ਵਧੀਆ ਸਿਹਤ ਚਾਹੀਦੀ ਤਾਂ 5 ਮਿੰਟ ਕੱਢ ਕੇ ਇਹ ਲੇਖ ਜਰੂਰ ਪੜੋ

4256

dietਡਾ : ਹਰਪ੍ਰੀਤ ਸਿੰਘ ਭੰਡਾਰੀ

ਬੰਦਾ ਵੀ ਅਜੀਬ ਸ਼ੈ ਹੈ।ਪਹਿਲਾਂ ਬੇਲੋੜਾ ਖਾ ਕੇ ਮੋਟਾ ਹੋ ਜਾਂਦਾ ਹੈ ਤੇ ਫੇਰ ਮੋਟਾਪਾ ਘਟਾਉਣ ਲਈ ਡਾਇਟਿੰਗ ਸ਼ੁਰੂ ਕਰ ਦੇਂਦਾ ਹੈ।ਖਾਸ ਕਰਕੇ ਕੁੜੀਆਂ ਅਤੇ ਔਰਤਾਂ ਵਿਚ ਡਾਇਟਿੰਗ ਕਰਨ ਦਾ ਰੁਝਾਣ ਕੁਝ ਜ਼ਿਆਦਾ ਹੀ ਵਧ ਰਿਹਾ ਹੈ।

ਇਹ ਗੱਲ ਸਾਨੂੰ ਲੜ ਬਨ੍ਹ ਲੈਣੀ ਚਾਹੀਦੀ ਹੈ ਕਿ ਜਿਵੇਂ ਮੋਟਾਪਾ ਸਿਹਤ ਲਈ ਨੁਕਸਾਨਦੇਹ ਹੈ ਉਸੇ ਤਰ੍ਹਾਂ ਡਾਇਟਿੰਗ ਕਰਨ ਜਾਂ ਵਰਤ ਰੱਖਣ ਨਾਲ ਸ਼ਰੀਰ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੀ ਹੁੰਦਾ ਹੈ ਕਿਉਂ ਕਿ ਅਕਸਰ ਅਸੀਂ ਸਹੀ ਤਰੀਕੇ ਨਾਲ ਡਾਇਟਿੰਗ ਨਹੀਂ ਕਰਦੇ।

ਆਮ ਤੌਰ ਤੇ ਹਫ਼ਤੇ ਵਿਚ ਇਕ ਦਿਨ ਵਰਤ ਰੱਖਣ ਜਾਂ ਭੁੱਖੇ ਰਹਿਣ ਦਾ ਰਿਵਾਜ ਹੈ-ਭਾਵੇਂ ਸਿਹਤ ਪੱਖੋਂ ਸਮਝ ਲਵੋ ਜਾਂ ਧਾਰਮਿਕ ਆਸਥਾ ਪੱਖੋਂ। ਪਰ ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਉਸ ਦਿਨ ਅਸੀਂ ਕਰਦੇ ਕੀ ਹਾਂ। ਜਾਂ ਤਾਂ ਉਸ ਦਿਨ ਅਨਾਜ ਨਹੀਂ ਖਾਦੇ ਯਾਨੀ ਰੋਟੀ ਦੀ ਬਜਾਏ ਆਲੂ ਦੀ ਟਿੱਕੀ ਵਗੈਰ੍ਹਾ ਖੂਬ ਘਿਉ ਵਿਚ ਤਲ ਕੇ ਖਾਂਦੇ ਹਾਂ ਜਾਂ ਫੇਰ ਇਕ ਡੰਗ ਦੀ ਰੋਟੀ ਨਹੀਂ ਖਾਦੇ ਪਰ ਦੁਪਹਿਰ ਨੂੰ ਸ਼ੱਕਰ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਖਾ ਜਾਂਦੇ ਹਾਂ। ਫੇਰ ਭਲਾ ਇਹੋ ਜਹੇ ਵਰਤ ਜਾਂ ਡਾਇਟਿੰਗ ਦਾ ਕੀ ਫਾਈਦਾ!

