ਚੰਨ ਆਪਣੀ ਚਾਨਣੀ ਦਾ ਦਾਨ ਕਰਦਾ

1562
Deol Parmjit
ਦਿਓਲ ਪਰਮਜੀਤ , ਕੈਨੇਡਾ ਦੀ ਸਾਹਿਤਕ ਹਸਤੀਅਤਾਂ ਵਿੱਚੋਂ ਸਿਰਕੱਢ ਨਾਂਮ ਹੈ ਅਤੇ ਟੋਰਾਂਟੋ ਦੇ ਸਾਹਿਤਿਕ ਹਲਕਿਆਂ ਦੀ ਹਿੱਲਜੁਲ ਦਿਓਲ ਪਰਿਵਾਰ ਵਿੱਚੋ ਹੋ ਕੇ ਗੁਜ਼ਰਦੀ ਦੀ ਹੈ

ਦਿਓਲ ਪਰਮਜੀਤ

ਜਦੋਂ ਵੀ ਚੰਨ ਅਪਣੀ ਚਾਨਣੀ ਦਾ ਦਾਨ ਕਰਦਾ ਹੈ।
ਪਤਾ ਨਹੀਂ ਕਿਉਂ ਮੇਰੇ ਅੰਦਰ ਬੜਾ ਹੀ ਦਰਦ ਭਰਦਾ ਹੈ।

ਮੇਰੇ ਹੱਥੋਂ ਖਿਡੌਣਾ ਓਸ ਦਾ ਹੈ ਟੁੱਟਿਆ ਜਦ ਦਾ,
ਉਦੋਂ ਦਾ ਹੀ ਮੇਰੇ ਅੰਦਰ ਉਹ ਬੱਚਾ ਰੋਜ਼ ਮਰਦਾ ਹੈ।

ਜਦੋਂ ਵੀ ਰਿਸ਼ਤਿਆਂ ਦੀ ਅੱਗ ਉਸ ਨੂੰ ਸਾੜ ਕੇ ਸੁਟਦੀ,
ਉਦੋਂ ਬਸ ਦੇਖ ਕੇ ਪੁੱਤ ਨੂੰ ਹੀ ਸੀਨਾ ਮਾਂ ਦਾ ਠਰਦਾ ਹੈ।

ਮੈ ਉਸ ਅੱਗੇ ਖੜੇ ਹੋ ਕੇ ਸੁਣਾਇਆ ਹਾਲ ਕੀ ਦਿਲ ਦਾ,
ਕਿ ਉਸ ਤਸਵੀਰ ਦੇ ਨੈਣਾਂ ‘ਚ’ਹੁਣ ਤੱਕ ਹੰਝ ਤਰਦਾ ਹੈ।

ਮੈ ਪੱਤਾ ਹਾਂ ਕੋਈ ਛਤਰੀ ਨਹੀਂ ਕੇ ਢਕ ਲਵਾਂ ਪੂਰਾ,
ਮੈ ਬੇਵੱਸ ਦੇਖਦਾ ਹਾਂ ਬੋਟ ‘ਤੇ ਜਦ ਮੇਘ ਵਰਦਾ ਹੈ।

ਤੇਰਾ ਰੁਤਬਾ ਹੀ ਅੱਜਕੱਲ ਅੰਬਰਾਂ ਨੂੰ ਛੂਹ ਗਿਆ ਲਗਦਾ,
ਨਹੀਂ ਤਾਂ ਦੱਸ ਸਾਡੇ ਬਾਝ ਤੇਰਾ ਕਿੰਝ ਸਰਦਾ ਹੈ।

 

Real Estate