ਵਾਇਆ ਬਠਿੰਡੇ ਵਾਲੇ ਕਾਮਰੇਡ ਨਾਲ ਇਕਬਾਲੀਆ ਇਸ਼ਕ ਦੀ ਕਹਾਣੀ

1672

nirupama duttਨਿਰੁਪਮਾ ਦੱਤ (ਪ੍ਰਸਿੱਧ ਕਵਿੱਤਰੀ ਅਤੇ ਕਾਲਮ ਨਵੀਸ )

ਸਾਡੇ ਸ਼ਹਿਰ ਚੰਡੀਗੜ੍ਹ ਜੇ ਕੋਈ ਸਿੱਧੇ ਰਸਤੇ ਨਾ ਆ ਕੇ ਘੁੰਮ-ਘੁੰਮਾ ਕੇ ਪਹੁੰਚੇ ਤਾਂ ਅਕਸਰ ਕਹੀਦਾ ਹੈ, “ਜੀ ਇਹ ਵਾਇਆ ਬਠਿੰਡਾ ਆਏ ਨੇ।” ਜੇ ਕੋਈ ਗੱਲ ਉੱਡਦੀ ਉੱਡਦੀ ਪਤਾ ਚਲੇ ਤਾਂ ਹੱਸ ਕੇ ਕਹੀਦਾ ਹੈ, “ਇਹ ਗੱਲ ਮੇਰੇ ਤੱਕ ਵਾਇਆ ਬਠਿੰਡਾ ਪਹੁੰਚੀ ਹੈ।” ਤੇ ਜੇ ਕਿਸੇ ਸ਼ਖ਼ਸ ਦੀ ਬਦਲੀ ਸਿਟੀ ਬਿਊਟੀਫੁੱਲ ਤੋਂ ਬਠਿੰਡਾ ਕਰ ਦਿੱਤੀ ਜਾਏ ਤਾਂ ਤੇ ਉਹ ਨੌਕਰੀ ਛੱਡਣ ਨੂੰ ਤਰਜ਼ੀਹ ਦੇਣ ਲਗਦਾ ਹੈ।

ਇਹ ਮਿਸਾਲਾਂ ਮੈਂ ਇਸ ਲਈ ਦਿੱਤੀਆਂ ਹਨ ਕਿ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਬਠਿੰਡੇ ਨੂੰ ਕਿੰਨਾ ਦੂਰ ਸਮਝਿਆ ਜਾਂਦਾ ਹੈ।ਵੈਸੇ ਚੰਡੀਗੜ੍ਹ ਤੋਂ ਬਠਿੰਡਾ ਪਹੁੰਚਣ ਲਈ ਓਨਾ ਹੀ ਵਕਤ ਲਗਦਾ ਹੈ, ਜਿੰਨਾਂ ਚੰਡੀਗੜ੍ਹ ਤੋਂ ਦਿੱਲੀ ਲਈ। ਜੇ ਕਦੇ ਬਠਿੰਡਾ-ਚੰਡੀਗੜ੍ਹ ਸ਼ਤਾਬਦੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਤਿੰਨ ਘੰਟਿਆਂ ਵਿਚ ਇਹ ਸਫ਼ਰ ਤਹਿ ਹੋ ਜਾਏਗਾ।ਉਂਜ ਬਠਿੰਡਾ ਹੈ ਤੇ ‘ਬੈਕ ਆਫ਼ ਬਿਯਾਂਡ’ ਹੀ -ਯਾਨੀ ਕਿ ਕੁਝ-ਕੁਝ ਪਛੜਿਆ ਹੋਇਆ।ਪੰਜਾਬ ਦੇ ਹੋਰ ਸ਼ਹਿਰਾਂ ਵਰਗੀ ਸ਼ਾਨ ਵੀ ਨਹੀਂ ਹੈ ਇਸ ਦੀ। ਨਾ ਪਟਿਆਲੇ ਦੀ ਰਿਆਸਤੀ ਠਾਠ, ਨਾ ਜਲੰਧਰ ਵਰਗੀ ਅਖ਼ਬਾਰਾਂ ਦੀ ਗਹਿਮਾਂ-ਗਹਿਮੀ, ਨਾ ਅੰਮ੍ਰਿਤਸਰ ਜਿਹਾ ਧਾਰਮਿਕ ਵਿਰਸਾ, ਨਾ ਲੁਧਿਆਣੇ ਜਿਹੀ ਇੰਡਸਟਰੀ।

ਉਂਜ ਦੂਰੀ ਮਾਨਸਿਕ ਹੁੰਦੀ ਹੈ ।ਜੇ ਮਨ ਕਰੇ ਤਾ ਬਠਿੰਡਾ ਆਹ ਖੜਾ ਹੈ , ਜੇ ਨਾ ਕਰੇ ਤਾਂ ਬਠਿੰਡਾ ਕਾਲੇ ਕੋਹ । ਹੁਣ ਤੁਸੀਂ ਕਹੋਂਗੇ ਕਿ ਮੈਂ ਇਹ ਬਠਿੰਂਡਾ ਗਾਥਾ ਕਾਹਨੂੰ ਛੇੜ ਬੈਠੀ ਹਾਂ। ਖ਼ੈਰ ਕੋਈ ਵਜਹ ਤਾਂ ਹੋਵੇਗੀ ਹੀ ਤਾਂ ਹੀ ਸੋਚ ਦੀਆਂ ਸਾਰੀਆਂ ਸੜਕਾਂ ਬਠਿੰਡੇ ਵੱਲ ਤੁਰ ਪਈਆਂ ਨੇ।ਪੰਜਾਬੀ ਸਾਹਿਤਕ ਪਰਚਿਆਂ ਦੀ ਇੱਕ ਰਵਾਇਤ ਰਹੀ ਹੈ ਕਿ ਜੇ ਕਰ ਤੁਹਾਡੇ ‘ਚ ਜੁਅੱਰਤ ਹੈ ਤਾਂ ਇਨ੍ਹਾਂ ਵਿਚ ਤੁਸੀਂ ਆਪਣੀਆਂ ਪ੍ਰੇਮ ਕਹਾਣੀਆਂ ਦਿਲ ਖੋਲ੍ਹ ਕੇ ਸੁਣਾ ਸਕਦੇ ਹੋ- ਚਾਹੇ ਸੱਚੀਆਂ ਹੋਣ ਚਾਹੇ ਝੂਠੀਆਂ।ਤੇ ਜੇ ਪ੍ਰੇਮ ਕਹਾਣੀ ਔਰਤ ਦੀ ਕਲਮ ਤੋਂ ਲਿਖੀ ਹੋਏੀ ਹੋਵੇ ਤਾਂ ਬੱਸ ‘ਬੱਲੇ-ਬੱਲੇ’ ਹੀ ਹੋ ਜਾਂਦੀ ਹੈ। ਹਾਂ ਗੁਰਬਚਨ ਵਰਗੇ ਕੁਝ ਲੇਖਕ ਦੂਜਿਆਂ ਦੀਆਂ ਪ੍ਰੇਮ ਕਹਾਣੀਆਂ ਬੜੇ ਚਸਕੇ ਲਗਾ ਕੇ ਸੁਣਾਉਂਦੇ ਨੇ ਤੇ ਮੇਰੇ ‘ਤੇ ਵੀ ਇਹ ਮਿਹਰਬਾਨੀ ਹੋ ਚੁੱਕੀ । ਮੇਰੇ ਤੋਂ ਪਹਿਲੀ ਪੀੜ੍ਹੀ ਦੀਆਂ ਲੇਖਕਾਵਾਂ ਤੇ ਅਦਾਕਾਰ ਔਰਤਾਂ ‘ਤੇ ਇਹ ਮਿਹਰਬਾਨੀ ਬਲਵੰਤ ਗਾਰਗੀ- ਜਿਸਨੂੰ ਸਾਹਿਤਕ ਅਦਾਰਿਆਂ ਵਿਚ ‘ਬਠਿੰਡੇ ਦਾ ਬਾਣੀਆ’ ਕਿਹਾ ਜਾਂਦਾ ਸੀ , ਕਰਿਆ ਕਰਦਾ ਸੀ।ਉਂਜ ਇਸ ਮੌਕੇ ਮੈਨੂੰ ਆਪਣੀ ਇੱਕ ਬਠਿੰਡਾ ਯਾਤਰਾ ਯਾਦ ਆ ਰਹੀ ਹੈ।

ਸੱਚੀ ਗੱਲ ਤਾਂ ਇਹ ਹੈ ਸ਼ਾਇਦ ਉਹ ਲੋਕ ਹੀ ਦੂਜਿਆਂ ਦੀ ਪ੍ਰੀਤ ਦੇ ਕਿੱਸੇ ਘੜਦੇ ਤੇ ਸੁਣਾਉਂਦੇ ਹਨ ਜਿਨ੍ਹਾਂ ਦੀ ਆਪਣੀ ਜ਼ਿੰਦਗੀ ਵਿਚ ਇਸ ਜਜ਼ਬੇ ਦੀ ਕਮੀ ਰਹੀ ਹੋਵੇ. ਨਹੀਂ ਤਾਂ ਆਪਣੀਆਂ ਕਹਾਣੀਆਂ ਤੋਂ ਹੀ ਫੁਰਸਤ ਕਿੱਥੇ ਮਿਲਦੀ ਹੈ। ਪਹਿਲੇ ਪਿਆਰ ਕਰਨਾ ਤੇ ਫਿਰ ਉਸ ਪਿਆਰ ਨੂੰ ਕਹਾਣੀ ਵਿਚ ਤਬਦੀਲ ਹੁੰਦਿਆਂ ਵੇਖਣਾ-ਸੁਣਨਾ ਇੱਕ ਫੁੱਲ-ਟਾਈਮ ਜਾਬ ਹੈ.ਖ਼ੈਰ, ਹੁਣ ਮੈਂ ਇਨ੍ਹਾਂ ‘ਪੀਪਿੰਗ ਟਾਮਜ਼’ ਦੀ ਗੱਲ ਛੱਡ ਕੇ ਆਪਣੀ ਬਠਿੰਡਾ ਯਾਤਰਾ ਵੱਲ ਮੁੜਦੀ ਹਾਂ. ਇਹ ਤੇ ਹੁਣ ਮੈਂ ਜ਼ਾਹਿਰ ਕਰ ਹੀ ਚੁੱਕੀ ਹਾਂ ਕਿ ਇਸ ਯਾਤਰਾ ਦਾ ਸਬੰਧ ਮੇਰੇ ਇਕ ਪ੍ਰੇਮ ਰਿਸ਼ਤੇ ਨਾਲ ਹੀ ਹੈ।

ਉਂਜ ਮੇਰਾ ਇੰਜ ਆਪਣੀ ਪ੍ਰੀਤ ਕਹਾਣੀਆਂ ਸੁਣਾਨ ਦਾ ਰੁਝਾਨ ਵੀ ਮੇਰੀ ਵੱਧਦੀ ਉਮਰ ਦਾ ਤਕਾਜ਼ਾ ਹੈ ਤੇ ਪਿਆਰ ਤੋਂ ੇਵੇਹਲੀ ਹੋਣ ਦਾ ਵੀ. ਕੁਝ ਵਰ੍ਹੇ ਪਹਿਲਾਂ ਵਿਹਲ ਕਿੱਥੇ ਸੀ। ਹਾਂ ਪਹਿਲਾਂ ਕੁਝ ਝਿਜਕ ਜਿਹੀ ਵੀ ਸੀ।ਪਰ ਅੱਜ ਦੀ ਅਵਸਥਾ ਵਿਚ ਲਕਸ਼ਮੀ ਛਾਇਆ ਸਟਾਈਲ ਸ਼ਰਮ ਬੇਮਤਲਬ ਲਗਦੀ ਹੈ ਤੇ ਮੈਂ ਆਪਣੀ ਕਹਾਣੀ ਆਪਣੀ ਜ਼ੁਬਾਨੀ ਸੁਨਾਣਾ ਚਾਹੁੰਨੀ ਹਾਂ।

ਯਾਦ ਹੈ ਸਕੂਲ ਵਿਚ ਇਤਿਹਾਸ ਰੱਟਣਾ ਔਖਾ ਲਗਦਾ ਸੀ ਪਰ ਜਿੱਥੇ ਕਿਧਰੇ ਕੋਈ ਪ੍ਰੇਮ ਗਾਥਾ ਆ ਜਾਂਦੀ ਤਾਂ ਇਤਿਹਾਸ ਵੀ ਰੌਚਕ ਬਣ ਜਾਂਦਾ।ਲੜਾਈਆਂ ਦੀਆਂ ਤਾਰੀਖਾਂ ਯਾਦ ਰੱਖਣਾ ਕਿੰਨਾ ਔਖਾ ਸੀ ਤੇ ਪਿਆਰ ਦੇ ਕਿੱਸੇ ਯਾਦ ਰੱਖਣਾ ਕਿੰਨਾ ਸੌਖਾ! ਸੋ ਇੱਕ ਵਾਰ ਸਕੂਲ ਵਿਚ ਕਲਾਸ ਟੈਸਟ ਦੇ ਪਰਚੇ ‘ਚ ਜਹਾਂਗੀਰ ਬਾਰੇ ਲਿਖਦਿਆਂ ਮੈਂ ਨੂਰ ਜਹਾਂ ਤੇ ਅਨਾਰਕਲੀ ਦਾ ਖੂਬ ਖ਼ੂਬ ਜ਼ਿਕਰ ਕੀਤਾ। ਦੂਜਾ ਸਵਾਲ ਸ਼ਾਹਜਹਾਨ ਦੀ ਸ਼ਖ਼ਸੀਅਤ ਦਾ ਸੀ.ਉਸ ਦਾ ਜੁਆਬ ਲਿਖਦਿਆਂ ਮੈਂ ਮੁਮਤਾਜ਼ ਮਹੱਲ ਦੀ ਗੱਲ ਛੇੜ ਦਿੱਤੀ ਸੀ.ਮੇਰੀ ਇਸ ਉਤਰ ਕਾਪੀ ਤੇ ਟੀਚਰ ਨੇ ਲਿਖਿਆ ਸੀ, “ਡੂ ਨਾਟ ਗਿਵ ਸੋ ਮੱਚ ਸਪੇਸ ਟੂ ਲਵ ਸਟੋਰੀਜ਼.”

ਅੰਗਰੇਜ਼ੀ ਅਖ਼ਬਾਰਾਂ ਵਿਚ ਪੱਤਰਕਾਰੀ ਦੇ ਲੰਮੇ ਸਾਲਾਂ ਦੌਰਾਨ ਮੈਂ ਕਿਸੇ ਨਾ ਕਿਸੇ ਤਰਾਂ ਥੋੜਾ ਰੱਖ-ਰਖਾ ਕਰ ਕੇ ,ਮਾੜੀ-ਮੋਟੀ ਪਿਆਰ ਦੀ ਗੱਲ ਕਰ ਹੀ ਦਿੰਦੀ ਰਹੀ ਹਾਂ। ਪਰ ਇਹ ਖ਼ਤਰਾ ਬਰਾਬਰ ਰਿਹਾ ਕਿ ਕੋਈ ਇਹ ਨਾ ਕਹਿ ਦੇਵੇ ਕਿ ਅਖਬਾਰ ਦੀ ਪ੍ਰਾਫੈਸ਼ਨਲ ਸਪੇਸ ਦਾ ਪਰਸਨਲ ਇਸਤੇਮਾਲ ਕੀਤਾ ਗਿਆ ਹੈ।

ਬੈਕ ਟੂ ਬਠਿੰਡਾ।

ਇਹ ਯਾਤਰਾ ਸੰਨ 1996 ਵਿਚ ਹੋਈ ਸੀ। ਉਸ ਸਾਲ ਲੋਕ ਸਭਾ ਦੀਆਂ ਚੋਣਾਂ ਵਿਚ ਪੰਜਾਬੀ ਗਾਇਕ ਕੁਲਦੀਪ ਮਾਣਕ ਖੜਾ ਹੋਇਆ ਸੀ. ਸੋ ਇੰਡੀਅਨ ਐਕਸਪ੍ਰੈਸ ਲਈ ਇਸ ‘ਤੇ ਇੱਕ ਫੀਚਰ ਲਿਖਣ ਲਈ ਮੈਂ ਬਠਿੰਡਾ ਜਾਣਾ ਸੀ।ਨਾਲ ਹੀ ਮੈਂ ਸੋਚ ਗਈ ਸਾਂ ਕਿ ਐਦਕਾਂ ਦਰਸ਼ਨ ਜੈਕ ਨੂੰ ਮਿਲ ਕੇ ਆਣਾ ਹੈ।

ਹਾਂ, ਦਰਸ਼ਨ ਜੈਕ ਮੇਰੇ ਪਹਿਲੇ ਪਿਆਰ ਦਾ ਨਾਂ ਸੀ। ਨਕਸਲਵਾਦੀ ਲਹਿਰ ਦੌਰਾਨ ਉਹ ਪਟਿਆਲੇ ਸਟੂਡੈਂਟ ਯੂਨੀਅਨ ਵਿਚ ਸਰਗਰਮ ਸੀ ਤੇ ਯੂਨੀਵਰਸਿਟੀ ਤੋਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਸੀ। ਇੱਕ ਵਾਰ ਪਹਿਲਾਂ ਕਿਸੇ ਅਖ਼ਬਾਰ ਵਿਚ ਜ਼ਿਕਰ-ਏ-ਦਰਸ਼ਨ ਕੀਤਾ ਤਾਂ ਦੋਸਤਾਂ ਦੀ ਬੈਠਕ ਵਿਚ ਹਰਭਜਨ ਹਲਵਾਰਵੀ ਨੇ ਚਿੜ ਕੇ ਕਿਹਾ ਸੀ ਕਿ ਏਨਾ ਲੰਮਾ ਓਸ ਤੇ ਲਿਖ ਰਹੀ ਹੈ, ਜੋ ਕੁਝ ਵੀ ਬੰਦਾ ਨਹੀਂ ਸੀ।

