ਜਦੋਂ ਬਾਬਰ ਨੇ ਸ਼ਰਾਬ ਛੱਡੀ ਤੇ ਆਪਣੇ ਸੋਨੇ ਦੇ ਪਿਆਲੇ ਤੇ ਸੁਰਾਹੀਆਂ ਗ਼ਰੀਬਾਂ ਨੂੰ ਦਾਨ ਕਰ ਦਿੱਤੀਆਂ

1214

ਕਹਿੰਦੇ ਹਨ ਸੁਲਤਾਨਪੁਰ ਲੋਧੀ ਦੇ ਹਾਕਮ ਦੌਲਤ ਖਾਨ ਲੋਧੀ ਨੇ ਬਾਬਰ ਨੂੰ ਦਿੱਲੀ ਤੇ ਹਮਲਾ ਕਰਨ ਲਈ ਆਪ ਬੁਲਾਇਆ ਸੀ ਅਤੇ ਰਾਣਾ ਸਾਂਗਾ ਨੇ ਵੀ ਬਾਬਰ ਨੂੰ ਇੱਥੋਂ ਤੱਕ ਆਖ ਦਿੱਤਾ ਸੀ ਕਿ ਜੇ ਬਾਬਰ ਦਿੱਲੀ ‘ਤੇ ਹਮਲਾ ਕਰੇਗਾ ਤਾਂ ਉਹ ਉਸਦੇ ਹੱਕ ਵਿੱਚ ਆਗਰੇ ‘ਤੇ ਚੜ੍ਹਾਈ ਕਰੇਗਾ।ਬਾਬਰ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ, ਪਰ ਰਾਣੇ ਸਾਂਗੇ ਨੇ, ਪਤਾ ਨਹੀਂ ਕੀ ਸੋਚ ਕੇ, ਆਗਰੇ ‘ਤੇ ਹਮਲਾ ਨਾ ਕੀਤਾ। ਬਾਬਰ ਰਾਣੇ ਸਾਂਗੇ ਦੇ ਇਸ ਵਿਸ਼ਵਾਸ-ਘਾਤ ‘ਤੇ ਸਖ਼ਤ ਨਰਾਜ਼ ਹੋ ਗਿਆ।ਬਾਬਰ ਨੇ ਫਿਰ ਰਾਣੇ ਸਾਂਗੇ ‘ਤੇ ਚੜ੍ਹਾਈ ਕਰ ਦਿੱਤੀ। ਸਾਂਗੇ ਦੀ ਕਰੀਬ ਦੋ ਲੱਖ ਫੌਜ ਸਾਹਮਣੇ ਬਾਬਰ ਦੀ ਤੀਹ ਹਜ਼ਾਰ ਫੌਜ ਦੇ ਹੌਸਲੇ ਪਸਤ ਹੋ ਗਏ। ਬਾਬਰ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਫਿਰ ਬਾਬਰ ਨੇ ਇਸ ਜੰਗ ਨੂੰ ਧਾਰਮਕ ਰੰਗਣ ਚਾੜ੍ਹ ਦਿੱਤੀ ਤੇ ਇਸਨੂੰ ‘ਕਾਫਰਾਂ’ ਦੇ ਖਿਲਾਫ ‘ਜਹਾਦ’ ਐਲਾਨ ਦਿੱਤਾ।ਬਾਬਰ ਸ਼ਰਾਬ ਦਾ ਜ਼ਬਰਦਸਤ ਪਿਆਕੜ ਸੀ। ਇਸ ਲਈ ਉਸਨੂੰ ਖ਼ਦਸ਼ਾ ਸੀ ਕਿ ਕਿਤੇ ਉਸਦੇ ‘ਜਹਾਦ’ ਦੇ ਐਲਾਨ ਨੂੰ ਹਾਸੋ ਹੀਣਾ ਹੀ ਨਾ ਸਮਝਿਆ ਜਾਵੇ।
ਇਸ ਲਈ ਬਾਬਰ ਨੇ ਰਾਣਾ ਸਾਂਗਾ ਦੇ ਖਿਲਾਫ ਲੜੀ ਜਾ ਰਹੀ ਜੰਗ ਨੂੰ ਸਹੀ ਮੈਨ੍ਹਿਆਂ ਵਿਚ ਜਹਾਦ ਦਾ ਪ੍ਰਭਾਵ ਦੇਣ ਲਈ ਸ਼ਰਾਬ ਛੱਡਣ ਦਾ ਐਲਾਨ ਕਰ ਦਿੱਤਾ ਸੀ ਤਾਂ ਜੋ ਉਸਦੀ ਤੀਸ ਹਜ਼ਾਰੀ ਫੌਜ ਰਾਣਾ ਸਾਂਗਾ ਦੀ ਦੋ ਲੱਖ ਦੀ ਫੌਜ ਨਾਲ਼ ਜਿਹਾਦ ਦੀ ਭਾਵਨਾ ਨਾਲ਼ ਡਟ ਕੇ ਲੜ ਸਕੇ।