ਨੰਗੀ ਧੁੱਪ 2 -ਬਲਵੰਤ ਗਾਰਗੀ

1900

ਜੀਨੀ ਸੁਘੜ ਸੀ ਅਤੇ ਕਫ਼ਾਇਤ ਕਰਨ ਵਾਲੀ। ਉਹ ਮਹਿੰਗੇ ਕੱਪੜੇ ਖਰੀਦਣ ਜਾਂ ਮਹਿੰਗੇ ਰੈਸਟਰਾਂ ਵਿੱਚ ਖਾਣਾ ਖਾਣ ਤੋਂ ਸੰਕੋਚ ਕਰਦੀ। ਉਸ ਨੇ ਉਹਨਾਂ ਖਾਣਿਆਂ ਦੇ ਨਾਂ ਨੋਟ ਕਰ ਲਏ ਤੇ ਉਹਨਾਂ ਨੂੰ ਬਣਾਉਣ ਦੀ ਜਾਚ ਸਿਖ ਲਈ ਜੋ ਮੈਨੂੰ ਪਸੰਦ ਸਨ। ਚੀਨੀ ਖਾਣਿਆਂ ਵਿਚੋਂ ਮੈਨੂੰ ਖੱਟੇ?ਮਿੱਠੇ ਕੇਕੜੇ ਬਹੁਤ ਪਸੰਦ ਸਨ। ਉਸ ਨੇ ਇਹ ਵੀ ਨੋਟ ਕਰ ਲਿਆ। ਮੈਂ ਦੋ ਸਾਲਾ ਵਿੱਚ ਸਿਰਫ਼ ਤਿੰਨ ਸੌ ਡਾਲਰ ਬਚਾ ਸਕਿਆ ਸੀ। ਹੁਣ ਜੀਨੀ ਵੀ ਮਿਹਨਤ ਕਰਨ ਲਗੀ। ਉਸ ਨੇ ਇੱਕ ਹਸਪਤਾਲ ਵਿੱਚ ਮੁਰਦਿਆਂ ਦੀਆਂ ਲਿਸਟਾਂ ਤਿਆਰ ਕਰਨ ਦਾ ਕੰਮ ਲੈ ਲਿਆ ਕਿਉਂਕਿ ਇਸ ਨਾ?ਖ਼ੁਸ਼ਗਵਾਰ ਕੰਮ ਦਾ ਰੇਟ ਚੋਖਾ ਸੀ। ਅਮਰੀਕਾ ਵਿੱਚ ਜੇ ਤੁਸੀਂ ਕਿਸੇ ਥੀਏਟਰ ਵਿੱਚ ਟਾਈਪਿੰਗ ਦਾ ਕੰਮ ਕਰੋ ਤਾਂ ਮਿਹਨਤਾਨਾ ਦੋ ਡਾਲਰ ਫ਼ੀ ਘੰਟਾ, ਜੇ ਕਿਸੇ ਵਪਾਰ?ਘਰ ਜਾਂ ਬੈਂਕ ਵਿੱਚ ਟਾਈਪ ਕਰਨ ਦਾ ਚਾਰ ਡਾਲਰ ਫ਼ੀ ਘੰਟਾ ਸੀ।

ਅਸੀਂ ਛੇ ਮਹੀਨਿਆਂ ਵਿੱਚ ਹੀ ਅੱਠ ਹਜ਼ਾਰ ਡਾਲਰ ਬਚਾ ਲਿਆ। ਜੀਨੀ ਵੱਡੇ ਮੁਆਮਲੇ ਤੇ ਵੱਡੇ ਫ਼ੈਸਲੇ ਮੇਰੇ ਉੱਤੇ ਛੱਡ ਦੇਂਦੀ। ਪਰ ਨਿੱਕੀਆਂ ਗੱਲਾਂ ਵਿੱਚ ਸਾਡੇ ਸੁਭਾਅ ਕਈ ਵਾਰ ਟਕਰਾ ਜਾਂਦੇ ਤੇ ਨਿੱਕਾ ਨਿੱਕਾ ਮਤ ਭੇਦ ਹੋ ਜਾਂਦਾ। ਸ਼ਾਦੀ ਦੀ ਅੰਗੂਠੀ ਖਰੀਦਣ ਲਗਿਆਂ ਮੈਂ ਇਸ ਗੱਲ ਉੱਤੇ ਜ਼ੋਰ ਦੇਂਦਾ ਸੀ ਕਿ ਉਹ ਵੱਡੇ ਨਗ ਵਾਲੀ ਅੰਗੂਠੀ ਲਵੇ, ਵੱਡਾ ਨਗੀਨਾ ਜਾਂ ਜ਼ਮੁੱਰਦ। ਪਰ ਉਸ ਨੇ ਇੱਕ ਨਿੱਕਾ ਜਿਹਾ ਪੁਖਰਾਜ ਚੁਣਿਆ। ਉਸ ਨੂੰ ਸੋਨੇ ਦੀਆਂ ਬਰੀਕ ਵਾਲੀਆਂ ਪਸੰਦ ਸਨ, ਜਾਲੀਦਾਰ ਪਰਦੇ, ਕਰੋਸ਼ੀਏ ਦਾ ਕੰਮ ਤੇ ਬਰੀਕ ਕਢਾਈ। ਉਸ ਨੂੰ ਭੜਕੀਲੀ ਨੁਮਾਇਸ਼ ਪਸੰਦ ਨਹੀਂ ਸੀ।

ਇੱਕ ਵਾਰ ਅਸੀਂ ਥਰਡ ਐਵੀਨਿਊ ਬੋਂ?ਮਾਰਸ਼ ਦੇ ਵੱਡੇ ਸਟੋਰ ਤੇ ਪੁਲਓਵਰ ਖਰੀਦਣ ਗਏ। ਵੱਡੀ ਕਲੀਅਰੈਂਸ ਸੇਲ ਲਗੀ ਹੋਈ ਸੀ। ਮੇਜ਼ਾਂ ਉੱਤੇ ਸਵੈਟਰਾਂ, ਪੁਲਓਵਰਾਂ ਤੇ ਕਾਰਡੀਗਨਾਂ ਦੇ ਢੇਰ ਲਗੇ ਹੋਏ ਸਨ। ਤੀਵੀਆਂ ਇਹਨਾਂ ਊਨੀ ਰੂੜੀਆਂ ਨੂੰ ਫਰੋਲ ਰਹੀਆਂ ਸਨ। ਉਹ ਚੁੱਕ ਚੁੱਕ ਕੇ ਸਵੈਟਰਾਂ ਨੂੰ ਟਰਾਈ ਕਰ ਰਹੀਆਂ ਸਨ, ਸੁੱਟ ਰਹੀਆਂ ਸਨ, ਖਿਚ ਰਹੀਆਂ ਸਨ, ਤੇ ਮਾਲ ਨੂੰ ਉਥਲ ਪੁਥਲ ਕਰ ਰਹੀਆਂ ਸਨ। ਜੀਨੀ ਆਪਣੇ ਲਈ ਕਿਸੇ ਨਰਮ ਰੰਗ ਦਾ ਪੁਲੋਓਵਰ ਚੁਣ ਰਹੀ ਸੀ?ਬਦਾਮੀ, ਭੂਰਾ, ਹਲਕਾ ਸਲੇਟੀ ਜਾਂ ਹਵਾ?ਪਿਆਜ਼ੀ। ਮੈਂ ਇੱਕ ਸਵੈਟਰ ਦੀ ਲੰਮੀ ਚਿਤਕਬਰੀ ਬਾਂਹ ਦੇਖੀ ਤੇ ਇਸ ਨੂੰ ਖਿਚ ਲਿਆ। ਇਹ ਦੂਹਰੀ ਬੁਣਤੀ ਦਾ ਹੱਥ ਦਾ ਬੁਣਿਆ ਫੁਲੀਆਂ ਬਾਹਾਂ ਵਾਲਾ ਵੱਡਾ ਸਵੀਡਿਸ਼ ਪੁਲਓਵਰ ਸੀ। ਇਸ ਪੁਲਓਵਰ ਦੀ ਚਿੱਟੀ ਉੱਨ ਦੇ ਪਿੰਡੇ ਉੱਤੇ ਮੋਟੀਆਂ ਕਾਲੀਆਂ ਧਾਰੀਆਂ ਸਨ ਜੋ ਗਰਦਨ ਤੋਂ ਹੇਠਾਂ ਤੀਕ ਜਾਂਦੀਆਂ ਸਨ। ਮੇਰੇ ਜ਼ਿਦ ਕਰਨ ਉੱਤੇ ਉਸ ਨੇ ਇਹ ਪੁਲਓਵਰ ਟਰਾਈ ਕੀਤਾ।

ਭਾਰੀ ਖੁੱਲ੍ਹੀ ਦੂਹਰੀ ਬੁਣਤੀ ਵਾਲੇ ਪੁਲਓਵਰ ਨੇ ਜੀਨੀ ਦੇ ਛਮਕ ਵਰਗੇ ਜਿਸਮ ਉੱਤੇ ਇੱਕ ਸ਼ਹਿਜ਼ਾਦੀ ਦਾ ਹੁਸਨ ਉਜਾਗਰ ਕਰ ਦਿੱਤਾ, ਇੱਕ ਮਾਡਰਨ ਸਟਾਈਲ, ਇੱਕ ਲਾਪ੍ਰਵਾਹ ਅਮੀਰੀ। ਉਸ ਨੇ ਸ਼ੀਸ਼ੇ ਵਿੱਚ ਦੇਖਿਆ। ਕਾਲੀਆਂ ਊਨੀ ਧਾਰੀਆਂ ਉਸ ਦੇ ਜਿਸਮ ਉੱਤੇ ਫਬ ਰਹੀਆਂ ਸਨ। ਪਰ ਉਹ ਬੋਲੀ, ”ਮੈਂ ਬਿਲਕੁਲ ਜ਼ੈਬਰੇ ਵਾਂਗ ਲਗਦੀ ਹਾਂ। ਮੈਨੂੰ ਨਹੀਂ ਪਸੰਦ ਇਹ ਜ਼ੈਬਰਾ!” ਮੈਂ ਕਾਂਊਂਟਰ ਉੱਤੇ ਗਿਆ ਤੇ ਸੇਲਜ਼ ਗਰਲ ਤੋਂ ਇਸ ਦੀ ਕੀਮਤ ਪੁੱਛੀ ਕਿਉਂਕਿ ਇਸ ਦੀ ਕੀਮਤ?ਚਿਟ ਲੱਥੀ ਹੋਈ ਸੀ। ਉਹ ਬੋਲੀ, ”ਅਸਲੀ ਕੀਮਤ ਬੱਤੀ ਡਾਲਰ; ਦੜਾ ਕੀਮਤ ਨੌਂ ਡਾਲਰ।”

ਮੈਂ ਆਖਿਆ, ”ਠੀਕ, ਮੈਂ ਖਰੀਦਾਂਗਾ।”

ਉਹ ਬੋਲੀ, ”ਤੁਹਾਡੀ ਅੱਖ ਬਹੁਤ ਪਾਰਖੂ ਹੈ। ਇਹ ਪੁਲਓਵਰ ਤੁਹਾਡੀ ਸੁਨਹਿਰੀ ਵਾਲਾਂ ਵਾਲੀ ਕੁੜੀ ਉੱਤੇ ਖ਼ੂਬ ਫਬਦਾ ਹੈ।”

