ਆਈਲੈਟਸ ਸੈਂਟਰਾਂ ਵਿੱਚੋਂ ਪੰਜਾਬ ਨੂੰ ਦੇਖਦਿਆਂ ।

1177

ਤਰਨਦੀਪ ਬਿਲਾਸਪੁਰ

ਪੰਜਾਬ ਦੇ ਇੱਕ ਪਰਮੁੱਖ ਪੰਜਾਬੀ ਅਖਬਾਰ ਵਿੱਚ  ਬਾਬਤ ਅੰਕੜਿਆਂ ਸਮੇਤ ਇੱਕ ਰਿਪੋਰਟ ਛਪੀ ਹੈ , ਜਿਸ ਵਿੱਚ (ਬਰਿਟਸ਼ ਕੌਂਸਲ ਤੇ ਆਈਡੀਪੀ ) ਤੋਂ ਅਧਿਕਾਰਤ ਰੂਪ ਚ’ ਪ੍ਰਾਪਤ ਵੇਰਵੇ ਸ਼ਾਮਿਲ ਹਨ । ਉਪਰੋਕਤ ਅੰਕੜੇ ਬੋਲਦੇ ਹਨ ਕਿ ਪੰਜਾਬ ਚ’ ਬੀਤੇ ਵਰੇਂ 3 ਲੱਖ 36 ਹਜ਼ਾਰ ਨੌਜਵਾਨਾਂ ਆਈਲੈਟਸ ਦਾ ਇਮਤਿਹਾਨ ਦਿੱਤਾ ਹੈ । ਭਾਵ ਹੈ ਕਿ ਹਰ ਰੋਜ਼ ਤਕਰੀਬਨ 900 ਬੱਚੇ ਸਿਰਫ ਆਈਲੈਟਸ ਦੀ ਪਰਿੱਖਿਆ ਚ’ ਬੈਠਦੇ ਹਨ । ਆਈਲੈਟਸ ਦਾ ਇੱਕ ਬਾਰ ਦਾ ਇਮਤਿਹਾਨ 12,650 ਰੁਪਏ ਚ’ ਪੈਂਦਾ ਹੈ । ਇਹਨਾਂ ਰੁਪਈਆ ਨੂੰ ਜਦੋਂ 3 ਲੱਖ 36 ਹਜ਼ਾਰ ਨਾਲ ਗੁਣਾ ਮਾਰਦੇ ਹਾਂ ਤਾਂ ਰਕਮ 425 ਕਰੋੜ ਬਣ ਜਾਂਦੀ ਹੈ । ਮੰਨਿਆਂ ਇਹ ਜਾਂਦਾ ਹੈ ਕਿ ਇੱਕ ਬਾਰ ਇਮਤਿਹਾਨ ਦੇਣ ਲਈ 20 ਹਜ਼ਾਰ ਰੁਪਏ ਲੱਗ ਜਾਂਦੇ ਹਨ । ਭਾਵ ਕਿ 700 ਕਰੋੜ ਰੁਪਏ ਤਿਆਰੀ ਚ’ ਲੱਗਦੇ ਹਨ । ਇਸਦਾ ਮਤਲਬ ਕੁੱਲ ਮੰਡੀ 1125 ਕਰੋੜ ਤੋਂ ਵੀ ਵਧੇਰੇ ਦੀ ਬਣ ਗਈ ਹੈ । ਇਹਨਾਂ ਅੰਕੜਿਆ ਚ’ ਅਜੇ ਆਈਲੈਟਸ ਦੀ ਸ਼ਰੀਕ ਪੀਟੀਈ ਬਾਬਤ ਕੋਈ ਗਿਣਤੀ ਨਹੀਂ , ਪੀਟੀਈ ਸਿਰਫ ਨਿਊਜੀਲੈਂਡ ਤੇ ਆਸਟਰੇਲੀਆ ਚ’ ਅਧਿਕਾਰਤ ਹੋਣ ਕਰਕੇ ਮਾਹਿਰਾ ਦੀ ਨਜ਼ਰ ਵਿੱਚ ਆਈਲੈਟਸ ਦੇ ਮੁਕਾਬਲਤਨ ਤੀਜਾ ਹਿੱਸਾ ਹੈ , ਭਾਵ ਕਿ ਪੰਜਾਬ ਚੋਂ 150 ਕਰੋੜ ਦੇ ਕਰੀਬ ਰੁਪਈਆ ਹਰ ਸਾਲ ਆਊਟ ਸੋਰਸ ਕਰ ਜਾਂਦੀ ਹੈ । ਪੰਜਾਬ ਵਿੱਚ ਆਈਲੈਟਸ ਤੇ ਪੀਟੀਈ ਦੀ ਤਿਆਰੀ ਕਰਵਾਉਣ ਵਾਲੇ ਰਜਿਸਟਰਡ ਆਈਲੈਟਸ ਸੈਂਟਰ 1200 ਹਨ । ਪਰ ਇਹਨਾਂ ਸੈਂਟਰਾਂ ਦੀ ਕੁੱਲ ਗਿਣਤੀ 10000 ਤੋਂ ਵਧੇਰੇ ਹੋ ਜਾਂਦੀ ਹੈ । ਹੁਣ ਜੋ ਇਹ ਪਰਚਲਣ ਚੱਲਿਆਂ ਹੈ , ਇਹ ਸਿਆਸਤ ਨੂੰ ਚਿੰਬੜੇ ਸਿਆਸਤਦਾਨਾਂ ਤੋਂ ਪੂਰੀ ਤਰਾਂ ਬੇਆਸ ਹੋ ਚੁੱਕੇ ਲੋਕਾਂ ਦੀ ਆਖਰੀ ਆਸ ਵਿੱਚੋਂ ਉਪਜਿਆ ਹੈ । ਇਹ 117 ਦੋ ਲੱਖੀ ਵਿਧਾਇਕਾਂ ਸਾਹਮਣੇ 45 ਹਜ਼ਾਰ ਤੋਂ 15 ਹਜ਼ਾਰੀ ਕੀਤੇ ਹਜ਼ਾਰਾਂ ਅਧਿਆਪਕਾਂ ਦੇ ਦੁੱਖ ਦਾ ਦਾਰੂ ਹੈ । ਇਹ ਟਰਾਈਡੈਂਟ ਵਰਗੀਆਂ ਫ਼ੈਕਟਰੀਆਂ ਚ’ 14 ਹਜ਼ਾਰ ਤੇ ਘਾਸੇ ਪਵਾਉਂਦੇ ਇੰਜਨੀਅਰਾਂ ਦੇ ਮਰਜ਼ ਦਾ ਇਲਾਜ ਹੈ । ਇਹ ਚੰਡੀਗੜ੍ਹ ਵਰਗੇ ਸ਼ਹਿਰ ਚ’ ਮੀਡੀਆ ਘਰਾਣਿਆਂ ਦੇ 20 ਹਜ਼ਾਰ ਮਹੀਨਾ ਤੇ ਸੀਰੀ ਰਲੇ ਪੱਤਰਕਾਰਾਂ ਲਈ ਤੇ ਉਹਨਾਂ ਦੇ ਬੱਚਿਆ ਲਈ ਆਖਰੀ ਆਸ ਦੀ ਕਿਰਨ ਹੈ । ਪੰਜਾਬ ਸਿਆਸੀ ਧਿਰਾਂ ਦੀ ਜ਼ਲਾਲਤ ਵਿੱਚੋਂ ਹੁਣ ਤਹਿ ਕਰਕੇ ਆਰਥਿਕ ਉਜਾੜੇ ਨੂੰ ਸਹੇੜ ਚੁੱਕਾ ਹੈ । ਹੁਣ ਇਹ ਵਰਤਾਰਾ ਰੁਕੇਗਾ ਨਹੀਂ , ਹੁਣ ਤਾਂ ਮੋਤੀ ਮਹਿਲ ਵਾਲੇ ਤੇ ਬਾਦਲ ਦੀ ਉੱਚੀ ਹਵੇਲੀ ਵਾਲੇ ਯਾਦ ਰੱਖ ਲੈਣ ਉਹ ਹੁਣ ਦਸ ਪੰਦਰਾਂ ਸਾਲ ਹੀ ਪੰਜਾਬ ਦੀ ਸਿਆਸਤ ਦੇ ਮਹਿਮਾਨ ਨੇ , ਪੰਜਾਬ ਚ’ ਉਹ ਦਿਨ ਦੂਰ ਨਹੀਂ ਜਦੋਂ ਅਖਿਲੇਸ਼ ਦਾ ਸਾਈਕਲ ਦੌੜੇਗਾ ਤੇ ਤੇਜਸਵੀ ਯਾਦਵ ਦੀ ਲਾਲਟੈਨ ਹਰ ਕਿੱਲੇ ਤੇ ਹੋਵੇਗੀ । ਕਿਉਕਿ ਇਹੀ ਭਾਰਤੀ ਸਟੇਟ ਦਾ ਸੁਪਨਾ ਸੀ , ਸੂਬਿਆਂ ਦਾ ਕੌਮੀਕਰਨ ਕਰਨਾ । ਸੋ ਪੰਜਾਬ ਉੱਜੜ ਕੇ ਵੱਸ ਰਿਹਾ ਹੈ , ਨਿਊਜੀਲੈਂਡ , ਆਸਟਰੇਲੀਆ ,ਅਮਰੀਕਾ, ਕਨੇਡਾ ਤੇ ਇਟਲੀ ਇੰਗਲੈਂਡ ਇਹਨਾਂ ਦੀਆਂ ਸ਼ਰਨਾਰਥੀ ਬਸਤੀਆਂ ਹਨ ,,,,, ਦੂਸਰਾਂ ਮੈਨੂੰ ਡਾਕਟਰ ਸਰਦਾਰਾ ਸਿੰਘ ਜੌਹਲ ਦੀ ਅੱਠ ਸਾਲ ਪਹਿਲਾ ਕਹੀ ਗੱਲ ਵੀ ਯਾਦ ਆ ਰਹੀ ਹੈ ਕਿ ਪੰਜਾਬ ਵਿੱਚ ਧਨਾਢਾਂ(ਕਾਰਪੋਰੇਟ ਘਰਾਣਿਆਂ ) ਨੇ ਜ਼ਮੀਨ ਟੇਕ ਓਵਰ ਕਰਨ ਲਈ ਜਲ , ਹਵਾ ਤੇ ਧਰਤੀ ਦੀ ਸਥਿਤੀ ਸਿਆਸੀ ਕੌਲੀ ਚੱਟਾਂ ਨਾਲ ਰਲਕੇ ਮਿਥਕੇ ਖ਼ਰਾਬ ਕੀਤੀ ਹੈ , ਜਿਸ ਚੋਂ ਆਰਥਿਕ ਸੰਕਟ , ਸੇਹਤ ਸੰਕਟ ਤੇ ਪਹਿਚਾਣ ਸੰਕਟ ਖੜੇ ਹੋਏ ਹਨ , ਜਿਸਦਾ ਅਮਲ ਪਰਵਾਸ ਰਾਹੀਂ ਦਿਖ ਰਿਹਾ ਹੈ । ਪਰ ਉਹ ਪੰਜਾਬ ਦੀ ਜ਼ਰਖੇਜ਼ ਜ਼ਮੀਨ ਤੇ ਕੋਹਿਨੂਰ ਵਾਂਗ ਅੱਖ ਰੱਖ ਬੈਠੇ ਹਨ ਜਿੱਥੋ ਮੱਧ ਏਸ਼ੀਆ ਅੰਨ ਸੰਕਟ ਚ’ ਸਾਡੀ ਜ਼ਮੀਨ ਤੋਂ ਅੰਨ ਉਗਾਕੇ ਸੋਨੇ ਦੇ ਭਾਅ ਵੇਚਣਗੇ । ਹਰ ਪਿੰਡ ਚ’ ਪੰਜ ਸੌ ਤੋਂ ਲੈ ਕੇ ਹਜਾਰ ੲੇਕੜ ਦੇ ਫਾਰਮ ਹੋਣਗੇ , ਜਿੱਥੇ ਸਾਡੇ ਯੂਪੀ ਬਿਹਾਰ ਵਾਲੇ ਵੀਰ ਦਿਹਾੜੀ ਕਰਨਗੇ । ਸੋ ਕੁੱਲ ਮਿਲਾਕੇ ਹੁਣ ਅਸੀਂ ਵੀ ਸਾਡੇ ਬਾਬੇ ਹੁਰਾਂ ਦੀ ਸਥਿਤੀ ਚ’ ਹੀ ਹਾਂ ਜੋ ਪਿਛਲੇ ਘਰਾਂ , ਜ਼ਮੀਨਾਂ , ਖੂਹਾਂ , ਮੋਟਰਾਂ , ਨਹਿਰਾਂ , ਕਮਾਦਾਂ , ਸਰੋਂ ਦੇ ਫੁੱਲਾਂ ਦੀ ਬੰਨੀਆਂ , ਬਰਸੀਮ ,ਚਰੀਆਂ , ਬਾਜਰਿਆਂ , ਬਲਦਾਂ , ਟੱਲੀਆਂ , ਰੇੜੀਆਂ , ਗੱਡਿਆ , ਦਰਵਾਜ਼ਿਆਂ , ਸੱਥਾਂ ਨੂੰ ਸਿਰਫ ਝੂਰਿਆ ਹੀ ਕਰਾਂਗੇ ।

Real Estate