ਰਾਹੁਲ ਅਤੇ ਪ੍ਰਿਯੰਕਾ ਬਾਰੇ ਟਿੱਪਣੀ ਕਰਕੇ ਛੇੜਿਆ ਵਿਵਾਦ

1215

ਇਕ ਹੋਰ ਵਿਵਾਦਤ ਟਿੱਪਣੀ ’ਚ ਭਾਜਪਾ ਦੇ ਵਿਧਾਇਕ ਸੁਰੇਂਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਦੀ ਤੁਲਨਾ ਰਾਵਣ ਅਤੇ ਸਰੂਪਨਖਾ ਨਾਲ ਕੀਤੀ ਹੈ। ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਆਖਿਆ ਹੈ। ਉਸ ਨੇ ਕਿਹਾ,‘‘ਰਾਵਣ ਨੇ ਆਪਣੀ ਭੈਣ ਨੂੰ ਮੇਰੇ ਰਾਮ ਖ਼ਿਲਾਫ਼ ਖੜ੍ਹਾ ਕੀਤਾ ਹੈ। ਪੂਰਾ ਭਰੋਸਾ ਹੈ ਕਿ ਲੰਕਾ ’ਤੇ ਜਿੱਤ ਹਾਸਲ ਕਰਾਂਗੇ।’’ ਪ੍ਰਿਯੰਕਾ ਗਾਂਧੀ ਵਾਡਰਾ ਦੇ ਸਿਆਸਤ ’ਚ ਆਉਣ ’ਤੇ ਭਾਜਪਾ ਵਿਧਾਇਕ ਨੇ ਇਹ ਤਿੱਖੀ ਟਿੱਪਣੀ ਕੀਤੀ ਹੈ। ਸੁਰੇਂਦਰ ਸਿੰਘ ਨੇ ਕਿਹਾ ਕਿ ਪ੍ਰਿਯੰਕਾ ਨੂੰ ਜਨਰਲ ਸਕੱਤਰ ਬਣਾ ਕੇ ਰਾਹੁਲ ਨੇ ਪਹਿਲਾਂ ਹੀ ਮੋਦੀ ਨਾਲ ਲੜਨ ਦੀ ਆਪਣੀ ਅਸਮਰੱਥਾ ਜ਼ਾਹਰ ਕਰ ਦਿੱਤੀ ਹੈ। ‘ਹੁਣ ਭਰਾ ਅਤੇ ਭੈਣ ਇਕੱਠਿਆਂ ਲੜਨਗੇ। ਉਹ ਸ੍ਰੀ ਮੋਦੀ ਵਰਗੇ ਉੱਚੇ ਕਿਰਦਾਰ ਦਾ ਸਾਹਮਣਾ ਕਿਵੇਂ ਕਰਨਗੇ।’ ਵਿਧਾਇਕ ਨੇ ਪ੍ਰਿਯੰਕਾ ਗਾਂਧੀ ਦੀ ਨਿਯੁਕਤੀ ਨੂੰ ਮਖੌਲ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਜਮਹੂਰੀਅਤ ਹੈ ਅਤੇ ਭੈਣ ਜਨਰਲ ਸਕੱਤਰ ਕਿਵੇਂ ਬਣ ਸਕਦੀ ਹੈ। ‘ਹੁਣ ਤਾਂ ਜੀਜਾ ਵੀ ਸਿਆਸਤ ’ਚ ਆਏਗਾ।’ ਉਸ ਨੇ ਦਾਅਵਾ ਕੀਤਾ ਕਿ ਸ੍ਰੀ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ। ਇਸ ਤੋਂ ਪਹਿਲਾਂ ਸੁਰੇਂਦਰ ਸਿੰਘ ਨੇ ਵਿਵਾਦਤ ਟਿੱਪਣੀ ਕਰਦਿਆਂ ਕਿਹਾ ਸੀ ਕਿ ਵੱਧ ਰਹੇ ਜਬਰ-ਜਨਾਹ ਦੇ ਕੇਸਾਂ ਲਈ ਮਾਪੇ ਜ਼ਿੰਮੇਵਾਰ ਹਨ ਕਿਉਂਕਿ ਉਹ ਬੱਚਿਆਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ। -ਪੀਟੀਆਈ

Real Estate