ਉਸ ਦੀ ਇਹ ਗੱਲ ਸ਼ਾਇਦ ਮਾਲ ਵੇਚਣ ਦੀ ਚਾਲ ਹੋਵੇ, ਪਰ ਮੈਂ ਉਸ ਦੇ ਸ਼ਬਦਾਂ ਨੂੰ ਸੱਚ ਕਰ ਕੇ ਜਾਣਿਆ। ਮੈਂ ਇਸ ਜ਼ੈਬਰਾ ਪੁਲਓਵਰ ਨੂੰ ਖਰੀਦ ਲਿਆ ਤੇ ਨਾਲ ਹੀ ਦੋ ਰੰਗਾਂ ਦੇ ਸਵੈਟਰ। ਜਦੋਂ ਮੈਂ ਜੀਨੀ ਵੱਲ ਮੁੜਿਆ ਤਾਂ ਦੇਖਿਆ ਦੋ ਔਰਤਾਂ ਉਸ ਵੱਲ ਲਲਚਾਈਆਂ ਨਜ਼ਰਾਂ ਨਾਲ ਤੱਕ ਰਹੀਆਂ ਸਨ, ਚਾਹੁੰਦੀਆਂ ਸਨ ਕਿ ਉਸ ਦੇ ਪਾਏ ਹੋਏ ਪੁਲਓਵਰ ਨੂੰ ਖਰੀਦ ਲੈਣ। ਜੀਨੀ ਨੂੰ ਹੁਣ ਪੁਲਓਵਰ ਪਸੰਦ ਆ ਗਿਆ ਸੀ। ਇਸ ਦੀ ਕੀਮਤ ਸੁਣ ਕੇ ਉਹ ਖ਼ੁਸ਼ੀ ਨਾਲ ਚੀਖ਼ ਉੱਠੀ, ”ਏਨਾ ਸਸਤਾ!”

ਜੀਨੀ ਹਮੇਸ਼ਾ ਭਾਰਤ ਦੇ ਸੁਪਨੇ ਲੈਂਦੀ। ਬਚਪਨ ਵਿੱਚ ਹੀ ਉਸ ਨੂੰ ਚਿੱਟੀ ਚਮੜੀ ਤੋਂ ਚਿੜ ਸੀ? ਗਾਚਣੀ ਵਰਗੀ ਪਿੱਲੀ ਚਮੜੀ ਤੋਂ। ਉਸ ਨੂੰ ਭੂਰੀ ਧਰਤੀ ਤੇ ਤਾਂਬੇ ਰੰਗੇ ਚਿਹਰੇ ਪਸੰਦ ਸਨ। ਸਭ ਤੋਂ ਵੱਧ ਪਸੰਦ ਸੀ ਕਣਕ ਭਿੰਨਾ ਰੰਗ ਜੋ ਉਸ ਨੇ ਭਾਰਤ ਦੇ ਕਲਾ ਸੰਬੰਧੀ ਰਸਾਲਿਆਂ ਵਿੱਚ ਦੇਖਿਆ ਸੀ। ਉਸ ਦੇ ਅਪਾਰਟਮੈਂਟ ਵਿੱਚ ਤਸਵੀਰਾਂ ਸਨ : ਅਜੰਤਾ ਤੇ ਅਲੋਰਾ ਦੀਆਂ, ਭਰਵੀਆਂ ਛਾਤੀਆਂ ਤੇ ਕੱਜਲ?ਭਿੰਨੀਆਂ ਅੱਖਾਂ ਵਾਲੀਆਂ ਸੁੰਦਰੀਆਂ ਦੀਆਂ, ਤਾਜ ਮਹੱਲ ਦੀਆਂ, ਕੁਤਬ ਮੀਨਾਰ ਦੀਆਂ। ਉਸ ਦੀ ਐਲਬਮ ਭਾਰਤੀ ਕਲਾਕਾਰਾਂ ਤੇ ਨਰਤਕੀਆਂ ਦੀਆਂ ਤਸਵੀਰਾਂ ਨਾਲ ਭਰੀ ਹੋਈ ਸੀ। ਮੈਂ ਉਸ ਨੂੰ ਆਖਿਆ ਕਿ ਉਹ ਮੇਰੀ ਅਮਰੀਕੀ ਦਾ ਇਸ ਗੱਲ ਤੋਂ ਅੰਦਾਜ਼ਾ ਨਾ ਲਾਵੇ ਕਿ ਮੈਂ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾਉਣ ਦਾ ਪ੍ਰੋਫੈਸਰ ਸਾਂ। ਆਪਣੇ ਦੇਸ ਵਿੱਚ ਮੈਂ ਸਿਰਫ਼ ਪੰਜਾਬੀ ਦਾ ਲੇਖਕ ਸਾਂ। ਹਮੇਸ਼ਾ ਰੁਪਏ ਦੀ ਤੋਟ। ਉਸ ਨੂੰ ਖ਼ੁਦ ਰੋਟੀ ਪਕਾਉਣੀ ਪਵੇਗੀ ਤੇ ਕੰਮ ਕਰਨਾ ਪਵੇਗਾ ਤੇ ਜ਼ਿੰਦਗੀ ਬੜੀ ਔਖੀ ਹੋਵੇਗੀ।

ਉਸ ਨੇ ਆਖਿਆ ਕਿ ਉਸ ਨੂੰ ਅਮਰੀਕਾ ਦੀ ਤੇਜ਼ ਦੌੜ?ਭੱਜ ਪਸੰਦ ਨਹੀਂ। ਕਾਰੋਬਾਰੀ ਜ਼ਿੰਦਗੀ। ਕਤਲ, ਝਗੜੇ, ਖ਼ੁਦਗਰਜੀ। ਬਿਲਕੁਲ ਵਹਿਸ਼ੀ ਤੇ ਬੇਕਿਰਕ ਸਮਾਜ। ਉਹ ਇਥੇ ਨਹੀਂ ਰਹੇਗੀ। ਮੇਰੇ ਨਾਲ ਜੇ ਉਹ ਰੇਗਿਸਤਾਨ ਵੀ ਚਲੀ ਜਾਵੇ ਤਾਂ ਜ਼ਿੰਦਗੀ ਖ਼ੂਬਸੂਰਤ ਹੋਵੇਗੀ।

