। ਇਰਾਨੀ ਸਾਹਿਤ ਵਿਚ ਇਸ ਨੂੰ ‘ਹਪਤ ਸਿੰਧੂ’ ਕਹਿ ਕੇ ਬੁਲਾਇਆ ਗਿਆ। ਬੋਧੀ ਸਾਹਿਤ ਵਿਚ ਇਸ ਨੂੰ ‘ਉੱਤਰਪਥ’ ਕਿਹਾ ਗਿਆ ਹੈ।ਵੇਦਾਂ ਵਿਚ ਇਸ ਲਈ ‘ਪੰਚਨਦ’ ਸ਼ਬਦ ਵਰਤਿਆ ਗਿਆ ਜਿਸ ਨੂੰ ਅਮੀਰ ਖੁਸਰੋ ਨੇ ਬਦਲ ਕੇ ‘ਪੰਜ-ਆਬ’ ਕਰ ਦਿੱਤਾ।ਪਹਿਲਾਂ ਪੰਜਾਬ ਕੇਵਲ ਇਕ ਇਲਾਕੇ ਦਾ ਨਾਂ ਸੀ ਅਤੇ ਪੰਜਾਬੀ ਇਸ ਇਲਾਕੇ ਵਿਚ ਵਸਣ ਵਾਲੇ ਲੋਕ।ਹੁਣ ਦੁਨੀਆਂ ਵਿਚ ਅਣਗਿਣਤ ਪੰਜਾਬ ਹਨ।ਇਕ ਉਤਰ ਪੱਛਮੀ ਭਾਰਤ ਵਿਚ ਪੰਜਾਬ ਹੈ, ਦੂਸਰਾ ਇਸ ਦੇ ਨਾਲ ਲਗਦਾ ਸਰਹੱਦੋਂ ਪਾਰ ਪਾਕਿਸਤਾਨ ਵਿਚ ਹੈ। ਇਧਰਲੇ ਪੰਜਾਬ ਨਾਲ ਲਗਦੇ ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਸੂਬਿਆਂ ਵਿਚ ਪੰਜਾਬੀ ਬੋਲਣ ਵਾਲੇ ਇਲਾਕੇ ਵੀ ਪੰਜਾਬ ਹਨ। ਅੱਧੋਂ ਵੱਧ ਦਿੱਲੀ ਵੀ ਪੰਜਾਬ ਹੈ। ਪੰਜਾਬ ਮੁੰਬਈ ਵਿਚ ਵੀ ਹੈ ਤੇ ਕੋਲਕਤੇ ਵਿਚ ਵੀ।ਦੂਸਰੇ ਪ੍ਰਾਂਤਾਂ ਵਿਚ ਖੇਤੀ ਲਈ ਜ਼ਮੀਨਾਂ ਆਬਾਦ ਕਰਨ ਲਈ ਗਏ ਪੰਜਾਬੀ ਆਪੋ ਆਪਣਾ ਪੰਜਾਬ ਵਸਾ ਬੈਠੇ ਹਨ।ਇੰਗਲੈਂਡ, ਅਮਰੀਕਾ, ਕੈਨੇਡਾ, ਅਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਆਪੋ ਆਪਣਾ ਪੰਜਾਬ ਹੈ।ਦੁਨੀਆਂ ਦਾ ਹੋਰ ਕੋਈ ਭਾਈਚਾਰਾ ਸ਼ਾਇਦ ਇਸ ਕਦਰ ਨਹੀਂ ਪਸਰਿਆ।