ਮੰਨ ਲੈਂਦੇ ਹਾਂ ਕਿ ਤੁਸੀਂ ਇਕ ਦਿਨ ਸੱਚ ਮੁੱਚ ਕੁੱਝ ਨਹੀਂ ਖਾਧਾ, ਸਿਰਫ ਪਾਣੀ ਪੀ ਕੇ ਗੁਜਾਰਾ ਕੀਤਾ ਹੈ ਪਰ ਹਫ਼ਤੇ ਦੇ ਬਾਕੀ ਛੇ ਦਿਨ ਤਾਂ ਅਸੀਂ ਖਾਣ ਵਿਚ ਕੋਈ ਕਸਰ ਨਹੀਂ ਛੱਡਦੇ। ਕੁੜੀਆਂ ਘਰੋਂ ਬਰੇਕਫਾਸਟ ਨਹੀਂ ਕਰਨਗੀਆਂ ਪਰ ਕਾਲਜ ਜਾਕੇ ਭੁੱਖ ਲੱਗਣ ਤੇ ਟਿੱਕੀਆਂ–ਸਮੋਸੇ ਵਗੈਰ੍ਹਾ ਖਾਣ ਤੋਂ ਪਰਹੇਜ ਨਹੀਂ ਕਰਦੀਆਂ।ਇਸ ਤਰ੍ਹਾਂ ਕਰਨ ਨਾਲ ਕੀ ਉਹ ਸਚਮੁੱਚ ਭਾਰ ਘਟਾ ਲੈਣਗੀਆਂ? ਇਸ ਤਰ੍ਹਾਂ ਭਾਰ ਘਟਣਾ ਨਹੀਂ ਸਗੋਂ ਵਧ ਜਾਣਾ ਹੈ।

ਭਾਰ ਕਿੰਨਾ ਘਟਾਇਆ ਜਾਵੇ?

ਅੱਜਕਲ ਤਾਂ ਅਖ਼ਬਾਰਾਂ, ਰਸਾਲਿਆਂ ਅਤੇ ਟੀ.ਵੀ. ਉੱਤੇ ਪਤਲੇ ਹੋਣ ਦੀ ਦਬੱਲ ਕੇ ਇਸ਼ਤਿਹਾਰ ਬਾਜੀ ਹੁੰਦੀ ਹੈ। ਇਕ ਹਫਤੇ ਵਿਚ 5 ਕਿੱਲੋ ਭਾਰ ਘਟਾਓ ਅਤੇ ਉਸਦੇ ਨਾਲ ਹੀ ਕਿਸੇ ਆਦਮੀ ਜਾਂ ਔਰਤ ਦੀ ਫੋਟੋ ਛਾਪੀ ਹੁੰਦੀ ਹੈ ਜਿਹੜੀ ਇਹ ਦਰਸਾਉਂਦੀ ਹੈ ਉਸ ਸਲਿਮਿੰਗ ਸੈਂਟਰ ਵਿਚ ਆਉਣ ਨਾਲ ਜਾਂ ਇਕ ਵਿਸ਼ੇਸ ਦੁਆਈ ਦੀ ਵਰਤੋਂ ਕਰਨ ਨਾਲ ਉਸ ਔਰਤ ਜਾਂ ਆਦਮੀ ਦਾ ਭਾਰ ਘਟ ਗਿਆ ਹੈ। ਜਾਂ ਉੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਲੱਕ ਐਨਾ ਮੋਟਾ ਸੀ ਤੇ ਉੱਥੇ ਆਉਣ ਕਰਕੇ ਐਨੇ ਇੰਚ ਕਮਰ ਪਤਲੀ ਹੋ ਗਈ।

ਇਹ ਸਭ ਤਾਂ ਲੋਕਾਂ ਨੂੰ ਬੇਵਕੂਫ ਬਨਾਉਣ ਦੇ ਤਰੀਕੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿਆਦਾ ਖਾਣ ਅਤੇ ਘੱਟ ਸ਼ਰੀਰਕ ਕੰਮ ਕਰਨ ਨਾਲ ਹੀ ਸ਼ਰੀਰਕ ਭਾਰ ਵਿਚ ਵਾਧਾ ਹੁੰਦਾ ਹੈ, ਭਾਵੇਂ ਅਸੀਂ ਕਦੇ ਵੀ ਇਹ ਨਹੀਂ ਮੰਨਾਗੇ ਕਿ ਅਸੀਂ ਲੋੜ ਤੋਂ ਵੱਧ ਖਾਦੇ ਹਾਂ। ਪਰ ਇਹ ਤਾਂ ਇਕ ਸਚਾਈ ਹੈ ਕਿ ਮੋਟਾਪਾ ਲੋੜੋਂ ਵੱਧ ਖਾਣ ਨਾਲ ਹੁੰਦਾ ਹੈ। ਇਸ ਲਈ ਖਾਣ ਪੀਣ ਅਤੇ ਸਹੀ ਤਰੀਕੇ ਨਾਲ ਕੰਟਰੋਲ ਕਰਕੇ ਹੀ ਭਾਰ ਘਟਾਉਣਾ ਚਾਹੀਦਾ ਹੈ।

