ਭੈਣ-ਵਿਹੂਣੇ ਭਰਾ ਦਾ ਸੰਤਾਪ

1023
Mohan Sharma
ਮੋਹਨ ਸ਼ਰਮਾ

ਮੋਹਨ ਸ਼ਰਮਾ

ਪ੍ਰੋਜੈਕਟ ਡਾਇਰੈਕਟਰ
ਨਸ਼ਾ ਛੁਡਾਊ ਕੇਂਦਰ,ਸੰਗਰੂਰ
ਮੋ: 94171-48866

ਪੰਜਾਬ ਦੇ ਅੰਦਾਜ਼ਨ 55 ਕੁ ਲੱਖ ਪਰਿਵਾਰਾਂ ਤੇ ਜੇਕਰ ਨਜ਼ਰ ਮਾਰੀਏ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੰਯੁਕਤ ਪਰਿਵਾਰਾਂ ਦੀ ਥਾਂ ਇਕੱਹਿਰੇ ਪਰਿਵਾਰ ਸੀਮਤ ਜਿਹੇ ਪਰਿਵਾਰਕ ਮੈਂਬਰਾਂ ਨਾਲ ਰਹਿ ਰਹੇ ਹਨ। ਘਰ ਦੇ ਬਜ਼ੁੱਰਗ ਆਪਣੇ ਘਸਮੈਲੇ ਜਿਹੇ ਕੱਪੜਿਆਂ ਵਿੱਚ ਆਪਣੀ ਔਲਾਦ ਦੇ ਆਪ ਹੁਦਰਾਪਨ ਅਤੇ ਅਣ-ਦੇਖੀ ਤੇ ਝੁਰਦੇ ਹੋਏ ‘ਦੜ੍ਹ ਵੱਟ ਜਮਾਨਾ ਕੱਟ’ ਵਾਲੀ ਨੀਤੀ ਤੇ ਅਮਲ ਕਰਦਿਆਂ ਸਮੇਂ ਨੂੰ ਧੱਕਾ ਦੇ ਰਹੇ ਹਨ ਜਾਂ ਫਿਰ ਵਿਆਹ ਸ਼ਾਦੀਆਂ ਵਿੱਚ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲਨੀ ਵਾਲੇ ਕੰਬਲਾਂ ਦੀ ਰਾਖੀ ਕਰਨ ਲਈ ਬਿਠਾ ਦਿੱਤਾ ਜਾਂਦਾ ਹੈ। ਮਾਪਿਆਂ ਦੀ ਪਦਾਰਥਕ ਸੋਚ ਨੇ ਘਰ ਦੇ ਵਾਰਸ ਪੈਦਾ ਕਰਨ ਦੀ ਇੱਛਾ ਨਾਲ ਬਹੁਤ ਸਾਰੇ ਘਰਾਂ ਵਿੱਚ ਕੁੜੀਆਂ ਦੇ ਨਿਰਛੱਲ ਹਾਸੇ, ਸੁਹਿਰਦਤਾ, ਸੰਜਮ,ਸਬਰ,ਸੰਤੋਖ,ਅਨੁਸ਼ਾਸਨਬੱਧਤਾ ਅਤੇ ਸਾਕਾਰਤਮਕ ਸੋਚ ਨੂੰ ਗ੍ਰਹਿਣ ਜਿਹਾ ਲਾ ਦਿੱਤਾ ਹੈ। ਘਰਾਂ ਦੇ ਇੱਕਲੋਤੇ ਪੁੱਤਾਂ ਨੂੰ ਬਹੁਤ ਸਾਰੇ ਮਾਪਿਆਂ ਦੇ ਲਾਡ ਨੇ ਜ਼ਿੱਦੀ, ਆਵਾਰਾ, ਆਪ ਹੁਦਰਾ ਅਤੇ ਲੰਡਰ ਬਣਾ ਕੇ ਨੈਤਿਕਤਾ, ਸਦਾਚਾਰ, ਉੱਚ ਆਦਰਸ਼ ਅਤੇ ਸ਼ਹਿਣਸੀਲਤਾ ਤੋਂ ਸੱਖਣੇ ਕਰ ਦਿੱਤਾ ਹੈ ਅਤੇ ਇਸ ਕਾਰਨ ਹੀ ਜਵਾਨੀ ਦਾ ਵੱਡਾ ਹਿੱਸਾ ਨੱਸ਼ਿਆਂ ਦੀ ਦਲਦਲ ਵਿੱਚ ਧੱਸ ਗਿਆ ਹੈ।
ਅਜਿਹੇ ਹੀ ਇੱਕ 30 ਕੁ ਸਾਲਾਂ ਦੇ ਨੌਜਵਾਨ ਨਾਲ ਵਾਹ ਪਿਆ, ਜੋ ਨੱਸ਼ਿਆਂ ਦੀ ਦਲਦਲ ਵਿੱਚ ਧੱਸ ਕੇ ਆਪਣਾ ਸ਼ਰੀਰਕ ਅਤੇ ਮਾਨਸਿਕ ਸੰਤੁਲਨ ਗੁਆ ਕੇ ਬੌਧਿਕ ਕੰਗਾਲੀ ਭੋਗ ਰਿਹਾ ਸੀ। ਉਸ ਨੂੰ ਨਸ਼ਾ ਮੁਕਤ ਕਰਕੇ ਜਦੋਂ ਮੁੱਖ ਧਾਰਾ ਵਿੱਚ ਲਿਆਂਦਾ ਗਿਆ ਤਾਂ ਇੱਕ ਦਿਨ ਉਸ ਨੇ ਆਪਣੇ ਭਰੇ ਮਨ ਨਾਲ ਆਪਣੀ ਜ਼ਿੰਦਗ਼ੀ ਦਾ ਪਨਾ ਫਰੋਲਦਿਆਂ ਕਿਹਾ, ‘‘ਦੇਖੋ ਜੀ, ਮੈਂ ਆਪਣੀ 28-30 ਸਾਲ ਦੀ ਉਮਰ ਵਿੱਚ ਹਰ ਤਰ੍ਹਾਂ ਦਾ ਐਬ ਕੀਤੈ। ਲੜਾਈ-ਝਗੜੇ, ਚੋਰੀਆਂ, ਮਾਂ-ਪਿਓ ਦੀ ਕੁੱਟ-ਮਾਰ, ਉਨ੍ਹਾਂ ਦੇ ਗਲ ਗੁੱਠਾ ਦੇ ਕੇ ਜ਼ਮੀਨ ਦੇ 10 ਕੀਲਿਆਂ ਵਿੱਚੋਂ 2 ਕੀਲੇ ਗਹਿਣੇ ਕਰਕੇ ਨਸ਼ਿਆਂ ਦਾ ਚੱਸ ਪੁਰਾ ਕਰਦਾ ਰਿਹਾ। ਰਿਸ਼ਤੇਦਾਰ ਵੀ ਪਾਸਾ ਵੱਟਦੇ ਰਹੇ। ਜੇ ਕਿਸੇ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਗਲ ਪੈਂਦਾ ਰਿਹਾ ਹਾਂ। ਮਾਪਿਆਂ ਦੀ ਚੰਗਾ ਪੜ੍ਹਾ-ਲਿਖਾ ਕੇ ਅਫ਼ਸਰ ਬਣਾਉਣ ਦੀ ਇੱਛਾ ਵੀ ਮੈਂ ਮਲੀਆ ਮੇਟ ਕਰ ਦਿੱਤੀ। ਬਸ, 5-7 ਜ਼ਮਾਤਾ ਰੁੜ੍ਹ-ਖੁੜ੍ਹ ਕੇ ਮਸਾਂ ਪੂਰੀਆਂ ਕੀਤੀਆਂ। ਘਰੋਂ ਮਿਲੇ ਖੁੱਲ੍ਹੇ ਖਰਚ ਅਤੇ ਲਾਡ ਪਿਆਰ ਨੇ ਮੈਨੂੰ ਅਰਸ਼ ਤੋਂ ਪਟਕਾ ਕੇ ਫਰਸ਼ ਤੇ ਮਾਰਿਆ। ਹੁਣ ਤਾਂ ਜੀ……………….। ’’ ਉਹਦੇ ਚਿਹਰੇ ਤੇ ਛਾਈ ਘੋਰ ਉਦਾਸੀ ਅਤੇ ਪਛਤਾਵੇ ਦੇ ਚਿੰਨ੍ਹ ਉੱਭਰ ਆਏ ਸਨ। ਉਹਨੇ ਗੱਚ ਭਰ ਕੇ ਗੱਲ ਨੂੰ ਅਗਾਂਹ ਤੋਰਿਆ, ‘‘ ਹੁਣ ਮੈਂ ਕਦੇ-ਕਦੇ ਸੋਚਦਾ ਹਾਂ ਜੀ, ਬਈ ਮੇਰੀ ਸਾਰੇ ਕਾਸੇ ਦੀ ਬਰਬਾਦੀ ਦਾ ਵੱਡਾ ਕਾਰਨ ਇਹ ਰਿਹੈ ਕਿ ਮੇਰੀ ਕੋਈ ਭੈਣ ਨਹੀਂ ਸੀ। ਭੈਣ ਬਿਨਾਂ…………….।’’