ਪੰਜ ਦਰਿਆਵਾਂ ਜਾਂ ਪੰਜ ਦੁਆਬਾਂ ਵਾਲੇ ਖਿੱਤੇ ਵਿਚ ਵੱਖ ਵੱਖ ਸਮਿਆਂ ਤੇ ਵੱਖ ਵੱਖ ਕਾਰਨਾਂ ਕਰਕੇ ਵੱਖ ਵੱਖ ਥਾਵਾਂ ਤੋਂ ਵੱਖ ਵੱਖ ਨਸਲਾਂ, ਬੋਲੀਆਂ, ਸੁਭਾਵਾਂ ਅਤੇ ਧੰਦਿਆਂ ਵਾਲੇ ਲੋਕਾਂ ਦੇ ਮਿਲਣ ਨਾਲ ਪੰਜਾਬ ਬਣਦਾ ਰਿਹਾ ਹੈ।ਹੁਣ ਰੁਜ਼ਗਾਰ, ਵਪਾਰ ਅਤੇ ਹੋਰ ਉਦੇਸ਼ਾਂ ਲਈ ਪੰਜਾਬ ਦੁਨੀਆਂ ਦੀਆਂ ਸਾਰੀਆਂ ਦਿਸ਼ਾਵਾਂ ਵੱਲ ਖਿਲਰ ਰਿਹਾ ਹੈ। ਇਸ ਲਈ ਬੋਲੀ, ਕੰਮਾਂ ਕਾਰਾਂ ਅਤੇ ਰਹਿਣ ਸਹਿਣ ਦੀ ਵੰਨ ਸੁਵੰਨਤਾ ਹਮੇਸ਼ਾ ਬਣੀ ਰਹੀ ਹੈ।ਹੁਣ ਦੇ ਵੱਖ ਵੱਖ ਪੰਜਾਬਾਂ ਦੇ ਭੁਗੋਲਕ, ਸਮਾਜਕ, ਆਰਥਿਕ ਅਤੇ ਰਾਜਸੀ ਹਾਲਤ ਵੱਖੋ ਵੱਖਰੇ ਹਨ।ਪੰਜਾਬ ਦੀ ਬੋਲੀ ਵੀ ਇਕ ਨਹੀਂ ਕਹੀ ਜਾ ਸਕਦੀ। ਇਸ ਦੇ ਅਨੇਕਾਂ ਰੰਗ ਰੂਪ ਹਨ।ਪੋਠੋਹਾਰੀ, ਝਾਂਗੀ ਅਤੇ ਸਰਾਇਕੀ ਮੁੱਖ ਤੌਰ ਤੇ ਪਾਕਿਸਤਾਨ ਵਾਲੇ ਪਾਸੇ ਰਹਿ ਗਈਆਂ ਹਨ। ਇਧਰਲੇ ਪਾਸੇ ਮਲਵਈ, ਡੋਗਰੀ, ਪਹਾੜੀ ਅਤੇ ਪੁਆਧੀ ਪੰਜਾਬ ਦੀਆਂ ਬੋਲੀਆਂ ਹਨ।ਸੰਸਾਰ ਦੇ ਸਭ ਤੋਂ ਪੁਰਾਣੇ ਲਿਖਤ ਸਾਹਿਤ ਭਾਵ ਵੇਦਾਂ ਦੀ ਰਚਨਾ ਪੰਜਾਬ ਵਿਚ ਹੋਈ।

ਪੰਜਾਬ ਬਹੁਤ ਸਾਰੀਆਂ ਚੀਜ਼ਾਂ ਦਾ ਮਿਲਣ ਅਤੇ ਖਿਲਰਨ ਬਿੰਦੂ ਹੈ।ਸੂਫੀ ਸੰਤ ਬਾਬਾ ਫਰੀਦ ਨੂੰ ਪੰਜਾਬੀ ਜ਼ੁਬਾਨ ਦਾ ਮੋਢੀ ਕਵੀ ਮੰਨਿਆਂ ਜਾਂਦਾ ਹੈ। ਪਰ ਉਨਾਂ ਦੇ ਪੁਰਖੇ ਬਾਰ੍ਹਵੀਂ ਸਦੀ ਦੇ ਪਹਿਲੇ ਅੱਧ ਵਿਚ ਕਾਬਲ ਤੋਂ ਆ ਕੇ ਪੰਜਾਬ ਵਸੇ ਸਨ।ਜਵਾਨੀ ਵਿਚ ਗਿਆਨ ਹਾਸਲ ਕਰਨ ਲਈ ਉਹਨਾਂ ਬਗਦਾਦ, ਕੰਧਾਰ, ਗਜ਼ਨੀ, ਖੁਰਾਸਾਨ, ਬੁਖਾਰਾ ਅਤੇ ਤੁਰਕੀ ਦੀ ਪੈਦਲ ਯਾਤਰਾ ਕੀਤੀ। ਇਸਲਾਮ ਦੇ ਸਾਰੇ ਰੰਗਾਂ ਢੰਗਾਂ ਨੂੰ ਜਾਨਣ ਦੇ ਨਾਲ ਨਾਲ ਇਸਾਈਅਤ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।