ਵਿਗਿਆਨਕ ਤਰੀਕੇ ਨਾਲ ਡਾਇਟਿੰਗ ਕਰਕੇ ਇਕ ਹਫਤੇ ਵਿਚ ਅੱਧਾ ਕਿੱਲੋ ਜਾਂ ਇਕ ਮਹੀਨੇ ਵਿਚ ਦੋ ਕਿੱਲੋ ਤੋਂ ਜ਼ਿਆਦਾ ਭਾਰ ਨਹੀਂ ਘਟਣਾ ਚਾਹੀਦਾ।

ਇਹ ਗੱਲ ਵੀ ਚੇਤੇ ਰੱਖਣੀ ਜ਼ਰੂਰੀ ਹੈ ਕਿ ਜੇ ਤੁਸੀਂ ਡਾਇਟਿੰਗ ਰਾਹੀਂ ਆਪਣਾ ਭਾਰ ਘਟਾ ਵੀ ਲਉਗੇ ਤਾਂ ਵੀ ਬਾਅਦ ਵਿਚ ਲਾਪਰਵਾਹ ਹੋਣ ਕਰਕੇ ਅਤੇ ਸਹੀ ਡਾਈਟਿੰਗ ਬੰਦ ਕਰਨ ਮਗਰੋਂ ਮੁੜ ਤੁਹਾਡਾ ਭਾਰ ਵਧਣ ਲੱਗੇਗਾ।

ਕਿਨ੍ਹਾਂ ਨੂੰ ਡਾਇਟਿੰਗ ਨਹੀਂ ਕਰਨੀ ਚਾਹੀਦੀ

ਇਸ ਵਿਚ ਕੋਈ ਸ਼ਕ ਨਹੀਂ ਕਿ ਸਹੀ ਤਰੀਕੇ ਨਾਲ ਕੀਤੀ ਡਾਇਟਿੰਗ ਨਾਲ ਹਰ ਇਕ ਨੂੰ ਲਾਭ ਹੁੰਦਾ ਹੈ। ਪਰ ਫੇਰ ਵੀ ਹਰ ਵਿਅਕਤੀ ਨੂੰ ਡਾਇਟਿੰਗ ਨਹੀਂ ਕਰਨੀ ਚਾਹੀਦੀ।ਹੇਠ ਲਿਖੇ ਵਿਅਕਤੀਆਂ ਨੂੰ ਨਾਂ ਤਾਂ ਡਾਇਟਿੰਗ ਕਰਨੀ ਚਾਹੀਦੀ ਹੈ ਅਤੇ ਨਾ ਹੀ ਵਰਤ ਵਗੈਰ੍ਹਾ ਰੱਖਣੇ ਚਾਹੀਦੇ ਹਨ:

-ਜਿਹਨਾਂ ਦਾ ਸ਼ਰੀਰਕ ਭਾਰ ਬਹੁਤ ਘੱਟ ਹੋਵੇ।
-ਜਿਹੜੇ ਘੱਟ ਯਾਨੀ ਲੋਅ ਬੱਲਡ ਪਰੈਸ਼ਰ ਦੇ ਮਰੀਜ਼ ਹੋਣ।
-ਜਿਹੜੇ ਸ਼ੁਗਰ ਰੋਗ ਦੇ ਰੋਗੀ ਹੋਣ।
-ਜਿਹਨਾਂ ਨੂੰ ਟੀ.ਬੀ. ਹੋਈ ਹੋਵੇ।
-ਜਿਹਨਾਂ ਦੇ ਪੇਟ ਵਿਚ ਫੋੜਾ ਯਾਨੀ ਪੈੇਪਟਿਕ ਅਲਸਰ ਹੋਵੇ।
-ਜਿਹਨਾਂ ਨੂੰਦਿਲ ਦੇ ਰੋਗ ਹੋਣ।
-ਜਿਹਨਾਂ ਨੂੰ ਕੈਂਸਰ ਹੋਇਆ ਹੋਵੇ।

ਉਪਰੋਕਤ ਦੱਸੇ ਰੋਗਾਂ ਦੇ ਮਰੀਜਾਂ ਨੂੰ ਡਾਇਟਿੰਗ ਕਰਕੇ ਜਾਂ ਭੁੱਖੇ ਰਹਿ ਕੇ ਆਪਣੇ ਸ਼ਰੀਰ ਨਾਲ ਪੰਗਾ ਨਹੀਂ ਲੈਣਾ ਚਾਹੀਦਾ।

ਡਾਇਟਿੰਗ ਵੇਲੇ ਸ਼ਰੀਰ ਨੂੰ ਕੀ ਹੁੰਦਾ ਹੈ?

