ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਪਹਿਲੀ ਪੰਜਾਬੀ ਕੁੜੀ ਬਣੀ ਰਵਿੰਦਰਜੀਤ ਕੌਰ

1386

ਔਕਲੈਂਡ 18 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਲੋਹੜੀ ਦਾ ਤਿਉਹਾਰ ਇਸੇ ਹਫਤੇ ਬੀਤਿਆ ਹੈ ਜਿੱਥੇ ਨਵ ਜਨਮੇ ਪੁੱਤਰਾਂ ਦੇ ਬਰਾਬਰ ਹੀ ਨਵਜੰਮੀਆਂ ਧੀਆਂ ਦੀ ਲੋਹੜੀ ਵੰਡੀ ਗਈ ਹੈ। ਅੰਦਾਜ਼ਾ ਲਾਓ ਜੇਕਰ ਮਾਪਿਆਂ ਦੀ ਕੋਈ ਲਾਡਲੀ ਇਕ ਦਿਨ ਵੱਡਿਆਂ ਹੋ ਕੇ ਅਜਿਹਾ ਇਤਿਹਾਸ ਸਿਰਜ ਦੇਵੇ ਜਿਹੜਾ ਪਹਿਲਾਂ ਕਿਸੇ ਦੇ ਹਿੱਸਾ ਨਾ ਆਇਆ ਹੋਵੇ ਤਾਂ ਕਿਸ ਕਦਰ ਖੁਸ਼ੀ ਦਾ ਸਾਗਰ ਉਨ੍ਹਾਂ ਦੇ ਜਿਗਰ ਦੇ ਵਿਚ ਉਛਲਦਾ ਹੋਵੇਗਾ। ਦੇਸ਼ ਹੋਵੇ ਚਾਹੇ ਵਿਦੇਸ਼ ਧੀਆਂ ਅੱਜਕੱਲ੍ਹ ਹਰ ਥਾਂ ਮੂਹਰੇ ਹਨ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਖਬਰ ਹੈ ਕਿ ‘ਦਾ ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਜਿਸ ਦੀ ਸਥਾਪਨਾ ਕਿਸੇ ਹੋਰ ਰੂਪ ਨਾਲ 1913 ਦੇ ਵਿਚ ਪਹਿਲੀ ਵਾਰ ਤੇ ਫਿਰ 1 ਅਪ੍ਰੈਲ 1937 ਨੂੰ ‘ਏਅਰ ਫੋਰਸ ਐਕਟ’ (ਆਜ਼ਾਦ ਰੂਪ) ਬਣਾ ਕੇ ਕੀਤੀ ਗਈ ਅਤੇ ਇਸ ਏਅਰ ਫੋਰਸ ਨੇ ਦਰਜਨ ਤੋਂ ਵੱਧ ਜੰਗਾਂ-ਯੁੱਧਾਂ ਦੇ ਵਿਚ ਭਾਗ ਲਿਆ ਹੈ, ਦੇ ਵਿਚ ਪਹਿਲੀ ਵਾਰ 22 ਸਾਲਾ ਪੰਜਾਬੀ ਕੁੜੀ ਰਵਿੰਦਰਜੀਤ ਕੌਰ ਫਗੂੜਾ ਸ਼ਾਮਿਲ ਹੋ ਗਈ ਹੈ। ਸ। ਗੁਰਪਾਲ ਸਿੰਘ (ਸਰਗਰਮ ਸਿੱਖ ਆਗੂ) ਅਤੇ ਸ੍ਰੀਮਤੀ ਰਾਣਾ ਮਨਵੀਰ ਕੌਰ (ਜੱਦੀ ਪਿੰਡ ਰਾਮ ਨਗਰ ਢੈਹਾ (ਹੁਸ਼ਿਆਰਪੁਰ) ਦੇ ਵਲਿੰਗਟਨ ਸਥਿਤ ਗ੍ਰਹਿ ਵਿਖੇ ਇਸ ਬੱਚੀ ਨੇ 1997 ਦੇ ਵਿਚ ਜਨਮ ਲਿਆ । ਇਥੇ ਦੀ ਜੰਮਪਲ ਅਤੇ ਸਕੂਲੀ ਪੜ੍ਹਾਈ ਹੋਣ ਦੇ ਬਾਵਜੂਦ ਇਸਦੇ ਮਾਪਿਆਂ ਨੇ ਆਪਣੀ ਧੀਅ ਨੂੰ ਐਨੀ ਕੁ ਪੰਜਾਬੀ ਦੀ ਮੁਹਾਰਿਤ ਹਾਸਿਲ ਕਰਵਾ ਦਿੱਤੀ ਕਿ ਉਹ ਬੋਲਣ ਦੇ ਨਾਲ-ਨਾਲ ਪੜ੍ਹਨ ਲਿਖਣ ਵਿਚ ਵੀ ਮੁਹਾਰਿਤ ਰੱਖਦੀ ਹੈ। ਇਸ ਕੁੜੀ ਨੇ ਸੇਕਰਡ ਹਾਰਟ ਸਕੂਲ ਲੋਅਰਹੱਟ ਤੋਂ ਸਕੂਲਿੰਗ ਅਤੇ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਤੋਂ ਬੀ, ਕਾਮ ਦੇ ਵਿਚ ਗ੍ਰੈਜੂਏਸ਼ਨ ਕੀਤੀ। ਇਸਦੇ ਨਾਲ-ਨਾਲ ਇਹ ਕੁੜੀ ਵਲੰਟੀਅਰ ਤੌਰ ‘ਤੇ ‘ਏਅਰ ਫੋਰਸ ਕੈਡੇਟ ਨਿਊਜ਼ੀਲੈਂਡ’ ਦੇ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ। 13 ਸਾਲ ਦੀ ਉਮਰ ਤੋਂ 18 ਸਾਲ ਤੱਕ ਇਹ ਕੁੜੀ ਇਸੇ ਕੈਡੇਟ ਦੇ ਰਾਹੀਂ ‘ਏਅਰ ਫੋਰਸਞ ਦੇ ਵਿਚ ਭਰਤੀ ਹੋਣ ਵਾਲੇ ਆਪਣੇ ਸ਼ੌਕ ਨੂੰ ਸਿੰਜਦੀ ਰਹੀ। ਅਪ੍ਰੈਲ 2018 ਦੇ ਵਿਚ ਇਸਨੇ ਔਕਲੈਂਡ ਬੇਸ ਆ ਕੇ ਭਰਤੀ ਹੋਣ ਲਈ ਦਾਖਲਾ ਲੈ ਲਿਆ ਅਤੇ 6 ਮਹੀਨੇ ਦੀ ਸਖਤ ਟ੍ਰੇਨਿੰਗ ਦੇ ਲਈ ਚੁਣੀ ਗਈ। ਦਸੰਬਰ ਮਹੀਨੇ ਇਸਨੇ ਆਪਣੀ ਗ੍ਰੈਜੂਏਸ਼ਨ ਪਾਸ ਕਰ ਲਈ ਅਤੇ ਲੋਹੜੀ ਵਾਲੇ ਦਿਨ ਇਸਨੇ ਬਕਾਇਆ ਆਪਣੀ ਨੌਕਰੀ ਸ਼ੁਰੂ ਕਰਕੇ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਪੰਜਾਬੀ ਕੁੜੀਆਂ ਦੀ ਆਮਦ ਵਾਲਾ ਪੰਨਾ ਸੁਨਹਿਰੀ ਅੱਖਾਂ ਦੇ ਵਿਚ ਲਿਖ ਦਿੱਤਾ। ਇਕ ਹਵਾਈ ਸੈਨਾ ਦੇ ਫੌਜੀ ਵਾਂਗ ਇਸ ਕੁੜੀ ਦੀ ਟ੍ਰੇਨਿੰਗ ਹੋਈ ਹੈ, ਵਿਭਾਗ ਨੇ ਇਸ ਵੇਲੇ ਰਵਿੰਦਰਜੀਤ ਕੌਰ ਨੂੰ ‘ਸਪਲਾਈ ਅਫਸਰ’ ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਦੀ ਡਿਊਟੀ ਦੇ ਵਿਚ ਲੇਖਾ-ਜੋਖਾ ਰੱਖਣਾ ਅਤੇ ਹੋਰ ਦਫਤਰੀ ਕੰਮ ਕਰਨੇ ਹੁੰਦੇ ਹਨ। ਰਵਿੰਦਰਜੀਤ ਕੌਰ ਨੇ ਇਥੇ ਵਸਦੀਆਂ ਪੰਜਾਬੀ ਕੁੜੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਪੜ੍ਹਾਈ ਤੋਂ ਬਾਅਦ ਡਿਫੈਂਸ ਦੇ ਵਿਚ ਵੀ ਭਵਿੱਖ ਕਾਫੀ ਉਜਵਲ ਹੈ, ਸੋ ਦੇਸ਼ ਦੀ ਸੇਵਾ ਦੇ ਵਿਚ ਵੀ ਭਾਰਤੀ ਕੁੜੀਆਂ ਅੱਗੇ ਆਉਣ। ਸ਼ਾਲਾ! ਇਹ ਕੁੜੀ ਏਅਰ ਫੋਰਸ ਦੇ ਵਿਚ ਰਹਿੰਦਿਆ ਆਪਣਾ, ਆਪਣੇ ਮਾਪਿਆਂ ਅਤੇ ਨਿਊਜ਼ੀਲੈਂਡ ਵਸਦੀ ਸਮੁੱਚੇ ਭਾਰਤੀਚਾਰੇ ਦਾ ਨਾਂਅ ਹੋਰ ਰੌਸ਼ਨ ਕਰੇ।

Real Estate