ਇਸ ਪ੍ਰਭਾਵ ਅਧੀਨ ਆਪ ਪੰਜਾਬ ਲਈ ਨਵੇਂ ਸੰਦੇਸ਼ ਲੈ ਕੇ ਆਏ।

ਗੁਰੂ ਨਾਨਕ ਦਾ ਟਿਕਾਣਾ ਪੰਜਾਬ ਦੇ ਕੇਂਦਰ ਵਿਚ ਸੀ।ਉਹਨਾਂ ਪੰਜਾਬੋਂ ਬਾਹਰ ਚਾਰਾਂ ਦਿਸ਼ਾਵਾਂ ਵਿਚ ਪੈਦਲ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ।ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ।ਪਹਿਲੀ ਉਦਾਸੀ ਪੂਰਬ ਦਿਸ਼ਾ ਦੀ ਹੋਈ।ਉਹ ਕੁਰਕਸ਼ੇਤਰ, ਹਰਿਦੁਆਰ, ਮਥਰਾ, ਬ੍ਰਿਦਾਬਨ, ਅਯੁਧਿਆ, ਬਨਾਰਸ, ਗਯਾ, ਢਾਕਾ, ਜਗਨ ਨਾਥ ਪੁਰੀ ਆਦਿ ਥਾਵਾਂ ਤੇ ਗਏ।ਹਿੰਦੂ ਧਰਮ ਦੇ ਮੁਖੀਆਂ ਅਤੇ ਵਿਦਵਾਨਾਂ ਨਾਲ ਵਿਚਾਰ ਚਰਚਾ ਹੋਈ।ਇਸ ਦੌਰਾਨ ਉਹਨਾਂ ਕਬੀਰ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈਦੇਵ ਜੀ, ਸੈਣ ਜੀ ਆਦਿ ਦੀ ਬਾਣੀ ਇਕੱਠੀ ਕੀਤੀ।ਦੂਸਰੀ ਉਦਾਸੀ ਦੌਰਾਨ ਉਹ ਦੱਖਣ ਦਿਸ਼ਾ ਵੱਲ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪਾਂਡੀਚਰੀ ਤੋਂ ਹੁੰਦੇ ਹੋਏ ਲੰਕਾ ਤੱਕ ਗਏ।ਜੈਨ ਅਤੇ ਬੁੱਧ ਧਰਮ ਦੇ ਕੇਂਦਰਾਂ ਤੇ ਜਾ ਕੇ ਜੈਨੀ ਅਤੇ ਬੋਧੀ ਅਚਾਰੀਆਂ ਨਾਲ ਵਾਰਤਾਲਾਪ ਕੀਤੀ।ਇਸ ਦੌਰਾਨ ਨਾਮਦੇਵ ਜੀ, ਤਰਲੋਚਨ ਜੀ ਅਤੇ ਪਰਮਾਨੰਦ ਜੀ ਦੀ ਬਾਣੀ ਪ੍ਰਾਪਤ ਕੀਤੀ।