ਸਡੀ ਪਾਚਨ ਪ੍ਰਣਾਲੀ ਵੀ ਇਕ ਮਸ਼ੀਨ ਵਾਂਗ ਹੈ। ਜਦੋਂ ਤੁਸੀਂ ਵਰਤ ਰਖਦੇ ਹੋ ਤਾਂ ਤੁਹਾਨੂੰ ਤਾਂ ਪਤਾ ਹੁੰਦਾ ਏ ਕਿ ਤੁਸੀਂ ਆਪਣੀ ਮਰਜੀ ਨਾਲ ਇੰਜ ਕਰ ਰਹੇ ਹੋ ਪਰ ਤੁਹਾਡਾ ਸ਼ਰੀਰ ਅਜਿਹਾ ਨਹੀਂ ਸਮਝਦਾ। ਇਸ ਲਈ ਉਹ ਦੋ ਅਨੁਚਿਤ (irratinal) ਤਰੀਕਿਆਂ ਨਾਲ ਕੰਮ ਕਰਨ ਲੱਗਦਾ ਹੈ।:-

ਜਦੋਂ ਅਸੀਂ ਖ਼ੁਰਾਕ ਵਿਚ ਕੈਲੋਰੀਆਂ ਦੀ ਘੱਟ ਮਾਤਰਾ ਲੈਂਦੇ ਹਾਂ ਤਾਂ ਇਹ ਵੀ ਉਸ ਮੁਤਾਬਕ ਸ਼ਰੀਰ ਵਿਚ ਗੈਰ ਲੋੜੀਂਦੀਆਂ ਕ੍ਰਿਆਵਾਂ ਨੂੰ ਹੌਲੀ ਕਰ ਦੇਂਦਾ ਹੈ।ਇਸ ਕਰਕੇ ਵਰਤ ਰੱਖਣ ਜਾਂ ਭੁੱਖੇ ਰਹਿਣ ਨਾਲ ਤੁਸੀਂ ਕਮਜ਼ੋਰ ਅਤੇ ਚਿੜਚਿੜੇ ਮਹਿਸੂਸ ਕਰਦੇ ਹੋ।ਇਸ ਤੋਂ ਇਲਾਵਾ ਸਿਰ ਪੀੜ,ਬੇਚੈਨੀ ਹੋਣੀ ਅਤੇ ਦਿਲ ਮਤਲਾਉਣ ਲੱਗਦਾ ਹੈ।
ਭੁੱਖੇ ਰਹਿਣ ਤੇ ਦੂਜਾ ਪ੍ਰਭਾਵ ਇਸ ਤਰ੍ਹਾਂ ਪੈਂਦਾ ਹੈ।
ਜਦੋਂ ਵਰਤ ਖਤਮ ਹੋ ਜਾਂਦਾ ਹੈ ਉਦੋਂ ਪਾਚਨ ਪ੍ਰਣਾਲੀ ਇੰਜ ਸਮਝਦੀ ਹੈ ਜਿਵੇਂ ਸ਼ਰੀਰ ਵਿਚ ਸੋਕੇ (draught)ਵਰਗੇ ਹਾਲਾਤ ਬਣ ਗਏ ਹੋਣ।ਇਸ ਡਰ ਦੇ ਮਾਰੇ ਕਿ ਕਿਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਹਾਲਾਤ ਨਾ ਬਣ ਜਾਣ, ਇਸ ਲਈ ਸ਼ਰੀਰ ਪੌਸ਼ਟਿਕ ਤੱਤਾਂ ਨੂੰ ਸਟੋਰ ਕਰਨ ਲੱਗ ਜਾਂਦਾ ਹੈ। ਅਤੇ ਇਸ ਤਰ੍ਹਾਂ ਭਾਰ ਵੱਧਣ ਦੀ ਸ਼ੰਕਾ ਰਹਿੰਦੀ ਹੈ। ਸ਼ਰੀਰ ਵੱਲੋਂ ਅਪਣਾਏ ਗਏ ਇਸ ਤਰ੍ਹਾਂ ਦੇ ਰੱਖਿਆ ਤਰੀਕੇ (defence mechanism))
ਕਰਕੇ ਤੁਸੀਂ ਡਾਇਟਿੰਗ ਜਾਂ ਵਰਤ ਰੱਖਣ ਨਾਲ ਐਨਾ ਭਾਰ ਘਟਾਇਆ ਨਹੀਂ ਹੁੰਦਾ ਜਿੰਨਾ ਕਿ ਸ਼ਰੀਰ ਦੇ ਇਸ ਤਰ੍ਹਾਂ ਦੇ ਰੱਖਿਆ ਤਰੀਕੇ ਰਾਹੀਂ ਵਧ ਜਾਂਦਾ ਹੈ।
ਇਸ ਲਈ ਆਪਣੇ ਸ਼ਰੀਰ ਤੇ ਤਰਸ ਖਾਓ ਅਤੇ ਭੁੱਲ ਕੇ ਵੀ ਇਸ ਤਰ੍ਹਾਂ ਨਾਲ ਵਰਤ ਨਾ ਰੱਖੋ ਜਾਂ ਫਾਸਟਿੰਗ ਕਰੋ। ਇਸ ਤਰ੍ਹਾਂ ਫਾਸਟਿੰਗ ਕਰਕੇ ਜਿੰਨਾ ਭਾਰ ਤੁਸੀਂ ਘਟਾਓਗੇ, ਉਹ ਫਾਸਟਿੰਗ ਕਰਨ ਮਗਰੋਂ ਖੁਰਾਕ ਲੈਣ ਨਾਲ ਹੋਰ ਵੀ ਜ਼ਿਆਦਾ ਵਧ ਜਾਵੇਗਾ। ਫਾਸਟਿੰਗ ਨੂੰ ਤਾਂ ਇਕ ਸੋਧਕ ਤਰੀਕੇ (cleansing defence)ਦੇ ਤੌਰ ਤੇ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

