ਕੀ ਕਾਰਨ ਸਨ ਕਿ ਇੱਕ ਸਾਧਾਰਨ ਸਾਧ ਪੰਜਾਬ ਦੀ ਧਰਤੀ ‘ਤੇ ਸ਼ਹਿਨਸ਼ਾਹ ਬਣ ਬੈਠਾ……?

1561
ਅੰਨ੍ਹੀ ਸ਼ਰਧਾ ਹਮੇਸ਼ਾ ਹੀ ਖ਼ਤਰਨਾਕ ਹੁੰਦੀ ਹੈ। ਬੇਸ਼ੱਕ ਓਹ ਧਾਰਮਿਕ ਹੋਵੇ ਜਾਂ ਰਾਜਨੀਤਕ। ਇਹਨਾਂ ਦੋਵੇਂ ਖੇਤਰਾਂ ਬਾਰੇ ਲਿਖਣਾ ਲੇਖਕ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। 2008 ‘ਚ ਜਦੋਂ ਖੁਰਮੀ ਨੇ ਇਹ ਲੇਖ ਲਿਖਿਆ ਸੀ ਤਾਂ ਸਿੱਧੇ ਅਸਿੱਧੇ ਢੰਗ ਨਾਲ ਧਮਕੀਆਂ ਜਾਂ ਉਲਾਂਭਿਆਂ ਦਾ ਦੌਰ ਚੱਲਿਆ ਸੀ। ਪਰ ਉਸਨੇ ਆਪਣਾ ਕਲਮ-ਧਰਮ ਨਿਭਾਉਂਦਿਆਂ ਕਿਸੇ ਨਾਲ ਵੀ ਤਲਖ਼ਬਾਜ਼ੀ ਨਹੀਂ ਸੀ ਕੀਤੀ ਸਗੋਂ ਲਿਖਤ ਦਾ ਜਵਾਬ ਲਿਖਤ ਨਾਲ ਦੇਣ ਦੀ ਗੱਲ ਆਖੀ ਸੀ। ਪੇਸ਼ ਹੈ ਇਸ ਡੇਰੇ ਦੀ ਚੜ੍ਹਾਈ ਪਿਛਲੇ ਕਾਰਨਾਂ ਨੂੰ ਉਜਾਗਰ ਕਰਦਾ ਲੇਖ।

-ਸੰਪਾਦਕ
“ਪੰਜਾਬੀ ਨਿਊਜ਼ ਆਨਲਾਈਨ”

         

      ਸਰਸੇ ਵਾਲੇ ਡੇਰੇ ਦੀ ਸ਼ਾਖ ਕਿਵੇਂ ਵਧੀ…..?

   ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

ਕਿਸੇ ਵੇਲੇ ਪੰਜਾਬ ਦੀ ਧਰਤੀ ਬਾਰੇ ਤਸੱਵਰ ਕੀਤਾ ਜਾਂਦਾ ਸੀ ਕਿ ਇਹ ਉਹ ਧਰਤੀ ਹੈ ਜਿੱਥੇ ‘ਸਿੱਖ’ ਨਾਂ ਦੀ ਮਜਲੂਮਾਂ ਦੀ ਪਤ ਬਚਾਉਣ, ਕਿਰਤ ਕਰਨ, ਨਾਮ ਜਪਣ, ਵੰਡ ਛਕਣ ਵਾਲੀ ਸਬਰ ਵਾਲੀ ਤੇ ਦਲੇਰ ਕੌਮ ਵਸਦੀ ਹੈ। ਪਰ ਵੇਲੇ ਦੇ ਵਹਾਅ ਨੇ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਇਹ ਧਾਰਨਾ ਸਿਰਫ ਕਿਤਾਬਾਂ ਦਾ ਸ਼ਿੰਗਾਰ ਬਣਕੇ ਹੀ ਨਾ ਰਹਿ ਜਾਵੇ ਕਿਉਂਕਿ ਬੀਤੇ ਸਮਿਆਂ ਵਿੱਚ ਵਾਪਰੇ ਅਮਲ ਅਤੇ ਅਜੋਕੇ ਉਲਝੇ ਤਾਣੇ ਬਾਣੇ ਤੋਂ ਇਓਂ ਭਾਸਦਾ ਹੈ ਕਿ ਪੰਜਾਬ ਵਿੱਚ ਹੁਣ ਸਿੱਖ ਅਖਵਾਉਣ ਵਾਲੇ ਲੋਕਾਂ ਦੀ ਬਜਾਏ ਅਕਾਲੀ, ਕਾਂਗਰਸੀ ਜਾਂ ਸਿਰਸੇ ਵਾਲੇ ਪ੍ਰੇਮੀ ਵਧੇਰੇ ਵਸਦੇ ਹੋਣ। ਮੈਂ ਉਹ ਤਲਖ ਹਕੀਕਤ ਪਾਠਕਾਂ ਦੀ ਨਜਰ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ ਜੋ ਇੱਕ ਪੱਤਰਕਾਰ ਵਜੋਂ ਵਿੱਚਰਦਿਆਂ ਪੰਜਾਬ ਦੇ ਮਾਹੌਲ ਵਿੱਚ ਤੱਕੀ ਸੀ, ਘੋਖੀ ਸੀ। ਸਿੱਖ ਪੰਥ ਜਿਸ ਦੀ ਨੀਂਹ ਬਾਜਾਂ ਵਾਲੇ, ਸੰਤ ਸਿਪਾਹੀ, ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਸੀ। ਮਾਤਾ, ਪਿਤਾ, ਪੁੱਤਰ ਤੇ ਆਪਾ ਵਾਰਕੇ ਜੋ ਸਿੱਖੀ ਦਾ ਮਹਿਲ ਉਸਾਰਿਆ ਸੀ ਉਸ ਮਹਿਲ ਦੀਆਂ ‘ਰੇਹੀ’ ਦਾ ਕੰਮ ਕੀਤਾ ਸਰਸੇ ਦੇ ਸਾਧ ਗੁਰਮੀਤ ਰਾਮ ਰਹੀਮ ਸਿੰਘ ਨੇ। ਜਿਸਨੇ ਅੰਮ੍ਰਿਤ ਛਕਾਉਣ ਵਾਂਗ ਸਿਰ ਕਲਗੀ ਸਜਾਕੇ, ਦਸਮ ਪਿਤਾ ਵਾਂਗ ਬਾਣਾ ਪਹਿਨ ਕੇ ਆਪਣੀ ‘ਪ੍ਰੇਮੀ ਕੌਮ’ ਨੂੰ ‘ਜਾਮ-ਏ-ਇੰਸਾਂ’ ਪਿਆਉਣ ਦਾ ਵਿੱਢ ਵਿੱਢਿਆ ਸੀ।  ‘ਪੰਜਾਬ ਦੀ ਆਵਾਜ਼’ ਵਜੋਂ ਜਾਣੇ ਜਾਂਦੇ ਅਖਬਾਰ ਚ ਛਪੇ ਇਸ਼ਤਿਹਾਰ ਨੇ ਐਸਾ ਬੂਲਾ ਖੜਾ੍ਹ ਕੀਤਾ ਕਿ ਸਭ ਤੋਂ ਪਹਿਲਾਂ ਇਸ ਦਾ ਸ਼ਿਕਾਰ ਬਠਿੰਡਾ ਹੋਇਆ ਜਿੱਥੇ ਆਪਣੇ ‘ਪਿਤਾ ਜੀ’ ਦੀ ਕਰਤੂਤ ਵਿਰੁੱਧ ਉੱਠੀਆਂ ਆਵਾਜਾਂ ਨੂੰ ਦਬਾਉਣ ਲਈ ਜਾਮ-ਏ-ਇੰਸਾਂ ਪੀ ਕੇ ਇਨਸਾਨ ਬਣੇ ਪ੍ਰੇਮੀਆਂ ਨੇ ਆਪਣੇ ਪਸ਼ੂਪੁਣੇ ਦਾ ਰੱਜ ਕੇ ਪ੍ਰਦਰਸ਼ਨ ਕੀਤਾ। ਜਿੱਥੇ ਉਹਨਾਂ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਤੱਕ ਫੂਕ ਸੁੱਟੀਆਂ। ਮਾਲਵੇ ਦੀ ਧੁੰਨੀ Ḕਚ ਵਸੇ ਪਿੰਡ ਨਾਲ ਸੰਬੰਧਤ ਹੋਣ ਅਤੇ ਸਿਰਸੇ ਡੇਰੇ ਦੀ ਉਪ ਬ੍ਰਾਂਚ ਸਲਾਬਤਪੁਰੇ ਤੋਂ 6-7 ਕੁ ਮੀਲ ਦੂਰ ਕਰਕੇ ਮੈਂ ਖਾਸ ਤੌਰ ਤੇ ਮਾਲਵੇ ਅੰਦਰ ਫੈਲੀ ਬਦਅਮਨੀ ਦੀ ਅੱਗ ਦਾ ਸੇਕ ਖੁਦ ਤੱਕਿਆ ਤੇ ਲਿਖਿਆ। ਇਸ ਵਰਤਾਰੇ ਤੋਂ ਬਾਅਦ ਪਿੰਡ ਪਿੰਡ ਸਾਧ ਦੇ ਪੁਤਲੇ ਫੂਕੇ ਜਾਣ ਲੱਗੇ, ਪ੍ਰੇਮੀਆਂ ਤੇ ਸਿੱਖ ਧਿਰਾਂ ਵਿਚਕਾਰ ਝੜਪਾਂ ਹੋਣ ਲੱਗੀਆਂ। ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਬਾਦ ਸਿਰੋਪੇ ਦੇ ਦੇ ਕੇ ਪ੍ਰੇਮੀਆਂ ਦੀ ਸਿੱਖ ਧਰਮ Ḕਚ ਵਾਪਸੀ ਦੀਆਂ ਖਬਰਾਂ ਛਪਦੀਆਂ ਰਹੀਆਂ। ਪਰ ਸਰਸੇ ਵਾਲਾ ਸਾਧ ਅੱਜ ਵੀ ਆਪਣੇ ਪੈਰੋਕਾਰਾਂ ਨੂੰ ਡੇਰੇ ਉੱਪਰ ਵਿਸ਼ਵਾਸ ਬਣਾਈ ਰੱਖਣ ਦਾ ਪ੍ਰਚਾਰ ਨਿਰੰਤਰ ਕਰੀ ਜਾ ਰਿਹਾ ਹੈ ਜਿਵੇਂ ਉਸਨੂੰ ਪਹਿਲਾਂ ਹੀ ਪਤਾ ਹੋਵੇ ਕਿ ਉਸਨੂੰ ਕੁਝ ਨਹੀਂ ਹੋਣ ਲੱਗਾ। ਕੋਈ ਮੰਨੇ ਜਾਂ ਨਾ ਮੰਨੇ ਕਿ ਜਿਹੜੇ ਉਸਦੀ ਕਿਸ਼ਤੀ ‘ਚ ਸਵਾਰ ਹੋ ਚੁੱਕੇ ਹਨ ਉਹਨਾਂ ਨੂੰ ਭਾਵੇਂ ਲੱਖ ਸਿਰੋਪੇ ਦੇ ਦਿੱਤੇ ਜਾਣ ਉਹ ਸਾਧ ਨਾਲੋਂ ਦਿਲੋਂ ਵਫਾਦਾਰੀ ਨਹੀਂ ਬਦਲਣ ਲੱਗੇ ਕਿਉਂਕਿ ਉਸਨੇ ਐਨੇ ਵਿਉਂਤਬੰਦ ਢੰਗ ਨਾਲ ਉਹਨਾਂ ਭੋਲੇ ਭਾਲੇ ਲੋਕਾਂ ਦੇ ਦਿਮਾਗ ਧੋ ਕੇ ਆਪਣਾ ਪ੍ਰਚਾਰ ਤੁੰਨਿਆ ਹੋਇਆ ਹੈ ਕਿ ਆਪਣੇ ਨਾਵਾਂ ਨਾਲ ਸਿੰਘ ਸ਼ਬਦ ਲੱਗੇ ਹੋਣ ਦੇ ਬਾਵਜੂਦ ਵੀ ਉਸਦੇ ਪੈਰੋਕਾਰ ਆਪਣੇ ਆਪ ਨੂੰ ਸਿੱਖ ਮੰਨਣ ਤੋਂ ਇਨਕਾਰੀ ਹੋਏ ਪਏ ਹਨ। ਸਾਧ ਵੱਲੋਂ ‘ਜਾਮ-ਏ-ਇੰਸਾਂ’ (ਇਨਸਾਨੀਅਤ ਦਾ ਪੈੱਗ) ਪਿਆਉਣ ਤੋਂ ਬਾਦ ਉਸਦੇ ਦਿਸ਼ਾ ਨਿਰਦੇਸਾਂ ਤੇ ਸਭ ਪ੍ਰੇਮੀਆਂ ਨੇ ਆਪਣੇ ਨਾਵਾਂ ਨਾਲੋਂ ਸਿੰਘ ਸ਼ਬਦ ਹਟਾਕੇ ਇੰਸਾਂ ਲਗਾ ਲਿਆ ਹੈ। ਉਹਨਾਂ ਬਹੁਤ ਬੁਰੀ ਤਰ੍ਹਾਂ ਗੁੰਮਰਾਹ ਹੋਏ ਲੋਕਾਂ ਨੂੰ ਕੋਈ ਕੀ ਸਮਝਾਵੇ ਕਿ ਜਿਹੜਾ ਸਾਧ ਤੁਹਾਨੂੰ ਅੱਜ ਇਨਸਾਨ ਬਣਾਉਣ ਲਈ ਮਿੱਠਾ ਸ਼ਰਬਤ ਪਿਆ ਰਿਹਾ ਹੈ, ਉਹ ਪਹਿਲਾਂ ਤੁਹਾਨੂੰ ਭੇਡਾਂ ਬੱਕਰੀਆਂ ਸਮਝ ਕੇ ਹੀ ਆਪਣੇ ਮਗਰ ਤੋਰੀ ਫਿਰਦਾ ਆ ਰਿਹਾ ਹੈ?
ਇੱਥੋਂ ਕੁ ਤੱਕ ਅਤੀਤ ਦੀ ਗੱਲ ਕਰਨ ਤੋਂ ਬਾਦ ਆਪਾਂ ਇਹ ਚਰਚਾ ਕਰਦੇ ਹਾਂ ਕਿ ਉਹ ਕਿਹੜੇ ਹਾਲਾਤ ਸਨ ਜਿਹਨਾਂ ਕਰਕੇ ਸਰਸੇ ਵਾਲਾ ਸਾਧ ਗੁਰਮੀਤ ਸਿੰਘ ਤੋਂ ‘ਪਰਮ ਪਿਤਾ ਗੁਰਮੀਤ ਰਾਮ ਰਹੀਮ ਸਿੰਘ’ ਬਣਕੇ ਸਿੱਖ ਗੁਰੂਆਂ ਦੀ ਧਰਤੀ ਤੇ ਪੱਕੇ ਪੈਰੀਂ ਹੋਇਆ ?
ਜਿਆਦਾ ਡੂੰਘਾਈ ‘ਚ ਨਾ ਜਾਈਏ ਤਾਂ ਸਿੱਖੀ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਸਦੇ ਪ੍ਰਚਾਰਕਾਂ ਦੀ ਢਿੱਲ ਨੇ ਪੰਜਾਬ ਦੀ ਮਧੁਰ ਬਾਣੀ ਨਾਲ ਗੜੁੱਚ ਫ਼ਿਜਾ ਵਿੱਚ ‘ਸਾਧਵਾਦ’ ਨੂੰ ਬੜਾਵਾ ਦੇਣ ਦਾ ਕੰਮ ਬਾਖੂਬੀ ਕੀਤਾ। ਆਪਣੀ ਉਮਰ ਦਾ 30ਵਾਂ ਵਰ੍ਹਾ ਪਾਰ ਕਰ ਲੈਣ ਤੱਕ ਮੈਂ ਕਦੇ ਨਹੀਂ ਤੱਕਿਆ ਕਿ ਪਿੰਡਾਂ ਵਿੱਚ ਕੋਈ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਜਿਸ ਨਾਲ ਭੋਲੇ ਭਾਲੇ ਪੇਂਡੂ ਜਾਗਰਿਤ ਹੋ ਸਕਣ। ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਹਰ ਵੇਲੇ ਜਾਤ ਪਾਤ ਮਿਟਾਉਣ ਦੀ ਸਿੱਖਿਆ ਮਿਲਦੀ ਹੈ ਅਸੀਂ ਅੱਜ ਤੱਕ ਉਸ ਸਿੱਖਿਆ ਤੇ ਹੀ ਅਮਲ ਕਰ ਜਾਂ ਕਰਾ ਨਹੀਂ ਸਕੇ। ਹੈ ਕੋਈ ਸਿੱਖ ਜੋ ਬਾਂਹ ਉੱਚੀ ਕਰਕੇ ਕਹੇ ਕਿ ਮੈਂ ਆਪਣੇ ਖੇਤ ਜਾਂ ਘਰ ਦਿਹਾੜੀ ਤੇ ਕੰਮ ਕਰਨ ਵਾਲੇ ਕਾਮੇ ਮਜ਼ਦੂਰ ਨਾਲ ਇੱਕ ਥਾਲੀ, ਇੱਕ ਕੌਲੀ Ḕਚ ਕੱਠਿਆਂ ਬੈਠ ਕੇ ਰੋਟੀ ਖਾਧੀ ਹੋਵੇ। ਬਿਲਕੁਲ ਨਹੀਂ, ਸਗੋਂ ਉਸਦੇ ਬਰਤਨ ਵੀ ਆਪਣੇ ਬਰਤਨਾਂ ਤੋਂ ਦੂਰ ਰੱਖੇ ਜਾਂਦੇ ਹਨ। ਚਾਹ ਜਾਂ ਲੱਸੀ ਦੇਣੀ ਹੋਵੇ ਤਾਂ ਕਈ ਫੁੱਟ ਉੱਚੀ ਧਾਰ ਬੰਨ੍ਹ ਕੇ ਪਾਈ ਜਾਂਦੀ ਹੈ। ਪੜ੍ਹਨ ਨੂੰ ਭਾਵੇਂ ਇਹ ਗੱਲਾਂ ਫਾਲਤੂ ਜਿਹੀਆਂ ਪ੍ਰਤੀਤ ਹੋਣ ਪਰ ਇਹਨਾਂ ਛੋਟੇ ਛੋਟੇ ਵਖਰੇਵਿਆਂ ਤੇ ਭੇਦਭਾਵਾਂ ਨੇ ਹੀ ਸਿੱਖੀ ਨੂੰ ਖਤਰਾ ਪੈਦਾ ਕਰਨ ਵਾਲੇ ਸਾਧਾਂ ਦੀਆਂ ਡਾਰਾਂ ਪੈਦਾ ਕੀਤੀਆਂ ਹਨ। ਦਲਿਤ ਵਰਗ ਨੂੰ ਸਤਿਕਾਰ ਦੀ ਨਜਰ ਨਾ ਮਿਲਣ ਤੇ ਦਲਿਤਾਂ ਦੇ ਆਪਣੇ ਗੁਰਦੁਆਰੇ ਹੋਂਦ ਵਿੱਚ ਆਏ। ਆਪਣੇ ਹੀ ਲੋਕਾਂ ਕੋਲੋਂ ਇੱਕ ਸਿੱਖ ਵਜੋਂ ਬਣਦਾ ਸਤਿਕਾਰ ਨਾ ਮਿਲਣ ਤੇ ਭਟਕਣਾ ਦਾ ਸ਼ਿਕਾਰ ਹੋਏ ਲੋਕਾਂ ਨੂੰ ਆਪਣੇ ਲੜ ਲਾਉਣ ਦਾ ਕੰਮ ਸਰਸਾ ਡੇਰੇ ਨੇ ਜੋਰਾਂ ਸ਼ੋਰਾਂ ਨਾਲ ਵਿੱਢਿਆ। ਪਹਿਲਾਂ ਪਹਿਲ ਪ੍ਰੇਮੀ ਅਖਵਾਉਣ ਵਾਲੇ ਮੁੱਠੀ ਭਰ ਲੋਕ ḔਸਤਿਸੰਗḔ ਕਰਨ ਲਈ ਸਰਸੇ ਵੱਲ ਕੂਚ ਕਰਦੇ ਸਨ ਪਰ ਆਪਣਾ ਤੀਰ ਨਿਸ਼ਾਨੇ ਤੇ ਲੱਗਾ ਦੇਖ ਕੇ ਸਾਧ ਨੇ ਹਰ ਸ਼ਹਿਰ ਹਰ ਪਿੰਡ ਨਾਮ ਚਰਚਾ ਘਰ ਬਣਾਉਣ ਦੀ ਮੁਹਿੰਮ ਵਿੱਢੀ। ਜੇਕਰ ਸਰਸੇ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਦੀ ਖੋਪੜੀ ਨੂੰ ਕਿਸੇ ਪੱਖੋਂ ਊਣੀ ਹੋਣ ਦਾ ਖਿਆਲ ਕੀਤਾ ਜਾਵੇ ਤਾਂ ਇਹ ਇੱਕ ਬੱਜਰ ਬੇਵਕੂਫੀ ਹੋਵੇਗੀ ਕਿਉਂਕਿ ਲੋਕਾਂ ਦੇ ਐਡੇ ਵੱਡੇ ਹਜੂਮ ਨੂੰ ਜਿੱਥੇ ਸਾਡੇ ਜਥੇਦਾਰਾਂ ਤੇ ਪ੍ਰਚਾਰਕਾਂ ਦੀ ਫੌਜ ਵੀ ਆਪਣੇ ਨਾਲ ਜੋੜਨ ‘ਚ ਸਫਲ ਸਿੱਧ ਨਹੀਂ ਹੋ ਸਕੀ ਉਸ ਕੰਮ ਨੂੰ ਸਿਰਫ ਕੱਲੇ ਸਾਧ ਨੇ ਅੰਜਾਮ ਬਾਖੂਬੀ ਦਿੱਤਾ। ਪ੍ਰਚਾਰ ਨੂੰ ਤੇਜ ਕਰਦਿਆਂ ਸਰਸਾ ਪ੍ਰੇਮੀਆਂ ਦੀਆਂ ਨਾਮ ਚਰਚਾਵਾਂ ਪਿੰਡ ਪਿੰਡ ਹੋਣ ਲੱਗੀਆਂ ਤੇ ਢੋਲਕੀਆਂ ਚਿਮਟੇ ਖੜਕਣ ਲੱਗੇ। ਪ੍ਰਸ਼ਾਦ ਵਜੋਂ ਡੇਰੇ ਦੀ ਫੈਕਟਰੀ Ḕਫਾਦਰ ਕੰਪਨੀḔ ਦੇ ਬਣੇ ਬਿਸਕੁਟ ਵੰਡੇ ਜਾਂਦੇ। ਡੇਰਾ ਪ੍ਰੇਮੀਆਂ ਵੱਲੋਂ ਸਾਧ ਦੀ ਸ਼ਹਿ ਤੇ ਸਿੱਖ ਪੰਥ ਨੂੰ ਤਿਲਾਂਜਲੀ ਦੇਣਾ ਕੋਈ ਅੱਜ ਕੱਲ੍ਹ ਦੀ ਗੱਲ ਨਹੀਂ ਸਗੋਂ ਇਹ ਖਤਰੇ ਦੀ ਘੰਟੀ ਤਾਂ ਉਦੋਂ ਹੀ ਵੱਜਣ ਲੱਗ ਗਈ ਸੀ ਜਦੋਂ ਕਿਸੇ ਪ੍ਰੇਮੀ ਦੇ ਮਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਕਰਵਾਇਆ ਜਾਂਦਾ ਸਗੋਂ ‘ਨਾਮ ਚਰਚਾ’ ਮੌਕੇ ਪੰਜਾਬੀ ਗੀਤਾਂ ਦੀਆਂ ਤਰਜਾਂ ਤੇ ਸ਼ਬਦ ਗਾ ਕੇ ਬਦਾਣੇ (ਬੂੰਦੀ) ਦਾ ਪ੍ਰਸ਼ਾਦ ਵੰਡਕੇ ਹੀ ਸਾਰ ਦਿੱਤਾ ਜਾਂਦਾ ਸੀ। ਅੱਜ ਜਦੋਂ ਹਰ ਕੋਈ ਸਾਧ ਦੀ ਕਰਤੂਤ ਤੇ ਥੂ ਥੂ ਕਰੀ ਜਾ ਰਿਹਾ ਹੈ ਪਰ ਇਸ ਸ਼ਾਖ ਨੂੰ ਇੱਕ ਭਰਵਾਂ ਰੁੱਖ ਬਣਾਉਣ ਵਿੱਚ ਸਾਡੇ ਅਕਾਲੀਆਂ, ਕਾਂਗਰਸੀਆਂ ਨੇ ਵੀ ਘੱਟ ਨਹੀਂ ਗੁਜਾਰੀ। ਅੱਜ ਓਹੀ ਸਰਸੇ ਵਾਲਾ ਸਾਧ ਆਪਣੇ ਪੈਰੋਕਾਰਾਂ ਜਰੀਏ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਵੀ ਫੇਰਬਦਲ ਲਿਆ ਸਕਣ ਦੇ ਸਮਰੱਥ ਹੋਇਆ ਜਾਪਦਾ ਹੈ। ਪਿਛਲੀਆਂ ਰਾਜ ਸਭਾ ਚੋਣਾਂ ਵਿੱਚ ਇੱਕ ਕਾਂਗਰਸੀ ਲੀਡਰ ਨਾਲ ਸਾਧ ਦੀ ਕੁੜਮਚਾਰੀ ਹੋਣ ਕਰਕੇ ਸਾਧ ਨੇ ਆਪਣੇ ਪ੍ਰੇਮੀਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਲਈ ਆਦੇਸ਼ ਦਿੱਤਾ ਜਿਸ ਸਦਕਾ ਪੰਥਕ ਮੁੱਦਿਆਂ ਤੇ ਚੋਣਾਂ ਲੜਨ ਵਾਲਾ ਅਕਾਲੀ ਦਲ (ਬ) ਮਾਲਵਾ ਖਿੱਤੇ ‘ਚ ਮੂਧੇ ਮੂੰਹ ਡਿੱਗਾ। ਪਰ ਇਹ ਗੱਲ ਸੋਲਾਂ੍ਹ ਆਨੇ ਸੱਚ ਹੈ ਕਿ ਸਾਧ ਦੇ ਵੋਟ ਬੈਂਕ ਨੂੰ ਆਪਣੇ ਵਿਹੜੇ ਵਿੱਚ ਸੁੱਟਣ ਲਈ ਕਾਂਗਰਸੀਆਂ ਤੇ ਅਕਾਲੀਆਂ ‘ਚੋਂ ਕੋਈ ਨਹੀਂ ਬਚਿਆ ਜੋ ਸਾਧ ਦੇ ਪੈਰੀਂ ਨਾ ਡਿੱਗਿਆ ਹੋਵੇ।
ਅਜੋਕੇ ਖਰਚੀਲੇ ਯੁਗ ਵਿੱਚ ਕਿਸੇ ਵੀ ਪ੍ਰਚਾਰ ਲਈ ਵਿੱਤੀ ਸਾਧਨਾਂ ਦੀ ਲੋੜ ਮਹਿਸੂਸ ਹੁੰਦੀ ਹੈ ਪਰ ਕੱਲੇ ਸਾਧ ਨੇ ਅੰਤਾਂ ਦੇ ਧੂਆਂਧਾਰ ਪ੍ਰਚਾਰ ਲਈ ਮਾਇਆ ਕਿੱਥੋਂ ਲਿਆਂਦੀ ? ਲਓ ਸੁਣੋ, ਅੱਜ ਜਦੋਂ ਸਾਡੇ ਸਿੱਖ ਗੋਲਕਾਂ ਉੱਪਰ ਕਬਜੇ ਕਰਨ ਲਈ ਤਰਲੋ ਮੱਛੀ ਹੋਏ ਰਹਿੰਦੇ ਹਨ ਉਦੋਂ ਸਾਧ ਨੇ ਐਸਾ ਇੰਤਜਾਮ ਕੀਤਾ ਕਿ ਨਾ ਕੋਈ ਗੋਲਕ ਹੋਵੇ, ਨਾ ਕੋਈ ਲੜ ਲੜ ਮਰੇ ਤੇ ਨਾ ਕੋਈ ਨਕਦ ਮੱਥਾ ਟੇਕੇ। ਡੇਰੇ ‘ਚ ਨਕਦ ਮੱਥਾ ਨਾ ਟਿਕਾਏ ਜਾਣ ਬਾਰੇ ਪ੍ਰੇਮੀ ਹੁੱਬ ਹੁੱਬ ਪ੍ਰਚਾਰ ਕਰਦੇ ਪਰ ਉਹਨਾਂ ਮਿੱਟੀ ਦੇ ਮਾਧੋਆਂ ਨੂੰ ਨਾ ਤਾਂ ਇਹ ਗੱਲ ਸਮਝ ਆਈ ਤੇ ਨਾ ਹੀ ਆਉਣੀ ਹੈ ਕਿ ਜਿਹੜਾ ਸਾਧ ਬੜੀ ਚਲਾਕੀ ਨਾਲ ਉਹਨਾਂ ਤੋਂ ‘ਕਿਰਤ ਦਿਹਾੜੀ’ ਦਾਨ ਵਜੋਂ ਲੈ ਰਿਹਾ ਹੈ ਤਾਂ ਉਸਤੋਂ ਉੱਪਰ ਕੀ ਹੋਵੇਗਾ ? ਗੁਰਦੁਆਰੇ ਇੱਕ ਇੱਕ ਰੁਪਇਆ ਮੱਥਾ ਟੇਕ ਕੇ ਸਾਰਾ ਟੱਬਰ ਗੁਰੂ ਦੇ ਲੰਗਰਾਂ ‘ਚੋਂ ਪ੍ਰਸ਼ਾਦਾ ਛਕ ਸਕਦਾ ਹੈ ਪਰ ਸਰਸਾ ਡੇਰੇ ਦੇ ਪ੍ਰੇਮੀ ਆਪਣੇ Ḕਪਿਤਾ ਜੀḔ ਦੇ ਹੁਕਮ ਤੇ ਕੰਮ ਤਾਂ ਡੇਰੇ ਦੀ ਜਮੀਨ ‘ਚ ਸੇਵਾ ਵਜੋਂ ਕਰਦੇ ਹਨ ਪਰ ਰੋਟੀ ਡੇਰੇ ਦੀ ਕੰਟੀਨ ਤੋਂ ਫਿਰ ਵੀ ਮੁੱਲ ਲੈ ਕੇ ਹੀ ਖਾਣੀ ਪੈਂਦੀ ਹੈ। ਜਿਸ ਪ੍ਰੇਮੀ ਤੋਂ ਸਾਧ ਨੇ 100-150 ਰੁਪਏ ਮੁੱਲ ਦੀ ਦਿਹਾੜੀ ਦਾਨ ਲੈ ਲਈ ਉਹਨੇ ਠਿਆਨੀਆਂ ਚੁਆਨੀਆਂ ਦਾ ਮੱਥਾ ਟਿਕਾਕੇ ਕੀ ਲੈਣਾ ਹੈ। ਪ੍ਰੇਮੀਆਂ ਦੀ ਮਿਹਨਤ ਨਾਲ ਤਿਆਰ ਹੋਈਆਂ ਸਬਜੀਆਂ,ਫਲ,ਨਰਸਰੀਆਂ ਦੇ ਬੂਟੇ ਵੀ ਵਿਕਣ ਲਈ ਰੱਖ ਦਿੱਤੇ ਜਾਂਦੇ ਹਨ ਤੇ ਉਹੀ ਪ੍ਰੇਮੀ ਉਹਨਾਂ ਨੂੰ ‘ਦਾਤਾਂ’ ਸਮਝ ਕੇ ਹੱਸ ਹੱਸ ਖਰੀਦਦੇ ਹਨ। ਕਿਉਂ ਹੋਈ ਨਾ ਦੋਹੀਂ ਹੱਥੀਂ ਕਮਾਈ। ਇਸ ਤੋਂ ਇਲਾਵਾ ਸਾਧ ਨੇ ਡੇਰੇ ਦੀ ਆਪਣੀ ਸਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਨਾਂ ਦੀ ਫੌਜ ਵੀ ਬਣਾਈ ਹੋਈ ਹੈ ਤਾਂ ਜੋ ਆਪਣੇ ਤੌਰ ਤੇ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਜਿੱਠਿਆ ਜਾ ਸਕੇ।
ਹੁਣ ਗੱਲ ਕਰੀਏ ਪ੍ਰਚਾਰ ਸਾਧਨਾਂ ਦੀ। ਅੱਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਪੰਜਾਬ ਦੀ ਧਰਤੀ ਆਪੂੰ ਬਣੇ ਸੰਤਾਂ, ਬਾਬਿਆਂ, ਗਿਆਨੀਆਂ, ਬ੍ਰਹਮ ਗਿਆਨੀਆਂ, ਮਹਾਂਪੁਰਸ਼ਾਂ ਨਾਲ ਤਾਂ ਭਰੀ ਪਈ ਹੈ ਪਰ ਉਹਨਾਂ ਨੇ ਵੀ ਨਿੱਜੀ ਮੁਫਾਦ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਗੈਰ ਕੁਝ ਨਹੀਂ ਕੀਤਾ। ਪ੍ਰਚਾਰ ਦੇ ਨਾਂ ਤੇ ਲਗਾਏ ਜਾਂਦੇ ਜਿਆਦਾਤਰ ਦੀਵਾਨ ਪੈਸਾ ਇਕੱਠਾ ਕਰਨ ਦਾ ਸਾਧਨ ਵਧੇਰੇ ਹੋ ਨਿਬੜਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ 15-15 ਚਿਮਟਿਆਂ ਤੇ ਕੱਚੀ ਬਾਣੀ ਦੀ ਕਾਵਾਂ ਰੌਲੀ Ḕਚ ਦੱਬਕੇ ਰਹਿ ਜਾਂਦੀਆਂ ਹਨ। ਜਦੋਂ ਅਸੀਂ ਸਭ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਸਭ ਦੀ ਮੱਤ ਤੋਂ ਉੱਚਾ ਅਤੀ ਉੱਚਾ ਮੰਨਦੇ ਹਾਂ ਉਦੋਂ ਪੰਜਾਬ ਦੇ ਸਿੱਖ ਬਾਬੇ ਆਪਣੇ ਨਾਵਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਿਸੇæਸ਼ਣ ਲਗਾ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ? ਉਹਨਾਂ ਨੂੰ ਆਪਣੇ ਨਾਵਾਂ ਨਾਲ ‘ਪ੍ਰਚਾਰਕ ਭਾਈ ਫਲਾਣਾ ਸਿੰਘ’ ਆਦਿ ਲਿਖਣ ਤੋਂ ਕਿਉਂ ਐਲਰਜੀ ਮਹਿਸੂਸ ਹੁੰਦੀ ਹੈ। ਅਜਿਹੇ ਕਿੰਨੇ ਹੀ ਬਾਬੇ ਮਿਲ ਜਾਣਗੇ ਜਿਹਨਾਂ ਨੇ ਧਰਮ ਪ੍ਰਚਾਰ ਦੇ ਨਾਂ ਤੇ ਆਪੋ ਆਪਣੇ ਗੁਰਦੁਆਰੇ ਬਣਾਏ ਹੋਏ ਹਨ। ਆਏ ਦਿਨ ‘ਧਰਮ ਪ੍ਰਚਾਰ’ ਲਈ ਇੰਗਲੈਂਡ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਨੂੰ ਚਾਲੇ ਪਾ ਦਿੰਦੇ ਹਨ ਜਿਵੇਂ ਪੰਜਾਬ ਦੇ ਲੋਕਾਂ ਨੂੰ ਧਰਮ ਪ੍ਰਚਾਰ ਨਾਲ ਪ੍ਰਫੁੱਲ ਕਰ ਦਿੱਤਾ ਹੋਵੇ। ਇਸ ਆਪਾ ਧਾਪੀ ਦੇ ਦੌਰ ਵਿੱਚ ਸੱਚੇ ਦਿਲੋਂ ਸਿੱਖੀ ਦੇ ਪ੍ਰਚਾਰ ਦੀ ਕਿਸੇ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਆਪਣੀ ਕਮਾਈ ਵਿੱਚ ਵਾਧਾ ਕਰਨ ਲਈ ਜਿਆਦਾਤਰ ‘ਮਸ਼ਹੂਰ’ ਬਾਬਿਆਂ ਨੇ ਆਪਣੇ ਸਕੂਲ ਵੀ ਖੋਲ੍ਹੇ ਹੋਏ ਹਨ। ਜਿਹਨਾਂ ਦੀਆਂ ਮਹਿੰਗੀਆਂ ਫੀਸਾਂ ਵੀ ਉਹੀ ਮਾਪੇ ਤਾਰਦੇ ਹਨ ਜੋ ਪਹਿਲਾਂ ਹੀ ਪੈਰਾਂ ਸਿਰ ਅਤੇ ਚੇਤੰਨ ਹੁੰਦੇ ਹਨ ਪਰ ਜਿਹੜੇ ਲੋਕਾਂ ਨੂੰ ਚੇਤਨਤਾ ਦੀ ਮਣਾਂਮੂੰਹੀਂ ਲੋੜ ਹੈ ਉਹਨਾਂ ਦੇ ਬੱਚੇ ਤਾਂ ਫਿਰ ਉਹਨਾਂ ਸਕੂਲਾਂ ‘Ḕਚ ਪੜ੍ਹਨ ਲਈ ਮਜਬੂਰ ਹਨ ਜਿੱਥੇ ਸਰਕਾਰ ਗਿਆਨ ਵਰਤਾਉਣ ਦੀ ਥਾਂ ਚੌਲ ਦਲੀਆ ਵਰਤਾਉਣ ਲੱਗੀ ਹੋਈ ਹੈ । ਸੱਚ ਪੁੱਛੋਂ ਤਾਂ ਬਾਬਿਆਂ ਦਾ ਆਪਣੇ ਸਕੂਲਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰਨ ਨਾਲ ਕੋਈ ਵਾਹ ਵਾਸਤਾ ਨਹੀਂ ਸਗੋਂ ਇਹਨਾਂ ਸਕੂਲਾਂ ਦੇ ਸਿੱਖੀ ਪਹਿਰਾਵੇ ਵਾਲੇ ਬੱਚਿਆਂ ਦੀਆਂ ਬਣਾਈਆਂ ਡਾਕੂਮੈਂਟਰੀ ਫਿਲਮਾਂ ਵਿਦੇਸ਼ਾਂ ਚੋਂ ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਪੌਂਡ ਡਾਲਰ ਕੱਠੇ ਕਰਨ ‘ਚ ਜਰੂਰ ਸਾਥ ਦਿੰਦੀਆਂ ਹਨ। ਮੈਂ ਇੱਕ ਅਜਿਹੇ ਬਾਬੇ ਨੂੰ ਵੀ ਜਾਣਦਾ ਹਾਂ ਜਿਸਦੇ ਆਪਣੇ ਸਕੂਲ ‘ਚ ਬਿਜਲੀ ਚੋਰੀ ਕਰਨ ਲਈ ਲਾਈ ਕੁੰਡੀ ਫੜ੍ਹੀ ਜਾਣ ਕਰਕੇ ਕਾਫੀ ਰੌਲਾ ਪਿਆ ਸੀ।
ਪਰ ਸਰਸੇ ਵਾਲਾ ਸਾਧ ਆਪਣੇ ਪ੍ਰਚਾਰ ਸਾਧਨਾਂ ‘ਚ ਸਭ ਨੂੰ ਪਾਸੇ ਕਰ ਗਿਆ ਕਿਉਂਕਿ ਉਸਨੇ ਆਪਣੇ ਪਹਿਲਾਂ ਛਪਦੇ ਮਾਸਿਕ ਰਸਾਲੇ ‘ਸੱਚੀ ਸਿਕਸ਼ਾ’ ਦੇ ਨਾਲ ਨਾਲ ਆਪਣਾ ਰੋਜਾਨਾ ਅਖਬਾਰ ‘ਸੱਚ ਕਹੂੰ’ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਪ੍ਰੇਮੀ ਅਖਬਾਰ ਉੱਪਰ ਹਰ ਰੋਜ ਨਵੇਂ ਪੋਜ ਚ ਛਪੀ ਸਾਧ ਦੀ ਫੋਟੋ ਨੂੰ ਮੱਥਾ ਟੇਕਕੇ ਹਾਕਰ ਤੋਂ ਅਖਬਾਰ ਫੜ੍ਹਦੇ। ਅਨਪੜ੍ਹ ਪ੍ਰੇਮੀਆਂ ਨੇ ਵੀ ਅਖਬਾਰ ਲਗਵਾਏ ਹੋਏ ਹਨ। ਰੱਦੀ ਵੇਚੀ ਜਾਂ ਨਸ਼ਟ ਨਹੀਂ ਕੀਤੀ ਜਾਂਦੀ ਸਗੋਂ ਮੁੜ ਸਰਸੇ ਭੇਜ ਦਿੱਤੀ ਜਾਂਦੀ ਹੈ। ਪ੍ਰੇਮੀਆਂ ਦੇ ਵਰਤੋਂ ਯੋਗ ਸਮਾਨ ਪੈੱਨ, ਪੈਂਸਲਾਂ, ਲੌਕਟ, ਮੁੰਦਰੀਆਂ, ਕਾਪੀਆਂ, ਕੱਪੜੇ ਗੱਲ ਕੀ ਹਰ ਚੀਜ(ਜੋ ਸਰਸੇ ਤਿਆਰ ਹੁੰਦੀ) ਉੱਪਰ ‘ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ’ ਲਿਖਿਆ ਜਰੂਰ ਮਿਲਦਾ ਹੈ। ਸਮਾਜਸੇਵੀ ਕਾਰਜਾਂ ਜਰੀਏ ਆਪਣੀ ਸ਼ਾਖ ਵਧਾਉਣ ਲਈ ਪਿੰਡ ਪਿੰਡ ਨੌਜਵਾਨ ਸੰਮਤੀਆਂ ਬਣਾਕੇ ਨਸ਼ਿਆਂ, ਭਰੂਣ ਹੱਤਿਆ ਆਦਿ ਸਮਾਜਿਕ ਬੁਰਾਈਆਂ ਖਿਲਾਫ ਕੰਧਾਂ ਉਪਰ ਮਾਟੋ ਲਿਖੇ ਗਏ। ਸਾਧ ਦੇ ਕਹਿਣ ਤੇ ਪ੍ਰੇਮੀਆਂ ਨੇ ਇੰਨਾ ਖੂਨ ਦਾਨ ਕੀਤਾ ਕਿ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ਵਿੱਚ ਡੇਰੇ ਦਾ ਨਾਂ ਦਰਜ ਕਰਵਾਇਆ। ਇੰਨੀ ਵੱਡੀ ਪੱਧਰ ਤੇ ਪ੍ਰਚਾਰ ਹੋਵੇ ਤੇ ਲੋਕ ਮਗਰ ਨਾ ਲੱਗਣ, ਇਹ ਹੋ ਹੀ ਨਹੀਂ ਸਕਦਾ। ਇਸਦੇ ਬਿਲਕੁਲ ਉਲਟ ਸ੍ਰੋਮਣੀ ਕਮੇਟੀ ਧਰਮ ਪ੍ਰਚਾਰ ਕਾਗਜਾਂ ਵਿੱਚ ਭਾਵੇਂ ਹੋ ਰਿਹਾ ਹੋਵੇ ਪਰ ਅਮਲ ਵਿੱਚ ਹੋ ਰਿਹਾ ਪ੍ਰਤੀਤ ਨਹੀਂ ਹੁੰਦਾ। ਇਸ ਤੋਂ ਇਲਾਵਾ ਸਾਡੇ ਪ੍ਰਚਾਰਕ ਬਾਬੇ(ਸੰਤ) ਵਿਚਾਰੇ ਆਪਣੀਆਂ ਜੇਬਾਂ ਭਰਨ ਤੋਂ ਹੀ ਵਿਹਲੇ ਨਹੀਂ ਹੁੰਦੇ। ਪੰਜਾਬ Ḕਚ ਪੂਰੀ ਤਰ੍ਹਾਂ ਸਰਗਰਮ ਇੱਕ ਅੱਲੜ੍ਹ ਜਿਹੀ ਉਮਰ ਦੇ ‘ਪਰਮ ਸੰਤ’ ਬਾਬੇ ਨੇ ਤਾਂ ਦੀਵਾਨ ਸਜਾਉਣ ਲਈ ਆਪਣਾ ਟੈਂਟ (ਸ਼ਮਿਆਨਾ), ਸਾਊਂਡ ਸਿਸਟਮ ਤੇ ਆਪਣਾ ਗੁਣਗਾਣ ਕਰਨ ਵਾਲੇ ਪੋਸਟਰ ਵੀ ਆਪਣੇ ਪੱਕੇ ਹੀ ਬਣਾਏ ਹੋਏ ਹਨ, ਜਿੱਥੇ ਦੀਵਾਨ ਲਾਉਣਾ ਹੋਵੇ ਉਕਤ ਸਮਾਨ ਦਾ ਕਿਰਾਇਆ ਵੀ ਪ੍ਰਬੰਧਕਾਂ ਤੋਂ ਵਸੂਲ ਲਿਆ ਜਾਂਦਾ ਹੈ। ਦੀਵਾਨ ਮੌਕੇ ਸ਼ਮਲੇ ਵਾਲੀ ਪੱਗ ਬੰਨ੍ਹ ਕੇ , ਕੇਸ਼ ਖੋਲ੍ਹ ਕੇ, ਭਗਤੀ ਮੁਦਰਾ ‘ਚ ਬੈਠਕੇ ਵੱਖ ਵੱਖ ਪੋਜਾਂ ‘ਚ ਵਿਕਣ ਲਈ ਰੱਖੀਆਂ ਤਸਵੀਰਾਂ ਇਹ ਬਿਆਨ ਕਰਦੀਆਂ ਦਿਸਣਗੀਆਂ ਕਿ ਬਾਬਾ ਜੀ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ ਆਪਣੇ ਸੰਤਪੁਣੇ ਦੀਆਂ ਕਰਾਮਾਤਾਂ ਸੁਣਾਉਣ ਤੇ ਆਪਣੇ ਡੇਰੇ ਦਾ ਘੇਰਾ ਵਧਾਉਣ Ḕਚ ਵਧੇਰੇ ਰੁੱਝੇ ਹੋਏ ਹਨ।
ਇਹੋ ਜਿਹੇ ਹਾਲਾਤਾਂ ‘ਚ ਗੁਰੂਆਂ ਦੇ ਨਾਂਅ ਤੇ ਜਿਉਂਦੇ ਪੰਜਾਬ ‘ਚ ਸਿੱਖੀ ਦੇ ਬੂਟੇ ਨੂੰ ਫਲ ਲੱਗਣ ਦੀ ਕੀ ਆਸ ਕੀਤੀ ਜਾ ਸਕਦੀ ਹੈ ਜਦੋਂ ਉਸਦੇ ‘ਆਪਣੇ’ ਹੀ ਉਸ ਬੂਟੇ ਨੂੰ ਛਾਂਗਣ ਦੇ ਰਾਹ ਤੁਰੇ ਹੋਏ ਹੋਣ। ਜਿੰਨੀ ਦੇਰ ਨਿੱਜ ਤਿਆਗ ਕੇ ਸਿੱਖੀ ਦੀ ਪ੍ਰਫੁੱਲਤਾ ਲਈ ਸੁਹਿਰਦ ਤੇ ਲਾਲਚ ਰਹਿਤ ਯਤਨ ਨਹੀਂ ਕਰੇ ਜਾਂਦੇ ਓਨੀ ਦੇਰ ਇੱਕ ਨਹੀਂ ਅਨੇਕਾਂ ਹੀ ਸਰਸੇ ਵਾਲੇ ਸਾਧ ਸਿੱਖੀ ਨੂੰ ਖੋਰਾ ਲਾਉਣ ਲਈ ਪੈਦਾ ਹੁੰਦੇ ਰਹਿਣਗੇ।
Real Estate