ਤੀਸਰੀ ਉਦਾਸੀ ਦੌਰਾਨ ਪਾਕ ਪਟਨ ਤੋਂ ਬਾਬਾ ਫਰੀਦ ਦੀ ਬਾਣੀ ਪ੍ਰਾਪਤ ਕਰਦੇ ਹੋਏੇ ਉੱਤਰ ਦਿਸ਼ਾ ਵਿਚ ਹਿਮਾਲਾ ਪਰਬਤ ਵਿਚ ਵਿਚਰੇ ਅਤੇ ਜੰਮੂ, ਕਸ਼ਮੀਰ, ਗੜਵਾਲ, ਤਿੱਬਤ, ਭੂਟਾਨ ਅਤੇ ਨੇਪਾਲ ਗਏ।ਇਸ ਦੌਰਾਨ ਉਹਨਾਂ ਦੀ ਸਿੱਧਾਂ ਨਾਲ ਗੋਸ਼ਟ ਹੋਈ।ਚੌਥੀ ਉਦਾਸੀ ਸਿੰਧ ਦੇ ਰਸਤਿਓਂ ਮੱਕੇ ਤੱਕ ਕੀਤੀ।ਇਸਲਾਮ ਦੇ ਕੇਂਦਰਾਂ ਤੇ ਗਏ ਅਤੇ ਇਸਲਾਮੀ ਆਲਮਾ ਨਾਲ ਵਿਚਾਰ ਵਟਾਂਦਰਾ ਕੀਤਾ।ਇਸੇ ਦੌਰਾਨ ਸਿੰਧ ਵਾਸੀ ਸਧਨਾ ਜੀ ਦੀ ਬਾਣੀ ਲੈ ਕੇ ਆਏ।ਇਸ ਤਰ੍ਹਾਂ ਇਕੱਠੀ ਕੀਤੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਆਦਿ ਗਰੰਥ ਵਿਚ ਦਰਜ ਕਰਕੇ ਪ੍ਰਕਾਸ਼ਤ ਕੀਤਾ। ਗੁਰੂ ਨਾਨਕ ਨੇ ਭਾਰਤ ਦੇ ਧੁਰ ਉੱਤਰ ਅਤੇ ਪੂਰਬ ਤੋਂ ਲੈ ਕੇ ਏਸ਼ੀਆ ਦੇ ਧੁਰ ਦੱਖਣ ਅਤੇ ਪੱਛਮ ਤੱਕ ਦੇ ਇਲਾਕਿਆਂ ਵਿਚ ਜਾ ਕੇ ਉਹਨਾਂ ਤੋਂ ਪਹਿਲੀਆਂ ਤਿੰਨ ਸਦੀਆਂ ਦੌਰਾਨ ਰਚੇ ਗਏ ਗੁਰਮਤਿ ਕਾਵਿ ਅਤੇ ਗਿਆਨ ਨੂੰ ਇਕੱਠਾ ਕਰਕੇ ਪੰਜਾਬ ਨੂੰ ਇਸ ਦਾ ਮਿਲਣ ਬਿੰਦੂ ਬਣਾ ਦਿੱਤਾ। ਇਸ ਤਰ੍ਹਾਂ ਪੰਜਾਬ ਗੁਰਮਤਿ ਜਾਂ ਸਿੱਖੀ ਦੇ ਕੇਂਦਰ ਵਜੋਂ ਸਥਾਪਤ ਹੋ ਗਿਆ।
ਪੰਜਾਬ ਨੂੰ ਖਾਲਸੇ ਦੀ ਜਨਮ ਭੂਮੀ ਕਿਹਾ ਜਾਂਦਾ ਹੈ।ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰੇ ਥਾਪ ਕੇ ਖਾਸਲਾ ਪੰਥ ਦੀ ਸਾਜਨਾ ਕੀਤੀ।ਇਹਨਾਂ ਪੰਜਾਂ ਵਿਚੋਂ ਕੋਈ ਵੀ ਸਾਡੇ ਹੁਣ ਵਾਲੇ ਪੰਜਾਬ ਦਾ ਵਾਸੀ ਨਹੀਂ ਸੀ। ਇਹ ਸਾਰੇ ਵੱਖ ਵੱਖ ਜਾਤਾਂ ਨਾਲ ਸਬੰਧਤ ਵੱਖ ਵੱਖ ਬੋਲੀਆਂ ਵਾਲੇ ਦੂਰ ਦੁਰਾਡੇ ਇਲਾਕਿਆਂ ਤੋਂ ਆਏ ਸਨ:
1. ਭਾਈ ਦਇਆ ਸਿੰਘ ਲਹੌਰ ਦੇ ਖੱਤਰੀ
2. ਭਾਈ ਧਰਮ ਸਿੰਘ ਮੇਰਠ ਦੇ ਜੱਟ
3. ਭਾਈ ਹਿੰਮਤ ਸਿੰਘ ਜਗਨ ਨਾਥ ਪੁਰੀ ਦੇ ਝਿਉਰ
4. ਭਾਈ ਮੋਹਕਮ ਸਿੰਘ ਗੁਜਰਾਤ ਦੇ ਛੀਂਬੇ
5. ਭਾਈ ਸਾਹਿਬ ਸਿੰਘ ਬਿਦਰ ਦੇ ਨਾਈ

ਇਸ ਤਰ੍ਹਾਂ ਪੰਜਾਬ ਤੋਂ ਦੂਰ ਦੂਰ ਤੱਕ ਫੈਲੀ ਸਿੱਖੀ ਦੀ ਵੰਨ ਸੁਵੰਨਤਾ ਨੇ ਪੰਜਾਬ ਵਿਚ ਇਕ ਜੁੱਟ ਹੋ ਕੇ ਖਾਲਸੇ ਦਾ ਰੂਪ ਧਾਰਿਆ। ਹੁਣ ਦੁਨੀਆਂ ਦੇ ਹਰ ਕੋਨੇ ਵਿਚ ਬਣੇ ਗੁਰਦੁਆਰੇ ਸਿੱਖੀ ਦੇ ਮਾਧਿਅਮ ਰਾਹੀਂ ਦੁਨੀਆਂ ਭਰ ਵਿਚ ਪੰਜਾਬ ਦੀ ਹਾਜ਼ਰੀ ਦੇ ਸੂਚਕ ਹਨ।ਕਈ ਖੇਤਰਾਂ ਵਿਚ ਪੰਜਾਬੀਆਂ ਨੂੰ ਪ੍ਰਸਿੱਧੀ ਜਾਂ ਕਾਮਯਾਬੀ ਹਾਸਲ ਕਰਨ ਲਈ ਪੰਜਾਬੋਂ ਬਾਹਰ ਜਾਣਾ ਹੀ ਪੈਂਦਾ ਹੈ। ਮਿਸਾਲ ਦੇ ਤੌਰ ਤੇ ਸੰਸਾਰ ਪ੍ਰਸਿੱਧ ਪੰਜਾਬੀ ਚਿਤਰਕਾਰ ਸ਼੍ਰੀ ਮਨਜੀਤ ਬਾਵਾ, ਸ਼੍ਰੀ ਸਤੀਸ਼ ਗੁਜਰਾਲ ਅਤੇ ਸ਼੍ਰੀ ਸਿਧਾਰਥ ਦਿੱਲੀ ਜਾ ਵਸੇ। ਸ. ਸੋਭਾ ਸਿੰਘ ਹਿਮਾਚਲ ਦੇ ਐਨ ਕੇਂਦਰ ਵਿਚ ਅੰਦਰੇਟੇ ਰਹਿਣ ਲੱਗੇ।ਪੰਜਾਬ ਦੇ ਖਿਲਰਨ ਦੀ ਇਕ ਹੋਰ ਉਘੜਵੀਂ ਉਦਾਹਰਨ ਹੈ। 1947 ਤੋਂ ਪਹਿਲਾਂ ਉਤਰੀ ਭਾਰਤ ਵਿਚ ਫਿਲਮ ਇੰਡਸਟਰੀ ਦਾ ਕੇਂਦਰ ਲਾਹੌਰ ਸੀ। ਪਰ ਵੰਡ ਤੋਂ ਬਾਅਦ ਲਹੌਰ ਪਾਕਿਸਤਾਨ ਵਿਚ ਚਲਾ ਗਿਆ ਅਤੇ ਫਿਲਮ ਜਗਤ ਨਾਲ ਜੁੜੇ ਇਧਰਲੇ ਸੈਂਕੜੇ ਪੰਜਾਬੀ ਕਲਾਕਾਰਾਂ ਨੂੰ ਬੰਬਈ ਜਾਣਾ ਪਿਆ ਜਿਥੇ ਉਹਨਾਂ ਆਪਣੀ ਸਫਲਤਾ ਅਤੇ ਪ੍ਰਸਿੱਧੀ ਦੀਆਂ ਨਵੀਆਂ ਉਚਾਈਆਂ ਛੋਹੀਆਂ।