ਕਿਵੇਂ ਕਰੀਏ?

ਜਦੋਂ ਤੁਸੀਂ ਫਾਸਟਿੰਗ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਸ਼ਰੀਰ ਨੂੰ ਉਸ ਲਈ ਤਿਆਰ ਕਰ ਲਵੋ। ਨਾ ਤਾਂ ਇਕਦਮ ਵਰਤ ਰੱਖਣਾ ਸ਼ੁਰੂ ਕਰੋ ਅਤੇ ਨਾ ਹੀ ਵਰਤ ਖਤਮ ਹੋਣ ਮਗਰੋਂ ਇਕਦਮ ਡਟ ਕੇ ਖਾਣਾ ਸ਼ੁਰੂ ਕਰ ਦੇਵੋ। ਮੰਨ ਲਓ ਤੁਸੀਂ ਸੋਮਵਾਰ ਨੂੰ ਵਰਤ ਰੱਖਣਾ ਚਾਹੁੰਦੇ ਹੋ ਤਾਂ ਸਨੀਵਾਰ ਅਤੇ ਐਤਵਾਰ ਨੂੰ ਯਾਨੀ ਦੋ ਦਿਨ ਪਹਿਲਾਂ ਹੀ ਹਲਕਾ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿਵੇਂ ਕਿ ਖਿਚੜੀ, ਦਲੀਆ,ਸੂਪ, ਕੁਝ ਸਬਜ਼ੀਆਂ ਆਦਿ। ਜ਼ਿਆਦਾ ਫੈਟ ਯਾਨੀ ਚਿਕਨਾਈ ਵਾਲੀ ਖ਼ੁਰਾਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਤੁਹਾਡਾ ਸ਼ਰੀਰ ਫਾਸਟਿੰਗ ਲਈ ਤਿਆਰ ਹੋ ਜਾਵੇਗਾ। ਤੇ ਫੇਰ ਜਦੋਂ ਫਾਸਟ ਯਾਨੀ ਵਰਤ ਜਾਂ ਫਾਕਾ ਪੂਰਾ ਹੋ ਜਾਵੇ ਤਾਂ ਫਲਾਂ ਦੇ ਜੂਸ ਜਾਂ ਸਲਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕਦਮ ਪਰਾਂਠੇ ਜਾਂ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਇਸ ਤੋਂ ਅਗਲੇ ਦਿਨ ਵੀ ਥੋੜ੍ਹੀ ਖਿਚੜੀ, ਪੁੰਗਰੀਆਂ ਦਾਲਾਂ, ਸਲਾਦ, ਦਲੀਆ ਵਗੈਰ੍ਹਾ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰ ਹੋਜ਼ ਖਾਧੇ ਜਾਣ ਵਾਲੇ ਤੁਹਾਡੇ ਮਨ ਪਸੰਦ ਭੋਜਨ ਦੀ ਵਰਤੋਂ ਵੀ ਹਾਲੇ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਦਾ ਭੋਜਨ ਤਾਂ ਤੁਸੀਂ ਹੁਣ ਤੀਜੇ ਦਿਨ ਹੀ ਕਰ ਸਕਦੇ ਹੋ।