ਭੈਣ ਤੋਂ ਸੱਖਣੇ ਹੋਣ ਦਾ ਭਲਾਂ ਤੇਰੀ ਬਰਬਾਦੀ ਨਾਲ ਕੀ ਸੰਬਧ? ਮੈਂ ਉਤਸੁਕਤਾ ਨਾਲ ਪੁੱਛਿਆ। ਉਸਨੇ ਬੜੇ ਠਰੰਮੇ ਨਾਲ ਸਿਆਣੇ ਵਿਅਕਤੀ ਵਾਂਗ ਜਵਾਬ ਦਿੱਤਾ, ‘‘ ਇੱਕ ਤਾਂ ਜੀ ਜੇ ਮੇਰੇ ਭੈਣ ਹੁੰਦੀ ਤਾਂ ਫਿਰ ਮੈਂ ਇਨ੍ਹਾਂ ਚਾਂਭਲਦਾ ਨਹੀਂ ਸੀ। ਜਿਹੜੀਆਂ ਲਗਾਮਾਂ ਭੈਣ ਕੱਸ ਸਕਦੀ ਐ ਨਾ, ਉਹ ਕੰਮ ਮਾਂ ਤੋਂ ਨਹੀਂ ਹੁੰਦਾ। ਨਾਲੇ ਜੀ ਜੇ ਘਰੇ ਧੀ-ਭੈਣ ਹੋਵੇ ਫੇਰ ਹੋਰ ਲੰਡਰ ਮੁੰਡੇ ਵੀ ਘਰੇ ਨਹੀਂ ਵੜ੍ਹਦੇ। ਭੈਣ ਦੀ ਸ਼ਰਮ ਹੁੰਦੀ ਹੈ। ਬਾਪੂ-ਬੇਬੇ ਦੀ ਮੈਂ ਕੋਈ ਪਰਵਾਹ ਨਹੀਂ ਕੀਤੀ, ਭੈਣ ਕੋਈ ਹੈ ਨਹੀਂ ਸੀ, ਬੱਸ ਜੀ ਮੇਰਾ ਘਰ ਤਾਂ ਲੰਡਰਾਂ ਦਾ ਅੱਡਾ ਬਣ ਗਿਆ ਸੀ । ਧੀਆਂ ਭੈਣਾਂ ਦੀ ਇਜ਼ਤ ਨੂੰ ਤਾਂ ਟਿੱਚ ਕਰਕੇ ਜਾਂਣਿਆ। ਮੈਂ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕਰਕੇ ਵੈਲੀਆਂ ਦੀ ਢਾਣੀ ਦਾ ਮੋਢੀ ਬਣ ਗਿਆ। ਬੱਸ ਫਿਰ ਚੱਲ ਸੋ ਚੱਲ! ਜੇਲ੍ਹ ਨੂੰ ਤਾਂ ਅਸੀਂ ਦੂਜਾ ਘਰ ਸਮਝਣ ਲੱਗ ਪਏ ਸੀ। ਥਾਣਿਆਂ ਦੀ ਕੁੱਟ ਨੇ ਸਾਨੂੰ ਢੀਠ ਬਣਾ ਦਿੱਤਾ ਸੀ। ਹੁਣ ਥੋਡੀ ਸ਼ਰਣ ’ਚ ਆਕੋ ਸੋਝੀ ਆਈ ਐ।’’
‘‘ਭੈਣਾਂ ਦੇ ਆਖੇ ਲੱਗ ਕੇ ਕੁਰਾਹੇ ਪਏ ਭਰਾ ਭਲਾਂ ਮੁੜ ਜਾਂਦੇ ਨੇ? ਨਾਜਰ ਨਾਂ ਦੇ ਉਸ ਨੌਜਵਾਨ ਨੂੰ ਮੈਂ ਹੋਰ ਕੁਰੇਦਨਾ ਚਾਹੀਆ।
