ਲੋਕ ਸਭਾ ਹਲਕਾ ਬਠਿੰਡਾ ’ਚ ਸਿਆਸੀ ਸਰਗਰਮੀਆਂ ਸੁਰੂ , ਸੰਭਾਵੀ ਉਮੀਦਵਾਰ ਆਪਣੇ ਪਰ ਤੋਲਣ ਲੱਗੇ

1352

ਬਲਵਿੰਦਰ ਸਿੰਘ ਭੁੱਲਰ

ਮੋਬਾ: 098882-75913
ਲੋਕ ਸਭਾ ਚੋਣਾਂ ਭਾਵੇਂ ਅਜੇ ਬਹੁਤੀਆਂ ਨਜਦੀਕ ਨਹੀਂ ਹਨ, ਪਰ ਬਹੁਤਾ ਦੂਰ ਵੀ ਨਹੀਂ ਹੈ। ਇਸ ਲਈ ਹਲਕਾ ਬਠਿੰਡਾ, ਜਿਸ ਵਿੱਚ ਦੋ ਜਿਲੇ ਮਾਨਸਾ, ਬਠਿੰਡਾ ਅਤੇ ਸ੍ਰੀ ਮੁਕਤਸਰ ਜਿਲੇ ਦਾ ਇੱਕ ਵਿਧਾਨ ਸਭਾ ਹਲਕਾ ਲੰਬੀ ਪੈਂਦਾ ਹੈ, ਲਈ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਚੋਣ ਲੜਣ ਦੇ ਇੱਛੁਕਾਂ ਵੱਲੋਂ ਪਰਤੱਖ ਰੂਪ ਵਿੱਚ ਸਰਗਰਮੀਆਂ ਸੁਰੂ ਕਰ ਦਿੱਤੀਆਂ ਹਨ ਜਾਂ ਲੁਕ ਛਿਪ ਕੇ ਪਰ ਤੋਲਣ ਲੱਗ ਪਏ ਹਨ। ਭਾਵੇਂ ਇਸ ਹਲਕੇ ਤੋਂ ਕਾਂਗਰਸ, ਸ੍ਰੋਮਣੀ ਅਕਾਲੀ ਦਲ ਦਰਮਿਆਨ ਸਿੱਧਾ ਮੁਕਾਬਲਾ ਹੋਣ ਦੀਆਂ ਸੰਭਾਵਨਾਵਾਂ ਹਨ, ਪਰ ਆਮ ਆਦਮੀ ਪਾਰਟੀ ਵੀ ਮੁਕਾਬਲੇ ਵਿੱਚ ਸਾਮਲ ਹੋ ਸਕਦੀ ਹੈ। ਹੁਣ ਆਮ ਆਦਮੀ ਪਾਰਟੀ ਦੇ ਨਾਲ ਨਾਲ ਪੰਜਾਬੀ ਏਕਤਾ ਪਾਰਟੀ ਵੀ ਆਪਣੇ ਪਰ ਤੋਲਣ ਲੱਗੀ ਹੈ। ਇਸ ਹਲਕੇ ਵਿੱਚ ਖੱਬੀਆਂ ਪਾਰਟੀਆਂ ਦਾ ਵੀ ਕਾਫ਼ੀ ਪ੍ਰਭਾਵ ਹੈ ਜੋ ਲੋਕ ਸਭਾ ਦੇ ਨਤੀਜੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਬਹੁਜਨ ਸਮਾਜ ਪਾਰਟੀ, ਆਪਣਾ ਪੰਜਾਬ ਪਾਰਟੀ, ਤ੍ਰਿਣਮੂਲ ਕਾਂਗਰਸ ਤੇ ਲੋਕ ਜਨਸ਼ਕਤੀ ਪਾਰਟੀ ਵੀ ਕਿਸੇ ਨਾ ਕਿਸੇ ਰੂਪ ਵਿੱਚ ਭਾਗ ਲੈਣਗੀਆਂ।
ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਕਾਰਨ ਇਸ ਪਾਰਟੀ ਦੀ ਟਿਕਟ ਹਾਸਲ ਕਰਨ ਵਾਲੇ ਸੰਭਾਵੀ ਉਮੀਦਵਾਰਾਂ ਦੇ ਸਭ ਤੋਂ ਵੱਧ ਨਾਵਾਂ ਦੀ ਚਰਚਾ ਹੈ। ਬਾਦਲ ਪਰਿਵਾਰ ਦਾ ਜੱਦੀ ਹਲਕਾ ਹੋਣ ਕਾਰਨ ਕਾਂਗਰਸ ਵੱਲੋਂ ਵੀ ਤਕੜਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ ਇਸ ਹਲਕੇ ਤੋਂ ਪਹਿਲਾਂ ਵੀ ਚੋਣ ਲੜ ਚੁੱਕੇ ਹਨ ਅਤੇ ਇਸ ਵਾਰ ਵੀ ਰਣਇੰਦਰ ਸਿੰਘ ਦੇ ਇਸ ਹਲਕੇ ਤੋਂ ਉਮੀਦਵਾਰ ਬਣਨ ਦੀਆਂ ਵਧੇਰੇ ਸੰਭਾਵਨਾਵਾਂ ਹਨ। ਪੰਜਾਬ ਦੇ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਖੁਦ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਦਾਨ ਵਿੱਚ ਉਤਾਰਨ ਲਈ ਸਰਗਰਮ ਦਿਖਾਈ ਦੇ ਰਹੇ ਹਨ, ਇਸ ਲਈ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀਆਂ ਸੰਭਾਵਨਾਵਾਂ ਵੀ ਬਰਕਰਾਰ ਹਨ।
ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਚਚੇਰੇ ਭਰਾ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੰਤ ਸੁਭਾਅ ਦੀ ਬੇਦਾਗ ਸਖ਼ਸੀਅਤ ਸ੍ਰ: ਮਹੇਸਇੰਦਰ ਸਿੰਘ ਬਾਦਲ ਨੂੰ ਵੀ ਪਾਰਟੀ ਵੱਲੋਂ ਉਮੀਦਵਾਰ ਬਣਾਉਣ ਦੀ ਚਰਚਾ ਚੱਲ ਰਹੀ ਹੈ ਅਤੇ ਜੇਕਰ ਉਹ ਆਪ ਨਾ ਲੜਣਾ ਚਾਹੁੰਣ ਤਾਂ ਉਹਨਾਂ ਦੇ ਅਤੀ ਨਜਦੀਕੀ ਅਤੇ ਮਰਹੂਮ ਦਰਵੇਸ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਸ੍ਰ: ਗੁਰਮੀਤ ਸਿੰਘ ਖੁੱਡੀਆ ਨੂੰ ਮੈਦਾਨ ਵਿੱਚ ਲਿਆਉਣ ਦੀਆਂ ਕਿਆਸਅਰਾਈਆਂ ਹਨ। ਪੰਜਾਬ ਦੇ ਚਰਚਿਤ ਨੇਤਾ ਤੇ ਸਾਬਕਾ ਲੋਕ ਸਭਾ ਮੈਂਬਰ ਸ੍ਰ: ਜਗਮੀਤ ਸਿੰਘ ਬਰਾੜ ਨੇ ਤ੍ਰਿਣਮੂਲ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਜੇਕਰ ਉਹ ਕਾਂਗਰਸ ਵਿੱਚ ਸਾਮਲ ਹੁੰਦੇ ਹਨ ਤਾਂ ਉਹਨਾਂ ਦੇ ਉਮੀਦਵਾਰ ਬਣਨ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ।
ਸ੍ਰੋਮਣੀ ਅਕਾਲੀ ਦਲ ਭਾਜਪਾ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਉਮੀਦਵਾਰ ਬਣਾਏ ਜਾਣਾ ਲੱਗਭੱਗ ਤਹਿ ਹੀ ਹੈ। ਉਹ ਇਸ ਹਲਕੇ ਦੀ ਹੁਣ ਵੀ ਨੁਮਾਇੰਦਗੀ ਕਰਦੇ ਹਨ ਤੇ ਕੇਂਦਰੀ ਸਰਕਾਰ ਵਿੱਚ ਮੰਤਰੀ ਹਨ ਅਤੇ ਉਹਨਾਂ ਤੋਂ ਮਜਬੂਤ ਹੋਰ ਕੋਈ ਉਮੀਦਵਾਰ ਬਣਨ ਵਾਲਾ ਦਿਖਾਈ ਵੀ ਨਹੀਂ ਦੇ ਰਿਹਾ। ਪਰ ਆਮ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਬੇਅਦਬੀ ਘਟਨਾਵਾਂ ਕਾਰਨ ਪਾਰਟੀ ਦੀ ਨਮੋਸੀ ਭਰੀ ਹਾਲਤ ਨੂੰ ਦੇਖਦਿਆਂ ਬੀਬੀ ਬਾਦਲ ਆਪਣੇ ਬੱਚਿਆਂ ਦੀ ਪੜਾਈ ਜਾਂ ਭਵਿੱਖ ਦੇ ਬਹਾਨੇ ਸ਼ਾਇਦ ਇਸ ਵਾਰ ਚੋਣ ਮੈਦਾਨ ਤੋਂ ਟਾਲਾ ਵੱਟ ਲੈਣ, ਕਿਉਂਕਿ ਹਾਰ ਨਾਲੋਂ ਟਾਲਾ ਵੱਟਣਾ ਚੰਗਾ ਹੈ। ਇਸਤੋਂ ਇਲਾਵਾ ਉਸ ਵੱਲੋਂ ਹਲਕਾ ਫਿਰੋਜਪੁਰ ਤੋਂ ਚੋਣ ਲੜਾਏ ਜਾਣ ਦੀ ਚਰਚਾ ਹੈ। ਜੇਕਰ ਉਹਨਾਂ ਨੂੰ ਇੱਥੋਂ ਉਮੀਦਵਾਰ ਨਹੀਂ ਬਣਾਇਆ ਜਾਂਦਾ ਤਾਂ ਹਲਕੇ ਤੋਂ ਬਾਹਰਲਾ ਹੀ ਕੋਈ ਉਮੀਦਵਾਰ ਉਤਾਰੇ ਜਾਣ ਦੀ ਉਮੀਦ ਹੈ। । ਭਾਰਤੀ ਜਨਤਾ ਪਾਰਟੀ ਤਾਂ ਗੱਠਜੋੜ ਸਦਕਾ ਆਪਣੀ ਪਾਰਟੀ ਦਾ ਉਮੀਦਵਾਰ ਨਹੀਂ ਉਤਾਰੇਗੀ, ਪਰ ਜੇਕਰ ਸੀਟਾਂ ਦੀ ਅਦਲਾ ਬਦਲੀ ਜਾਂ ਹੋਰ ਕਿਸੇ ਕਾਰਨ ਭਾਜਪਾ ਚੋਣ ਲੜਣੀ ਚਾਹੇ ਤਾਂ ਉਸ ਵੱਲੋਂ ਸ੍ਰੀ ਦਿਆਲ ਸਿੰਘ ਸੋਢੀ ਜਾਂ ਸ੍ਰੀ ਮੋਹਿਤ ਗਰਗ ਜਿਹਨਾਂ ਦਾ ਪਾਰਟੀ ਹਾਈਕਮਾਂਡ ਵਿੱਚ ਕਾਫ਼ੀ ਅਸਰ ਰਸੂਖ ਹੈ ਦੀ ਸੰਭਾਵਨਾ ਹੋ ਸਕਦੀ ਹੈ।
ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਸੁਬਾਈ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਭਗਵੰਤ ਮਾਨ ਦੇ ਨਾਂ ਦੀ ਵੀ ਚਰਚਾ ਚੱਲ ਰਹੀ ਸੀ, ਪਰ ਹੁਣ ਉਹਨਾਂ ਦਾ ਨਾਂ ਸੰਗਰੂਰ ਸੀਟ ਤੋਂ ਮੁੜ ਐਲਾਨਿਆ ਗਿਆ ਹੈ। ਸ੍ਰ: ਐ¤ਚ ਐ¤ਸ ਫੂਲਕਾ ਵੀ ਇਸ ਹਲਕੇ ਤੋਂ ਚੰਗੇ ਉਮੀਦਵਾਰ ਹੋ ਸਕਦੇ ਸਨ ਪਰ ਹੁਣ ਉਹ ਵੀ ਅਸਤੀਫਾ ਦੇ ਕੇ ਸਿਆਸਤ ਤੋਂ ਸਨਿਆਸ ਲੈ ਚੁੱਕੇ ਹਨ, ਇਸ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਨਾਂ ਸੰਭਾਵਨਾਵੀ ਉਮੀਦਵਾਰਾਂ ਵਿੱਚ ਹੈ। ਜੇਕਰ ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਕੌਰ ਅਤੇ ਕਾਂਗਰਸ ਵੱਲੋਂ ਬੀਬੀ ਵੀਨੂ ਬਾਦਲ ਉਮੀਦਵਾਰ ਬਣਾਏ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਵੱਲੋਂ ਪ੍ਰੋ: ਬਲਜਿੰਦਰ ਕੌਰ ਵਿਧਾਇਕਾ ਤਲਵੰਡੀ ਸਾਬੋ ਦੇ ਨਾਂ ਨੂੰ ਵੀ ਵਿਚਾਰੇ ਜਾਣ ਦੀ ਹੈ।