ਸਾਡੇ ਸ਼ਰੀਰ ਨੂੰ ਵੀ ਸਾਡੇ ਵਾਂਗ ਖਾਣ ਪੀਣ ਦੀ ਆਦਤਾਂ ਪਈਆਂ ਹੁੰਦੀਆਂ ਹਨ ਜਿਵੇਂ ਸਵੇਰੇ ਬਰੇਕਫਾਸਟ ਕਰਨਾ ਜਾਂ ਸ਼ਾਮ ਨੂੰ ਚਾਹ ਨਾਲ ਬਿਸਕੁਟ ਜਾਂ ਭੁੱਜੀਆ ਖਾਣਾ। ਜੇ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਵਿਦਡਰਾਲ (withdrawl) ਲੱਛਣ ਪੈਦਾ ਹੋਣ ਲੱਗ ਜਾਂਦੇ ਹਨ ਜਿਵੇਂ ਕਿ ਸਿਰ ਭਾਰਾ ਭਾਰਾ ਲੱਗਣਾ,ਸਿਰ ਚਕਰਾਉਣਾ ਅਤੇ ਚਿੜਚਿੜਾਹਟ ਹੋਣ ਲੱਗਦੀ ਹੈ।ਪਰ ਇਨ੍ਹਾਂ ਲੱਛਣਾ ਤੋਂ ਘਬਰਾਣਾ ਨਹੀਂ ਚਾਹੀਦਾ।

ਜੇ ਸਚਮੁੱਚ ਹੀ ਫਾਸਟਿੰਗ ਜਾਂ ਡਾਇਟਿੰਗ ਕਰਨੀ ਹੈ ਤਾਂ ਉਸਨੂੰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਸ਼ਰੀਰਕ ਭਾਰ ਵੀ ਘਟ ਸਕੇ ਅਤੇ ਸ਼ਰੀਰ ਨੂੰ ਵੀ ਕੋਈ ਲਾਭ ਹੋ ਸਕੇ।

ਸਹੀ ਤਰੀਕੇ ਨਾਲ ਫਾਸਟਿੰਗ ਕਰਨ ਨਾਲ ਤੁਸੀਂ ਆਪਣੇ ਆਪ ਵਿਚ ਜ਼ਿਆਦਾ ਸਫੂਰਤੀ ਪਾਓਗੇ, ਤੁਹਾਨੂੰ ਗੂੜ੍ਹੀ ਨੀਂਦ ਆਵੇਗੀ ਅਤੇ ਤੁਸੀਂ ਹਲਕਾ ਹਲਕਾ ਅਤੇ ਚੁਸਤ ਦਰੁਸਤ ਮਹਿਸੂਸ ਕਰੋਗੇ ਅਤੇ ਇਸ ਤਰ੍ਹਾਂ ਤੁਹਾਡਾ ਕੰਮ ਵਿਚ ਚਿੱਤ ਲੱਗੇਗਾ ਅਤੇ ਕੁਝ ਨਵਾਂ ਕਰਨ ਲਈ ਉਤਸਾਹ ਪੈਦਾ ਹੋਵੇਗਾ।

ਫਾਸਟਿੰਗ ਵੇਲੇ ਜੇ ਤੁਹਾਨੂੰ ਭੁੱਖੇ ਰਹਿਣਾ ਔਖਾ ਲੱਗੇ ਤਾਂ ਰੱਜ ਕੇ ਪਾਣੀ ਪੀ ਸਕਦੇ ਹੋ। ਤੁਸੀਂ ਚਾਵ੍ਹੋ ਤਾਂ ਇਕ ਗਲਾਸ ਵਿਚ ਥੋੜਾ ਜਿੰਨਾ ਗੁਲੂਕੋਸ ਜਾਂ ਅੱਧਾ ਚੱਮਚ ਚੀਨੀ ਅਤੇ ਰਤਾ ਕੁ ਲੂਣ ਪਾ ਕੇ ਪੀ ਸਕਦੇ ਹੋ। ਤੁਸੀਂ ਚਾਵ੍ਹੋ ਤਾਂ ਪਾਣੀ ਵਿਚ ਨਿੰਬੂ ਵੀ ਨਚੋੜ ਸਕਦੇ ਹੋ। ਇਸ ਤਰ੍ਹਾਂ ਤੁਹਾਡੇ ਸ਼ਰੀਰ ਨੂੰ ਕੁਝ ਤਾਕਤ ਵੀ ਮਿਲ ਜਾਵੇਗੀ ਅਤੇ ਸਿਸਟਮ ਨੂੰ ਸ਼ੁਧ ਕਰਨ ਵਿੱਚ ਮੱਦਦ ਵੀ ਮਿਲੇਗੀ।