ਐਕਸਕਿਯੂਜ਼ ਮੀ ਪਲੀਜ਼! ਹੁਣ ਮੈਂ ਨਕਸਲਬਾੜੀ ਅੰਦੋਂਲਨ ਦੀ ਕੋਈ ਪ੍ਰਸੰਸਕ ਥੋੜਾ ਸਾਂ ਕਿ ਇਹ ਦੇਖ ਕੇ ਆਪਣਾ ਦਿਲ ਦਿੰਦੀ ਕਿ ਬੰਦੇ ਨੇ ਇਸ ਲਹਿਰ ਵਿਚ ਕੀ ਯੋਗਦਾਨ ਪਾਇਆ ਹੈ। ਨਾ ਹੀ ਮੈਂ ਇਸ ਅਸਫ਼ਲ ਲਹਿਰ ਦਾ ਕੋਈ ਮੈਡਲ ਸਾਂ ਜੋ ਹਾਰੇ ਹੋਏ ਯੋਧਿਆਂ ਦੀਆਂ ਛਾਤੀਆਂ ‘ਤੇ ਵਾਰੀ ਵਾਰੀ ਟੰਗਿਆ ਜਾਂਦਾ।

ਸੋ ‘ਦਰਸ਼ਨ ਹੀ ਕਿਉਂ’ ਦੀ ਬਹਿਸ ਬੇਮਾਨੇ ਹੈ।ਉਹ ਮੇਰਾ ਪਿਆਰ ਸੀ।ਮੈਂ ਉਸਨੂੰ ਪਿਆਰ ਕੀਤਾ ਤੇ ਉਸਨੇ ਵੀ।ਇਸ ਪ੍ਰੇਮ ਲਹਿਰ ਦੀ ਕਿਸੇ ਰਾਜਨੀਤਿਕ ਲਹਿਰ ਦੇ ਨੁੱਕਤੇ ਤੋਂ ਚੀਰ-ਫਾੜ ਕਰਨੀ ਨਜ਼ਾਇਜ਼ ਹੋਵੇਗੀ। ਇਹ ਬਿਲਕੁਲ ਨਿੱਜੀ ਮਾਮਲਾ ਸੀ।ਇਸ ਪ੍ਰਸੰਗ ਵਿਚ ਦਰਸ਼ਨ ਦਾ ਨਕਸਬਾੜੀ ਲਹਿਰ ਨਾਲ ਕਦੇ ਸੰਬੰਧਿਤ ਰਹੇ ਹੋਣਾ ਮੇਰੇ ਲਈ ਮਹਿਜ਼ ਇਤਫ਼ਾਕ ਹੀ ਸੀ।

ਹਾਂ ਦਰਸ਼ਨ ਰਾਹੀਂ, ਮੈਂ ਕਈ ਨਕਸਲਵਾਦੀ ਸੂਰਮਿਆਂ ਦੇ ਕਾਰਨਾਮਿਆਂ ਤੇ ਕਮਰਿੇਆਂ ਦੇ ਦਰਸ਼ਨ ਜਰੂਰ ਕੀਤੇ ਜਿਨ੍ਹਾਂ ‘ਚ ਹਲਵਾਰਵੀ, ਅਮਰਜੀਤ ਚੰਦਨ ਤੇ ਚਿੱਤਰਕਾਰ ਮਲਕੀਤ ਦਾ ਨਾਂ ਲਿਆ ਜਾ ਸਕਦਾ ਹੈ। ਚੰਡੀਗੜ੍ਹ ‘ਚ ਦਰਸ਼ਨ ਪੰਜਾਬ ਯੁਨਵਿਰਸਿਟੀ ਦੇ ਹੋਸਟਲ ਵਿਚ ਰਹਿੰਦਾ ਸੀ. ਸੋ ਸਾਡੇ ਇਕੱਲ ਵਿਚ ਮਿਲਣ ਲਈ ਉਹ ਆਪਣੇ ਇਨਾਂ ਦੋਸਤਾਂ ਦੇ ਕਮਰਿਆਂ ਦੀ ਚਾਬੀ ਮੰਗ ਲਿਆਂਦਾ ਸੀ।

ਲਗਦੈ ਹੁਣ ਮੈਂ ਐਵੇਂ ਉਲਝ ਰਹੀ ਹਾਂ. ਕੀ ਇਹ ਯਾਤਰਾ ਦੀ ਦੁਖਦੀ ਰਗ ਤੋਂ ਬਚਣ ਦਾ ਤਰੀਕਾ ਹੈ?ਦੱਸ ਰਹੀ ਸਾਂ ਕਿ ਬਠਿੰਡੇ ਦੇ ਉਸ ਦੌਰੇ ਦੌਰਾਨ ਮੈਂ ਦਰਸ਼ਨ ਨੂੰ ਮਿਲਣਾ ਚਾਹੁੰਦੀ ਸਾਂ. ਤੇ ਮੈਂ ਮਿਲੀ ਵੀ ,ਪੂਰੇ ਵੀਹ ਸਾਲਾਂ ਬਾਅਦ. ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਉਹੀ ਮੈਂ ਆਪਣੇ ਆਪ ਨੂੰ ਵੀ ਪੁੱਛਿਆ ਸੀ ਕਿ ਏਨੇ ਲੰਮੇ ਸਮੇਂ ਬਾਅਦ ਕਿਉਂ ?ਪ੍ਰੇਮ ਕਹਾਣੀ ਤਾਂ ਕਦ ਦੀ ਖ਼ਤਮ ਹੋ ਚੁੱਕੀ ਸੀ!
ਸ਼ਾਇਦ ਇਸ ਲਈ ਕਿ ਏਨੇ ਵਰ੍ਹਿਆਂ ਪਿਛੋਂ ਵੀ ਦਰਸ਼ਨ ਜੈਕ ਨਾਂ ਦੇ ਸ਼ਖ਼ਸ ਲਈ ਮੇਰੇ ਮਨ ਚੋਂ ਰੰਜਿਸ਼ ਨਹੀਂ ਸੀ ਗਈ . ਇਹ ਉਹ ਸ਼ਖ਼ਸ ਹੈ ਜਿਸ ਨੇ ਮੈਨੂੰ ਪਹਿਲੀ ਪ੍ਰੀਤ, ਪਹਿਲੀ ਪੀੜ ਤੇ ਪਲੇਠੀ ਦੀ ਨਜ਼ਮ ਦਿੱਤੀ ਸੀ.ਹਾਲਾਂ ਕਿ ਮੈਂ ਇੱਕ ਖ਼ੁਸ਼-ਤਬੀਅਤ ਰੂਹ ਹਾਂ ਜੋ ਜ਼ਿਆਦਾ ਦੇਰ ਉਦਾਸ, ਨਾਰਾਜ਼ ਨਹੀਂ ਰਹਿ ਸਕਦੀ/ ਰੰਜ਼ਿਸ਼ਾਂ ਨਹੀਂ ਪਾਲ ਸਕਦੀ.ਦਰਸ਼ਨ ਜੈਕ ਤੇ ਦੀਪਕ ਸੂਰਮੇ ਜਿਹੀਆਂ ਸ਼ਖ਼ਸੀਅਤਾਂ ਦੇ ਬਾਵਜੂਦ ਮੇਰਾ ਮਨੁੱਖੀ ਚੰਗਿਆਈ ਵਿਚ ਵਿਸ਼ਵਾਸ ਕਾਇਮ ਰਿਹਾ ਹੈ. ਫ਼ੈਜ਼ ਸਾਹਿਬ ਕਹਿੰਦੇ ਹਨ: “

ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ,
ਜੋ ਚਾਹੇ ਲਗਾ ਦੇ ਡਰ ਕੈਸਾ ‘ਗਰ ਜੀਤ ਗਏ ਤੋਂ ਕਿਆ ਕਹਿਨੇ, ਹਾਰੇ ਭੀ ਤੋਂ ਬਾਜ਼ੀ ਮਾਤ ਨਹੀਂ.”

ਸੋ ਆਪਾਂ ਵੀ ਬਾਜ਼ੀ ਵਿਚ ਮਾਤ ਨਹੀਂ ਸੀ ਖਾਧੀ!ੋ ਉਹਨਾਂ ਦਿਨਾਂ ਵਿਚ ਜਦ ਲੋਕ ਸਭਾ ਚੋਣਾਂ ‘ਚ ਮਾਣਕ ਇਹ ਗਾਣਾ ਗਾ ਕੇ ਵੋਟਾਂ ਮੰਗ ਰਿਹਾ ਸੀ, “ਜਦ ਲੋੜ ਪਈ ਤਾਂ ਵੇਖਾਂਗੇ, ਯਾਰਾ ਓਹ ਤੇਰੀ ਯਾਰੀ।” ਮੈਂ ਬਠਿੰਡਾ ਪਹੁੰਚੀ. ਮਾਣਕ ਉਸ ਇਲਾਕੇ ਦਾ ਮਹਿਬੂਬ ਗਾਇਕ ਸੀ. ਕਲੀ ਲਾਉਂਦਾ ਤਾਂ ਹਜ਼ਾਰਾਂ ਬੰਦਿਆਂ ਦਾ ਇਕੱਠ ਵਾਹ ਵਾਹ ਕਰ ਉਠਦਾ। ਉਹਦਾ ਚੋਣ ਅਭਿਆਨ ਵੀ ਗਾਣਿਆਂ ਨਾਲ ਹੀ ਹੋ ਰਿਹਾ ਸੀ. ਬਠਿੰਡਾ ਪਹੁੰਚ ਕੇ ਪਹਿਲਾਂ ਤਾਂ ਮੈਂ ਮਾਣਕ ਤੇ ਅਕਾਲੀ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਦੀਆਂ ਚੋਣ ਸਭਾਵਾਂ ‘ਚ ਗਈ. ਸ਼ਾਮ ਮੈਂ ਦਰਸ਼ਨ ਤੇ ਉਸਦੇ ਪਰਿਵਾਰ ਨੂੰ ਉਸ ਦੇ ਘਰ ਮਿਲਣ ਲਈ ਰਾਖਵੀਂ ਰੱਖ ਲਈ.ਇਹ ਮੈਂ ਇਸ ਲਈ ਦੱਸ ਰਹੀ ਹਾਂ ਕਿ ਕੋਈ ਦਿਲਜਲਿਆ ਪੱਤਰਕਾਰ ਕੁਲੀਗ ਫੇਰ ਨਾ ਕਹਿ ਦੇਵੇ ਕਿ ਵੇਖੋ ਜੀ ਨੀਰੂ ਨੇ ਪ੍ਰੋਫੈਸ਼ਨਲ ਦੌਰੇ ਨੂੰ ਪਰਸਨਲ ਬਣਾ ਲਿਆ! ਵੈਸੇ ਪੱਤਰਕਾਰੀ ਵਿਚ ਮੇਰਾ ਹੁੱਨਰ ਪਰਸਨਲਾਈਜ਼ਡ ਲਿੱਖਤ ਹੀ ਰਹੀ ਹੈ।

ਬਠਿੰਡੇ ਮੈਂ ਇੱਕ ਵਾਰ ਪਹਿਲਾਂ ਵੀ ਆਈ ਸਾਂ ਤੇ ਦਰਸ਼ਨ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਸੀ।ਖੈਰ ਇਹ ਕਿੱਸਾ ਵੀ ਰੌਚਕ ਹੈ। ਵੀਹ ਸਾਲਾਂ ਮਗਰੋਂ ਜਦੋਂ ਮੈਂ ਤੈਅ ਕੀਤਾ ਕਿ ਦਰਸ਼ਨ ਨੂੰ ਮੁਆਫ਼ੀ ਦਿੱਤੀ ਜਾਏ ਤਾਂ ਤਲਾਸ਼ ਸ਼ੁਰੂ ਹੋਈ ਦਰਸ਼ਨ ਦੀ। ਦਰਸ਼ਨ ਨੇ ਮੇਰੇ ਤੋਂ ਮਾਫ਼ੀ ਥੋੜੇ ਨਾ ਮੰਗੀ ਸੀ, ਇਹ ਤਾਂ ਮੈਂ ਆਪੇ ਹੀ ਉਸ ਲਈ ਮੁਾਅਫ਼-ਕਰੋ ਅਭਿਆਨ ਸ਼ੁਰੂ ਕਰ ਦਿੱਤਾ ਸੀ। ਇਸ ਦਾ ਪਹਿਲੇ ਦੱਸੇ ਕਾਰਨਾਂ ਤੋਂ ਇਲਾਵਾ ਇੱਕ ਹੋਰ ਕਾਰਨ ਵੀ ਸੀ ਕਿ ਵੀਹ ਸਾਲਾਂ ਵਿਚ ਕੁਝ ਅਜਿਹੇ ਬੰਦਿਆਂ ਨਾਲ ਵਾਸਤਾ ਪਿਆ ਸੀ ਜਿਸ ਨਾਲ ਦਰਸ਼ਨ ਦੀ ਬੇਵਫ਼ਾਈ ਬੜੀ ਮਸੂਮ ਜੇਹੀ ਲੱਗਣ ਲੱਗ ਪਈ ਸੀ ਤੇ ਉਸ ਨਾਲ ਬਿਤਾਇਆ ਸਮਾਂ ਚੰਗਾ ਚੰਗਾ ।

ਪਾਤਰ ਤੋਂ ਦਰਸ਼ਨ ਦਾ ਪਤਾ ਨਹੀਂ ਸੀ ਮਿਲਿਆ।ਪਰ ਮੇਰੇ ਦੋਸਤ ਮਨਮੋਹਨ ਸ਼ਰਮਾ, ਜੋ ਨਕਸਲਵਾਦੀ ਲਹਿਰ ‘ਚ ਸਰਗਰਮ ਰਹਿ ਚੁੱਕਿਆ ਸੀ,ਨੇ ਇਹ ਪਤਾ ਲਗਾਇਆ ਸੀ ਕਿ ਕਚਿਹਰੀ ਵਿਚ ਇੱਕ ਨਾਹਰ ਸਿੰਘ ਵਕੀਲ ਹੈ ਜਿਸ ਦਾ ਪੁੱਤਰ ਦਰਸ਼ਨ ਦਾ ਦੋਸਤ ਹੈ।ਸੋਂ ਬਠਿੰਡੇ ਨਸ਼ਿਆਂ ‘ਤੇ ਅਖਬਾਰ ਲਈ ਸਟੋਰੀ ਕਰਨ ਗਈ ਤਾਂ ਨਾਹਰ ਸਿੰਘ ਵਕੀਲ ਦੇ ਚੈਂਬਰ ਵਿਚ ਜਾ ਪੁਜੀ।ਵਕੀਲ ਕੋਲ ਤਿੰਨ ਚਾਰ ਹੋਰ ਲੋਕ ਬੈਠੇ ਸਨ।ਮੈਂ ਆਪਣਾ ਪਰੀਚੈ ਦੇ ਕੇ ਦਰਸ਼ਨ ਦਾ ਪਤਾ ਪੁੱਛਿਆ ਤਾਂ ਵਕੀਲ ਨੇ ਸਵਾਲ ਕੀਤਾ:

“ਕਿਊਂ ਮਿਲਣਾ ਹੈ ਉਸ ਨੂੰ?”
“ਉਹ ਮੇਰਾ ਕਲਾਸ-ਫ਼ੈਲੋ ਸੀ.”
“ਉਹ ਤਾਂ ਠੀਕ ਹੈ ਪਰ ਕੀ ਕਰੋਂਗੇ ਮਿਲਕੇ?
ਬਜ਼ੁਰਗ ਦੇ ਰਵੱਈਏ ਤੇ ਮੈਂ ਹੈਰਾਨ ਹੋਈ ਤੇ ਕਿਹਾ,“ਬੱਸ ਐਵੇਂ ਹੀ.”
“ਡਿੱਗਿਆ ਪਿਆ ਹੋਣਾ ਕਿਤੇ ਸ਼ਰਾਬ ਪੀ ਕੇ.”
ਮੈਂ ਇਸੇ ਗੱਲ ਨੂੰ ਫੜ ਲਿਆ,“ਜੀ ਮੈਂ ਨਸ਼ਿਆਂ ਤੇ ਲਿਖਣ ਆਈ ਹਾਂ.”

ਬੜੀ ਬੇਦਿਲੀ ਨਾਲ ਨਾਹਰ ਸਿੰਘ ਨੇ ਦਰਸ਼ਨ ਦਾ ਪਤਾ ਦਿੱਤਾ ਤੇ ਫੋਟੋਗ੍ਰਾਫਰ, ਡੀ-ਐਡਿਕਸ਼ਨ ਕਲੀਨਿਕ ਦਾ ਡਾਕਟਰ, ਟੈਕਸੀ ਡਰਾਈਵਰ ਤੇ ਮੈਂ ਪਹੁੰਚ ਗਏ ਉਸ ਪਤੇ ਤੇ. ਬੂਹਾ ਖੜਕਾਣ ਦੀ ਹਿੰਮਤ ਨਾ ਹੋਈ ਮੇਰੀ. ਖ਼ਰੇ ਉਹਦੀ ਵਹੁੱਟੀ ਕੀ ਕਹੇ? ਖ਼ਰੇ ਦਰਸ਼ਨ ਕੀ ਸੋਚੇ? ਡਾਕਟਰ ਨੇ ਦਰਵਾਜ਼ਾ ਖੜਕਾਇਆ ਤੇ ਇੱਕ ਸੁਹਣੀ ਹੱਟੀ-ਕੱਟੀ ਜੱਟੀ ਬਾਹਰ ਆਈ. ਮੈਂ ਗੱਡੀ ਤੋਂ ਨਿੱਕਲ ਕੇ ਉਸ ਤੱਕ ਗਈ ਤੇ ਆਪਣੇ ਬਾਰੇ ਦੱਸਿਆ।

“ਹਾਂ ਜੀ ਮੈਂ ਤੁਹਾਡੇ ਬਾਰੇ ਜਾਣਦੀ ਹਾਂ. ਪਿੱਛੇ ਟੀ.ਵੀ. ਤੇ ਵੀ ਦੇਖਿਆ ਸੀ. ਇਹ ਕਚਿਹਰੀ ਗਏ ਹੋਏ ਨੇ. ਤੁਸੀਂ ਅੰਦਰ ਆਓ.” ਦਰਵਾਜ਼ੇ ਪਿੱਛੋਂ ਪੰਦਰਾਂ-ਸੋਲਾਂ ਸਾਲਾਂ ਦੀ ਬਾਂਕੀ ਜਿਹੀ ਕੁੜੀ ਜਿਸ ਦਾ ਨੱਕ ਦਰਸ਼ਨ ਵਰਗਾ ਤਿੱਖਾ ਸੀ ਤੇ ਅੱਖਾਂ ਉਹਦੇ ਵਰਗੀਆਂ ਹੀ ਨਿੱਕੀਆਂ, ਝਾਕ ਰਹੀ ਸੀ. ਇੱਥੇ ਮੇਰੇ ਲਈ ਲਾਜ਼ਮੀ ਹੋ ਗਿਆ ਹੈ ਪਲੇਠੀ ਦੀ ਮੇਰੀ ਉਸ ਨਜ਼ਮ ਦਾ ਦੁਹਰਾਣਾ ਜਿਸ ਨਾਂ ਮੁਕਤੀ ਸੀ:

ਉਹ ਵਾਲ ਜਿਹੜੇ ਮੈਂ ਇਸ ਲਈ
ਵਧਾ ਰਹੀ ਸਾਂ
ਕਿ ਤੇਰੇ ਪਿੰਡ ਦੇ ਮੁੰਡੇ ਮੈਨੂੰ
ਕਾਲੀ ਮੇਮ ਕਹਿ ਨਾ ਛੇੜਨ
ਵਾਲ ਕੱਟਣ ਵਾਲੀ ਚੀਨਣ ਨੇ
ਮੁੜ ਛੋਟੇ ਕੱਟ ਦਿੱਤੇ ਹਨ
ਅਣ-ਪਾਏ ਉਹ ਰੇਸ਼ਮੀ ਸੂਟ ਨੂੰ
ਅਲਮਾਰੀ ਦੇ ਹਨੇਰੇ ਕੋਨੇ ‘ਚ
ਪੈਂਟਾਂ ਦੇ ਪਿੱਛੇ ਧੱਕ ਦਿੱਤਾ ਹੈ
ਤੇਰਾ ਅਧੂਰਾ ਸਵੈਟਰ ਸਲਾਈਆਂ ਸਮੇਤ
ਪਰੇ ਰੱਖ ਕੇ ਉਂਗਲਾਂ
ਟਾਈਪ ਰਾਈਟਰ
ਨਾਲ ਵਿਆਹੀਆਂ ਗਈਆਂ ਨੇ
ਬਾਥਰੂਮ ‘ਚੋਂ ਸਿਗਰਟਾਂ ਦਾ
ਪੈਕਟ ਕੱਢ ਕੇ
ਤੇ ਕਾਫ਼ੀ ਹਾਊਸ ਵਿਚ ਧੂੰਆਂ ਛੱਡ ਕੇ
ਮੈਨੂੰ ਲਗਦਾ ਹੈ
ਤੇਰੇ ਇਲਾਵਾ ਹੋਰ ਮਰਦ ਵੀ ਹਨ’

…ਤਿੱਖੇ ਨੱਕ ਤੇ ਨਿੱਕੀਆਂ ਅੱਖਾਂ ਵਾਲੀ ਕੁੜੀ ਮੇਰੇ ਵੱਲ ਲਗਾਤਾਰ ਵੇਖ ਰਹੀ ਸੀ. ਮੈਂ ਪੁਛਿਆ,“ਇਹ ਤੇਰੀ ਬੇਟੀ ਹੈ?””
“ਹਾਂ, ਇੱਕ ਬੇਟਾ ਵੀ ਹੈ.”
“ਇਸ ਦਾ ਨਾਂ ਕੀ ਹੈ?”
“ਪਰਮਪ੍ਰੀਤ. ਆਓ ਅੰਦਰ ਆਓ।”
“ਨਹੀਂ ਫੇਰ ਆਵਾਂਗੀ. ਅੱਜ ਬਹੁਤ ਸਾਰੇ ਲੋਕ ਨਾਲ ਨੇ ਤੇ ਚੰਡੀਗੜ੍ਹ ਵਾਪਸ ਵੀ ਪਹੁੰਚਣਾ ਹੈ।”
ਪਰਮਪ੍ਰੀਤ ਵੱਲ ਵੇਖ ਕੇ ਮੈਂ ਮੁਸਕਰਾਈ ਤੇ ਹੱਥ ਹਿੱਲਾਇਆ. ਉਸ ਨੇ ਵੀ ਹੱਥ ਹਿਲਾਇਆ।
ਦਰਸ਼ਨ ਦੀ ਵਹੁੱਟੀ ਮੈਨੂੰ ਸੜਕ ਤੱਕ ਛੱਡਣ ਆਈ।
“ਤੁਹਾਡਾ ਨਾਂ ਕੀ ਹੈ? ਮੈਂ ਪੁੱਛਿਆ।
“ਮੇਰਾ ਨਾਂ ਰੁਪਿੰਦਰ ਹੈ।ਫੇਰ ਕਦੇ ਜਰੂਰ ਆਉਣਾ।”

ਮੈਂ ਇਸ ਮੁਲਾਕਾਤ ਤੋਂ ਬਹੁਤ ਖ਼ੁਸ਼ ਹੋਈ ਸਾਂ।ਰੁਪਿੰਦਰ ਬੜੇ ਨਿੱਘ ਨਾਲ ਮਿਲੀ ਸੀ। ਦਰਸ਼ਨ ਦੀ ਬੇਟੀ ਬਿਲਕੁਲ ਉਸ ਤਰਾਂ ਦੀ ਸੀ ਜਿਸ ਤਰਾਂ ਦੀ ਵੀਹ ਵਰ੍ਹੇ ਪਹਿਲਾਂ ਮੈਂ ਸੋਚਿਆ ਸੀ ਕਿ ਸਾਡੀ ਬੇਟੀ ਹੋਵੇਗੀ। ਤੇ ਨਾਂ ਸੀ ਪਰਮਪ੍ਰੀਤ. ਯਾਨੀ ਕਿ ਪਹਿਲਾ ਪਿਆਰ! ਫਸਟ ਲਵ! ਸੁਪਨਿਆਂ ਦੀਆਂ ਦੁਨੀਆਂ ਵਿਚ ਵਿਚਰਨ ਵਾਲੇ ਲੋਕਾਂ ਨੂੰ ਕਈ ਵਾਰ ਅਸਲੀਅਤ ਨਜ਼ਰ ਹੀ ਨਹੀਂ ਆਉਂਦੀ। ਇਹੀ ਹਾਲ ਮੇਰਾ ਸੀ। ਮੈਨੂੰ ਲੱਗਿਆ ਇਹ ਪਰਮਪ੍ਰੀਤ ਮੇਰੇ ਹੀ ਫਸਟ ਲਵ ਦੀ ਨਿਸ਼ਾਨੀ ਹੈ!

…ਵੀਹ ਸਾਲ ਪਹਿਲਾਂ ਦਰਸ਼ਨ ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਕਿਸੇ ਕੋਨੇ ਵਿਚ ਬੈਠੇ ਹਾਂ. ਕੋਈ ਮਾਰਕਸਵਾਦ ਦਾ ਭਾਸ਼ਨ ਦੇ ਕੇ ਉਹ ਕਹਿੰਦਾ ਹੈ:
“ਮੈਂ ਤਾਂ ਵਿਆਹ ਕਰ ਰਿਹਾਂ ਤੇਰੇ ਨਾਲ ਕਿ ਸਾਡੇ ਬੱਚੇ ਤੰਦਰੁਸਤ ਹੋਣ। ਤੂੰ ਤੰਦਰੁਸਤ ਜੋ ਹੈ!”
ਮੈਂ ਉਸ ਨੂੰ ਮੂੰਹ ਚਿੜਾਂਦੀ ਹਾਂ।
“ਦੱਸ ਤੂੰ ਕੀ ਚਾਹੁੰਨੀ ਹੈ ਕਿ ਸਾਡੇ ਕੁੜੀ ਹੋਵੇ ਜਾਂ ਮੁੰਡਾ?”
ਮੈਂ ਕਿਹਾ, “ਕੁੜੀ”
“ਨਹੀਂ ਮੈਂ ਮੁੰਡਾ ਚਾਹੁੰਦਾ ਹਾਂ, ਕੁੜੀ ਤੋਂ ਤੈਂ ਕੀ ਲੈਣਾ ਹੈ?”
“ਮੈਂ ਉਸਨੂੰ ਸੀ ਕੇ ਸੋਹਣੇ ਕੱਪੜੇ ਪੁਆਵਾਂਗੀ, ਵਾਲਾਂ ‘ਚ ਲਾਲ ਰਿਬਨ ਲਗਾਵਾਂਗੀ.”
“ਪਰ ਇਹ ਵੀ ਸੋਚ ਕਿ ਵੱਡੇ ਹੋ ਕੇ ਉਹ ਇਸ਼ਕ ਵੀ ਕਰੇਗੀ ਤੇ ਸਾਡੇ ਲਈ ਮੁਸੀਬਤ ਖੜੀ ਹੋ ਜਾਏਗੀ।”

..ਫ਼ਲੈਸ਼ ਫ਼ਾਰਵਡ!

ਦਰਸ਼ਨ ਦੀ ਧੀ ਨੂੰ ਦੇਖ ਕੇ ਮੇਰੇ ਮਨ ਵਿਚ ਆਇਆ ਕਿ ਚਲੋ ਇਹ ਵੀ ਚੰਗਾ ਹੋਇਆ ਹੁਣ ਜਦ ਇਸ ਦੀ ਪਰਮਪ੍ਰੀਤ ਇਸ਼ਕ ਕਰੇਗੀ ਤਾਂ ਦਰਸ਼ਨ ਮੁਸੀਬਤ ‘ਚ ਪਵੇਗਾ. ਪਰ ਨਾਲ ਇਹ ਵੀ ਸੋਚਿਆ ਕਿ ਮੇਰੀ ਬੇਟੀ ਉਪਾਸਨਾ ਵੀ ਦਸ ਸਾਲ ਦੀ ਹੋ ਗਈ ਸੀ. ਉਹ ਵੀ ਤਾਂ ਇਸ਼ਕ ਕਰੇਗੀ! ਕਿਸ ਮਾਂ ਦੀ ਧੀ ਹੈ! ਪਰ ਮੇਰੇ ਲਈ ਮੁਸੀਬਤ ਨਹੀਂ ਬਣੇਗੀ. ਮੈਂ ਇਸ਼ਕ ਨੂੰ ਮੁਸੀਬਤ ਨਹੀਂ ਸਮਝਦੀ, ਮੈਂ ਕਰਾਂ ਜਾਂ ਮੇਰੀ ਬੇਟੀ ਕਰੇ! ਰੱਬਾ ਸਭ ਦੁਨੀਆਂ ਦੀਆਂ ਬੇਟੀਆਂ ਇਸ਼ਕ ਕਰਨ! ਦਰਸ਼ਨ ਦੀ ਵੀ!

ਦਰਸ਼ਨ ਜਰਨਲਿਜ਼ਮ ਦੀ ਕਲਾਸ ਵਿਚ ਮੇਰਾ ਜਮਾਤੀ ਸੀ ਤੇ ਉੱਥੇ ਹੀ ਮੈਂ ਉਸ ਨੂੰ ਮਿਲੀ।ਉਹ ਬਾਕੀਆਂ ਤੋਂ ਕੁਝ ਵੱਖਰਾ ਸੀ।ਉਮਰ ਵਿਚ ਕੁਝ ਵੱਡਾ, ਸੁਹਣਾ, ਕੱਪੜਿਆਂ ਤੋਂ ਲਾਪਰਵਾਹ. ਕਦੇ ਉਸਨੇ ਇੱਕ ਪੈਰ ਵਿਚ ਚਿੱਟੀ ਜੁਰਾਬ ਪਾਈ ਹੁੰਦੀ ਤੇ ਦੂਜੇ ਵਿਚ ਨੀਲੀ।ਲਹਿਜ਼ਾ ਉਹਦਾ ਦੇਸੀ ਸੀ ਤੇ ਅੰਗਰੇਜ਼ੀ ਉਹ ਬੜੀ ਪੀਹ-ਪੀਹ ਕੇ ਬੋਲਦਾ।ਕਲਾਸ ਵਿਚ ਪ੍ਰੋਫੈਸਰਾਂ ਨੂੰ ਮਜ਼ਾਕ ਕਰਕੇ ਸਭ ਦਾ ਦਿਲ ਜਿਹਾ ਲਗਾਈ ਰੱਖਦਾ।

ਕੁਝ ਸਾਲ ਪਹਿਲਾਂ ਸਾਡੇ ਇੱਕ ਜਮਾਤੀ ਦੋਸਤ ਸ਼ੇਖ਼ਰ ਗੁਪਤਾ ਨੇ ਮੈਨੂੰ ਮਜ਼ਾਕ ਕਰਦਿਆਂ ਕਿਹਾ,“ਇਕੋ ਲੈਫ਼ਟਿਸਟ ਸੀ ਸਾਡੀ ਕਲਾਸ ਵਿਚ ਤੇ ਉਹਨੂੰ ਵੇਖਦਿਆਂ ਹੀ ਯੂ ਫ਼ੈਲ ਇਨ ਲਵ ਵਿਦ ਹਿਮ।”

ਪਰ ਇਹ ਗੱਲ ਗਲਤ ਹੈ।ਦਰਸ਼ਨ ਵੱਲੋਂ ਕੜੀ ਮਿਹਨਤ ਕਰਨ ਦੇ ਬਾਵਜੂਦ ਵੀ ਪੰਜ-ਛੇ ਮਹੀਨੇ ਲੱਗ ਗਏ ਸਨ ।ਜੇ ਇੱਕ ਦਿਨ ਮੈਂ ਛੁੱਟੀ ਕਰ ਲੈਂਦੀ ਤਾਂ ਦਰਸ਼ਨ ਵਾਲ ਬਖੇਰ ਕੇ ਮਜਨੂੰ ਜਿਹਾ ਬਣਿਆ,ਹਰ ਉਸ ਡਿਪਾਰਟਮੈਂਟ ਵਿਚ ਜਿੱਥੇ ਮੇਰੀਆਂ ਸਹੇਲੀਆਂ ਪੜਦੀਆਂ ਸਨ, ਮੇਰਾ ਪਤਾ ਲੈਣ ਪੁੱਜ ਜਾਂਦਾ। ਸਾਈਕਾਲਿਜੀ ਦੀ ਰੀਟਾ ਲਾਲ ਕਹਿੰਦੀ,“ਦਰਸ਼ਨ ਤੈਨੂੰ ਲੱਭ ਰਿਹਾ ਸੀ।”
ਪਾਲਿਟਿਕਲ ਸਾਇੰਸ ਦੀ ਨੰਦਿਤਾ ਸੂਦ ਕਹਿੰਦੀ,“ਡੌਂਟ ਪਲੇ ਵਿੱਦ ਦਿਸ ਬੁਆਏ! ਉਹ ਮਜਨੂੰ ਬਣ ਤੈਨੂੰ ਲੱਭਦਾ ਫਿਰਦਾ।”
ਖੈਰ ਇਹ ਤਾਂ ਬਾਅਦ ਵਿਚ ਪਤਾ ਚੱਲਿਆ ਕੌਣ ਕਿਸ ਨਾਲ ਖੇਡ ਰਿਹਾ ਸੀ। ਹੋਰ ਤਾਂ ਹੋਰ ਦਰਸ਼ਨ ਨੇ ਪਾਤਰ ਦੀਆਂ ਨਜ਼ਮਾਂ ਵੀ ਆਪਣੀਆਂ ਕਹਿ ਕੇ ਮੈਨੂੰ ਸੁਣਾਈਆਂ। ਵਕਤ ਮੇਰਾ ਪੰਜਾਬੀ ਕਵਿਤਾ ਦਾ ਗਿਆਨ ‘ਅੱਜ ਆਖਾਂ ਵਾਰਸ ਸ਼ਾਹ’ ਤੇ ‘ਅੰਬੀ ਦਾ ਬੂਟਾ’ ਤੱਕ ਹੀ ਸੀਮਤ ਸੀ. ਸੋ ਇਹ ਗੱਲ ਵੀ ਮੇਰੀਆਂ ਵੀਹ ਸਾਲ ਪਾਲੀਆਂ ਰੰਜਿਸ਼ਾਂ ਵਿਚ ਸ਼ਾਮਿਲ ਸੀ. ਬਹੁਤ ਬਾਅਦ ਵਿਚ ਪਾਤਰ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਦਾਖਲਾ ਲੈਣ ਮਗਰੋਂ ਦਰਸ਼ਨ ਉਸ ਕੋਲੋਂ ਚਾਰ-ਪੰਜ ਨਜ਼ਮਾਂ ਲੈ ਗਿਆ ਸੀ, ਆਪਣੀਆਂ ਕਹਿ ਕੇ ਕੁੜੀਆਂ ਨੂੰ ਇਮਪ੍ਰੈਸ ਕਰਨ ਲਈ. ਸੋ ਪਾਤਰ ਵੀ ਇਸ ਸਾਜ਼ਿਸ਼ ਵਿਚ ਸ਼ਾਮਿਲ ਸੀ! ਹਾਂ ਇੱਕ ਗੱਲ ਹੋਰ ਯਾਦ ਆਈ।ਦਰਸ਼ਨ ਦਾ ਲੋਕਲ ਗਾਰਡੀਅਨ ਸੀ ਹਿੰਦੀ ਦਾ ਸ਼ਾਇਰ ਕੁਮਾਰ ਵਿਕਲ।ਬਹੁਤ ਅਜੀਬ ਦੈਂਤ ਜਿਹਾ ਇਨਸਾਨ ਲਗਦਾ ਸੀ ਉਹ।ਮੂੰਹ ‘ਚੋਂ ਪਾਨ ਦੀ ਪੀਕ ਸੁੱਟਦਾ ਤੇ ਕਾਹਲੀ-ਕਾਹਲੀ ਬੋਲਦਾ. ਏਹੀ ਵਿਕਲ ਸਾਹਿਬ ਮੇਰੀ ਜ਼ਿੰਦਗੀ ‘ਚੋਂ ਦਰਸ਼ਨ ਦੇ ਨਿਕਲ ਜਾਣ ਮਗਰੋਂ ਮੈਨੂੰ ਕਹਿੰਦੇ, “ਉਹ ਗਲਤ ਲੜਕਾ ਸੀ. ਆਪ ਸੋਚ ਜੋ ਮਾਰਕਸਵਾਦ ਦਾ ਨਹੀਂ ਬਣਿਆ, ਉਹ ਕਿਸੇ ਕੁੜੀ ਦਾ ਕਿਵੇਂ ਬਣ ਸਕਦਾ ਹੈ।”

