ਭਾਰਤ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਅੱਜ ਸਵਾਈਨ ਫਲੂ ਕਾਰਨ ਦੇਹਾਂਤ ਹੋ ਗਿਆ । ਲੰਬੇ ਸਮੇਂ ਤੋਂ ਅਲਜ਼ਾਈਮਰ ਬਿਮਾਰੀ ਤੋਂ ਪੀੜਤ ਸਾਬਕਾ ਰੱਖਿਆ ਮੰਤਰੀ 80 ਵਰ੍ਹਿਆਂ ਦੇ ਸਨ ।
ਕੁਝ ਦਿਨ ਪਹਿਲਾਂ ਉਹਨਾਂ ਨੂੰ ਸਵਾਈਨ ਫਲੂ ਹੋ ਗਿਆ ਸੀ ।
ਸਮਤਾ ਪਾਰਟੀ ਦੇ ਸੰਸਥਾਪਕ ਜਾਰਜ ਫ਼ਰਨਾਂਡੇਜ਼ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਸਨ ।
ਵਾਜਪਾਈ ਸਰਕਾਰ ਵਿੱਚ ਉਹ ਰੱਖਿਆ ਮੰਤਰੀ ਤੋਂ ਇਲਾਵਾ ਸੰਚਾਰ ਮੰਤਰੀ , ਰੇਲ ਮੰਤਰੀ ਸਮੇਤ ਕਈ ਅਹਿਮ ਮੰਤਰਾਲਿਆਂ ਦੀ ਜਿੰਮੇਵਾਰੀਆਂ ਸੰਭਾਲਦੇ ਰਹੇ ।
ਜਾਰਜ ਫ਼ਰਨਾਂਡੇਜ਼ 14ਵੀਂ ਲੋਕਸਭਾ ਚ ਮੁਜ਼ੱਫ਼ਰਪੁਰ ਤੋਂ ਜਨਤਾ ਦਲ (ਯੂਨਾਈਟਿਡ) ਦੀ ਟਿਕਟ ਤੇ ਸਾਂਸਦ ਚੁਣੇ ਗਏ ਸਨ। ਉਹ ਸਾਲ 1998 ਤੋਂ 2004 ਤੱਕ ਦੀ ਰਾਸ਼ਟਰੀ ਲੋਕਤਾਂਤਰਿਕ ਗਠਜੋੜ ਦੀ ਕੇਂਦਰੀ ਸਰਕਾਰ ਚ ਰੱਖਿਆ ਮੰਤਰੀ ਸਨ। ਉਹ 1967 ਤੋਂ 2004 ਤੱਕ 9 ਲੋਕਸਭਾ ਚੋਣਾਂ ਜਿੱਤ ਕੇ ਸਾਂਸਦ ਮੈਂਬਰ ਬਣੇ।
ਸਮਤਾ ਪਾਰਟੀ ਦੀ ਸਾਬਕਾ ਪ੍ਰਧਾਨ ਜਯਾ ਜੇਤਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਰਜ ਫ਼ਰਨਾਂਡੇਜ਼ ਦੀ ਦੇਹ ਦਾ ਅੰਤਿਮ ਸਸਕਾਰ ਭਲਕੇ 30 ਜਨਵਰੀ, ਬੁੱਧਵਾਰ ਨੂੰ ਕੀਤਾ ਜਾਵੇਗਾ।