.ਫਾਸਟਿੰਗ ਵਾਲੇ ਦਿਨ ਜ਼ਿਆਦਾ ਸ਼ਰੀਰਕ ਕੰਮ ਨਹੀਂ ਕਰਨਾ ਚਾਹੀਦਾ।

.ਰੋਟੀ ਖਾਣ ਵੇਲੇ ਟੀ.ਵੀ.ਨਹੀਂ ਵੇਖਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਲੋੜ ਤੋਂ ਵੱਧ ਖਾਇਆ ਜਾਂਦਾ ਹੈ।

.ਕਦੇ ਵੀ ਫਾਕੇ ਰੱਖ ਕੇ ਆਪਣੇ ਆਪ ਤੇ ਜੁਲਮ ਨਾ ਕਰੋ।ਇਸ ਤਰ੍ਹਾਂ ਭਾਰ ਘਟਾਉਣ ਦੀ ਉਮੀਦ ਵਿਚ ਤੁਸੀਂ ਸ਼ਰੀਰ ਨੂੰ ਕਈ ਰੋਗ ਲਾ ਲਵੋਗੇ।

.ਤਲੀਆਂ ਹੋਈਆਂ ਚੀਜ਼ਾਂ ਜਿਵੇਂ ਕਿ ਪਰੌਂਠੇ,ਆਲੂ ਦੀ ਟਿੱਕੀਆਂ,ਪਕੌੜੇ ਆਦਿ ਦੀ ਵਰਤੋਂ ਤੋਂ ਪਰਹੇਜ ਕਰਨਾ ਚਾਹੀਦਾ ਹੈ।

.ਜ਼ਿਆਦਾ ਮਿੱਠੀਆਂ ਅਤੇ ਜ਼ਿਆਦਾ ਚਿਕਨਾਈ ਵਾਲੇ ਖ਼ੁਰਾਕੀ ਪਦਾਰਥਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।

.ਬੇਫਿਜੂਲ ਕਸਰਤ ਕਰਕੇ 8-10 ਦਿਨਾਂ ਵਿਚ ਆਪਣਾ ਭਾਰ ਘਟਾਉਣ ਲਈ ਜਿਸਮ ਦੇ ਪਾਸੇ ਨਹੀਂ ਭੰਨਨੇ ਚਾਹੀਦੇ।ਸਹੀ ਤਰੀਕੇ ਨਾਲ ਡਾਇਟਿੰਗ ਕਰਕੇ ਇਕ ਹਫਤੇ ਵਿਚ 500 ਗ੍ਰਾਮ ਤੋਂ ਵੱਧ ਭਾਰ ਨਹੀਂ ਘਟਣਾ ਚਾਹੀਦਾ।

.ਥੋੜੇ-ਥੋੜੇ ਦਿਨਾਂ ਦੇ ਵਕਫੇ ਮਗਰੋਂ ਆਪਣਾ ਭਾਰ ਨਹੀਂ ਤੋਲਦੇ ਰਹਿਣਾ ਚਾਹੀਦਾ। ਐਨੀ ਛੇਤੀ ਭਾਰ ਤਾਂ ਨਹੀਂ ਘਟੇਗਾ ਪਰ ਤੁਸੀਂ ਬੇਵਜ੍ਹਾ ਸੋਚ ਸੋਚ ਕੇ ਕਿ ਭਾਰ ਕਿਉਂ ਨਹੀਂ ਘਟ ਰਿਹਾ, ਪਰੇਸ਼ਾਨ ਹੋ ਜਾਵੋਗੇ।

