ਤਾਰਿਕ ਗੁੱਜਰ
ਗ਼ਜ਼ਲ
ਇੰਜ ਲਗਦਾ ਏ ਦੁਸ਼ਮਣ ਹੋ ਗਏ, ਅਜ ਦੁਨੀਆਂ ਦੇ ਸਾਰੇ ਲੋਕ ।
ਸਾਡੇ ਵੈਰੀਆਂ ਨਾਲ ਖੜ੍ਹੇ ਨੇ, ਸਾਡੀ ਜਾਨ ਤੋਂ ਪਿਆਰੇ ਲੋਕ ।
ਜਿਹੜਾ ਘੁੱਟ ਘੁੱਟ ਜੱਫੀਆਂ ਪਾਵੇ, ਉਸ ਤੋਂ ਬਚ ਕੇ ਰਹਿਣਾ ਏ,
ਅੱਜ ਕਲ ਨਫ਼ਰਤ ਜ਼ਾਹਰ ਨਹੀਂ ਕਰਦੇ, ਇਕ ਦੂਜੇ ਦੇ ਬਾਰੇ ਲੋਕ ।
ਭੁੱਖ-ਤ੍ਰੇਹ ਤੇ ਚੁਭਦੀਆਂ ਗੱਲਾਂ, ਵਿਛੜਿਆਂ ਦਾ ਸਾਰਾ ਗ਼ਮ,
ਖ਼ੌਰੇ ਕਿੱਦਾਂ ਚੁਕ ਲੈਂਦੇ ਨ, ਇੰਜ ਦੇ ਪੱਥਰ ਭਾਰੇ ਲੋਕ ।
ਇਸ਼ਕ ਦੀ ਬਸਤੀ ਦੇ ਵਿੱਚ ਸਾਰੇ, ਮੌਸਮ ਉਲਟੇ ਚਲਦੇ ਨੇ,
ਪੋਹ ਦੇ ਪਾਲਿਆਂ ਸਾੜ ਸੁੱਟੇ ‘ਤੇ, ਹਾੜ੍ਹ ਦੀ ਧੁੱਪ ਨੇ ਠਾਰੇ ਲੋਕ ।
ਸਾਰੀ ਗੱਲ ਮੁਕੱਦਰ ਉੱਤੇ, ਆ ਕੇ ਮੁੱਕ ਗਈ ਸੀ ਯਾਰੋ,
ਹਾਰੀ ਬਾਜ਼ੀ ਜਿੱਤ ਕੇ ਲੈ ਗਏ, ਜਿੱਤੀ ਬਾਜ਼ੀ ਹਾਰੇ ਲੋਕ ।
ਕਿੱਦਾਂ ਪਲਦਾ ਧੁੱਪਾਂ ਦੇ ਵਿੱਚ, ਸਾਡੇ ਪਿਆਰਾਂ ਦਾ ਬੂਟਾ,
ਸ਼ਾਖ਼ ਫੁੱਟਣ ਤੋਂ ਪਹਿਲਾਂ ਹੀ ਜਦ, ਲੈ ਕੇ ਆ ਗਏ ਆਰੇ ਲੋਕ ।
ਸੱਚ ਹੀ ਯਾਰਾਂ ਆਖਿਆ ‘ਤਾਰਕ’, ਤੇਰੀ ਗੱਲ ਵਿੱਚ ਵਜ਼ਨ ਨਹੀਂ,
ਕੱਖੋਂ ਹੌਲੇ ਹੋ ਜਾਂਦੇ ਨੇ, ਇਸ਼ਕ ਦੀ ਬਾਜ਼ੀ ਹਾਰੇ ਲੋਕ ।
Real Estate