ਉਸ ਦੇ ਆਦਰਸ਼ਵਾਦੀ ਖਿਆਲਾਂ ਤੋਂ ਮੈਂ ਕੰਬ ਗਿਆ। ਮੈਂ ਉਸ ਨੂੰ ਸਮਝਾਉਣ ਖ਼ਾਤਿਰ ਆਪਣੇ ਮੁਲਕ ਦੀ ਬਦਹਾਲੀ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ। ਆਖਿਆ, ”ਭਾਰਤ ਵਿੱਚ ਭੁੱਖ ਹੈ, ਗਰੀਬੀ, ਕੁਰੱਪਸ਼ਨ ਤੇ ਅੰਤਾਂ ਦੀ ਗਰਮੀ।” ਪਰ ਇਹਨਾਂ ਗੱਲਾਂ ਨੇ ਉਸ ਦੇ ਇਰਾਦੇ ਨੂੰ ਹੋਰ ਵੀ ਦ੍ਰਿੜ੍ਹ ਕਰ ਦਿੱਤਾ। ਉਹ ਬੋਲੀ, ਮੈਂ ਤੇਰੇ ਨਾਲ ਵਿਆਹ ਕੀਤਾ ਹੈ। ਮੈਂ ਸ਼ਾਦੀ ਦੀ ਰਸਮ ਨੂੰ ਪਵਿੱਤਰ ਸਮਝਦੀ ਹਾਂ। ਮੈਂ ਸਦਾ ਤੇਰੇ ਨਾਲ ਦੁੱਖ ਸੁੱਖ ਵਿੱਚ ਇਕੱਠੇ ਰਹਿਣ ਦੀ ਕਸਮ ਖਾਧੀ ਹੈ। ਮੈਂ ਹੁਣ ਤੇਰੇ ਨਾਲ ਹਾਂ। ਮੈਂ ਅਮਰੀਕਨ ਸਿਟੀਜ਼ਨਸ਼ਿਪ ਛੱਡ ਕੇ ਤੇਰੇ ਦੇਸ ਦੀ ਵਾਸੀ ਬਣ ਜਾਵਾਂਗੀ। ਪਿਛਲੇ ਜਨਮ ਵਿੱਚ ਮੈਂ ਜ਼ਰੂਰ ਹਿੰਦੂ ਹੋਵਾਂਗੀ। ਮੈਂ ਅਹਿੰਸਾ ਨੂੰ ਤੇ ਗਾਂਧੀ ਤੇ ਮਹਾਤਮਾ ਬੁਧ ਨੂੰ ਮੰਨਦੀ ਹਾਂ। ਮੈਂ ਤੇਰੇ ਮੁਲਕ ਦੀ ਹੀ ਹਾਂ।”

ਮੈਂ ਉਸ ਦੇ ਸ਼ਰਧਾ?ਭਾਵ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਉਸ ਨੂੰ ਸੀਨੇ ਨਾਲ ਲਾ ਲਿਆ। ਆਖਿਆ, ”ਪਿਆਰੀ, ਤੂੰ ਸਭ ਕੁਝ ਮੇਰੀ ਖ਼ਾਤਿਰ ਛੱਡ ਰਹੀ ਹੈਂ? ਆਪਣੇ ਲੋਕ ਤੇ ਆਪਣੇ ਘਰ ਤੇ ਆਪਣੇ ਦੇਸ ਨੂੰ। ਪਰ ਮੈਂ ਨਹੀਂ ਚਾਹੁੰਦਾ ਕਿ ਤੂੰ ਆਪਣੀ ਆਤਮਾ ਵੀ ਮੇਰੇ ਸਪੁਰਦ ਕਰ ਦੇਵੇਂ। ਹੁਣ ਤੂੰ ਭਾਵੇਂ ਪਿਆਰ ਵਿੱਚ ਆਖ ਰਹੀ ਹੈਂ ਕਿ ਤੂੰ ਅਮਰੀਕਨ ਸਿਟੀਜ਼ਨਸ਼ਿਪ ਛੱਡ ਦੇਵੇਂਗੀ, ਪਰ ਇਸ ਨੂੰ ਛੱਡਣ ਨਾਲ ਯਕਦਮ ਤੇਰੇ ਅੰਦਰ ਇੱਕ ਖ਼ਲਾਅ ਪੈਦਾ ਹੋ ਜਾਵੇਗਾ ਤੇ ਤੂੰ ਸ਼ਾਇਦ ਪਛਤਾਵੇਂ। ਫਿਰ ਤੂੰ ਜਦੋਂ ਅਮਰੀਕਾ ਦੇ ਕੌਮੀ ਝੰਡੇ ਨੂੰ ਦੇਖੇਂਗੀ, ਤਾਰਿਆਂ ਤੇ ਧਾਰੀਆਂ ਵਾਲੇ ਝੰਡੇ ਨੂੰ, ਤਾਂ ਸ਼ਾਇਦ ਯਕਦਮ ਤੇਰੇ ਦਿਲ ਨੂੰ ਕੁਝ ਹੋਵੇ ਤੇ ਤੂੰ ਰੋ ਉੱਠੇਂ। ਤੈਨੂੰ ਚਾਹੀਦਾ ਹੈ ਕਿ ਆਪਣੀ ਅਮਰੀਕਨ ਸਿਟੀਜ਼ਨਸ਼ਿਪ ਕਾਇਮ ਰੱਖੇਂ। ਮੈਂ ਚਾਹੁੰਦਾ ਹਾਂ ਕਿ ਤੂੰ ਹਮੇਸ਼ਾ ਆਜ਼ਾਦ ਰਹੇਂ। ਤੂੰ ਬਹੁਤ ਨਰਮ ਦਿਲ ਤੇ ਭੋਲੀ ਕੁੜੀ ਹੈਂ। ਤੈਨੂੰ ਇਸ ਗੱਲ ਦੀ ਲੋੜ ਹੈ ਕਿ ਕੋਈ ਤੇਰੀ ਦੇਖ ਭਾਲ ਕਰੇ।”

