ਸੁਖਨੈਬ ਸਿੰਘ ਸਿੱਧੂ
ਇੱਕ ਲਾਈਲੱਗ ਅਤੇ ਫੂਹੜ ਕਿਸਮ ਦਾ ਇਨਸਾਨ ਕਿੱਡਾ ਵੱਡਾ ਸਾਮਰਾਜ ਖੜ੍ਹਾ ਕਰੀ ਬੈਠਾ ਸੀ ਕਿਸੇ ਨੇ ਕਿਆਸਿਆ ਨਹੀਂ ਹੋਣਾ ਉਹ ਦਿਨ ਵੀ ਆਉਣੇ ਜਦੋਂ ਇਸ ਸਾਮਰਾਜ ਤੋਂ ਚੱਤੋਪਹਿਰ ਲਾਹਾ ਲੈਣ ਵਾਲੇ ਲੋਕ ਕਿਨਾਰਾ ਕਰ ਲੈਣਗੇ। ਗੁਰਮੀਤ ਰਾਮ ਰਹੀਮ ਦਾ ਕੋਈ ਸਿਆਸੀ , ਧਾਰਮਿਕ , ਵਿਦਿਅਕ ਅਤੇ ਸਭਿਅਕ ਪਿਛੋਕੜ ਨਹੀਂ ਰਿਹਾ। ਬਹੁਤੇ ਤੱਥ ਨੇ ਜੋ ਸਾਹਮਣੇ ਹਨ ਕਿ ਉਹ, ਗੁਰਜੰਦ ਸਿੰਘ ਰਾਜਸਥਾਨੀ ,ਜੋ ਉਹਨਾਂ ਵੇਲਿਆਂ ਦੀਆਂ ਖਾੜਕੂ ਸਫ਼ਾਂ ‘ਚ ਸ਼ਾਮਿਲ ਸੀ ( ਚੱਲਦੀ ਲਹਿਰ ਚੰਗੇ ਜਾਂ ਮਾੜੇ ਸਾਰੇ ਪਾਸੇ ਸ਼ਾਮਿਲ ਹੁੰਦੇ ਹਨ ) ਦੇ ਸਹਿਯੋਗ ਨਾਲ ਡੇਰਾ ਸਿਰਸਾ ਦੀ ਗੱਦੀ ‘ਤੇ ਕਾਬਜ਼ ਹੋਇਆ ਸੀ। ਲੋਕ ਤਾਂ ਮੂੰਹੋ -ਮੂੰਹੀ ਕੁਝ ਹੋਰ ਵੀ ਗੱਲਾਂ ਕਰਦੇ ਪਰ ਆਪਾਂ ਉਹ ਕਰਾਂਗੇ ਜੋ ਠੋਸ ਹੋਵੇ। ਖੈਰ , ਗੁਰਮੀਤ ਸਿੰਘ ਸੱਚਾ ਸੌਦਾ ਦੇ ਸਿੰਘਾਸਨ ‘ਤੇ ਕਾਬਜ਼ ਹੋਇਆ ਤਾਂ ਉਹ ਸਤਿਗੁਰੂ ਗੁਰਮੀਤ ਰਾਮ ਰਹੀਮ ਸਿੰਘ ਕਹਾਉਣ ਲੱਗਾ। ਪੈਰੋਕਾਰਾਂ ਨੇ ਕਿਹੜਾ ਸੋਚਣਾ ਸੀ ਕਿਉਂਕਿ ਅੰਨੀ ਸ਼ਰਧਾ ਜੋ ਹੋਈ । ਭਾਵੇਂ ਇਹ ਆਪਣੇ ਨਾਂਮ ਬਾਕੀਆਂ ਧਰਮਾਂ ਵਾਲੇ ਨਾਂਮ ਵੀ ਜੋੜ ਲੈਂਦਾ ਉਹਨਾ ਦਾ ਤਾਂ ‘ਪਿਤਾ ਜੀ ‘ ਸੀ । ਕੁਝ ਲੋਕ ਪੱਖੀ ਕਾਰਜ ਹੋਏ ਤਾਂ ਆਰਥਿਕ ਗਰੀਬਾਂ ਤੋਂ ਮੂਹਰੇ ਮਾਨਸਿਕ ਗਰੀਬਾਂ ਦੀਆਂ ਲਾਈਨਾਂ ਇਸਦੇ ਕੋਲ ਲੱਗਣ ਲੱਗੀਆਂ । ਡੇਰੇ ਦੇ ਪੈਰੋਕਾਰ ਨੇ ਸਮੇਂ ਸਮੇਂ ਸਮਾਜ ਸੇਵਾ ‘ਚ ਹਿੱਸਾ ਪਾਇਆ ਤਾਂ ਇਸਦਾ ਲਾਹਾ ਗੁਰਮੀਤ ਰਾਮ ਰਹੀਮ ਨੂੰ ਮਿਲਿਆ। ਸਿਆਸਤਦਾਨ ਅਤੇ ਸਰਕਾਰ ਮਸ਼ੀਨਰੀ ਡੇਰੇ ‘ਚ ਚੌਕੀਆਂ ਭਰਨ ਨੱਕ ਰਗੜਣ ਲੱਗੀ ਤਾਂ ਇੱਕ ਹਲ ਵਾਹ ਵਿਅਕਤੀ ਦਾ ਦਿਮਾਗ ਖਰਾਬ ਹੋਣਾ ਹੀ ਸੀ । ਸਿਆਸੀ ਆਗੂਆਂ ਦੀ ਛੱਤਰ ਛਾਇਆ , ਸੱਤਾ ਦਾ ਸਰੂਰ ਅਤੇ ਸੂਝ ਬੂਝ ਤੋਂ ਕੋਰਾ ਇਹ ‘ਡੇਰੇਦਾਰ’ ਆਪਣੇ ਆਪ ਨੂੰ ਰੱਬ ਸਮਝਣ ਲੱਗਾ । ਕੁਝ ਗਲਤੀਆਂ ਆਪ ਕੀਤੀਆਂ ਹੋਣੀਆਂ ਉਸ ਤੋਂ ਕਈ ਗੁਣਾਂ ਜਿ਼ਆਦਾ ਉਸਦਾ ਅਮਲਾ ਫੈਲਾ ਕਰਦਾ ਰਿਹਾ । ਜਿਹੜਾ ਲੱਖਾਂ ਰੁਪਏ ‘ਚ ਸੇਬ ਦੀਆਂ ਟੋਕਰੀਆਂ ਪ੍ਰਸ਼ਾਦ ਕਹਿ ਕੇ ਵੇਚ ਦਿੰਦਾ ਸੀ । ਜਿਸਨੂੰ ਨਾ ਸੁਰ ਦੀ ਸਮਝ ਸੀ ਨਾ ਤਾਲ ਦੀ ਉਹ ਗਾਇਕ , ਐਕਟਰ ਆਦਿ ਬਣਕੇ ‘ਵਾਹਯਾਤ’ ਫਿਲਮਾਂ ਬਣਾ ਰਿਹਾ । ਪੈਸੇ ਦਾ ਲਾਚਚੀ ਮੀਡੀਆ ਉਸਦੀ ਹਊਮੈ ਨੂੰ ਹੋਰ ਪੱਠੇ ਪਾਉਂਦਾ ਰਿਹਾ ।ਡੇਰੇ ਦਾ ਮਨੋਰਥ ਕਦੇ ਅਧਿਆਤਮਵਾਦ ਹੁੰਦਾ ਸੀ । ਪਰ ਹੁਣ ਰਾਮ ਰਹੀਮ ਦਾ ‘ਹਰਮ’ ਸੀ , ਜਿੱਥੇ ਮਾਪਿਆਂ ਦੀ ਅਸਿੱਧੀ ਸਹਿਮਤੀ ਨਾਲ ਬਲਾਤਕਾਰ ਹੁੰਦੇ ਸਨ। ਮੁਟਿਆਰ ਧੀ ਨੂੰ ਕੋਈ ਆਪਣੇ ਘਰ ਕੱਲੀ ਨਹੀਂ ਛੱਡਦਾ , ਇੱਥੇ ਅਜਿਹੇ ਸਾਧਾਂ ‘ਤੇ ਡੇਰਿਆਂ ‘ਤੇ ਭੇਜਣ ਵਾਲੇ ‘ ਸ਼ਰਧਾਆਲੂਆਂ’ ਦਾ ਘਾਟਾ ਨਹੀਂ ।
ਡੇਰੇ ਉਹ ਸਭ ਗੱਲਾਂ ਹੋਈਆਂ ਜੋ ਸੱਤਾ ਦੇ ਨਸ਼ੇ ‘ਚ ਕੋਈ ਕਰ ਸਕਦਾ । ਅਖੀਰ 2002 ਵਿੱਚ ਇੱਕ ਗੁੰਮਨਾਮ ਚਿੱਠੀ ਬਾਹਰ ਆਈ । ਜਿਸ ਵਿੱਚ ਡੇਰੇਦਾਰ ਵੱਲੋਂ ਸਾਧਵੀਆਂ ਨਾਲ ਬਲਾਤਕਾਰ ਦਾ ਕਰਨ ਕੱਚਾ ਚਿੱਠਾ ਸੀ । ਇਹ ਚਿੱਠੀ ਲਗਭਗ ਸਾਰੇ ਮੀਡੀਆ ਹਾਊਸਾਂ ਕੋਲ ਗਈ ਤਾਂ ਦੋ ਤਿੰਨਾਂ ਨੂੰ ਛੱਡ ਕੇ ਕਿਸੇ ਦਾਂ ‘ਹੀਆਂ’ ਨਾ ਪਿਆ । ਚੰਡੀਗੜ੍ਹ ਤੋਂ ਛੱਪਦੇ ਕਾਮਰੇਡਾਂ ਦੇ ਅਖ਼ਬਾਰ ‘ਦੇਸ਼ ਸੇਵਕ ‘ ਨੇ ਇਹ ਚਿੱਠੀ ਛਾਪੀ , ਪਰ ਪੰਜਾਬੀਆਂ ਦੇ ਅਲੰਬਰਦਾਰ’ ਅਖਬਾਰ ਰਾਮ ਰਹੀਮ ਦਾ ਇਸ਼ਤਿਹਾਰ ਛਾਪਿਆ ਜਦੋਂ ਉਹ ਉਹਨੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾਈ ।ਪਰ ਉਸਤੋਂ ਪਹਿਲਾਂ ਸਿਰਸਾ ਦੇ ਰੋਜ਼ਾਨਾ ਆਥਣੇ ਛੱਪਣ ਵਾਲੇ ਛੋਟੇ ਜਿਹੇ ਅਖ਼ਬਾਰ’ ਪੂਰਾ ਸੱਚ’ ਦੇ ਸੰਪਾਦਕ ਰਾਮ ਚੰਦਰ ਛੱਤਰਪਤੀ ਨੇ ‘ਵੱਡਾ ਜੇਰਾ’ ਕਰਕੇ ਇਸ ਚਿੱਠੀ ਨੂੰ ਛਾਪਿਆ।
ਪੂਰਾ ਸੱਚ ਰਾਹੀ ਵਾਅਵਾ ਸੱਚ ਸਾਹਮਣੇ ਆਉਣ ਮਗਰੋਂ ਅਕਤੂਬਰ 2002 ਵਿੱਚ ਛੱਤਰਪਤੀ ਨੂੰ ਉਸਦੇ ਘਰੋਂ ਵਾਜ ਮਾਰ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ। ਜ਼ਖਮੀ ਛੱਤਰਪਤੀ ਨੂੰ ਸੰਭਾਲਣ ਲਈ ਸਭ ਤੋਂ ਪਹਿਲਾਂ ਅੰਸ਼ਲ , ਉਸਦੀ ਭੈਣ ਤੇ ਛੋਟਾ ਭਰਾ ਆਉਂਦੇ ।
ਅੰਸ਼ਲ ਦੀ ਉਮਰ ਉਦੋਂ 21-22 ਸਾਲ ਸੀ , ਬੀਏ ਭਾਗ ਪਹਿਲਾ ਦਾ ਵਿਦਿਆਰਥੀ । ਏਨੀ ਕੁ ਉਮਰ ਅਤੇ ਸਿਰੇ ਦੇ ਗੁੰਡੇ ਨਾਲ ਸਿੱਧਾ ਵਾਹ। ਜਿਹਨੂੰ ਹਰੇਕ ਸਿਆਸੀ ਆਗੂ ਬਚਾਉਂਦਾ ਆਇਆ ਹੋਵੇ।
ਮੇਰੀ ਅੰਸ਼ਲ ਤੇ ਉਸਦੀ ਭੈਣ ਨਾਲ ਇੱਕ ਇੱਕ ਵਾਰ ਗੱਲ ਹੋਈ ਹੈ ਪਰ ਉਹਨਾਂ ਦਾ ਹਿੰਮਤ ਦੀ ਦਾਦ ਦਿੰਨਾਂ ਜਿੰਨ੍ਹਾਂ ਨੇ ਸਮਝੌਤਾ ਕਰਨ ਦੀ ਬਜਾਏ ਇਨਸਾਫ ਮੰਗਿਆ । ਨਹੀਂ ਤਾਂ ਕਰੋੜਾਂ ਰੁਪਏ ਜਦੋਂ ਮਰਜ਼ੀ ਗੁਰਮੀਤ ਰਾਮ ਰਹੀਮ ਤੋਂ ਲੈ ਕੇ ਚੁੱਪ ਕਰ ਜਾਂਦੇ । ਪਰ ਇਹਨਾਂ ਮਾਸੂਮ ਯੋਧਿਆਂ ਨੇ ਜੋ ਮਰਦਾਨਗੀ ਦਿਖਾਈ ਉਸ ਦਾ ਕਾਰਨ ਹੀ ਅੱਜ ਗੁਰਮੀਤ ਰਾਮ ਰਹੀਮ ਆਪਣੇ ਸਾਥੀਆਂ ਸਮੇਤ ਜੇਲ੍ਹ ਵਿੱਚ ਹੈ।
