ਨਹਿਰ ਵਿੱਚ ਡਿੱਗੇ ਲੋਕਾਂ ਨੂੰ ਬਚਾਉਦਾ ਖੁਦ ਲੁੱਟਿਆ ਗਿਆ

3195

ਤਲਵੰਡੀ ਸਾਬੋ ਨੇੜਲੇ ਪਿੰਡ ਭਾਗੀਵਾਂਦਰ ਕੋਲੋਂ ਲੰਘਦੀ ਕੋਟਲਾ ਬਰਾਂਚ ਨਹਿਰ ਵਿੱਚ ਇੱਕ ਕਾਰ ਡਿੱਗ ਪਈ, ਪਰ ਨਹਿਰ ’ਚ ਪਾਣੀ ਘੱਟ ਹੋ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਨਹਿਰ ਵਿੱਚ ਡਿੱਗੀ ਕਾਰ ਵਿੱਚ ਸਵਾਰ ਲੋਕਾਂ ਨੂੰ ਬਚਾਉਂਦੇ ਸਮੇਂ ਇੱਕ ਬੈਂਕ ਮੈਨੇਜਰ ਦਾ ਕੋਈ ਵਿਅਕਤੀ ਬਟੂਆ ਤੇ ਪੰਦਰਾਂ ਹਜ਼ਾਰ ਰੁਪਏ ਚੋਰੀ ਕਰਕੇ ਲੈ ਗਿਆ।
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (27) ਵਾਸੀ ਜੀਵਨ ਸਿੰਘ ਵਾਲਾ ਆਪਣੀ ਹੌਂਡਾ ਸਿਟੀ ਕਾਰ ਵਿੱਚ ਆਪਣੇ ਪੁੱਤਰ ਜਸ਼ਨਦੀਪ ਸਿੰਘ ਤੇ ਭਰਜਾਈ ਰੀਤੂ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਜੀਵਨ ਸਿੰਘ ਵਾਲਾ ਸਣੇ ਤਲਵੰਡੀ ਸਾਬੋ ਨੂੰ ਆ ਰਿਹਾ ਸੀ ਕਿ ਤਲਵੰਡੀ ਸਾਬੋ-ਬਠਿੰਡਾ ਰੋਡ ’ਤੇ ਕੋਟਲਾ ਬਰਾਂਚ ਨਹਿਰ ਕੋਲ ਆ ਕੇ ਉਹ ਸੰਤੁਲਨ ਗਵਾ ਬੈਠਾ। ਜਿਸ ਕਰਕੇ ਕਾਰ ਨਹਿਰ ਵਿੱਚ ਸਿੱਧੀ ਜਾ ਡਿੱਗੀ। ਉਨ੍ਹਾਂ ਦੇ ਪਿੱਛੇ ਲਖਵਿੰਦਰ ਸਿੰਘ ਬੈਂਕ ਮੈਨੇਜਰ ਵਾਸੀ ਕੋਟ ਸ਼ਮੀਰ ਆਪਣੀ ਕਾਰ ’ਤੇ ਤਲਵੰਡੀ ਸਾਬੋ ਵਿੱਚ ਦਵਾਈ ਲੈਣ ਆ ਰਿਹਾ ਸੀ। ਜਿਸ ਨੇ ਕਾਰ ਰੋਕ ਕੇ ਆਪਣੀ ਪੈਂਟ ਲਾਹ ਕੇ ਪਾਸੇ ਰੱਖ ਦਿੱਤੀ ਤੇ ਨਹਿਰ ਵਿੱਚ ਛਾਲ ਮਾਰ ਕੇ ਡਿੱਗੀ ਕਾਰ ਵਿੱਚ ਸਵਾਰਾਂ ਨੂੰ ਬਚਾਉਣ ਲੱਗ ਪਿਆ ਤਾਂ ਕੋਈ ਵਿਅਕਤੀ ਮੈਨੇਜਰ ਦੀ ਪੈਂਟ ਵਿੱਚੋਂ ਬਟੂਆ ਅਤੇ ਪੰਦਰਾਂ ਹਜ਼ਾਰ ਰੁਪਏ ਕੱਢ ਕੇ ਰਫ਼ੂ ਚੱਕਰ ਹੋ ਗਿਆ। ਇਲਾਕੇ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਆਦਿ ਦੇ ਨੁਮਾਇੰਦਿਆਂ ਨੇ ਤਿੰਨ ਜਾਨਾਂ ਬਚਾਉਣ ਵਾਲੇ ਬੈਂਕ ਮੈਨੇਜਰ ਲਖਵਿੰਦਰ ਸਿੰਘ ਨਾਲ ਵਾਪਰੀ ਇਸ ਚੋਰੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਘਟੀਆ ਸੋਚ ਦੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਪੁਲੀਸ ਤੋਂ ਮੰਗ ਕੀਤੀ ਹੈ।

Real Estate