ਉਸ ਨੇ ਮੇਰਾ ਹੱਥ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ, ”ਤੂੰ ਬਹੁਤ ਸਮਝਦਾਰ ਹੈਂ। ਤੂੰ ਗੱਲਾਂ ਨੂੰ ਸਮਝਦਾ ਹੈਂ। ਮੈਂ ਨਹੀਂ ਸਮਝਦੀ। ਮੈਂ ਤੇਰੀ ਬਹੁਤ ਸ਼ੁਕਰਗੁਜ਼ਾਰ ਹਾਂ।”

ਅਸੀਂ ਘਰ ਦਾ ਸਾਰਾ ਸਾਮਾਨ ਸਮੁੰਦਰੀ ਜਹਾਜ਼ ਰਾਹੀਂ ਭੇਜ ਦਿੱਤਾ। ਇਹਨਾਂ ਵਿੱਚ ਮਲੱਠੀ ਰੰਗਾ ਇੱਕ ਵੱਡਾ ਫ਼ਰਿੱਜ ਵੀ ਸੀ। ਇਸ ਮਹਾਂ?ਫ਼ਰਿੱਜ ਨੂੰ ਪੈਕ ਕਰਨ, ਵੱਡੇ ਖੋਖੇ ਵਿੱਚ ਜਕੜਨ, ਬੰਨ੍ਹਣ, ਨੂੜਨ, ਇਸ ਨੂੰ ਚੁਕਣ ਧਰਨ ਤੇ ਲਿਜਾਣ ਵਿੱਚ, ਇਸ ਦੀ ਇਨਸ਼ੋਰੈਂਸ, ਇਸ ਦਾ ਕਰਾਇਆ ਤੇ ਏਜੰਟ ਦੀ ਕਮਿਸ਼ਨ, ਇੰਪੋਰਟ ਡਿਊਟੀ ਤੇ ਹੋਰ ਖਰਚਿਆਂ ਨੇ ਮੈਨੂੰ ਕੰਗਾਲ ਕਰ ਦਿੱਤਾ। ਬੰਬਈ ਪਹੁੰਚਣ ਤੇ ਕਸਟਮ ਵਾਲਿਆਂ ਨੇ ਇਸ ਵੱਡੇ ਦੇਉ?ਕੱਦ ਫ਼ਰਿੱਜ ਦੇ ਖੋਖੇ ਨੂੰ ਤੋੜਿਆ ਤੇ ਇਸ ਦੇ ਦਿਲ ਦੇ ਫੇਫੜਿਆਂ ਨੂੰ ਟੋਹਿਆ ਤੇ ਇਸ ਦਾ ਪੂਰਾ ਮੁਆਇਨਾ ਕੀਤਾ। ਇਸ ਨੂੰ ਫਿਰ ਵੱਡੇ ਖੋਖੇ ਵਿੱਚ ਦੁਬਾਰਾ ਬੰਦ ਕੀਤਾ ਗਿਆ ਤੇ ਇਸ ਉੱਤੇ ਫੱਟੀਆਂ ਜੜੀਆਂ ਗਈਆਂ ਤੇ ਏਜੰਟ ਦੇ ਹਵਾਲੇ ਕੀਤਾ ਗਿਆ। ਫਿਰ ਇਸ ਨੂੰ ਬੁਕ ਕਰਾਉਣ ਤੇ ਇਸ ਦੇ ਭਾੜੇ ਭਰਨ ਦਾ ਚੱਕਰ ਚਲਿਆ। ਡਰਦਾ ਸਾਂ ਪਤਾ ਨਹੀਂ ਇਹ ਫ਼ਰਿੱਜ ਦਿੱਲੀ ਪਹੁੰਚੇਗਾ ਵੀ ਕਿ ਨਹੀਂ।

ਅਸੀਂ ਬੰਬਈ ਆ ਕੇ ਮੇਰੇ ਪੁਰਾਣੇ ਮਿੱਤਰ ਸਖ਼ੀਸ਼ ਪੰਡਿਤ ਕੋਲ ਠਹਿਰੇ। ਸਖ਼ੀਸ਼ ਫ਼ਿਲਪਸ ਕੰਪਨੀ ਦਾ ਵੱਡਾ ਅਫ਼ਸਰ ਸੀ ਤੇ ਮਾਲਾਬਾਰ ਹਿੱਲ ਉੱਤੇ ਇੱਕ ਖ਼ੂਬਸੂਰਤ ਬੰਗਲੇ ਵਿੱਚ ਰਹਿੰਦਾ ਸੀ। ਜੀਨੀ ਨੂੰ ਬੰਬਈ ਬਹੁਤ ਪਸੰਦ ਆਇਆ ? ਹਰੀਆਂ ਛਤਰੀਆਂ ਨਾਰੀਅਲ ਦੇ ਦਰੱਖਤ, ਇਥੋਂ ਦੇ ਲੋਕਾਂ ਦੀ ਧੀਮੀ ਚਾਲ, ਚਮਕੀਲੀ ਧੁੱਪ, ਸਮੁੰਦਰ ਜੋ ਸਰਕਸ ਦੇ ਨੀਲੇ ਤੰਬੂ ਵਾਂਗ ਵਿਛਿਆ ਪਿਆ ਸੀ, ਮੈਰੀਨ ਡਰਾਈਵ ਜਿਸ ਦੀਆਂ ਬਿਜਲੀ ਦੀਆਂ ਰੌਸ਼ਨੀਆਂ ਅਰਧ?ਘੇਰੇ ਵਿੱਚ ਤਾਰਿਆਂ ਦੀ ਮਾਲਾ ਵਾਂਗ ਚਮਕਦੀਆਂ ਸਨ, ਹਵਾ ਦੇ ਨਮਕੀਨ ਝੌਂਕੇ, ਮਜ਼ਦੂਰਾਂ ਦੇ ਸਾਂਵਲੇ ਤੇਲੀਆ ਚਿਹਰੇ ਤੇ ਉਹਨਾਂ ਦੀਆਂ ਮਘਦੀਆਂ ਹੋਈਆਂ ਨਿਰੰਜੀ ਅੱਖਾਂ ਤੇ ਮਛੇਰਨਾਂ ਦੀ ਲਚਕੀਲੀ ਚਾਲ, ਨੀਲੇ ਆਕਾਸ਼ ਹੇਠਾਂ ਖਪਰੈਲ ਦੀਆਂ ਝੁੱਗੀਆਂ, ਉੱਚੇ ਝੂਮਦੇ ਦਰੱਖਤ, ਪਾਣੀ ਦੀਆਂ ਖਾੜੀਆਂ, ਧੂੰਆਂ ਛੱਡਦੀਆਂ ਚਿਮਨੀਆਂ ਤੇ ਆਕਾਸ਼ ਨਾਲ ਖਹਿੰਦੀਆਂ ਬਿਲਡਿੰਗਾਂ।

ਰਾਜਿੰਦਰ ਸਿੰਘ ਬੇਦੀ ਜੋ ਉਰਦੂ ਦਾ ਮਸ਼ਹੂਰ ਕਹਾਣੀ ਲੇਖਕ ਤੇ ਫ਼ਿਲਮਾਂ ਬਣਾਉਣ ਵਾਲਾ ਸੀ, ਦੇ ਪੁੱਤਰ ਦਾ ਵਿਆਹ ਸੀ। ਉਸ ਨੇ ਬੰਬਈ ਦੇ ਫ਼ੈਸ਼ਨੇਬਲ ਹੋਟਲ ਸਨ? ਐਂਨ?ਸੈਂਨ ਵਿੱਚ ਪਾਰਟੀ ਦਿੱਤੀ। ਇਹ ਹੋਟਲ ਜੁਹੂ ਦੇ ਰੇਤਲੇ ਤੱਟ ਉੱਤੇ ਸਮੁੰਦਰ ਦੇ ਕੰਢੇ ਉੱਤੇ ਸੀ। ਇਸ ਪਾਰਟੀ ਵਿੱਚ ਕਈ ਫ਼ਿਲਮ ਸਟਾਰ ਤੇ ਫ਼ਿਲਮ ਹੀਰੋਇਨਾਂ ਸਨ, ਜਿਨ੍ਹਾਂ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ ਅਤੇ ਸ਼ਮੀ ਕਪੂਰ ਵੀ ਸ਼ਾਮਿਲ ਸਨ। ਪਾਰਟੀ ਹੋਟਲ ਦੀ ਛੱਤ ਉੱਤੇ ਸੀ, ਜੋ ਪੌਦਿਆਂ ਤੇ ਰੌਸ਼ਨੀਆਂ ਨਾਲ ਸਜਾਈ ਗਈ ਸੀ। ਔਰਤਾਂ ਹੀਰਿਆਂ ਨਾਲ ਲੱਦੀਆਂ ਹੋਈਆਂ ਸਨ। ਰੇਸ਼ਮੀ ਸਾੜ੍ਹੀਆਂ ਵਿੱਚ ਲਿਪਟੀਆਂ ਭਾਰੇ ਜੂੜਿਆਂ ਵਾਲੀਆਂ ਅਮੀਰ ਔਰਤਾਂ ਦੀਆਂ ਕੱਛਾਂ ਤੇ ਛਾਤੀਆਂ ਇਤਰ ਫ਼ੁਲੇਲ ਨਾਲ ਤਰੌਂਕੀਆਂ ਹੋਈਆਂ ਸਨ। ਉਹ ਕੁਰਸੀਆਂ ਉੱਤੇ ਸਜੀਆਂ ਸੰਗਤਰੇ ਦਾ ਰਸ ਪੀ ਰਹੀਆਂ ਸਨ। ਮਰਦ ਵਿਸਕੀ ਦੇ ਗਲਾਸ ਚਾੜ੍ਹ ਰਹੇ ਸਨ। ਸਮੁੰਦਰ ਦੀ ਠੰਢੀ ਹਵਾ ਚੱਲ ਰਹੀ ਸੀ ਤੇ ਤੀਵੀਆਂ ਬਤਖ਼ਾਂ ਵਾਂਗ ਬੈਠੀਆਂ ਸਨ। ਜੀਨੀ ਨੂੰ ਭੁੱਖ ਲੱਗ ਰਹੀ ਸੀ।

ਅੱਠ ਅੱਠ ਪੈੱਗ ਪੀ ਕੇ ਮਰਦ ਇੱਕ ਦੂਜੇ ਨੂੰ ਜੱਫ਼ੀਆਂ ਪਾ ਕੇ ਨੱਚਣ?ਟੱਪਣ ਤੇ ਖ਼ੌਰੂ ਪਾਉਣ ਲਗੇ। ਪ੍ਰਿਥਵੀ ਰਾਜ ਕਪੂਰ ਨੇ ਚਿੱਟਾ ਖੱਦਰ ਦਾ ਕੁੜਤਾ ਤੇ ਚੂੜੀਦਾਰ ਪਜਾਮਾ ਪਾਇਆ ਹੋਇਆ ਸੀ ਤੇ ਉਹ ਆਪਣੇ ਪੁੱਤ ਸ਼ਮੀ ਨੂੰ ਘੂਰ ਰਿਹਾ ਸੀ ਜੋ ਬਾਪ ਤੋਂ ਅੱਖ ਬਚਾ ਕੇ ਕਈ ਪੈੱਗ ਆਪਣੇ ਹਲਕ ਹੇਠ ਸੁੱਟ ਚੁੱਕਾ ਸੀ। ਤੀਵੀਆਂ ਬੈਠੀਆਂ ਬੋਰ ਹੋ ਰਹੀਆਂ ਸਨ। ਅੱਧੀ ਰਾਤ ਹੋਣ ਲਗੀ ਤਾਂ ਤੀਵੀਆਂ ਇੱਕ ਇੱਕ ਕਰਕੇ ਹੇਠਾਂ ਡਾਈਨਿੰਗ ਰੂਮ ਵਿੱਚ ਡਿਨਰ ਲਈ ਜਾਣ ਲਗੀਆਂ। ਬਹੁਤ ਸਾਰੇ ਮਹਿਮਾਨ ਵੀ ਹੇਠਾਂ ਚਲੇ ਗਏ। ਬੇਦੀ ਫ਼ਿਲਮ ਸਟਾਰਾਂ ਦੇ ਇੱਜੜ ਨੂੰ ਹੇਠਾਂ ਹਿੱਕਣ ਦੀ ਕੋਸ਼ਿਸ਼ ਕਰ ਰਿਹਾ ਸੀ।