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਤੇ ਪਾਲਣ-ਪੋਸਨ ਬਿਹਾਰ ਦੇ ਸ਼ਹਿਰ ਪਟਨੇ ਵਿਚ ਹੋਇਆ। ਮਗਰਲੇ ਸਮੇਂ ਉਹ ਪੰਜਾਬ ਛੱਡ ਕੇ ਦੱਖਣੀ ਭਾਰਤ ਚਲੇ ਗਏ।ਉਹਨਾਂ ਦੇ ਆਦੇਸ਼ ਤੇ ਪੰਜਾਬ ਵਿਚ ਵੱਡੀ ਕ੍ਰਾਂਤੀ ਲਿਆਉਣ ਵਾਲੇ ਬੰਦਾ ਸਿੰਘ ਬਹਾਦਰ ਵੀ ਦੱਖਣ ਭਾਰਤ ਤੋਂ ਆਏ ਸਨ।ਬੰਦਾ ਬਹਾਦਰ ਦੀ ਆਮਦ ਤੋਂ ਪਹਿਲਾਂ ਪੰਜਾਬ ਮੁਗਲ ਸਾਮਰਾਜ ਦੇ ਅਧੀਨ ਸੀ। ਪੰਜਾਬ ਦੇ ਵੱਖ ਵੱਖ ਸੂਬੇ ਅਤੇ ਰਿਆਸਤਾਂ ਵੱਖ ਵੱਖ ਰਾਜਿਆਂ ਜਾਂ ਸੂਬੇਦਾਰਾਂ ਦੇ ਅਧੀਨ ਸਨ।ਅੱਗੋਂ ਜ਼ਮੀਨਾਂ ਦੇ ਵੱਡੇ ਵੱਡੇ ਟੁਕੜਿਆਂ ਤੇ ਜਿਮੀਂਦਾਰ ਕਾਬਜ਼ ਸਨ।ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਪੇਟ ਭਰ ਰੋਟੀ ਨਸੀਬ ਨਹੀਂ ਸੀ ਹੁੰਦੀ।ਬੰਦਾ ਸਿੰਘ ਨੇ ਪੰਜਾਬ ਦੇ ਅਜਿਹੇ ਪ੍ਰਬੰਧ ਨੂੰ ਖਤਮ ਕਰਕੇ ਜ਼ਮੀਨਾਂ ਦੀ ਮਾਲਕੀ ਹਲ ਵਾਹੁਣ ਵਾਲੇ ਕਿਸਾਨਾਂ ਦੇ ਨਾਂ ਕਰ ਦਿੱਤੀ।ਜਮਨਾ ਤੋਂ ਲੈ ਕੇ ਰਾਵੀ ਤੱਕ ਪੰਜਾਬ ਆਜ਼ਾਦ ਕਿਸਾਨੀ ਦਾ ਠਾਠਾਂ ਮਾਰਦਾ ਸਮੁੰਦਰ ਬਣ ਗਿਆ ਸੀ।