ਉਸ ਸਮੇਂ ਬਾਬਰ ਨੇ ਆਪਣੇ ਸੋਨੇ ਦੇ ਪਿਆਲੇ ਤੇ ਸੁਰਾਹੀਆਂ ਗ਼ਰੀਬਾਂ ਨੂੰ ਦਾਨ ਕਰ ਦਿੱਤੀਆਂ ਤੇ ਸ਼ਰਾਬ ਦੇ ਭਰੇ ਹੋਏ ਡਰੰਮ ਜਮੀਨ ‘ਤੇ ਡੋਲ੍ਹ ਦਿੱਤੇ ਸਨ।
ਬੇਸ਼ੱਕ ਲੋਕ ਹੈਰਾਨ ਸਨ ਕਿ ਬਾਬਰ ਸ਼ਰਾਬ ਦਾ ਇਤਨਾ ਬੜਾ ਪਿਆਕੜ ਹੈ! ਪਰ ਫਿਰ ਵੀ ਬਾਬਰ ਦੇ ਇਸ ਅਹਿਦ ਦਾ ਮੁਸਲਿਮ ਫੌਜ ਅਤੇ ਅਵਾਮ ‘ਤੇ ਬੜਾ ਮਿਕਨਾਤੀਸੀ ਅਸਰ ਹੋਇਆ ਸੀ।ਬਾਬਰ ਦੇ ਇਸ ਅਹਿਦ ਉਪਰੰਤ ਬਾਬਰ ਦੀ ਤੀਸ ਹਜ਼ਾਰੀ ਫੌਜ ਰਾਣੇ ਸਾਂਗੇ ਦੀ ਦੋ ਲੱਖ ਫੌਜ ਨਾਲ਼ ਜੰਮ ਕੇ ਅਤੇ ਗਹਿਗੱਚ ਲੜੀ ਤੇ ਬਾਬਰ ਨੂੰ ਫ਼ਤਿਹ ਨਸੀਬ ਹੋਈ।
ਇਤਿਹਾਸਕਾਰ ਕਹਿੰਦੇ ਹਨ ਕਿ ਜੇ ਬਾਬਰ ਇਸ ਸਮੇਂ ਮੌਕਾ ਨਾ ਸੰਭਾਲ਼ਦਾ ਤੇ ਉਸ ਵਕਤ ਸ਼ਰਾਬ ਛੱਡਣ ਦਾ ਐਲਾਨ ਨਾ ਕਰਦਾ ਤੇ ਨਾ ਆਪਣੇ ਸੁਨਹਿਰੀ ਪਿਆਲੇ ਤੇ ਸੁਰਾਹੀਆਂ ਗ਼ਰੀਬਾਂ ਨੂੰ ਦਾਨ ਕਰਦਾ ਤਾਂ ਉਸਦੀ ਤੀਸ ਹਜ਼ਾਰੀ ਫੌਜ ਰਾਣੇ ਸਾਂਗੇ ਦੀ ਦੋ ਲੱਖ ਫੌਜ ਅੱਗੇ ਹਰ ਹਾਲਤ ਵਿੱਚ ਹਾਰ ਜਾਣੀ ਸੀ।ਕਹਿੰਦੇ ਹਨ ਕਿ ਹਥਿਆਰ ਉਹੀ ਹੁੰਦਾ ਹੈ ਜੋ ਲੋੜ ਵੇਲੇ ਕੰਮ ਆਵੇ। ਸ਼ਰਾਬ ਛੱਡਣ ਦਾ ਹਥਿਆਰ ਬਾਬਰ ਨੂੰ ਖੂਬ ਰਾਸ ਆਇਆ ਸੀ ਤੇ ਉਸਨੂੰ ਫ਼ਤਿਹ ਨਸੀਬ ਹੋਈ ਸੀ।ਜੇ ਬਾਬਰ ਉਸ ਸਮੇਂ ਸ਼ਰਾਬ ਛੱਡਣ ਦਾ ਅਹਿਦ ਨਾ ਕਰਦਾ ਤਾਂ ਹਿੰਦੁਸਤਾਨ ਦਾ ਇਤਿਹਾਸ ਹੋਰ ਹੋਣਾ ਸੀ।
ਕਾਮਨਾ ਹੈ ਕਿ ਜਿਵੇਂ ਕਾਨਵਾ ਵਿਖੇ ਸ਼ਰਾਬ ਛੱਡਣ ਦਾ ਅਹਿਦ ਬੱਬੇ ਬਾਬਰ ਨੂੰ ਰਾਸ ਆਇਆ ਸੀ, ਉਵੇਂ ਹੀ ਇਹ ਮਿਸਟਰ ਭੱਬੇ ਨੂੰ ਵੀ ਰਾਸ ਆਵੇ।ਦੇਰ ਆਇਦ ਦਰੁਸਤ ਆਇਦ।
-ਬਾਬੂਸ਼ਾਹੀ

ਪ੍ਰੋ ਅਵਤਾਰ ਸਿੰਘ

Real Estate