”ਬਸ ਆਖ਼ਰੀ ਪੈੱਗ!” ਕਰਦੇ ਕਰਦੇ ਮਰਦਾਂ ਨੇ ਇੱਕ ਘੰਟਾ ਹੋਰ ਲਾ ਦਿੱਤਾ ਤੇ ਫੇਰ ਲੜਖੜਾਉਂਦੇ ਹੋਏ ਚੌੜੀਆਂ ਮਖ਼ਮਲੀ ਪੌੜੀਆਂ ਤੋਂ ਹੇਠਾਂ ਉਤਰੇ ਤੇ ਡਾਈਨਿੰਗ ਰੂਮ ਵਿੱਚ ਪਹੁੰਚੇ। ਚਿੱਟੀ ਵਰਦੀ ਵਾਲੇ ਬਹਿਰੇ ਭਾਫਾਂ ਛੱਡਦਾ ਸੂਪ, ਤੰਦੂਰੀ ਮੁਰਗੇ, ਮੁਗ਼ਲਈ ਬਰਿਆਨੀ ਤੇ ਲਾਟਾ ਛੱਡਦੇ ਕੋਨੀਅਕ ਵਾਲੇ ਸੀਖ਼ ਕਬਾਬ ਮਹਿਮਾਨਾਂ ਨੂੰ ਪਰੋਸ ਰਹੇ ਸਨ।

ਜੀਨੀ ਤੇ ਮੈਂ ਪ੍ਰਿਥਵੀ ਰਾਜ ਕਪੂਰ ਨਾਲ ਇਕੋ ਮੇਜ਼ ਉੱਤੇ ਖਾਣਾ ਖਾਣ ਬਠ ਗਏ। ਅੱਠ ਪ੍ਰਕਾਰ ਦਾ ਖਾਣਾ। ਮੇਜ਼ ਉੱਤੇ ਤਿੰਨ ਵੱਡੀਆਂ ਮੋਮਬੱਤੀਆਂ। ਜੀਨੀ ਇੱਕ ਵੱਡੀ ਤੰਦੂਰੀ ਮੱਛੀ ਨੂੰ ਕੱਟ ਰਹੀ ਸੀ, ਜਦੋਂ ਅਸੀਂ ਉੱਚਾ ਸ਼ੋਰ ਸੁਣਿਆ। ਇਹ ਸ਼ੋਰ ਝੱਟ ਹੀ ਬੜ੍ਹਕਦੀਆਂ ਗੰਦੀਆਂ ਗਾਲ੍ਹਾਂ ਵਿੱਚ ਭੜਕ ਉਠਿਆ, ”ਨਿਕਲ ਬਾਹਰ ਤੇਰੀ ਮਾਂ ਦੀ…! ਭੈਣ ਦਿਆ ਖ਼ਸਮਾ! ਛੱਡ ਦੇ ਮੈਨੂੰ…ਦੱਲਿਆ! ਛੱਡ ਦੇ….ਮਾਦਰ ਚੋ? ਆ!”

ਪ੍ਰਿਥਵੀ ਰਾਜ ਕਪੂਰ ਨੇ ਫੌਰਨ ਖਾਣਾ ਛੱਡ ਦਿੱਤਾ, ਉਠਿਆ, ਤੇ ਸਿੱਧਾ ਲੜਦੇ ਹੋਏ ਮਹਿਮਾਨਾਂ ਨੂੰ ਛੁਡਾਉਣ ਗਿਆ। ਮੈਂ ਤੇ ਜੀਨੀ ਵੀ ਉਸ ਦੇ ਪਿੱਛੇ ਪਿੱਛੇ ਗਏ।

ਦੋ ਹੱਟੇ ਕੱਟੇ ਐਕਟਰ, ਰੇਸ਼ਮੀ ਸੂਟ ਪਾਈਂ, ਝੋਟਿਆਂ ਵਾਂਗ ਸਿੰਗ ਅੜਾਈ ਲੜ ਰਹੇ ਸਨ। ਉਹ ਗਾਲ੍ਹਾਂ ਕਢਦੇ ਢੁੰਡਾਂ ਮਾਰਦੇ ਇੱਕ ਦੂਜੇ ਨੂੰ ਧੂੰਹਦੇ, ਧਮਕੇ, ਖਿਚਦੇ ਹੋਏ, ਫ਼ਰਸ਼ ਉੱਤੇ ਤਿਲ੍ਹਕਦੇ ਹੋਏ, ਝੰਗਾਂ ਛੱਡ ਰਹੇ ਸਨ। ਕਈ ਲੋਕ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਹੋਏ ਨਾਲ ਹੀ ਖਿਚੇ ਤੇ ਧੂਹੇ ਜਾ ਰਹੇ ਸਨ ? ਚਕਰਦਾਰ ਗਤੀ ਵਿੱਚ। ਉਹਨਾਂ ਦੀਆਂ ਹਰਕਤਾਂ ਇਉਂ ਸਨ ਜਿਵੇਂ ਪਾਗਲ ਚਿੰਘਿਆੜਾਂ ਮਾਰਦੇ ਸਕੇਟਿੰਗ ਕਰ ਰਹੇ ਹੋਣ। ਬਹਿਰੇ ਖਾਣੇ ਦੀਆਂ ਟਰੇਆਂ ਚੁੱਕੀ ਧੱਕੇ ਤੇ ਹੁੱਜਾਂ ਖਾ ਰਹੇ ਸਨ। ਲੋਕ ਚਕਰਚੂੰਢੇ ਵਾਂਗ ਘੁੰਮ ਰਹੇ ਸਨ। ਯਕਦਮ ਫ਼ਰਸ਼ ਉੱਤੇ ਮੈਨੂੰ ਤਿਲਕਣ ਜਿਹੀ ਮਹਿਸੂਸ ਹੋਈ। ਇੱਕ ਟਰੇਅ ਵਿਚੋਂ ਮੀਟ ਤੇ ਮੱਛੀ ਡਿੱਗ ਪਏ ਸਨ ਤੇ ਲੋਕਾਂ ਦੇ ਪੈਰਾਂ ਹੇਠ ਮਿਧੇ ਗਏ ਸਨ।