ਬਲਾਤਕਾਰ ਦੇ ਕੇਸ ਵਿੱਚ ਪੂਰਾ ਸੱਚ ਦੀ ਖ਼ਬਰ ਅਤੇ ਛੱਤਰਪਤੀ ਦੇ ਕਤਲ ਕੇਸ ਦਾ ਮਜਬੂਤ ਆਧਾਰ ਸੀ ਜਿਸਦਾ ਵਜਾਹ ਨਾਲ ਇਸ ਭੇੜੀਏ ਨੂੰ ਨੱਥ ਪਈ ਹੈ।
ਅੰਸ਼ਲ ਦੀ ਇੱਕ ਇੰਟਰਵਿਊ ਪੜ੍ਹ ਰਿਹਾ ਸੀ ਿਜਸ ਵਿੱਚ ਉਸਨੇ ਕਿਹਾ ਕਿ ਮੇਰੇ ਪਿਤਾ ਜੀ ਮੌਤ ਮਗਰੋਂ ਪੱਤਰਕਾਰਾਂ , ਵਕੀਲਾਂ ਅਤੇ ਹੋਰ ਲੋਕਾਂ ਨੇ ਲੜਾਈ ਸਾਡਾ ਸਾਥ ਦਿੱਤਾ ਜਿੰਨ੍ਹਾਂ ਦੇ ਛੱਤਰਪਤੀ ਜੀ ਕੁਝ ਲੱਗਦੇ ਨਹੀਂ ਸਨ। ਸਾਡਾ ਤਾਂ ਫਿਰ ਵੀ ਬਾਪ ਸੀ ਅਸੀਂ ਕਿਵੇਂ ਪਿੱਛੇ ਹੱਟ ਸਕਦੇ ਸੀ ।
ਉਸਦੇ ਛੋਟਾ ਭਰਾ ਉਦੋਂ 14 ਸਾਲ ਦਾ ਸੀ , ਉਸਨੇ ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਪਹਿਲੀ ਐਫ ਆਰਆਈ ਦਰਜ ਕਰਾਈ ਸੀ ।
ਬੇਸੱਕ ਛੱਤਰਪਤੀ ਪਰਿਵਾਰ ਲਈ ਅੱਜ ਵੀ ਬਹੁਤ ਚੁਣੌਤੀਆਂ ਹਨ ਪਰ ਹੁਣ ਦੇਸ਼ ਦੀਆਂ ਅਦਾਲਤਾਂ ‘ਤੇ ਹੋਰ ਲੋਕਾਂ ਨੂੰ ਭਰੋਸਾ ਹੋਵੇਗਾ ਕਿ ਰਾਤ ਲੰਬੀ ਹੋ ਸਕਦੀ ਹੈ ਪਰ ਸਵੇਰਾ ਆਉਣਾ ਹੀ ਹੁੰਦਾ ।
ਅੰਸ਼ਲ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਕਿ , ਕੌਣ ਕਹਿਤਾ ਹੈ ਆਸਮਾਂ ਮੇਂ ਛੇਕ ਹੋ ਨਹੀਂ ਸਕਤਾ , ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ’ ।
ਇਰਾਦਾ ਹੋਵੇ ਤਾਂ ਅੰਸਲ ਛੱਤਰਪਤੀ ਵਰਗਾ
Real Estate