ਅਲਵਿਦਾ ਕ੍ਰਿਸ਼ਨਾ ਸੋਬਤੀ ‘ਮਿਤਰੋ ਮਰ ਜਾਣੀ’ ਤੇ ‘ਜਿੰਦਗੀਨਾਮਾ’ ਦੀ ਰਚਨਾਕਾਰ

987

krishna-sobtiਬਲਵਿੰਦਰ ਸਿੰਘ ਭੁੱਲਰ
ਸਾਂਝੇ ਪੰਜਾਬ ਦੇ ਸ਼ਹਿਰ ਗੁਜਰਾਤ, ਜੋ ਹੁਣ ਪਾਕਿਸਤਾਨ ਵਿੱਚ ਹੈ 28 ਫਰਵਰੀ 1925 ਨੂੰ ਜਨਮੀ ਕਹਾਣੀਕਾਰ ਤੇ ਨਾਵਲਕਾਰ ਕ੍ਰਿਸ਼ਨਾ ਸੋਬਤੀ ਅਜਿਹੀ ਲੇਖਿਕਾ ਸੀ, ਜਿਸਨੇ ਪੰਜਾਬੀ ਭਾਸ਼ਾ ਨੂੰ ਵੀ ਸਤਿਕਾਰ ਦਿੱਤਾ ਅਤੇ ਆਪਣੇ ਰਚੇ ਸਬਦਾਂ ਤੇ ਪਹਿਰਾ ਦੇਣਾ ਉਹ ਆਪਣਾ ਫ਼ਰਜ ਸਮਝਦੀ ਸੀ।
ਬ੍ਰਿਟਿਸ਼ ਰਾਜ ਸਮੇਂ ਉਸਨੇ ਆਪਣੀ ਮੁਢਲੀ ਵਿੱਦਿਆ ਤਾਂ ਭਾਵੇਂ ਆਪਣੇ ਸ਼ਹਿਰ ਗੁਜਰਾਤ ਤੋਂ ਸੁਰੂ ਕੀਤੀ, ਪਰ ਦਿੱਲੀ ਅਤੇ ਸਿਮਲੇ ਤੋਂ ਵੀ ਉਸਨੇ ਵਿੱਦਿਆ ਹਾਸਲ ਕੀਤੀ। ਸਕੂਲੀ ਵਿੱਦਿਆ ਪੂਰੀ ਕਰਕੇ ਉਸਨੇ ਲਾਹੌਰ ਦੇ ਫਤਹਿਗੰਜ ਕਾਲਜ ਤੋਂ ਉਚ ਸਿੱਖਿਆ ਪ੍ਰਾਪਤ ਕੀਤੀ। ਸੋਬਤੀ ਅਗਾਂਹਵਧੂ ਤੇ ਲੋਕ ਪੱਖੀ ਸੋਚ ਦੀ ਮਾਲਕ ਸੀ, ਸਮਾਜ ਵਿੱਚ ਵਾਪਰਦੀਆਂ ਘਟਨਾਵਾਂ, ਗਰੀਬੀ, ਔਰਤਾਂ ਦੇ ਹੁੰਦੇ ਅੱਤਿਆਚਾਰਾਂ ਆਦਿ ਨੇ ਉਸਤੇ ਡੂੰਘਾ ਪ੍ਰਭਾਵ ਪਾਇਆ। ਉਸਨੇ ਭਾਵੇਂ ਸਮਾਜਿਕ ਕੁਰੀਤੀਆਂ ਦੀਆਂ ਚਣੌਤੀਆਂ ਕਬੂਲਦਿਆਂ ਉਹਨਾਂ ਨਾਲ ਟਾਕਰਾ ਕਰਨ ਵਾਲੇ ਸਮਾਜ ਸੇਵਕਾਂ ਦਾ ਸਹਿਯੋਗ ਦਿੱਤਾ, ਪਰ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਆਪਣੀ ਸਾਰੀ ਜਿੰਦਗੀ ਆਪਣੀਆਂ ਲਿਖਤਾਂ ਨਾਲ ਯਤਨ ਕਰਦੀ ਰਹੀ। 