ਨੀਵੀਂ ਸਮਝੀ ਜਾਂਦੀ ਜਾਤ ਦਾ ਵਿਅਕਤੀ ਬੰਦੇ ਬਹਾਦਰ ਦੇ ਸੰਗਠਨ ਵਿਚ ਖਾਲੀ ਹੱਥ ਸ਼ਾਮਲ ਹੁੰਦਾ ਸੀ ਅਤੇ ਘਰ ਪਰਤਣ ਸਮੇਂ ਉਸ ਕੋਲ ਜ਼ਮੀਨ ਮਾਲਕੀ ਦਾ ਪ੍ਰਵਾਨਾ ਹੁੰਦਾ ਸੀ ਅਤੇ ਪੁਰਾਣੇ ਧਨੀ ਉਸ ਦਾ ਹੱਥ ਬੰਨ੍ਹ ਕੇ ਸੁਆਗਤ ਕਰਦੇ ਸਨ।ਬੰਦੇ ਬਹਾਦਰ ਵਲੋਂ ਜਾਤ ਪ੍ਰਥਾ ਖਤਮ ਕਰਨ ਲਈ ਉਠਾਏ ਕਦਮਾਂ ਨਾਲ ਸ਼ੂਦਰਾਂ ਲਈ ਕਸ਼ਤਰੀ ਹੋਣ ਦਾ ਰਸਤਾ ਖੁੱਲ੍ਹਿਆ।ਪੀੜ੍ਹੀ ਦਰ ਪੀੜ੍ਹੀ ਚਲਦੇ ਜਾਤ ਅਧਾਰਤ ਕਿੱਤਿਆਂ ਦੀ ਪਾਬੰਦੀ ਘਟ ਗਈ ਸੀ।

ਸਿੰਧ ਘਾਟੀ ਦੀ ਸੱਭਿਅਤਾ ਨਾਲ ਸਬੰਧਤ ਖੁਦਾਈਆਂ ਤੋਂ ਮਗਰੋਂ ਇਹ ਸਮਝਿਆ ਜਾਣ ਲੱਗਾ ਕਿ ਇਥੋਂ ਦੇ ਮੂਲ ਨਿਵਾਸੀ ਦਰਾਵੜ ਸਨ ਜਿਹਨਾਂ ਨੂੰ ਖਦੇੜ ਕੇ ਆਰੀਅਨ ਲੋਕ ਕਾਬਜ਼ ਹੋ ਗਏ।ਜਾਤ ਪ੍ਰਥਾ ਵੀ ਆਰੀਅਨ ਲੋਕਾਂ ਦੀ ਦੇਣ ਮੰਨੀ ਗਈ। ਪਰ ਨਵੀਆਂ ਖੋਜਾਂ ਨਾਲ ਇਹ ਪਤਾ ਲੱਗਾ ਹੈ ਕਿ ਇਹਨਾਂ ਦੋਹਾਂ ਤੋਂ ਪਹਿਲਾਂ ਪੰਜਾਬ ਵਿਚ ਦੁਨੀਆਂ ਦੀਆਂ ਹੋਰ ਬਹੁਤ ਸਾਰੀਆਂ ਥਾਵਾਂ ਤੋਂ ਆ ਕੇ ਲੋਕ ਵਸੇ ਹੋਏ ਸਨ ਅਤੇ ਜਾਤ ਪ੍ਰਥਾ ਵੀ ਬਹੁਤ ਪਹਿਲਾਂ ਦੀ ਹੈ।ਖੋਜਾਂ ਦਸਦੀਆਂ ਹਨ ਕਿ ਹੜੱਪਾ ਤੋਂ ਪਹਿਲਾਂ ਵੀ ਇਥੇ ਬਹੁਤ ਸਾਰੇ ਵਿਕਸਤ ਸ਼ਹਿਰ ਸਨ ਅਤੇ ਇਥੇ ‘ਅਮਰੀ’ ਨਾਂ ਦੀ ਸੱਭਿਅਤਾ ਸੀ।ਦਰਾਵੜ ਕਬੀਲੇ ਵੀ 2500 ਪੂਰਬ ਈਸਾ ਦੇ ਕਰੀਬ ਇਸ ਖਿੱਤੇ ਵਿਚ ਬਾਹਰੋਂ ਪ੍ਰਵੇਸ਼ ਕੀਤੇ ਸਨ। ਉਸ ਸਮੇਂ ਸਿੰਧ ਘਾਟੀ ਦੀ ਸੱਭਿਅਤਾ ਜੋਬਨ ‘ਤੇ ਸੀ।ਆਰੀਆਂ ਤੋਂ ਪਹਿਲਾਂ ਬਲੋਚਸਤਾਨ, ਇਰਾਨ ਅਤੇ ਹੋਰ ਕਈ ਥਾਵਾਂ ਤੋਂ ਅਨੇਕਾਂ ਨਸਲਾਂ ਦੇ ਸਮੂਹ ਇਥੇ ਆ ਕੇ ਵਸ ਚੁੱਕੇ ਸਨ।ਆਰੀਆਂ ਨੇ ਜਦੋਂ ਪੰਜਾਬ ਤੇ ਹਮਲਾ ਕੀਤਾ ਤਾਂ ਇਥੇ ਸੀਥੀਆ ਨਸਲ ਦੇ ਲੋਕ ਵੀ ਵੱਡੀ ਗਿਣਤੀ ‘ਚ ਵਸਦੇ ਸਨ ਜੋ ਏਸ਼ੀਆ ਦੇ ਉਤਰੀ ਭਾਗਾਂ ਤੋਂ ਆਏ ਹੋਏ ਸਨ।ਇਹ ਜੰਗਜੂ ਅਤੇ ਕਿਰਤੀ ਲੋਕ ਸਨ।ਇਹਨਾਂ ਦੀਆਂ ਅਨੇਕਾਂ ਸ਼ਾਖਾਵਾਂ ਸਨ ਜਿਵੇਂ ਤਾਤਾਰ, ਸਾਕਾ, ਤਕਸ਼ਕ, ਪਾਰਥੀਅਨ, ਹੂੰਣ ਆਦਿ।ਆਰੀਆਂ ਤੋਂ ਬਾਅਦ ਭਾਰਤ ਵਿਚ ਪ੍ਰਵੇਸ਼ ਕਰਨ ਵਾਲੀ ਹਰ ਬਾਹਰਲੀ ਨਸਲ ਨੇ ਆਪਣਾ ਪਹਿਲਾ ਕਦਮ ਇਸ ਖਿੱਤੇ ਵਿਚ ਰੱਖਿਆ ਜਿਵੇਂ ਮੇਡ, ਅਭੀਰ, ਮੁਗਲ ਆਦਿ।ਇਸ ਤਰ੍ਹਾਂ ਪੰਜਾਬ ਅਨੇਕਾਂ ਨਸਲਾਂ, ਕਬੀਲਿਆਂ, ਜਾਤਾਂ, ਵਿਸ਼ਵਾਸਾਂ, ਸੰਘਰਸ਼ਾਂ ਦੇ ਜੋੜ ਨਾਲ ਬਣਿਆ ਹੈ ਅਤੇ ਲਗਤਾਰ ਅਨੇਕਾਂ ਦਿਸ਼ਾਵਾਂ ‘ਚ ਫੈਲਦਾ ਰਿਹਾ ਹੈ।

ਹੁਣ ਵੀ ਪੰਜਾਬ ਖੇਤੀਬਾੜੀ, ਕਾਰਖਾਨੇ, ਮਕਾਨ ਉਸਾਰੀ ਅਤੇ ਹਰ ਤਰ੍ਹਾਂ ਦੀ ਸਫਾਈ ਦੇ ਕੰਮਾਂ ਲਈ ਭਾਰਤ ਦੇ ਦੂਸਰੇ ਰਾਜਾਂ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਮੱਧ ਪ੍ਰਦੇਸ਼ ਆਦਿ ਦੇ ਕਿਰਤੀਆਂ ਦੀ ਆਮਦ ਲਈ ਲਗਾਤਾਰ ਤਾਂਘਦਾ ਰਹਿੰਦਾ ਹੈ।ਦੂਜੇ ਪਾਸੇ ਪੰਜਾਬ ਦੇ ਕਿਸਾਨਾਂ, ਹੁਨਰਮੰਦਾਂ, ਦਸਤਕਾਰਾਂ ਅਤੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਵਿਚ ਜਾ ਵਸਣ ਲਈ ਉਤਾਵਲੀ ਰਹਿੰਦੀ ਹੈ।ਪੰਜਾਬ ਦਾ ਜੁੜ ਜੁੜ ਕੇ ਬਣਨਾ ਅਤੇ ਟੱਟ ਟੁੱਟ ਕੇ ਫੈਲਣਾ ਜਾਰੀ ਹੈ।

Real Estate