ਵਰਲਡ ਸਿੱਖ ਪਾਰਲੀਮੈਂਟ ਦੀ ਕਨੇਡਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ

2301
World Sikh Parliament
ਵਰਲਡ ਸਿੱਖ ਪਾਰਲੀਮੈਂਟ ਦੀ ਟੋਰਾਂਟੋ ਵਿਚ ਹੋਈ ਦੋ ਦਿਨਾਂ ਇਕੱਤਰਤਾ

ਟੋਰਾਂਟੋ ਵਿਚ ਹੋਈ ਦੋ ਦਿਨਾਂ ਇਕੱਤਰਤਾ ਦੌਰਾਨ ਵਿਧੀ ਵਿਧਾਨ ਬਾਰੇ ਹੋਈ ਡੂੰਘੀ ਵਿਚਾਰ ਚਰਚਾ

ਟੋਰਾਂਟੋ/ਨਵਿੰਦਰ ਕੌਰ ਭੱਟੀ  : ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਰਬੱਤ ਖ਼ਾਲਸਾ ਦੇ 2015 ਦੇ ਮਤੇ ਤਹਿਤ ਹੋਂਦ ਵਿਚ ਆਈ ਵਰਲਡ ਸਿੱਖ ਪਾਰਲੀਮੈਂਟ ਦੀ 7ਵੀਂ ਇਕੱਤਰਤਾ ਬੀਤੇ ਦਿਨੀਂ ਟੋਰਾਂਟੋ(ਕੈਨੇਡਾ) ਵਿਚ ਸਫ਼ਲਤਾ ਪੂਰਵਕ ਸੰਪੰਨ ਹੋਈ।ਇਸ ਵਿਚ ਅਮਰੀਕਾ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਪਾਰਲੀਮੈਂਟ ਦੇ ਵਿਧੀ-ਵਿਧਾਨ ਅਤੇ ਕੰਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਵਿਚ ਦੁਨੀਆਂ ਭਰ ਦੇ ਸਿੱਖਾਂ ਦੀ ਸ਼ਮੂਲੀਅਤ ਹੋਵੇਗੀ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੁੱਲ 300 ਮੈਂਬਰ ਹੋਣਗੇ। ਇੰਗਲੈਂਡ, ਯੂ.ਐਸ.ਏ., ਯੂਰਪ ਅਤੇ ਆਸਟ੍ਰੇਲੀਆ ਤੋਂ ਪਹਿਲਾਂ ਹੀ ਮੈਂਬਰ ਇਸ ਪਾਰਲੀਮੈਂਟ ਵਿਚ ਸ਼ਾਮਲ ਹੋ ਚੁੱਕੇ ਹਨ, ਸਿਰਫ਼ ਕੈਨੇਡਾ ਵਿਚ ਹੀ ਸਥਾਪਨਾ ਰਹਿੰਦੀ ਸੀ। ਅੰਤਮ ਪੜਾਅ ਵਿਚ ਹੁਣ ਇਸ ਸਾਲ ਏਸ਼ੀਆ ਖਿੱਤੇ ਵਿਚੋਂ ਮੈਬਰਾਂ ਦੀ ਚੋਣ ਦਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਪਾਰਲੀਮੈਂਟ ਜੋਰ-ਸ਼ੋਰ ਨਾਲ ਆਪਣਾ ਕੰਮ-ਕਾਜ ਸ਼ੁਰੂ ਕਰ ਦੇਵੇਗੀ।
ਟੋਰਾਂਟੋ ਵਿਚਲੀ ਇਕੱਤਰਤਾ ਬਹੁਤ ਹੀ ਸੁਖਾਵੇਂ ਮਹੌਲ ਵਿਚ ਹੋਈ, ਜਿਸ ਵਿਚ ਕੈਨੇਡਾ ਦੇ ਵੱਖਰੇ-ਵੱਖਰੇ ਸ਼ਹਿਰਾਂ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਅਤੇ ਨਿਰੀਖਕਾਂ ਨੇ ਸ਼ਮੂਲੀਅਤ ਕੀਤੀ। ਇਸ ਦੋ ਦਿਨਾਂ ਦੀ ਇਕੱਤਰਤਾ ਦੀ ਖ਼ਾਸੀਅਤ ਇਹ ਸੀ ਕਿ ਇਸ ਵਿਚ ਨੁਮਾਇੰਦਿਆਂ ਵਲੋਂ ਭਾਸ਼ਣ ਨਹੀਂ ਦਿੱਤੇ ਗਏ ਸਗੋਂ ਆਪਸੀ ਗੱਲਬਾਤ ਅਤੇ ਸਵਾਲ ਜਵਾਬ ਦੇ ਜ਼ਰੀਏ ਹੀ ਸਾਰੀ ਕਾਰਵਾਈ ਸੰਪੰਨ ਹੋਈ। ਇਸ ਇਕੱਤਰਤਾ ਵਿਚ ਵਰਲਡ ਸਿੱਖ ਪਾਰਲੀਮੈਂਟ ਲਈ ਕੈਨੇਡਾ ਖਿੱਤੇ ਵਿੱਚੋਂ ਕੁਝ ਨੁਮਾਇੰਦਿਆਂ ਦੀ ਚੋਣ ਵੀ ਕੀਤੀ ਗਈ ਜਿਸ ਦੀ ਜਾਣਕਾਰੀ ਆਉਣ ਵਾਲੇ ਸਮੇਂ ਵਿਚ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਦੋ ਦਿਨਾਂ ਇਕੱਤਰਤਾ ਵਿਚ ਨੁਮਾਇੰਦਿਆਂ ਨੇ ਪੂਰੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਕਿ ਇਸ ਪਾਰਲੀਮੈਂਟ ਵਿਚ ਕੌਂਸਲਾਂ ਅਤੇ ਸੁਪਰੀਮ ਅਗਜ਼ੈਕਟਿਵ ਕਮੇਟੀ ਕਿਸ ਤਰ੍ਹਾਂ ਸਮੁੱਚੇ ਸਿੱਖ ਪੰਥ ਲਈ ਮਿਲ ਕੇ ਕੰਮ ਕਰਨਗੇ?
ਕੈਨੇਡਾ ਦੇ ਵੱਖਰੇ-ਵੱਖਰੇ ਸ਼ਹਿਰਾਂ ਤੋਂ ਪਹੁੰਚੇ ਮੈਂਬਰਾਂ ਤੇ ਨਿਰੀਖਕਾਂ ਨੇ ਜਿੱਥੇ ਇਸ ਇਕੱਤਰਤਾ ਨੂੰ ਭਰਵਾਂ ਹੁੰਗਾਰਾ ਦਿੱਤਾ ਉੱਥੇ ਭੱਵਿਖ ਵਿਚ ਰਲ-ਮਿਲ ਕੇ ਕੰਮ ਕਰਨ ਦਾ ਭਰੋਸਾ ਵੀ ਦਵਾਇਆ।

Real Estate