1947 ’ਚ ਭਾਰਤ ਪਾਕਿ ਵੰਡ ਸਮੇਂ ਉਹ ਪਾਕਿਸਤਾਨ ਛੱਡ ਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਪਹੁੰਚ ਗਈ, ਜਿੱਥੇ ਉਸਨੇ ਆਪਣੀ ਪੱਕੀ ਰਿਹਾਇਸ਼ ਕਰ ਲਈ। ਆਪਣੀ ਜਿੰਦਗੀ ਦਾ ਬਹੁਤਾ ਸਮਾਂ ਲੰਘ ਜਾਣ ਉਪਰੰਤ ਬੁਢੇਪੇ ਭਵਿੱਖ ਨੂੰ ਮਹਿਸੂਸ ਕਰਦਿਆਂ ਉਸਨੇ ਇੱਕ ਡੋਗਰੀ ਲੇਖਕ ਸ੍ਰੀ ਸ਼ਿਵ ਨਾਥ ਨਾਲ ਜਿੰਦਗੀ ਦਾ ਆਖ਼ਰੀ ਸਮਾਂ ਬਿਤਾਉਣ ਦਾ ਫੈਸਲਾ ਕੀਤਾ ਅਤੇ ਉਹ ਮੈਯੂਰ ਵਿਹਾਰ ਦੇ ਨਜਦੀਕ ਪਟਪਰਗੰਜ ਵਿਖੇ ਰਹਿਣ ਲੱਗ ਪਏ।
ਕ੍ਰਿਸਨਾ ਸੋਬਤੀ ਵੱਲੋਂ ਲਿਖਿਆ ਔਰਤ ਦੇ ਜੀਵਨ ਤੇ ਅਧਾਰਤ ਨਾਵਲ ‘ਮਿਤਰੋ ਮਰਜਾਣੀ’ ਇੱਕ ਉਚ ਦਰਜੇ ਦਾ ਨਾਵਲ ਹੈ, ਜਿਸ ਰਾਹੀਂ ਉਸਨੇ ਔਰਤ ਨੂੰ ਰੂੜੀਵਾਦੀ ਵਿਚਾਰਾਂ ਚੋਂ ਬਾਹਰ ਕੱਢਣ ਨੂੰ ਪ੍ਰਵਾਨਗੀ ਦਿੱਤੀ ਹੈ। ਇਸੇ ਤਰਾਂ ਉਸਦਾ ਇੱਕ ਹੋਰ ਪ੍ਰਸਿੱਧ ਨਾਵਲ ‘ਜਿੰਦਗੀਨਾਮਾ’ ਪੇਂਡੂ ਜੀਵਨ ਅਤੇ ਕਿਸਾਨੀ ਤੇ ਅਧਾਰਤ ਹੈ, ਜੋ ਸਮਾਜਿਕ ਚਿੰਤਾਵਾਂ ਉਜਾਗਰ ਕਰਦਾ ਹੋਇਆ ਉਹਨਾਂ ਦੀ ਹਾਲਤ ਸੁਧਾਰਨ ਲਈ ਵੱਡਮੁੱਲੇ ਵਿਚਾਰ ਤੇ ਸੁਝਾਅ ਵੀ ਪੇਸ਼ ਕਰਦਾ ਹੈ। ਉਹਨਾਂ ਆਪਣੇ ਜੀਵਨ ਵਿੱਚ ਨਾਵਲ ਜਿੰਦਗੀਨਾਮਾ, ਮਿਤੱਰੋ ਮਰ ਜਾਣੀ, ਡਾਰ ਸੇ ਵਿਛੜੀ, ਸੂਰਜਮੁਖੀ ਅੰਧੇਰੇ ਕੇ, ਯਾਰੋਂ ਕੇ ਯਾਰ, ਸਮਯ ਸਰਗਮ, ਚੰਨਾ, ਤਿਨ ਪਹਾੜ, ਏ ਲੜਕੀ, ਦਿਲ ਓ ਡੈਨਿਸ ਲਿਖੇ। ਇਸਤੋਂ ਇਲਾਵਾ ਕਹਾਣੀ ਸੰਗ੍ਰਹਿ ਨਫ਼ੀਸਾ, ਸਿੱਕਾ ਬਦਲ ਗਿਆ, ਬਾਦਲੋਂ ਕੇ ਘੇਰੇ, ਬਚਪਨ ਸਾਹਿਤ ਨੂੰ ਦਿੱਤੇ ਅਤੇ ਸਫ਼ਰਨਾਮਾ ਬੁੱਧ ਦਾ ਕਮੰਡਲ ਤੇ ਹੋਰ ਪੁਸਤਕਾਂ ਹਮ ਹਸਮਤ, ਸੋਬਤੀ ਏਕ ਮੁਹੱਬਤ ਤੇ ਸਬਦੋਂ ਕੇ ਅਲੋਖ ਸੇ ਵੀ ਲਿਖੀਆਂ। ਉਸਨੇ ਹਿੰਦੀ ਤੋਂ ਇਲਾਵਾ ਪੰਜਾਬੀ, ਊਰਦੁ ਅਤੇ ਰਾਜਸਥਾਨੀ ਵਿੱਚ ਵੀ ਸਾਹਿਤ ਦੀ ਰਚਨਾ ਕੀਤੀ। ਉਸਦੀਆਂ ਲਿਖਤਾਂ ਏਨੀਆਂ ਪਾਏਦਾਰ ਸਨ ਕਿ ਉਹਨਾਂ ਦਾ ਰੂਸੀ, ਅੰਗਰੇਜੀ, ਸਵੀਡਸ ਅਤੇ ਹੋਰ ਕਈ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ।
ਕ੍ਰਿਸ਼ਨਾ ਸੋਬਤੀ ਨੇ ਜਿੱਥੇ ਸਮਾਜਿਕ ਚਿੰਤਾਵਾਂ ਤੇ ਸਮੱਸਿਆਵਾਂ ਉਜਾਗਰ ਕੀਤੀਆਂ, ਉ¤ਥੇ ਉਸਨੇ ਆਪਣੇ ਪਾਤਰਾਂ ਨੂੰ ਵੀ ਬਾਖੂਬੀ ਪੇਸ਼ ਕੀਤਾ। ਉਸਦੇ ਪਾਤਰ ਤੀਖਣ ਬੁੱਧੀ ਵਾਲੇ, ਦਲੇਰ, ਚਣੌਤੀਆਂ ਦਾ ਟਾਕਰਾ ਕਰਨ ਵਾਲੇ ਤੇ ਲੋਕ ਪੱਖੀ ਹਨ। ਕ੍ਰਿਸ਼ਨਾ ਸੋਬਤੀ ਭਾਵੇਂ ਹਿੰਦੀ ਲੇਖਿਕਾ ਸੀ, ਪਰੰਤੂ ਉਸਦਾ ਜਨਮ ਸਾਂਝੇ ਪੰਜਾਬ ਵਿੱਚ ਹੋਣ ਕਾਰਨ ਉਸਤੇ ਪੰਜਾਬੀ ਅਤੇ ਉਰਦੂ ਦਾ ਵੀ ਕਾਫ਼ੀ ਪ੍ਰਭਾਵ ਸੀ। ਉਸਨੇ ਆਪਣੀਆਂ ਹਿੰਦੀ ਲਿਖਤਾਂ ਵਿੱਚ ਵੀ ਪੰਜਾਬੀਨੁਮਾ ਵਾਕਾਂ ਤੇ ਮੁਹਾਵਰਿਆਂ ਦੀ ਵਰਤੋਂ ਕੀਤੀ। ਉਸਦੀ ਇੱਕ ਵਿਸ਼ਸਤਾ ਇਹ ਵੀ ਸੀ ਕਿ ਉਹ ਆਪਣੇ ਰਚੇ ਇੱਕ ਇੱਕ ਸਬਦ ਤੇ ਪਹਿਰਾ ਦਿੰਦੀ ਸੀ, ਉਸ ਵਿੱਚ ਅਦਲ ਬਦਲ ਕਰਨਾ ਉਹ ਬਰਦਾਸਤ ਨਹੀਂ ਸੀ ਕਰ ਸਕਦੀ। ਜਿਸਦੀ ਮਿਸਾਲ ਉਸਦੇ ’ਜਿੰਦਗੀਨਾਮਾ’ ਨਾਵਲ ਦੇ ਛਪਾਏ ਜਾਣ ਤੋਂ ਮਿਲਦੀ ਹੈ, ਉਸਨੇ ਆਪਣੇ ਇਸ ਨਾਵਲ ਦਾ ਖਰੜਾ ਉ¤ਤਰ ਪ੍ਰਦੇਸ਼ ਦੇ ਇੱਕ ਪ੍ਰਕਾਸ਼ਕ ਨੂੰ ਦਿੱਤਾ। ਕੁਝ ਦਿਨਾਂ ਬਾਅਦ ਜਦ ਨਾਵਲ ਦਾ ਪਰੂਫ ਪੜਣ ਵਾਸਤੇ ਉਸਨੂੰ ਮਿਲਿਆ ਤਾਂ ਉਸਨੇ ਦੇਖਿਆ ਕਿ ਨਾਵਲ ਵਿਚਲੇ ਕੁਝ ਪੰਜਾਬੀ ਜਾਂ ਉਰਦੂ ਸ਼ਬਦਾਂ ਨੂੰ ਬਦਲ ਕੇ ਸੰਸਕ੍ਰਿਤੀਨੁਮਾ ਹਿੰਦੀ ਸਬਦਾਂ ਵਿੱਚ ਲਿਖ ਦਿੱਤਾ ਗਿਆ ਸੀ। ਬੱਸ ਇਹ ਦੇਖਦਿਆਂ ਹੀ ਉਹ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਗਈ ਅਤੇ ਤੁਰੰਤ ਹੀ ਇੱਕ ਟੈਲੀਗਰਾਮ ਕਰਕੇ ਨਾਵਲ ਦੀ ਛਪਵਾਈ ਬੰਦ ਕਰਵਾ ਦਿੱਤੀ ਅਤੇ ਪ੍ਰਕਾਸ਼ਕ ਦਾ ਹੋਇਆ ਖ਼ਰਚਾ ਉਸਨੂੰ ਅਦਾ ਕਰ ਦਿੱਤਾ। ਬਾਅਦ ਵਿੱਚ ਇਹ ਨਾਵਲ ਕਿਸੇ ਹੋਰ ਪ੍ਰਕਾਸ਼ਕ ਤੋਂ ਛਪਵਾਇਆ। ਸੋਬਤੀ ਦੀ ਭਾਸ਼ਾ ਬੜੀ ਸਰਲ ਹੈ, ਉਹ ਕਦੇ ਸੁਹਿਰਦਤਾ ਤੇ ਸੂਖਮਤਾ ਵਾਲੇ ਸਬਦਾਂ ਦੀ ਵਰਤੋਂ ਕਰਦੀ ਹੈ ਅਤੇ ਕਦੇ ਕਦੇ ਸਖ਼ਤ ਭਾਸ਼ਾ ਵਰਤ ਕੇ ਆਪਣੇ ਪਾਤਰ ਨੂੰ ਦਲੇਰ ਬਣਾ ਦਿੰਦੀ ਹੈ।
ਕ੍ਰਿਸ਼ਨਾ ਸੋਬਤੀ ਦੇ ਨਾਵਲ ਜਿੰਦਗੀਨਾਮਾ ਦਾ ਪ੍ਰਸਿੱਧ ਨਾਵਲਕਾਰ ਪਦਮ ਸ੍ਰੀ ਪ੍ਰੋ: ਗੁਰਦਿਆਲ ਸਿੰਘ ਨੇ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ। ਇੱਥੇ ਇਹ ਵੀ ਮਾਣ ਵਾਲੀ ਗੱਲ ਹੈ ਕਿ ਦੋ ਪੰਜਾਬੀ ਲੇਖਿਕਾਵਾਂ ਨੂੰ ਹੀ ਗਿਆਨਪੀਠ ਇਨਾਮ ਮਿਲੇ ਹਨ, ਜਿਹਨਾਂ ਵਿੱਚ ਇੱਕ ਸ੍ਰੀ ਕ੍ਰਿਸ਼ਨਾ ਸੋਬਤੀ ਅਤੇ ਦੂਜੀ ਸੀ ਅਮ੍ਰਿਤਾ ਪ੍ਰੀਤਮ। ਪੰਜਾਬੀ ਦੀ ਉਘੀ ਕਹਾਣੀਕਾਰਾ ਅਜੀਤ ਕੌਰ ਨਾਲ ਉਸਦਾ ਬਹੁਤ ਪ੍ਰੇਮ ਸੀ, ਹਰ ਮਹੀਨੇ ਅਜੀਤ ਕੌਰ ਦੇ ਘਰ ਹਿੰਦੀ ਪੰਜਾਬੀ ਤੇ ਊਰਦੂ ਦੇ ਲੇਖਕਾਂ ਦੀ ਮੀਟਿੰਗ ਹੁੰਦੀ ਹੈ, ਜਿਸ ਵਿੱਚ ਕ੍ਰਿਸ਼ਨਾ ਸੋਬਤੀ ਵੀ ਪਹੁੰਚਦੀ ਅਤੇ ਉਹ ਮਨੋਰੰਜਨ ਦੀ ਬਜਾਏ ਲੋਕ ਪੱਖੀ, ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਤੇ ਉਹਨਾਂ ਦੇ ਹੱਲ ਲਈ ਸੁਝਾਅ ਦੇਣ ਵਾਲਾ ਸਾਹਿਤ ਰਚਨ ਦੀ ਲੋੜ ਤੇ ਜੋਰ ਦਿੰਦੀ ਸੀ। ਉਹ ਭਾਵੇਂ ਹਿੰਦੀ ਲੇਖਿਕਾ ਸੀ, ਪਰ ਉਸਦੇ ਦਿਲ ’ਚ ਪੰਜਾਬੀ ਪ੍ਰਤੀ ਤੜਫ਼ ਸੀ, ਇਹੋ ਕਾਰਨ ਸੀ ਕਿ ਉਸਦੇ ਪੰਜਾਬੀ ਲੇਖਕਾਂ ਸਾਹਿਤਕਾਰਾਂ ਨਾਲ ਗੂੜੇ ਸਬੰਧ ਸਨ।
ਕ੍ਰਿਸਨਾ ਸੋਬਤੀ ਨੂੰ ਸਾਲ 1982 ਵਿੱਚ ਹਿੰਦੀ ਅਕਾਦਮੀ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 1996 ’ਚ ਸਾਹਿਤ ਅਕਾਦਮੀ ਫੈਲੋਸ਼ਿਪ, ਅਕਾਦਮੀ ਦਾ ਸਭ ਤੋਂ ਵੱਡਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਾਲ 1999 ਵਿੱਚ ਨਾਵਲ ਜਿੰਦਗੀਨਾਮਾ ਲਈ ਸਾਹਿਤਕ ਅਕਾਦਮੀ ਐਵਾਰਡ ਦਿੱਤਾ ਗਿਆ। ਸਾਲ 2008 ’ਚ ਚੰਦੂਮਨੀ ਐਵਾਰਡ ਅਤੇ ਸਾਲ 2017 ’ਚ ਗਿਆਨਪੀਠ ਐਵਾਰਡ ਦੇ ਕੇ ਉਸਦਾ ਸਨਮਾਨ ਕੀਤਾ ਗਿਆ। ਇਸਤੋਂ ਇਲਾਵਾ ਸਲਕਾ ਐਵਾਰਡ, ਸ੍ਰੋਮਣੀ ਐਵਾਰਡ ਸਮੇਤ ਅਨੇਕਾਂ ਹੋਰ ਐਵਾਰਡਾਂ ਨਾਲ ਕ੍ਰਿਸ਼ਨਾ ਸੋਬਤੀ ਨੂੰ ਸਨਮਾਨਿਆ ਗਿਆ।
ਲੋਕਾਂ ਦੀ ਹਮਦਰਦ, ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੀ, ਪੰਜਾਬੀ ਭਾਸ਼ਾ ਪ੍ਰਤੀ ਤੜਫ਼ ਰੱਖਣ ਵਾਲੀ ਇਹ ਮਹਾਨ ਲੇਖਿਕਾ ਕ੍ਰਿਸ਼ਨਾ ਸੋਬਤੀ 25 ਜਨਵਰੀ 2019 ਨੂੰ ਦਿੱਲੀ ਵਿਖੇ ਆਪਣੇ ਪਾਠਕਾਂ ਤੋਂ ਸਦਾ ਲਈ ਵਿਛੜ ਗਈ।

Real Estate