ਆਮ ਆਦਮੀ ਪਾਰਟੀ ਨਾਲੋਂ ਵੱਖ ਹੋ ਕੇ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਵੱਖਰੀ ਪਾਰਟੀ ਪੰਜਾਬ ਏਕਤਾ ਪਾਰਟੀ ਬਣਾ ਲਈ ਹੈ ਅਤੇ ਇਸ ਪਾਰਟੀ ਵੱਲੋਂ ਉਹ ਖ਼ੁਦ ਲੋਕ ਸਭਾ ਲਈ ਚੋਣ ਲੜਣ ਦਾ ਐਲਾਨ ਵੀ ਕਰ ਚੁੱਕੇ ਹਨ। ਉਹਨਾਂ ਦੀ ਆਸ ਬਰਗਾੜੀ ਮੋਰਚੇ ਨਾਲ ਸਬੰਧਤ ਧਿਰਾਂ ਦੇ ਸਹਿਯੋਗ ਤੇ ਹੈ। ਕਮਿਊਨਿਸਟ ਪਾਰਟੀਆਂ ਦਾ ਵੀ ਇਸ ਹਲਕੇ ਵਿੱਚ ਕਾਫ਼ੀ ਅਧਾਰ ਹੈ ਅਤੇ ਇਹ ਪਾਰਟੀਆਂ ਹਲਕੇ ਦੀ ਨੁਮਾਇੰਦਗੀ ਵੀ ਕਰ ਚੁੱਕੀਆਂ ਹਨ। ਕਾ: ਭਾਨ ਸਿੰਘ ਭੌਰਾ ਇਸ ਹਲਕੇ ਤੋਂ ਲੋਕ ਸਭਾ ਮੈਂਬਰ ਰਹੇ ਹਨ, ਸ੍ਰੀਮਤੀ ਕੁਸਲ ਭੌਰਾ, ਕਾ: ਗੁਰਸੇਵਕ ਸਿੰਘ ਤੇ ਕਾ: ਹਰਦੇਵ ਅਰਸ਼ੀ ਵੀ ਇਸ ਹਲਕੇ ਤੋਂ ਚੋਣ ਲੜ ਚੁੱਕੇ ਹਨ। ਇਸ ਹਲਕੇ ਤੋਂ ਸੀ ਪੀ ਆਈ ਦੇ ਸੁਬਾਈ ਸਕੱਤਰ ਕਾ: ਹਰਦੇਵ ਅਰਸ਼ੀ ਦੀ ਵੀ ਸੰਭਾਵੀ ਉਮੀਦਵਾਰ ਵਜੋਂ ਚਰਚਾ ਹੈ। ਸੀ ਪੀ ਆਈ ਐਮ ਐਲ ਲਿਬਰੇਸਨ ਵੱਲੋਂ ਵੀ ਪਹਿਲਾਂ ਚੋਣ ਲੜ ਚੁੱਕੇ ਕਾ: ਭਗਵੰਤ ਸਿੰਘ ਸਮਾਓ ਦੇ ਉਮੀਦਾਵਰ ਬਣਾਉਣ ਦੀ ਸੰਭਾਵਨਾ ਹੈ।
ਸਿਆਸੀ ਪਾਰਟੀਆਂ ਗੱਠਜੋੜ ਬਣਾਉਣ ਲਈ ਵੀ ਯਤਨਸ਼ੀਲ ਹਨ, ਕਿਹੜੀ ਪਾਰਟੀ ਕਿਸ ਨਾਲ ਗੱਠਜੋੜ ਕਰਦੀ ਹੈ, ਇਹ ਮਾਮਲਾ ਵੀ ਇਹਨਾਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ। ਕਾਂਗਰਸ ਪਾਰਟੀ ਦੀ ਭਾਵੇਂ ਪੰਜਾਬ ਵਿੱਚ ਸਰਕਾਰ ਹੈ, ਪਰ ਲੋਕ ਤਾਂ ਕੀ ਕਾਂਗਰਸੀ ਵਰਕਰ ਵੀ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਦਿਖਾਈ ਦੇ ਰਹੇ ਹਨ। ਸ੍ਰੋਮਣੀ ਅਕਾਲੀ ਦੇ ਬੇਅਦਬੀ ਘਟਨਾਵਾਂ ਵਿੱਚ ਜੁੜ ਨਾਂ ਕਾਰਨ ਲੋਕਾਂ ਵਿੱਚ ਪੈਰ ਨਹੀ ਜੰਮ ਰਹੇ। ਆਮ ਆਦਮੀ ਜਿਸਦੇ ਇਸ ਹਲਕੇ ਵਿੱਚ ਪੰਜ ਵਿਧਾਇਕ ਹਨ ਅਤੇ ਵਿਧਾਨ ਸਭਾ ਵਿੱਚ ਭਾਰੀ ਵੋਟਾਂ ਹਾਸਲ ਕੀਤੀਆਂ ਸਨ, ਉਹ ਹੁਣ ਦੋਫਾੜ ਹੋ ਚੁੱਕੀ ਹੈ। ਇਸ ਕਰਕੇ ਅਜੇ ਸਾਫ਼ ਤਸਵੀਰ ਸਾਹਮਣੇ ਦਿਖਾਈ ਨਹੀਂ ਦੇ ਰਹੀ।

Real Estate