.ਜੇ ਸੰਭਵ ਹੋਵੇ ਤਾਂ ਸਵੇਰੇ ਸ਼ਾਮ ਜਿਸ ਤਰ੍ਹਾਂ ਸੈਰ ਕਰਦੇ ਹੋ ਉਸੇ ਤਰ੍ਹਾਂ ਸਾਈਕਲ ਚਲਾਉਣਾ ਵੀ ਲਾਭਦਾਇਕ ਹੈ।ਇਸ ਤਰ੍ਹਾਂ ਸ਼ਰੀਰ ਵਿੱਚੋਂ ਵਾਧੂ ਕੈਲੋਰੀਆਂ ਇਸਤੇਮਾਲ ਹੋ ਜਾਂਦੀਆਂ ਹਨ ਯਾਨੀ ਸ਼ਰੀਰ ਦੀ ਵਰਬੀ ਘਟਾਉਣ ਵਿਚ ਮੱਦਦ ਮਿਲਦੀ ਹੈ।

.ਆਪਣੇ ਆਪ ਨੂੰ ਬੇਵਜ੍ਹਾ ਟੈਨਸ਼ਨ ਨਾ ਪਾਓ।ਕੋਸ਼ਿਸ ਕਰੋ ਕਿ ਇਕੱਲੇ ਵੀ ਨਾ ਰਵ੍ਹੋ।ਵੇਖਣ ਵਿਚ ਆਇਆ ਹੈ ਕਿ ਜਦੋਂ ਵਿਅਕਤੀ ਨੂੰ ਟੈਂਸ਼ਨ ਹੁੰਦੀ ਹੈ ਤਾਂ ਉਹ ਜ਼ਿਆਦਾ ਖਾ ਜਾਂਦਾ ਹੈ।

.ਰੋਟੀ ਖਾਣ ਮਗਰੋਂ 15-20 ਮਿੰਟ ਪੈਦਲ ਜ਼ਰੂਰ ਤੁਰਨਾ ਚਾਹੀਦਾ ਹੈ।

.ਆਪਣੀ ਉਮਰ, ਕੱਦ ਕਾਠ ਅਤੇ ਤੁਸੀਂ ਕਿਸ ਤਰ੍ਹਾਂ ਦਾ ਸ਼ਰੀਰਕ ਕੰਮ ਕਰਦੇ ਹੋ, ਉਸ ਮੁਤਾਬਕ ਖੁਰਾਕ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਿਆਦਾ ਰੇਸ਼ੇ ਵਾਲਾ ਭੋਜਨ ਕਰਨਾ ਚਾਹੀਦਾ ਹੈ।

.ਖ਼ੁਰਾਕ ਵਿਚ ਫਲਾਂ ਅਤੇ ਸਬਜ਼ੀਆਂ,ਖਾਸ ਕਰਕੇ ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਦੀ ਵਰਤੋਂ ਖੁੱਲ੍ਹੇ ਦਿਲ ਨਾਲ ਕਰਨੀ ਚਾਹੀਦੀ ਹੈ।

.ਦਿਨ ਵਿਚ ਇਕ ਦੋ ਵਾਰ ਭਾਰੀ ਭੋਜਨ ਕਰਨ ਦੀ ਬਜਾਇ 4-5 ਵਾਰੀ ਹਲਕਾ ਭੋਜਨ ਕਰਨਾ ਚਾਹੀਦਾ ਹੈ।

.ਸ਼ਰੀਰ ਦਾ ਵਾਧੂ ਫੈਟ ਯਾਨੀ ਕੈਲੋਰੀਆਂ ਸਾੜਣ ਲਈ ਸਕੂਟਰ ਦੀ ਬਜਾਏ ਪੈਦਲ ਤੁਰਨਾ ਚਾਹੀਦਾ ਹੈ।ਲਿਫਟ ਦੀ ਵਰਤੋਂ ਕਰਨ ਦੀ ਬਜਾਇ ਪੌੜੀਆਂ ਚੜ੍ਹਣੀਆਂ ਚਾਹੀਦੀਆਂ ਹਨ।ਕਹਿਣ ਦਾ ਭਾਵ ਇਹ ਹੈ ਕਿ ਵੱਧ ਤੋਂ ਵੱਧ ਸ਼ਰੀਰਕ ਕੰਮ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਕੰਮ ਕਾਜ ਵਿਚ ਰੁੱਝੇ ਰੱਖਣਾ ਵੀ ਜ਼ਰੂਰੀ ਹੈ।ਇਸ ਤਰ੍ਹਾਂ ਖਾਣ-ਪੀਣ ਵੱਲ ਜ਼ਿਆਦਾ ਧਿਆਨ ਨਹੀਂ ਜਾਂਦਾ। ਸਾਨੂੰ ਵਿਹਲੇ ਸਮੇਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।

Real Estate