‘‘ ਬਿਲਕੁੱਲ ਜੀ, ਇੱਕ ਵਾਰ ਤਾਂ ਅਸੀਂ 7-8 ਜਾਣੇ ਮੇਰੇ ਘਰ ਬੈਠੇ ਹੀ ਪੈਗ-ਸ਼ੈਗ ਲਾ ਰਹੇ ਸੀ। ਉਨ੍ਹਾਂ ਵਿੱਚੋਂ ਇੱਕ ਮੁੰਡੇ ਦੀ ਭੈਣ ਨੇ ਸਾਡੇ ਘਰ ਆ ਕੇ ਦਹਾੜ ਮਾਰੀ, ‘‘ ਬੇ ਸ਼ਰਮ ਕਰ ਕੁੱਝ। ਘਰ ਬਾਪੂ ਬਿਮਾਰ ਪਿਐ। ਬੇਬੇ ਨੂੰ ਵੀ ਤੇਰੇ ਇਨ੍ਹਾਂ ਲੱਛਣਾਂ ਨੇ ਰੋਗੀ ਕਰਤਾ। ਖੜ੍ਹਾ ਹੋ ਜਾ ਬੰਦੇ ਦਾ ਪੁੱਤ ਬਣ ਕੇ। ਨਹੀਂ ਫਿਰ…………………………।’’ ਉਹਦੀ ਭੈਣ ਦੇ ਗੁੱਸੇ ਦਾ ਮੁੰਡਾ ਸਾਹਮਣਾ ਨਹੀਂ ਕਰ ਸਕਿਆ। ਚੁੱਪ ਕਰਕੇ ਤੁਰ ਪਿਆ ਘਰ ਨੂੰ। ਮੁੜ ਕੇ ਸਾਡੀ ਢਾਣੀ ਵਿੱਚ ਆਇਆ ਵੀ ਨਹੀਂ। ਇੱਕ ਗੱਲ ਪੱਕੀ ਐ ਜੀ, ‘‘ ਬੇਬੇ ਦੀ ਘੂਰ ਵਿੱਚ ਤਾਂ ਲਾਡ-ਪਿਆਰ ਹੁੰਦੈ, ਭੈਣ ਦੀ ਘੂਰ ਵਿੱਚ ਤਾੜਨਾ ਹੁੰਦੀ ਐ।’’ ਨਾਜਰ ਦਾਨਸਵਰਾਂ ਵਾਂਗ ਗਲਾਂ ਕਰ ਰਿਹਾ ਸੀ, ‘‘ ਨਾਲੇ ਜੀ, ਜਦੋਂ ਘਰ ਧੀ-ਭੈਣ ਹੋਵੇ ਤਾਂ ਬੰਦਾ ਆਪਣੇ ਆਪ ਨੂੰ ਜੁੰਮੇਵਾਰ ਸਮਝਦੈ। ਨਹੀਂ ਤਾਂ ਜੀ, ‘ ਸਿਰ ਤੇ ਨੀ ਡੰਡਾ ਹਾਥੀ ਫਿਰੇ ਲੰਡਾ ’। ਸਾਡੀ ਗੁਆਂਢਣ ਚਾਚੀ ਧੀ ਹੋਣ ਤੇ ਇੱਕ ਬੋਲੀ ਸੁਣਾਇਆ ਕਰਦੀ ਸੀ, :-
‘‘ ਹੁਣ ਘਰ ਜੰਮ੍ਹ ਪਈ ਧੀ ਵੇ ਨਿਰੰਜਣਾ,
ਹੁਣ ਦਾਰੂ ਤੂੰ ਪੀ ਨਾ ਨਿਰੰਜਣਾ।
ਤਕੜਾ ਹੋ ਕੇ ਜੀ ਵੇ ਨਿਰੰਜਣਾ। ’’

ਨਸ਼ਾ ਮੁਕਤ ਹੋਇਆ ਨਾਜਰ ਆਪਣੀ ਜ਼ਿੰਦਗ਼ੀ ਦਾ ਕੌੜਾ ਤਜੁਰਬਾ ਸਾਂਝਾ ਕਰਦਿਆਂ ਇੱਕ ਗੰਭੀਰ ਸੁਨੇਹਾ ਮਾਪਿਆਂ ਅਤੇ ਸਮਾਜ ਨੂੰ ਦੇ ਰਿਹਾ ਸੀ ਕਿ ਜੇਕਰ ਪੁੱਤਾਂ ਨੂੰ ਬਚਾਉਣਾ ਹੈ ਤਾਂ ਪਹਿਲਾਂ ਧੀਆਂ ਨੂੰ ਬਚਾਓ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਧੀਆਂ ਦੀ ਅਣਹੋਂਦ ਕਾਰਨ ਸਮਾਜ ਵਿੱਚ ਨਾਜਰ ਜਿਹੇ ਗੱਭਰੂ ‘ ਨਾਜਰ ਵੈਲੀ’ ਬਣ ਕੇ ਸਮਾਜ ਨੂੰ ਕਲੰਕਿੱਤ ਕਰਦੇ ਰਹਿਣਗੇ।

Real Estate