ਗੁਰਬਤ ਦੇ ਖੰਭਾਂ ਨਾਲ ਪਰਵਾਜ਼

1238

 

Mohan Sharma
ਮੋਹਨ ਸ਼ਰਮਾ

ਮੋਹਨ ਸ਼ਰਮਾ

ਪ੍ਰੋਜੈਕਟ ਡਾਇਰੈਕਟਰ
ਨਸ਼ਾ ਛੁਡਾਊ ਕੇਂਦਰ, ਸੰਗਰੂਰ
ਮੋ: 94171-48866

ਜਦੋਂ ਧਿਆਨ ਵਿੱਚ ਆਉਂਦਾ ਹੈ ਕਿ ਦਸਵੀਂ-ਗਿਆਰਵੀਂ ਜਮਾਤ ਵਿੱਚ ਪੜ੍ਹਦੇ ਮੁੰਡੇ ਨੇ ਆਪਣੇ ਮਾਪਿਆਂ ਦੇ ਗਲ ਗੂਠਾ ਦੇ ਕੇ ਮਹਿੰਗਾ ਮੋਬਾਇਲ ਖਰੀਦਿਆ ਹੈ, ਮਹਿੰਗਾ ਮੋਟਰਸਾਈਕਲ ਖਰੀਦਣ ਲਈ ਮੁੰਡਾ ਅੜੀ ਕਰੀਂ ਬੈਠਾ ਹੈ। ਜਦੋਂ ਮਾਪਿਆਂ ਦਾ ਲਾਡਲਾ ਮੁੰਡਾ ਮਰਨ ਜਾਂ ਮਾਰਨ ਦੀ ਧਮਕੀ ਦਿੰਦਾ ਹੈ ਅਤੇ ਮਾਪੇ ਭਾਣਾ ਵਾਪਰਨ ਦੇ ਡਰ ਤੋਂ ਥਰ-ਥਰ ਕੰਬਦੇ ਹਨ। ਮਾਪਿਆਂ ਦੇ ਸੋਗੀ ਚਿਹਰਿਆਂ ਤੇ ਕੀਰਨਿਆਂ ਦੀ ਉਦਾਸ ਇਬਾਰਤ ਹੁੰਦੀ ਹੈ ਅਤੇ ਜਵਾਨੀ ਨੂੰ ਹਰਲ-ਹਰਲ ਕਰਦਿਆਂ ਦਰਿੰਦਗੀ ਦੇ ਰਾਹ ਤੇ ਜਦੋਂ ਜਾਂਦਿਆਂ ਵੇਖਦਾ ਹਾਂ ਤਾਂ ਆਪਣਾ ਆਪ ਕੁਰਲਾ ਉੱਠਦਾ ਹੈ। ਗੰਭੀਰ ਚਿੰਤਨ ਕਰਦਿਆਂ ਆਪਣੇ ਅਤੀਤ ਦੀਆਂ ਖਾਲ੍ਹੀ ਪੇਟ, ਖਾਲ੍ਹੀ ਜੇਬ ਅਤੇ ਗੁਰਬਤ ਹੰਢਾਉਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ। ਅਜਿਹਿਆਂ ਹੀ ਘਟਨਾਵਾਂ ਵਿੱਚੋਂ ਇੱਕ ਘਟਨਾ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦੀ ਹੈ। ਪਰਿਵਾਰ ਦੇ ਮੁੱਖੀ ਮੇਰੇ ਪਿਤਾ ਜੀ ਅੱਖਾਂ ਤੋਂ ਮੁਣਾਖੇ ਸਨ। ਘਰ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਆਟੇ ਵਾਲਾ ਖਾਲ੍ਹੀ ਪੀਪਾ, ਠੰਡਾ ਚੁੱਲ੍ਹਾ,ਮਾਂ ਦਾ ਉਦਾਸ ਚਿਹਰਾ, ਟਾਕੀਆਂ ਵਾਲੇ ਤਨ ਤੇ ਪਹਿਨੇ ਕੱਪੜੇ ਅਤੇ ਕੱਚੇ ਘਰ ਤੋਂ ਗੁਰਬਤ ਭਰੀ ਜਿੰਦਗੀ ਦੇ ਦਰਸ਼ਨ ਹੁੰਦੇ ਸਨ। ਇਸ ਗੁਰਬਤ ਨੇ ਭੁੱਖੇ ਪੇਟ ਰਹਿਣਾ, ਨੰਗੇ ਪੈਰ ਧੁੱਪ ਦਾ ਸੇਕ ਹੰਢਾਉਣਾ ਅਤੇ ਕੜਾਕੇ ਦੀ ਠੰਡ ਵਿੱਚ ਠੁਰ-ਠੁਰ ਕਰਦੇ ਹੱਥਾਂ ਨੂੰ ਆਪਸ ਵਿੱਚ ਰਗੜ ਕੇ ਗਰਮ ਕਰਨ ਦੀ ਜਾਚ ਸਿੱਖਾ ਦਿੱਤੀ ਸੀ। ਅੱਠਵੀਂ ਵਿੱਚ ਪੜ੍ਹਦਿਆਂ ਇੱਕ ਦਿਨ ਜਦੋਂ ਅੱਧੀ ਛੁੱਟੀ ਦੀ ਘੰਟੀ ਵੱਜੀ ਤਾਂ ਮੈਂ ਅਤੇ ਮੇਰਾ ਜਮਾਤੀ ਵਾਹੋ-ਦਾਹੀ ਘਰ ਰੋਟੀ ਖਾਣ ਲਈ ਦੋੜ ਪਏ।ਜਮਾਤੀ ਦਾ ਘਰ ਰਾਹ ਵਿੱਚ ਆਉਂਦਾ ਸੀ। ਉਹ ਤਾਂ ਆਪਣੇ ਘਰ ਚਲਾ ਗਿਆ ਅਤੇ ਮੈਂ ਚੱਕਵੇਂ ਪੈਰੀਂ ਆਪਣੇ ਘਰ ਵੱਲ ਹੋ ਗਿਆ। ਅਗਾਂਹ ਜਦੋਂ ਘਰ ਦੀ ਦਹਿਲੀਜ਼ ਪਾਰ ਕੀਤੀ ਤਾਂ ਮਾਂ ਨੇ ਉਦਾਸ ਜਿਹਾ ਹੋ ਕੇ ਕਿਹਾ, ਮੋਹਨ, ਰੋਟੀ ਨਹੀਂ ਬਣੀ, ਆਟਾ ਖਤਮ ਹੋ ਗਿਐ।” ਮੈਂ ਕੁਝ ਨਹੀਂ ਬੋਲਿਆ, ਬਸ ਉਨ੍ਹੀਂ ਪੈਰੀਂ ਵਾਪਸ ਪਰਤ ਆਇਆ। ਅਗਾਂਹ ਜਦੋਂ ਆਪਣੇ ਜਮਾਤੀ ਦੇ ਘਰ ਮੂਹਰੇ ਜਾ ਕੇ “ਚਲ ਚੱਲੀਏ” ਬੁਝੇ ਜਿਹੇ ਬੋਲਾਂ ਨਾਲ ਕਿਹਾ ਤਾਂ ਉਹ ਪਚਾਕੇ ਮਾਰ-ਮਾਰ ਰੋਟੀ ਖਾ ਰਿਹਾ ਸੀ। ਉਸ ਦੇ ਖਾ ਵੀ ਆਇਆ ਰੋਟੀ?” ਦੇ ਜਵਾਬ ਵਿਚ ਜਦੋਂ ਮੈਂ ਹਾਂ ਕਿਹਾ ਤਾਂ ਜਮਾਤੀ ਦੀ ਮਾਂ ਦੇ ਰਸੋਈ ਵਿੱਚੋਂ ਆਏ ਸ਼ਬਦ-ਵਾਣਾਂ ਨੇ ਮੈਨੂੰ ਬੁਰੀ ਤਰ੍ਹਾਂ ਵਿੰਨ੍ਹ ਦਿੱਤਾ। ਉਸ ਨੇ ਕਿਹਾ, ਤੂੰ ਕਿੱਥੋਂ ਖਾ ਆਇਆ ਵੇ ਰੋਟੀ? ਤੇਰੀ ਮਾਂ ਤਾਂ ਥੋੜਾ ਜਿਹਾ ਚਿਰ ਪਹਿਲਾਂ ਸਾਡੇ ਆਟਾ ਮੰਗਣ ਆਈ ਸੀ।” ਉਸ ਦੇ ਸਵਾਲ ਦਾ ਜਵਾਬ ਮੇਰੇ ਬਾਲ-ਮਨ ਨੂੰ ਉਸ ਵੇਲੇ ਸੁੱਝਿਆ ਨਹੀਂ ਸੀ।
