SSP ਸ਼ਰਮਾ ਮਗਰੋਂ ਗ੍ਰਿਫਤਾਰੀ ਤੋਂ ਡਰਦੇ ਪੇਸ਼ ਨਹੀ ਹੋਏ ਨਾਮਜਦ ਪੁਲਸੀਏ, ਐੱਸਐੱਚਓ ਨੇ ਮੰਗੀ ਪੇਸ਼ਗੀ ਜ਼ਮਾਨਤ

1120

ਸਾਬਾਕ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਵਿਸੇਸ਼ ਜਾਂਚ ਟੀਮ ਰਿੜਕ ਰਹੀ ਹੈ । ਇਸੇ ਦੌਰਾਨ ਬਹਿਬਲ ਕਲਾਂ ਗੋਲੀਕਾਂਡ ’ਚ ਨਾਮਜ਼ਦ ਐਸਪੀ ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਅਮਰਜੀਤ ਸਿੰਘ ‘ਸਿੱਟ’ ਅੱਗੇ ਪੇਸ਼ ਨਹੀਂ ਹੋਏ। ਆਈਜੀ ਰੈਂਕ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਕਤ ਪੁਲੀਸ ਅਫ਼ਸਰਾਂ ਨੂੰ 29 ਜਨਵਰੀ 11 ਵਜੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ ਤੇ ‘ਸਿੱਟ’ ਮੈਂਬਰਾਂ ਨੇ ਦੁਪਹਿਰ 2 ਵਜੇ ਤੱਕ ਇੰਤਜ਼ਾਰ ਕੀਤਾ ਤੇ ਇਹ ਦੋਵੇਂ ਜਣੇ ਪੇਸ਼ ਹੋਣ ਨਹੀਂ ਆਏ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਕਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਸਿੱਟ ਦੇ ਮੂਹਰੇ  ਗ੍ਰਿਫਤਾਰੀ ਦੇ ਡਰੋਂ ਪੇਸ਼ ਨਹੀਂ ਹੋਏ ।ਬਹਿਬਲ ਕਾਂਡ ਕਰ ਕੇ ਵਿਵਾਦਾਂ ਵਿੱਚ ਘਿਰਨ ਮਗਰੋਂ ਰੂਪੋਸ਼ ਹੋਏ ਥਾਣਾ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਫਰੀਦਕੋਟ ਦੀ ਸੈਸ਼ਨ ਕੋਰਟ ਤੋਂ ਪੇਸ਼ਗੀ ਜ਼ਮਾਨਤ ਦੀ ਮੰਗ ਕੀਤੀ ਹੈ। ਅਦਾਲਤ ਇੰਸਪੈਕਟਰ ਕੁਲਾਰ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਅੱਜ 30 ਜਨਵਰੀ ਨੂੰ ਕਰੇਗੀ। ਅੱਹ ਹੀ ਐੱਸਪੀ ਬਿਕਰਮਜੀਤ ਸਿੰਘ ਅਤੇ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੇ ਸਾਬਕਾ ਰੀਡਰ ਇੰਸਪੈਕਟਰ ਪ੍ਰਦੀਪ ਕੁਮਾਰ ਦੀ ਜ਼ਮਾਨਤ ਦਾ ਫੈਸਲਾ ਹੋਣਾ ਹੈ।
ਇਸ ਦੌਰਾਨ ‘ਸਿੱਟ’ ਨੇ ਦੇਰ ਰਾਤ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਫਰੀਦਕੋਟ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਹੈ।ਸ਼ਰਮਾ ਨੂੰ 4 ਫਰਵਰੀ ਨੂੰ ਮੁੜ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਧਰ ਪੀਏਪੀ ਜਲੰਧਰ ਦੇ ਪੰਜ ਪੁਲੀਸ ਜਵਾਨ ‘ਸਿੱਟ’ ਸਾਹਮਣੇ ਜ਼ਰੂਰ ਪੇਸ਼ ਹੋਏ। ਇਹ ਪੁਲੀਸ ਮੁਲਾਜ਼ਮ ਬਹਿਬਲ ਕਾਂਡ ਵੇਲੇ ਮੌਕੇ ’ਤੇ ਤਾਇਨਾਤ ਸਨ। ਜਾਂਚ ਟੀਮ ਨੇ ਇਨ੍ਹਾਂ ਤੋਂ ਗੋਲੀ ਕਾਂਡ ਬਾਰੇ ਪੁੱਛ ਪੜਤਾਲ ਕੀਤੀ ਅਤੇ ਬਾਅਦ ਦੁਪਹਿਰ ਉਨ੍ਹਾਂ ਨੂੰ ਫ਼ਾਰਗ ਕਰ ਦਿੱਤਾ।
ਬਹਿਬਲ ਕਾਂਡ ਦੀ ਜਾਂਚ ਕਰ ਚੁੱਕੇ ਜਸਟਿਸ ਜੋਰਾ ਸਿੰਘ ਕਮਿਸ਼ਨ ਵੱਲੋਂ ਗਵਾਹ ਨੰ: 177 ਬੇਅੰਤ ਸਿੰਘ ਦੇ ਬਿਆਨ ਨੇ ਪੰਜਾਬ ਦੇ ਇੱਕ ਆਈਜੀ ਲਈ ਸਿਰਦਰਦੀ ਖੜੀ ਕਰ ਦਿੱਤੀ ਹੈ। ਗਵਾਹ ਬੇਅੰਤ ਸਿੰਘ ਜਸਟਿਸ ਜੋਰਾ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋਇਆ ਸੀ ਅਤੇ ਉਸ ਤੋਂ ਬਾਅਦ ਇਹ ਗਵਾਹ ‘ਸਿੱਟ’ ਸਾਹਮਣੇ ਵੀ ਪੇਸ਼ ਹੋਇਆ। ਬੇਅੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਗੋਲੀ ਚਲਾਉਣ ਦਾ ਹੁਕਮ ਘਟਨਾ ਸਥਾਨ ’ਤੇ ਮੌਜੂਦ ਆਈਜੀ ਨੇ ਦਿੱਤਾ ਸੀ। ਇਹ ਆਈਜੀ ਉਸ ਵੇਲੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਵਜੋਂ ਤਾਇਨਾਤ ਸੀ। ਐੱਸਪੀ ਬਿਕਰਮਜੀਤ ਸਿੰਘ ਵੱਲੋਂ ਅਦਾਲਤ ਵਿੱਚ ਜ਼ਮਾਨਤ ਲਈ ਲਾਈ ਅਰਜ਼ੀ ਵਿੱਚ ਇਸ ਤੱਥ ਦਾ ਖੁਲਾਸਾ ਕੀਤਾ ਗਿਆ ਹੈ ਕਿ ਗਵਾਹ ਨੰ: 177 ਨੇ ਆਈਜੀ ਵੱਲੋਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਗਵਾਹ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਪੁਲੀਸ ਨੇ ਘਟਨਾ ਮਗਰੋਂ ਉਸ ਦੇ ਕੁਝ ਖਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਸਨ ਅਤੇ ਮਗਰੋਂ ਪੁਲੀਸ ਨੇ ਇਨ੍ਹਾਂ ਕਾਗਜ਼ਾਂ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ।

Real Estate