ਸਿਰੇ ਚੜ੍ਹੇਗਾ ਪੰਜਾਬ ਵਿਚਲਾ ਮਹਾਂਗਠਜੋੜ ? ਹੋਈ ਪਹਿਲੀ ਮੀਟਿੰਗ

2019 ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਪੰਜਾਬੀ ਏਕਤਾ ਪਾਰਟੀ, ਬਸਪਾ ਪੰਜਾਬ ਤੇ ਲੋਕ ਇਨਸਾਫ ਪਾਰਟੀ ਵਿਚਕਾਰ ਬੰਦ ਕਮਰਾ ਬੈਠਕ ਹੋਈ । ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਡੈਮੋਕਰੇਟਿਕ ਅਲਾਇੰਸ ਅੱਜ ਦੇ ਸਮੇਂ ਦੀ ਮੰਗ ਹੈ ਤੇ ਉਹ ਅੱਜ ਇਸੇ ਵਿਚਾਰਧਾਰਾ ‘ਤੇ ਬੈਠਕ ਕਰਨ ਲਈ ਇਕੱਤਰ ਹੋਏ ਸਨ। ਪੰਜਾਬ ਡੈਮੋਕਰੇਟਿਕ ਅਲਾਇੰਸ ਪੰਜਾਬ ‘ਚ ਸਾਂਝੇ ਤੌਰ ‘ਤੇ ਜੁੜ ਕੇ ਕੰਮ ਕਰਨਗੇ।
ਲੁਧਿਆਣਾ ‘ਚ ਹੋਈ ਮੀਟਿੰਗ ‘ਚ ਲੋਕਸਭਾ ਚੋਣਾਂ ‘ਚ ਸੀਟਾਂ ਦੀ ਸਾਂਝੇਦਾਰੀ ਅਤੇ ਹੋਰ ਅਹਿਮ ਚਰਚਾ ਕੀਤੀ ਗਈ। ਸੇਖਵਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ‘ਚ ਇੱਕ ਵਿਚਾਰਧਾਰਾ ‘ਤੇ ਚਰਚਾ ਹੋਈ ਤੇ ਜੋ ਕਿ ਬਿਲਕੁਲ ਸਫਲ ਰਹੀ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਜੋ ਕਿ ਹਫਤੇ ਦੇ ਅੰਦਰ ਹੀ ਰੱਖੀ ਜਾਵੇਗੀ, ਉਸ ‘ਚ ਸੀਟਾਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਸੇਖਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੀਟਿੰਗ ‘ਚੋਂ ਆਮ ਆਦਮੀ ਪਾਰਟੀ ਨੂੰ ਵੀ ਇਸ ਮਹਾਂਗਠਬੰਧਨ ‘ਚ ਜੁੜਨ ਲਈ ਫੋਨ ਕੀਤਾ ਸੀ, ਪਰ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਗਰੁੱਪ ਦੇ ਨਾਲ ਆਪਣਾ ਗਠਜੋੜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਸਿਮਰਨਜੀਤ ਸਿੰਘ ਬੈਂਸ ਨੇ ਖੁੱਲ੍ਹ ਕੇ ‘ਆਪ’ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਕੋਲਕਾਤਾ ਵਿੱਚ ਕਾਂਗਰਸ ਨਾਲ ਮੰਚ ਸਾਂਝਾ ਕਰਨ ਵਾਲੀ ‘ਆਪ’ ਨੂੰ ਗਠਜੋੜ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਟਕਸਾਲੀ ਅਕਾਲੀ ਦਲ ਦੇ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ‘ਆਪ’ ਨੂੰ ਗਠਜੋੜ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਸੀ ਪਰ ‘ਆਪ’ ਲੀਡਰ ਤੇ ਸਾਂਸਦ ਭਗਵੰਤ ਮਾਨ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ।
ਮੀਟਿੰਗ ਵਿਚ ਸੁਖਪਾਲ ਖਹਿਰਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੀ ਟੀਮ, ਸਿਮਰਜੀਤ ਸਿੰਘ ਬੈਂਸ, ਬਸਪਾ ਤੋਂ ਰਸ਼ਪਾਲ ਸਿੰਘ ਮੌਜੂਦ ਸਨ। ਮੀਟਿੰਗ ‘ਚ ਡਾ ਧਰਮਵੀਰ ਗਾਂਧੀ ਨਜ਼ਰ ਨਹੀਂ ਆਏ।

Real Estate