ਪੰਜਾਬ ਸਰਕਾਰ ਹੁਣ ਵਿਧਾਇਕ ਜ਼ੀਰਾ ਦੇ ਖੰਭ ਕੁਤਰਨ ਲੱਗੀ

1162

ਚਰਨਜੀਤ ਭੁੱਲਰ

ਪੰਜਾਬ ਸਰਕਾਰ ਹੁਣ ਹਲਕਾ ਜ਼ੀਰਾ ਦੇ ਕਾਂਗਰਸ ’ਚੋਂ ਮੁਅੱਤਲ ਵਿਧਾਇਕ ਕੁਲਬੀਰ ਜ਼ੀਰਾ ਦੇ ਖੰਭ ਕੁਤਰਨ ਦੇ ਰਾਹ ਪੈ ਗਈ ਹੈ। ਮੁਅੱਤਲੀ ਮਗਰੋਂ ਦੂਸਰੀ ਕੜੀ ਵਜੋਂ ਫ਼ਿਰੋਜ਼ਪੁਰ ਪੁਲੀਸ ਨੇ ਹਲਕਾ ਜ਼ੀਰਾ ਦੇ ਥਾਣਿਆਂ ਦੇ ਤਿੰਨ ਥਾਣੇਦਾਰ ਬਦਲ ਦਿੱਤੇ ਹਨ ਜੋ ਹਲਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਤਾਇਨਾਤ ਕਰਵਾਏ ਹੋਏ ਸਨ।
ਜ਼ਿਲ੍ਹਾ ਪੁਲੀਸ ਫ਼ਿਰੋਜ਼ਪੁਰ ਨੇ ਥਾਣਾ ਸਦਰ ਜ਼ੀਰਾ ਦੇ ਮੁੱਖ ਅਫ਼ਸਰ ਕਰਮਜੀਤ ਸਿੰਘ, ਥਾਣਾ ਸਿਟੀ ਜ਼ੀਰਾ ਦੇ ਮੁੱਖ ਅਫ਼ਸਰ ਗੁਰਮੇਲ ਸਿੰਘ ਅਤੇ ਮੱਲਾਂਵਾਲਾ ਥਾਣੇ ਦੇ ਮੁੱਖ ਅਫ਼ਸਰ ਦਵਿੰਦਰ ਕੁਮਾਰ ਨੂੰ ਬਦਲ ਦਿੱਤਾ ਹੈ। ਤਿੰਨੋਂ ਥਾਣੇਦਾਰਾਂ ਨੂੰ ਪੁਲੀਸ ਲਾਈਨ ਫ਼ਿਰੋਜ਼ਪੁਰ ਭੇਜ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਤਿੰਨੋਂ ਥਾਣੇਦਾਰ ਇੰਸਪੈਕਟਰ ਰੈਂਕ ਦੇ ਨਹੀਂ ਸਨ, ਬਲਕਿ ਸਬ ਇੰਸਪੈਕਟਰ ਵੀ ਲੋਕਲ ਰੈਂਕ ਨਾਲ ਬਣੇ ਹੋਏ ਸਨ। ਸੂਤਰ ਦੱਸਦੇ ਹਨ ਕਿ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਇਹ ਨੇੜਲੇ ਥਾਣੇਦਾਰ ਸਨ। ਫ਼ਿਰੋਜ਼ਪੁਰ ਪੁਲੀਸ ਨੇ ਹੁਣ ਥਾਣਾ ਸਦਰ ਜ਼ੀਰਾ ਵਿੱਚ ਜਤਿੰਦਰ ਸਿੰਘ ਨੂੰ, ਥਾਣਾ ਸਿਟੀ ਜ਼ੀਰਾ ਵਿੱਚ ਭੁਪਿੰਦਰ ਕੌਰ ਨੂੰ ਅਤੇ ਮੱਲਾਂਵਾਲਾ ਥਾਣੇ ਵਿਚ ਹਰਮਨਜੀਤ ਸਿੰਘ ਨੂੰ ਤਾਇਨਾਤ ਕਰ ਦਿੱਤਾ ਹੈ। ਐੱਸਐੱਸਪੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਅਤੇ ਐੱਸਪੀ (ਐੱਚ) ਨੂੰ ਵਾਰ ਵਾਰ ਫ਼ੋਨ ਕੀਤਾ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮੰਨਾ, ਸਾਬਕਾ ਵਿਧਾਇਕ ਜੋਗਿੰਦਰ ਜਿੰਦੂ ਅਤੇ ਸੀਨੀਅਰ ਆਗੂ ਵਰਦੇਵ ਸਿੰਘ ਮਾਨ ਨੇ ਅੱਜ ਫ਼ਿਰੋਜ਼ਪੁਰ ਛਾਉਣੀ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੂੰ ਨਿਸ਼ਾਨੇ ’ਤੇ ਲਿਆ। ਅਕਾਲੀ ਆਗੂਆਂ ਨੇ ਦੋਸ਼ ਲਗਾਏ ਕਿ ਜ਼ੀਰਾ ਪਰਿਵਾਰ ਨੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਏ ਤੇ ਨਸ਼ਾ ਮਾਫ਼ੀਏ ਨੂੰ ਕਥਿਤ ਸਰਪ੍ਰਸਤੀ ਦਿੱਤੀ ਤੇ ਵੱਡੀ ਜਾਇਦਾਦ ਬਣਾਈ ਹੈ। ਪੁਲੀਸ ਥਾਣੇਦਾਰਾਂ ਦੀ ਮਦਦ ਨਾਲ ਗ਼ਲਤ ਕੰਮ ਕੀਤੇ ਹਨ। ਇਸੇ ਤਰ੍ਹਾਂ ਹੀ ਅੱਜ ਬਲਾਕ ਸਮਿਤੀ ਮੱਖੂ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਨੇ ਤਾਂ ਵਿਧਾਇਕ ਜ਼ੀਰਾ ਨੂੰ ਪਾਰਟੀ ’ਚੋਂ ਕੱਢੇ ਜਾਣ ’ਤੇ ਅੱਜ ਲੱਡੂ ਵੰਡੇ ਜਿਸ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਹੋਈ ਹੈ। ਦੂਜੇ ਪਾਸੇ ਵਿਧਾਇਕ ਕੁਲਬੀਰ ਜ਼ੀਰਾ ਨਾਲ ਸੰਪਰਕ ਕੀਤਾ ਪਰ ਗੱਲ ਨਹੀਂ ਹੋ ਸਕੀ।

Real Estate