ਪ੍ਰਿਥਵੀ ਰਾਜ ਗਰਜਿਆ, ”ਬੰਦ ਕਰੋ ਇਹ ਬਕਵਾਸ!”

ਉਹ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਅੱਗੇ ਵਧਿਆ ਤੇ ਉਸ ਨੇ ਆਪਣਾ ਵੱਡਾ ਪੰਜਾ ਇੱਕ ਐਕਟਰ ਦੀ ਧੌਣ ਉੱਤੇ ਜਾ ਗੱਡਿਆ, ਉਸ ਨੂੰ ਖਿਚ ਕੇ ਦੂਜੇ ਨਾਲੋਂ ਤੋੜਿਆ ਤੇ ਇੱਕ ਪਾਸੇ ਪਟਕ ਦਿੱਤਾ। ਇਕਦਮ ਖ਼ਾਮੋਸ਼ੀ ਛਾ ਗਈ। ਦੋਵੇਂ ਐਕਟਰ ਹਫ਼ੇ ਹੋਇਆਂ ਸੰਢਿਆਂ ਵਾਂਗ ਸਨ। ਉਹਨਾਂ ਦੀਆਂ ਜੀਭਾਂ ਨਿਕਲੀਆਂ ਹੋਈਆਂ ਸਨ ਤੇ ਅੱਖਾਂ ਪਾਟੀਆਂ ਹੋਈਆਂ।

ਜੀਨੀ ਇਸ ਵਹਿਸ਼ੀ ਲੜਾਈ ਤੋਂ ਡਰ ਗਈ। ਲੋਕਾਂ ਦੈ ਪੈਰਾਂ ਹੇਠ ਮਿਧੀ ਹੋਈ ਮੱਛੀ ਤੇ ਬਰਿਆਨੀ ਗੋਹੇ ਵਰਗੇ ਹੋ ਗਏ ਸਨ, ਇੱਕ ਗੰਦੀ ਪੀਲੀ ਲਿਜ਼ਗਿਜ਼ੀ ਰਾਬ। ਉਸ ਦਾ ਜੀਅ ਕਚਿਆਉਣ ਲੱਗਾ ਤੇ ਮੈਂ ਉਸ ਨੂੰ ਦੂਜੇ ਹਾਲ ਵਿੱਚ ਲੈ ਗਿਆ।

ਉਹ ਸਿਸਕਦੀ ਹੋਈ ਬੋਲੀ, ”ਮੈਂ ਖਾਣਾ ਨਹੀਂ ਖਾ ਸਕਦੀ…ਨਹੀਂ ਖਾ ਸਕਦੀ। ਉਹਨਾਂ ਜਾਨਵਰਾਂ ਨੂੰ ਖਾਣੇ ਨੂੰ ਮਿਧ ਕੇ ਗਾਰਾ ਬਣਾ ਦਿੱਤਾ…ਜਿਵੇਂ ਕਿਸੇ ਨੇ ਉਲਟੀ ਕਰ ਦਿੱਤੀ ਹੋਵੇ…ਮੈਂ ਖਾਣਾ ਨਹੀਂ ਖਾ ਸਕਦੀ।”

ਬੇਦੀ ਦੌੜ ਦੌੜ ਕੇ ਮਹਿਮਾਨਾਂ ਨੂੰ ਫੜ ਰਿਹਾ ਸੀ ਤੇ ਮਿੰਨਤਾ ਕਰ ਰਿਹਾ ਸੀ ਕਿ ਉਹ ਖਾਣਾ ਖਾਣ। ਕੁਝ ਲੋਕਾਂ ਨੇ ਬੇਹੱਦ ਪੀਤੀ ਹੋਈ ਸੀ, ਤੇ ਉਹ ਲੜਖੜਾ ਰਹੇ ਸਨ। ਉਹ ਖਾਣ ਲਗੇ। ਉਹ ਝੂਮਦੇ ਹੋਏ ਮੀਟ ਨਾਲ ਲਿਬੜੀਆਂ ਉਂਗਲਾਂ ਨੂੰ ਚੱਟ ਰਹੇ ਸਨ, ਤੇ ਬਰਿਆਨੀ ਤੇ ਮੱਛੀ ਤੇ ਮੀਟ ਨਿਗਲ ਰਹੇ ਸਨ। ਉਨ੍ਹਾਂ ਦੇ ਰੇਸ਼ਮੀ ਸੂਟਾਂ ‘ਤੇ ਕੀਮਤੀ ਨਿਕਟਾਈਆਂ ਉੱਤੇ ਮੀਟ ਦੇ ਛਿੱਟੇ ਪਈ ਜਾ ਰਹੇ ਸਨ।

Real Estate