ਦੋਨੋਂ ਜਮਾਤੀ ਸਕੂਲ ਨੂੰ ਪਰਤ ਰਹੇ ਸੀ। ਇੱਕ ਭੁੱਖਾ ਅਤੇ ਦੂਜਾ ਰੱਜਿਆ ਹੋਇਆ। ਮੈਨੂੰ ਨਹੀਂ ਪਤਾ ਮੇਰਾ ਜਮਾਤੀ ਕੀ ਬੋਲਦਾ ਰਿਹਾ* ਅੰਦਾਜਨ ਡੇਢ ਕੁ ਕਿਲੋਮੀਟਰ ਦੇ ਸਫ਼ਰ ਵਿੱਚ ਮੈਂ ਆਪਣੇ ਆਪ ਨੂੰ ਮੁਖ਼ਾਤਿਬ ਹੋ ਕੇ ਇਹ ਦ੍ਰਿੜ ਸੰਕਲਪ ਕਰ ਲਿਆ ਕਿ ਮੁੜ ਕੇ ਅੱਧੀ ਛੁੱਟੀ ਵੇਲੇ ਘਰ ਜਾ ਕੇ ਮਾਂ ਨੂੰ ਤੰਗ ਨਹੀਂ ਕਰਨਾ। ਅਗਲੇ ਦਿਨ ਜਦੋਂ ਅੱਧੀ ਛੁੱਟੀ ਦੀ ਘੰਟੀ ਵੱਜੀ ਤਾਂ ਮੈਂ ਆਪਣੇ ਆਪ ਨਾਲ ਕੀਤੇ ਦ੍ਰਿੜ ਸੰਕਲਪ ਅਨੁਸਾਰ ਪਹਿਲਾਂ ਨਲਕੇ ਤੋਂ ਰੱਜ ਕੇ ਪਾਣੀ ਪੀਤਾ ਅਤੇ ਫਿਰ ਕਿਤਾਬ ਚੁੱਕ ਕੇ ਥੋੜ੍ਹੀ ਜਿਹੀ ਵਿੱਥ ਤੇ ਖੜ੍ਹੇ ਦਰੱਖ਼ਤ ਥੱਲੇ ਬਹਿ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਇਹ ਮੇਰਾ ਨਿੱਤ ਨੇਮ ਹੀ ਬਣ ਗਿਆ। ਉਸ ਦਰੱਖ਼ਤ ਥੱਲੇ ਬਹਿ ਕੇ ਮੈਂ ਪੜ੍ਹਨ ਵਿੱਚ ਐਨ੍ਹਾਂ ਖੁੱਭ ਜਾਂਦਾ ਸੀ ਕਿ ਕਈ ਵਾਰ ਸਕੂਲ ਦੀ ਅੱਧੀ ਛੁੱਟੀ ਖਤਮ ਹੋਣ ਵਾਲੀ ਘੰਟੀ ਦਾ ਵੀ ਪਤਾ ਨਾ ਲਗਦਾ। ਅੱਠਵੀਂ ਦੀ ਉਨ੍ਹਾਂ ਦਿਨਾਂ ਵਿਚ ਬੋਰਡ ਦੀ ਪ੍ਰੀਖਿ਼ਆ ਹੁੰਦੀ ਸੀ। ਪ੍ਰੀਖਿ਼ਆ ਉਪਰੰਤ ਜਦੋਂ ਨਤੀਜਾ ਆਇਆ ਤਾਂ ਮੈਂ ਜਿੱਥੇ ਆਪਣੇ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਆਇਆ ਉੱਥੇ ਹੀ ਇਲਾਕੇ ਦੇ ਸਕੂਲਾਂ ਵਿੱਚੋਂ ਵੀ ਮੋਹਰੀ ਵਿਦਿਆਰਥੀ ਹੋਣ ਦਾ ਸੁਭਾਗ ਮੇਰੇ ਹਿੱਸੇ ਆਇਆ। ਇਹ ਗਲ 1962 ਦੀ ਹੈ। ਦੋ ਜਮਾਤਾਂ ਹੋਰ ਵੀ ਉਸੇ ਸਕੂਲ ਵਿੱਚੋਂ ਸੰਦਲੀ ਪੈੜਾਂ ਦੇ ਨਿਸ਼ਾਨ ਛੱਡ ਕੇ ਪਾਸ ਕੀਤੀਆਂ ਹਨ। ਆਪਣੇ ਅੱਧੀ ਛੁੱਟੀ ਵੇਲੇ ਦੇ ਨਿੱਤ-ਨੇਮ ਤੇ ਡੱਟ ਕੇ ਪਹਿਰਾ ਦਿੰਦਾ ਰਿਹਾ। ਸਕੂਲ ਦੀ ਪੜ੍ਹਾਈ ਦੇ ਸ਼ਾਨਦਾਰ ਸਫਰ ਤੋਂ ਬਾਅਦ ਕੁਰੁਕਸ਼ੇਤਰਾ ਯੂਨੀਵਰਸਿਟੀ ਵਿਚ ਉੱਚ ਵਿਦਿਆ ਪ੍ਰਾਪਤ ਕਰਦਿਆਂ ਸਖ਼ਤ ਮਿਹਨਤ ਅਤੇ ਸੰਘਰਸ਼ ਜ਼ਿੰਦਗੀ ਦੇ ਅੰਗ-ਸੰਗ ਰਿਹਾ ਹੈ। ਕਾਲਜ ਅਤੇ ਸਕੂਲ ਦੇ ਬਣੇ ਆਨਰ ਬੋਰਡ ਤੇ ਸਾਡੇ ਹੋਣਹਾਰ ਸਿਤਾਰਿਆਂ ਵਿੱਚ ਆਪਣਾ ਨਾਂ ਸ਼ਾਮਲ ਕਰਵਾਉਣਾ ਮੇਰੀ ਜ਼ਿੰਦਗੀ ਵਿੱਚ ਕੀਤੀ ਕਰੜੀ ਤਪਸਿਆ ਦੀ ਸ਼ਾਹਦੀ ਭਰਦਾ ਹੈ।