ਬਾਅਦ ਵਿਚ ਦਰਸ਼ਨ ਦਾ ਕਿੱਸਾ ਇੱਕ ਐਬਸਰਡ ਡਰਾਮਾ ਜਿਹਾ ਬਣ ਗਿਆ। ਜਿਸ ਵਿਚ ਦਰਸ਼ਨ ਆਪ ਤੇ ਕੁਝ ਹੋਰ ਦੋਸਤ ਮਿੱਤਰ ਆਪਣਾ ਆਪਣਾ ਯੋਗਦਾਨ ਪਾਉਂਦੇ ਰਹੇ।ਹਾਂ ਇੱਕ ਸ਼ਖ਼ਸ ਨੂੰ ਤਾਂ ਮੈਂ ਭੁੱਲ ਹੀ ਗਈ। ਜਰਨਲਿਜ਼ਮ ਦੇ ਪ੍ਰੋਫੈਸਰ ਤਾਰਾ ਚੰਦ ਗੁਪਤਾ ਸਾਡੇ ਇਸ਼ਕ ਦੇ ਸਖ਼ਤ ਖਿਲਾਫ਼ ਸਨ ਤੇ ਆਪਣੀ ‘ਲਾਇਕ ਵਿਦਿਆਰਥਣ’ ਨੂੰ ਉਸ ‘ਲੋਫ਼ਰ’ ਤੋਂ ਬਚਾਉਣਾ ਚਾਹੁੰਦੇ ਸਨ! ਹੁਣ ਜੇ ਕਿਸੇ ਦਿਨ ਬੈਠਾਂ ਤੇ ਇੱਕ ਪੂਰਾ ਨਾਟਕ ਲਿਖਿਆ ਜਾ ਸਕਦਾ ਹੈ ਇਸ ਨਾਕਾਮਯਾਬ ਇਸ਼ਕ ‘ਤੇ. ਕਿਆ ਕਿਆ ਅਜੀਬ ਕਿਰਦਾਰ ਨਿਕਲਣਗੇ।
ਦਰਸ਼ਨ ਨੇ ਕਿਹਾ ਉਹ ਦੋ ਸਾਲ ਬਾਅਦ ਹੀ ਵਿਆਹ ਕਰੇਗਾ ਜਦ ਉਸਦੀ ਠੇਕੇਦਾਰੀ ਜੰਮ ਜਾਏਗੀ. ਇਸ ਵਾਰ ਜਦ ਉਹ ਲੁਧਿਆਣੇ ਤੋਂ ਆਇਆ ਤੇ ਭੁਪਿੰਦਰ ਬਰਾੜ ਤੇ ਗੌਤਮ ਦੇ ਸਾਂਝੇ ਕਮਰੇ ਦੀ ਚਾਬੀ ਲੈ ਕੇ ਆਇਆ. ਮੇਰਾ ਕਮਰੇ ‘ਚ ਜਾਣ ਨੂੰ ਜੀਅ ਨਾ ਕੀਤਾ।ਬਹਿਸ ਛਿੜੀ ਤੇ ਫਿਰ ਲੜਾਈ ਹੋਈ ਤੇ ‘ਕਿੱਸਾ ਮੁਕਤਸਰ’ ਹੋ ਗਿਆ।

ਜੇ ਮੈਂ ਨਿਰੁਪਮਾ ਦੱਤ ਨਾ ਹੋ ਕੇ ਵਕਤ ਵਿਚ ਕੁਝ ਪਿੱਛੇ ਜਾ ਕੇ ਉਮਰਾਓ ਜਾਨ ਹੁੰਦੀ ਤਾਂ ਗਾਉਂਦੀ, ‘ਜੁਸਤਜੁ ਜਿਸਕੀ ਕੀ ਉਸਕੋ ਤੋਂ ਨਾ ਪਾਇਆ ਹਮਨੇ, ਇਸੀ ਬਹਾਨੇ ਸੇ ਮਗਰ ਦੇਖ ਲੀ ਦੁਨੀਆ ਹਮਨੇ’। ਹਾਂ, ਅਗਰ ਸਮੇਂ ਵਿਚ ਕੁਝ ਅੱਗੇ ਹੁੰਦੀ ਤਾਂ ਦਰਸ਼ਨ ਦਾ ਸ਼ੁਕਰੀਆ ਕਰਦੀ ਕਿ ਮੈਨੂੰ ਮਾਸੂਮੀਅਤ ਦੀ ਕੈਦ ‘ਚੋਂ ਕੱਢ ਅਨੁਭਵ ਦੇ ਰਾਹ ਪਾਇਆ ਹੈ. ਪਰ ਇੰਝ ਨਹੀਂ ਸੀ ਹੋਣਾ.ਛੋੇਟੇ ਸ਼ਹਿਰ ਨੇ , ਛੋਟੀਆਂ ਸੋਚਾਂ ਵਾਲੇ ਲੋਕਾਂ ਨੇ , ਮੇਰੇ ਆਪਣੇ ਘਰ ਦੇ ਸੰਸਕਾਰਾਂ ਨੇ, ਦਰਸ਼ਨ ਤੇ ਉਸ ਜਿਹੇ ਹੀ ਦੂਹਰੇ ਮਾਪਦੰਡਾਂ ਵਾਲੇ ਸਮਾਜ ਨੇ ਇਸ ਤਰਾਂ ਨਹੀਂ ਸੀ ਹੋਣ ਦਿੱਤਾ।ਦਰਸ਼ਨ ਆਪਣੇ ਇਸ਼ਕਾਂ ਦੀ ਗਿਣਤੀ ਤਾਂ ਵਧਾਉਣਾ ਚਾਹੁੰਦਾ ਸੀ ਪਰ ਬੇਟੀ ਦੇ ਇਸ਼ਕ ਨੂੰ ਮੁਸੀਬਤ ਸਮਝਦਾ ਸੀ।ਪਿਆਰ ਦੇ ਦਿਨਾਂ ਵਿਚ ਉਹ ਮੈਨੂੰ ਹਿਦਾਇਤ ਜਿਹੀ ਦਿੰਦਾ ਕਿ ਉਹੀ ਔਰਤ ਸ਼ਰੀਫ਼ ਹੁੰਦੀ ਹੈ ਜੋ ਇੱਕ, ਸਿਰਫ ਇੱਕ ਹੀ ਮਰਦ ਨਾਲ ਸੌਂਵੇ. ਤੇ ਹੁਣ ਮੈਂ ਸੋਚਦੀ ਹਾਂ ਸ਼ਰੀਫ਼ ਮਰਦ ਕੌਣ ਹੁੰਦਾ ਹੈ ਜਨਾਬ? ਉਹ ਸ਼ਰਾਫ਼ਤ ਕਿੰਨੀਆਂ ਔਰਤਾਂ ਨਾਲ ਸੌਂ-ਜਾਗ ਕੇ ਹਾਸਿਲ ਕਰਦਾ ਹੈ?

ਆਖਰ ਹੋਇਆ ਇਹ ਕਿ ਮੇਰੇ ਸਵੈਮਾਨ ਨੂੰ ਡਾਢੀ ਚੋਟ ਪਹੁੰਚੀ ਤੇ ਮਾਨਸਿਕਤਾ ਘਾਇਲ ਹੋ ਗਈ।ਬਠਿੰਡਾ ਜਿੱਥੇ ਮੈਂ, ਦਰਸ਼ਨ ਅਨੁਸਾਰ ਵਿਆਹ ਕੇ ਜਾਣਾ ਸੀ, ਤੂੜੀ ਵਾਲੇ ਕੋਠੇ ਵਿਚੋਂ ਲਾਲਟੇਨ ਲਿਜਾ ਕੇ ਤੂੜੀ ਕੱਢਣੀ ਸੀ ਤੇ ਬੁੜ੍ਹੀਆਂ ਨਾਲ ਮੰਡੀ ਜਾ ਕੇ ਨਰਮਾ ਵੇਚਣਾ ਸੀ, ਮੇਰੇ ਤੋਂ ਮਾਨਸਿਕ ਤੌਰ ਤੇ ਬਹੁਤ ਦੂਰ ਹੋ ਗਿਆ।

ਹੁਣ ਤੁਸੀਂ ਕਹੋਂਗੇ ਕਿ ਯਾਤਰਾ ਦੀ ਗੱਲ ਛੱਡ ਕੇ ਮੈਂ ਹੋਰ ਗਲਾਂ ‘ਚ ਉਲਝ ਗਈ ਹਾਂ। ਨਹੀਂ, ਇਹ ਸਭ ਉਸੇ ਯਾਤਰਾ ਦਾ ਹਿੱਸਾ ਹੈ ਜੋ ਵਾਇਆ ਬਠਿੰਡਾ ਕੀਤੀ ਜਾਂਦੀ ਹੈ।

ਮੈਂ ਦੱਸ ਰਹੀ ਸੀ ਕਿ 1996 ਦੇ ਚੇਤਰ ਦੀਆਂ ਚੋਣਾਂ ਦੋਰਾਨ ਜਦ ਮੈਂ ਬਠਿੰਡੇ ਕੁਲਦੀਪ ਮਾਣਕ ਦੀਆਂ ਕਲੀਆਂ ਸੁਣਕੇ ਸ਼ਾਮ ਨੂੰ ਦਰਸ਼ਨ ਦੇ ਘਰ ਗਈ ਤਾਂ ਉਹ ਸਹਿ-ਪਰਿਵਾਰ ਮੇਰੀ ਉਡੀਕ ਕਰ ਰਿਹਾ ਸੀ. ਉਸ ਨੂੰ ਦੇਖ ਕੇ ਬਹੁਤ ਹੈਰਾਨੀ ਹੋਈ।ਉਹ ਕਮਜ਼ੋਰ ਹੋ ਗਿਆ ਸੀ. ਕਿਸੇ ਹਾਦਸੇ ਵਿਚ ਉਹਦੇ ਦੰਦ ਟੁੱਟ ਗਏ ਸਨ ਤੇ ਆਵਾਜ਼ ਬੁੜ੍ਹਿਆਂ ਵਰਗੀ ਹੋ ਗਈ ਸੀ. ਹੁਣ ਉਹ ਅੰਗਰੇਜ਼ੀ ਹੀ ਨਹੀਂ ਸਗੋਂ ਪੰਜਾਬੀ ਵੀ ਪੀਹ-ਪੀਹ ਕੇ ਬੋਲਦਾ ਸੀ. ਪਰ ਹਾਸਾ-ਠੱਠਾ ਪਹਿਲਾਂ ਵਰਗਾ ਹੀ ਸੀ. ਮੈਂ ਸਹਿਜ ਨਾਲ ਚਾਹ ਪੀਤੀ, ਸਿਗਰਟ ਪੀਤੀ ਤੇ ਦਰਸ਼ਨ ਦੇ ਪਰਿਵਾਰ ਦੇ ਹਸੀ-ਮਜ਼ਾਕ ਵਿਚ ਸ਼ਰੀਕ ਹੋਈ।
ਪਰ ਹੌਲੀ ਹੌਲੀ ਮੈਂ ਕੁਝ ਉਖੜਨ ਲੱਗੀ।

ਜਦ ਦਰਸ਼ਨ ਦੀ ਪਤਨੀ ਰੁਪਿੰਦਰ ਹਸਦੀ ਤਾਂ ਉਸਦੀਆਂ ਗੱਲ੍ਹਾਂ ਵਿਚ ਡੂੰਘੇ ਟੋਏ ਪੈਂਦੇ. ਇਹ ਵੇਖ-ਵੇਖ ਕੇ ਮੈਨੂੰ ਈਰਖਾ ਹੋਣ ਲੱਗੀ.ਤਦ ਹੀ ਮੈਨੂੰ ਯਾਦ ਆਇਆ ਕਿ ਵੀਹ ਸਾਲ ਪਹਿਲਾਂ ਦਰਸ਼ਨ ਨੇ ਆਪਣੇ ਪਿੰਡ ਦਾ ਨਾਂ ਨਾਨਕਪੁਰਾ ਦੱਸਿਆ ਸੀ. ਵੀਹ ਸਾਲਾਂ ਮਗਰੋਂ ਜਦ ਮੈਂ ਉਹਨੂੰ ਮੁਆਫ਼ੀ ਦੇਣੀ ਚਾਹੀ ਤਾਂ ਇਸ ਨਾਂ ਦਾ ਕੋਈ ਪਿੰਡ ਹੈ ਹੀ ਨਹੀਂ ਸੀ ਉੱਥੇ. ਅਚਾਨਕ ਮੈਂ ਰੁਪਿੰਦਰ ਨੂੰ ਪੁੱਛਿਆ,
“ਦਰਸ਼ਨ ਦੇ ਪਿੰਡ ਦਾ ਕੀ ਨਾਂ ਹੈ?”
“ਭੋਖੜਾ।”

ਦਰਸ਼ਨ ਨੂੰ ਮੁਖ਼ਾਬਤ ਹੋ ਕੇ ਮੈਂ ਖਿਝ ਕੇ ਕਿਹਾ, “ਤੂੰ ਤਾਂ ਮੈਨੂੰ ਆਪਣੇ ਪਿੰਡ ਦਾ ਨਾਂ ਵੀ ਗਲਤ ਦੱਸਿਆ ਸੀ।ਡਰਦਾ ਹੋਵੇਂਗਾ ਕਿਤੇ ਮੈਂ ਪਿੱਛੇ-ਪਿੱਛੇ ਨਾ ਆ ਜਾਵਾਂ।”

ਦੋਹੇਂ ਮੀਆਂ-ਬੀਵੀ ਸਫ਼ਾਈ ਦੇਣ ਲੱਗੇ ਕਿ ਮਿਊਂਸਪੈਲਟੀ ਦੇ ਰਿਕਾਰਡ ਵਿਚ ਨਵਾਂ ਨਾਂ ਨਾਨਕਪੁਰਾ ਹੀ ਸੀ ਪਰ ਪ੍ਰਚਲਿਤ ਨਾਂ ਭੋਖੜਾ ਹੀ ਰਿਹਾ ਸੀ, ਜੋ ਬੋਲਣ ਵਿਚ ਸੋਹਣਾ ਨਹੀਂ ਸੀ ਤੇ ਕਿਸੇ ਫ਼ਾਹਸ਼ ਸ਼ਬਦ ਨਾਲ ਮਿਲਦਾ-ਜੁਲਦਾ ਸੀ। ਮੇਰੇ ਮਨ ਵਿਚ ਆਇਆ ਕਿ ਚੰਡੀਗੜ੍ਹ ਦੀ ਜੰਮਪਲ ਕੁੜੀ ਨੂੰ ਇੰਪਰੈਸ ਕਰਨ ਲਈ ਦਰਸ਼ਨ ਨੇ ਆਪਣੇ ਵੱਲੋਂ ਪਿੰਡ ਦਾ ਨਾਂ ਵੀ ਸੋਹਣਾ ਕਰ ਕੇ ਦੱਸਿਆ ਸੀ।
ਗੱਲਾਂ ਘੁੰਮਦੀਆਂ-ਘੁੰਮਾਉਂਦੀਆਂ ਚੋਣਾਂ ਅਤੇ ਕੁਲਦੀਪ ਮਾਣਕ ਤੱਕ ਪਹੁੰਚ ਗਈਆਂ. ਦਰਸ਼ਨ ਕਹਿਣ ਲੱਗਾ, “ਮਾਣਕ ਦੇ ਗੀਤ ਸੁਣਨ ਤਾਂ ਬਹੁੱਤ ਸਾਰੇ ਲੋਕ ਆਉਣਗੇ, ਪਰ ਵੋਟ ਤਾਂ ਇਹ ਪੰਥ ਨੂੰ ਹੀ ਪਾਉਣਗੇ।ਏਹੀ ਸੋਚ ਹੈ ਜੱਟਵੈਧ ਦੀ.. ”
ਦਰਸ਼ਨ ਦਾ ਇਹ ਬ੍ਰਹਮ ਵਾਕ ਸੁਣ ਕੇ ਪਤਾ ਨਹੀਂ ਕਿਉਂ ਮੇਰੇ ਅੰਦਰ ਵੀਹ ਸਾਲ ਪੁਰਾਣੀ ਰੰਜਿਸ਼ ਦੀ ਕਾੜ੍ਹਨੀ ਵਿਚ ਉਬਲ ਆਇਆ ਗੁੱਸਾ ਅਚਾਨਕ ਹਾਸੇ ‘ਚ ਬਦਲ ਗਿਆ ।

ਮੈਂ ਦਰਸ਼ਨ ਦੀਆਂ ਅੱਖਾਂ ਵਿਚ ਸਿੱਧੇ ਵੇਖਦੇ ਹੋਏ ਕਿਹਾ , “ ਬਿਲਕੁਲ ਉਵੇਂ ਹੀ ਜਿਵੇਂ ਜੱਟਵੈਧ ਪਿਆਰ ਤਾਂ ਕਰੇਗੀ ਨਿਰੁਪਮਾ ਦੱਤ ਨਾਲ , ਪਰ ਵਿਆਹ ਲਈ ਚਾਹਿਦੀ ਹੈ ਕੋਈ ਰੁਪਿੰਦਰ ਕੌਰ!।”

ਦਰਸ਼ਨ ਝੇਂਪ ਗਿਆ ਪਰ ਰੁਪਿੰਦਰ ਖਿੜਖੜਾ ਕੇ ਹੱਸ ਪਈ. ਇਸ ਵਾਰ ਹੱਸਦੀ ਰੁਪਿੰਦਰ ਦੀਆਂ ਗੱਲ੍ਹਾਂ ਵਿਚ ਪੈ ਰਹੇ ਟੋਏ ਵੇਖ ਕੇ ਮੈਨੂੰ ਹੱਸਦ ਨਹੀਂ ਹੋਈ।ਤੇ ਵੀਹ ਸਾਲਾਂ ਦੇ ਅਰਸੇ ਪਿਛੋਂ ਮੈਂ ਦਰਸ਼ਨ ਜੈਕ ਨੂੰ ਸਹਿਵਨ ਹੀ ਮੁਆਫ਼ ਕਰ ਗਈ।

Real Estate