ਭੋਲਾ ਡ੍ਰੱਗ ਕੇਸ ਵਿੱਚ ED ਦੀ ਹੋਈ ਹਾਈ ਕੋਰਟ ਵੱਲੋਂ ਝਾੜ-ਝੰਬ

1076

ਅਰਬਾਂ ਰੁਪਏ ਦੇ ਜਗਦੀਸ਼ ਭੋਲਾ ਡ੍ਰੱਗ ਕੇਸ ਵਿੱਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਗੀਂ ਤਰ੍ਹਾਂ ਝਾੜਝੰਬ ਕੀਤੀ ਹੈ । ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਚੱਲ ਰਹੀ ਜਾਂਚ ਦੀ ਰਫ਼ਤਾਰ ਬਹੁਤ ਹੌਲ਼ੀ ਹੈ।ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਅਤੇ ਜਸਟਿਸ ਏ ਬੀ ਚੌਧਰੀ ਦੀ ਅਗਵਾਈ ਹੇਠਲੇ ਹਾਈ ਕੋਰਟ ਦੇ ਵਿਸ਼ੇਸ਼ ਡਿਵੀਜ਼ਨ ਬੈਂਚ ਨੇ ਕਿਹਾ ਕਿ ਹੁਣ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਮਾਮਲੇ ਵਿੱਚ ਛੇਤੀ ਤੋਂ ਛੇਤੀ ਕਾਰਵਾਈ ਕਰਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਇਹ ਅਜਿਹੇ ਮਾਮਲੇ ਹਨ, ਜਿਨ੍ਹਾਂ ਕਰਕੇ ਕੁਝ ਲੋਕ ਲੰਮੇ ਸਮੇਂ ਤੋਂ ਜੇਲ੍ਹੀਂ ਡੱਕੇ ਹੋਏ ਹਨ ਤੇ ਹੁਣ ਤੱਕ ਤਾਂ ਜਾਂਚ ਮੁਕੰਮਲ ਹੋ ਜਾਣੀ ਚਾਹੀਦੀ ਸੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਨਾ ਕੋਈ ਫ਼ਾਰਮੂਲਾ ਲੈ ਕੇ ਆਓ ਤੇ ਜਾਂਚ ਨੂੰ ਛੇਤੀ ਨਿਬੇੜੋ।
ਅਦਾਲਤ ਨੇ ਨੋਟ ਕੀਤਾ ਕਿ ਅਜਿਹੀਆਂ ਵੀ ਕੁਝ ਮਿਸਾਲਾਂ ਮਿਲੀਆਂ ਹਨ, ਜਿੱਥੇ ਮੁਲਜ਼ਮ ਦੇ ਨਾਲ–ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ ਵੀ ਮੁਲਜ਼ਮਾਂ ਵਜੋਂ ਸ਼ਾਮਲ ਕੀਤੇ ਗਏ ਹਨ। ਸਟਾਫ਼ ਦੀ ਘਾਟ ਜਾਂ ਹੋਰ ਕੋਈ ਕਾਰਨਾਂ ਕਰ ਕੇ ਜਾਂਚ ਬਹੁਤ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ। ਬਹੁਤ ਸਾਰੇ ਲੋਕ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਹਨ ਪਰ ਇਨਫ਼ੋਰਸਮੈਂਟ ਡਾਇਰੈਕਟੋਰੇਟ ਹਾਲੇ ਤੱਕ ਜਾਂਚ ਹੀ ਕਰੀ ਜਾ ਰਿਹਾ ਹੈ। ਬੈਂਚ ਨੇ ਕਿਹਾ ਕਿ ਅਜਿਹੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਅਦਾਲਤ ਆਪਣੀਆਂ ਅੱਖਾਂ ਬੰਦ ਕਰ ਕੇ ਨਹੀਂ ਬੈਠੀ ਰਹਿ ਸਕਦੀ।

Real Estate