ਖਾਲੀ ਪੇਟ, ਖਾਲੀ ਜੇਬ ਅਤੇ ਗੁਰਬਤ ਦਾ ਸਫਰ ਕਰਦਿਆਂ ਕਦੇ ਹਾਰ ਨਹੀਂ ਮੰਨੀ। ਅਧਿਆਪਕ ਬਣਿਆ ਤਾਂ ਸਟੇਟ ਐਵਾਰਡ ਦੀ ਚੋਣ ਸਮੇਂ ਪੰਜਾਬ ਦੇ ਪੰਜ ਸ਼੍ਰੋਮਣੀ ਅਧਿਆਪਕਾਂ ਵਿੱਚੋਂ ਇੱਕ ਮੈਂ ਸੀ। ਸੀਨੀਅਰ ਜ਼ਿਲ੍ਹਾ ਬਚਤ ਅਧਿਕਾਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਇਸ ਖੇਤਰ ਵਿੱਚ ਵੀ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀਆਂ ਵੱਲੋਂ ਦੋ ਵਾਰ ਸਨਮਾਨਿਤ ਕੀਤਾ ਗਿਆ। ਸਾਲ 2009 ਵਿੱਚ ਵਿਦਿਅਕ, ਸਾਹਿਤਕ, ਸਭਿਆਚਾਰਕ ਅਤੇ ਸਮਾਜਿਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀਆਂ 32 ਸ਼ਖ਼ਸੀਅਤਾਂ ਵਿੱਚ ਸ਼ਾਮਲ ਹੋ ਕੇ ਸਟੇਟ ਐਵਾਰਡ ਪ੍ਰਾਪਤ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਸੰਗਰੂਰ ਵਿਖੇ ਬਣੇ ਬਿਰਧ ਆਸ਼ਰਮ ਦਾ ਪ੍ਰਧਾਨ, ਸ਼ਮਸ਼ਾਨ ਭੂਮੀ ਕਮੇਟੀ ਦਾ ਸਰਪ੍ਰਸਤ, ਸਿਟੀ ਪਾਰਕ ਕਮੇਟੀ ਦਾ ਕਨਵੀਨਰ, ਫੈਮਲੀ ਵੈਲਫ਼ੇਅਰ ਕਮੇਟੀ ਦਾ ਮੈਂਬਰ ਅਤੇ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ 20 ਸਾਹਿਤਕ ਪੁਸਤਕਾਂ ਵੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਘਰ ਦੇ ਇੱਕ ਕਮਰੇ ਵਿੱਚ ਤਮਗਿਆਂ, ਸ਼ੀਲਡਾਂ ਅਤੇ ਮਾਨ ਪੱਤਰਾਂ ਨੂੰ ਵੇਖ ਕੇ ਮੈਨੂੰ ਗੁਰਬਤ ਦੇ ਖੰਭਾਂ ਨਾਲ ਪਰਵਾਜ਼ ਭਰਨ ਤੇ ਮਾਨ ਮਹਿਸੂਸ ਹੁੰਦਾ ਹੈ।

 

Real Estate