ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਲਈ ਹੋ ਰਿਹਾ ਹੈ ਜੰਗੀ ਪੱਧਰ ਤੇ ਕੰਮ, ਪਰ ਇੱਧਰ….

1268

ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਜਦਕਿ ਭਾਰਤ ਕੱਛੂਕੁੰਮੇ ਦੀ ਚਾਲ ਨਾਲ ਵਿਭਾਗੀ ਪ੍ਰਵਾਨਗੀਆਂ ਦੇ ਚੱਕਰਾਂ ਵਿੱਚ ਫਸਿਆ ਪਿਆ ਹੈ। ਇਮਰਾਨ ਖ਼ਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਨੇ ਦੱਸਿਆ ਕਿ ਪਹਿਲੇ ਗੇੜ ਦਾ 35 ਫ਼ੀਸਦ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਨਵੰਬਰ 2019 ਤਕ ਪੂਰਾ ਗਲਿਆਰਾ ਤਿਆਰ ਕਰ ਲਿਆ ਜਾਵੇਗਾ। ਮਿਲੀਆਂ ਖ਼ਾਸ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਨੇ ਇੱਕ ਕਿਲੋਮੀਟਰ ਸੜਕ ਵੀ ਉਸਾਰ ਦਿੱਤੀ ਹੈ। ਪਾਕਿ ਨੇ ਗਲਿਆਰੇ ਲਈ ਸਾਢੇ ਕੁ ਚਾਰ ਕਿਲੋਮੀਟਰ ਸੜਕ ਬਣਾਉਣੀ ਹੈ, ਜਦਕਿ ਭਾਰਤ ਨੂੰ ਮੁਸ਼ਕਿਲ ਨਾਲ ਇੱਕ ਕਿਲੋਮੀਟਰ। ਪਰ ਭਾਰਤ ਵਿੱਚ ਹਾਲੇ ਜ਼ਮੀਨੀ ਪੱਧਰ ‘ਤੇ ਵੀ ਕੁਝ ਨਹੀਂ ਹੋਇਆ।
ਹਾਲੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਚਿੱਠੀ-ਪੱਤਰੀ ਚੱਲ ਰਹੀ ਹੈ।ਅਗਲੀਆਂ ਤਸਵੀਰਾਂ ਵਿੱਚ ਪਾਕਿਸਤਾਨ ਵੱਲੋਂ ਕੌਰੀਡੋਰ ਦੇ ਨੀਂਹ ਪੱਥਰ ਸਮਾਗਮ ਦੌਰਾਨ ਦਿਖਾਈ ਗਈ ਵੀਡੀਓ ਪ੍ਰੈਜ਼ੇਂਟੇਸ਼ਨ ਵਿੱਚ ਗਲਿਆਰੇ ਬਾਰੇ ਕੁਝ ਅਹਿਮ ਤੱਥ ਦੇਖੋ। ਕੌਮਾਂਤਰੀ ਸਰਹੱਦ ਤੋਂ ਕਰਤਾਰਪੁਰ ਸਾਹਿਬ ਤਕ ਸੀਲ ਕੀਤਾ ਹੋਇਆ ਪਰ ਖੂਬਸੂਰਤ ਰਸਤਾ ਤਿਆਰ ਕੀਤਾ ਜਾਵੇਗਾ, ਜਿਸ ਦੀ ਕੁੱਲ ਲੰਬਾਈ ਸਾਢੇ ਕੁ ਚਾਰ ਕਿਲੋਮੀਟਰ ਹੋਵੇਗੀ। ਰਾਵੀ ਦਰਿਆਨ ‘ਤੇ 800 ਮੀਟਰ ਲੰਮਾ ਪੁਲ ਬਣਾਇਆ ਜਾਵੇਗਾ। ਗੁਰਦੁਆਰੇ ਦੇ ਪਿਛਲੇ ਪਾਸੇ ਹੋਟਲ ਵੀ ਬਣਨਗੇ। ਗੁਰਦੁਆਰੇ ਦੇ ਖੱਬੇ ਪਾਸੇ ਬਾਰਡਰ ਟਰਮੀਨਲ ਕੰਪਲੈਕਸ ਬਣੇਗਾ, ਜਿਸ ਵਿੱਚ ਇਮੀਗ੍ਰੇਸ਼ਨ ਤੇ ਮੈਡੀਕਲ ਆਦਿ ਸੁਵਿਧਾਵਾਂ ਹੋਣਗੀਆਂ।ਭਾਰਤੀ ਸ਼ਰਧਾਲੂ ਬਗ਼ੈਰ ਵੀਜ਼ਾ ਤੋਂ ਕਰਤਾਰਪੁਰ ਸਾਹਿਬ ਆ ਸਕਣਗੇ ਤੇ ਸ਼ਾਮ ਤੋਂ ਪਹਿਲਾਂ ਵਾਪਸ ਭਾਰਤ ਆਉਣਾ ਪਵੇਗਾ। ਇਧਰ ਭਾਰਤ ਨੇ ਗਲਿਆਰੇ ਦੀ ਉਸਾਰੀ ਦੇ ਨਾਂਅ ‘ਤੇ ਹਾਲੇ ਤਕ ਕੁਝ ਸਰਵੇਖਣ ਕਰਵਾਏ ਹਨ।
ਪਾਕਿਸਤਾਨ ਦੀ ਫੁਰਤੀ ਤੋਂ ਵੇਖ ਭਾਰਤ ਨੇ ਵੀ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕੇਂਦਰੀ ਗ੍ਰਹਿ ਸਕੱਤਰ ਨੇ ਪੰਜਾਬ ਦੇ ਡੀਜੀਪੀ (ਸੂਹੀਆ) ਦਿਨਕਰ ਗੁਪਤਾ, ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਬੀਐਸਐਫ ਦੇ ਡੀਜੀ ਆਰ।ਕੇ। ਮਿਸ਼ਰ ਮੌਜੂਦ ਰਹੇ।ਹਾਲਾਂਕਿ, ਤਿੰਨਾਂ ਅਧਿਕਾਰੀਆਂ ਨੇ ਬੈਠਕ ਬਾਰੇ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਪਰ ਸੂਤਰਾਂ ਮੁਤਾਬਕ ਜ਼ਮੀਨ ਐਕੁਆਇਰ ਬਾਰੇ ਚਰਚਾ ਕੀਤੀ ਗਈ ਹੈ। ਉੱਧਰ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਸ ਜਤਾਈ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਵੀ ਕਿਹਾ ਕਿ ਕੁਝ ਪ੍ਰਵਾਨਗੀਆਂ ਕਰਕੇ ਕੰਮ ਰੁਕਿਆ ਹੋਇਆ ਹੈ, ਕੇਂਦਰ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਛੇਤੀ ਹੀ ਕੰਮ ਮੁਕੰਮਲ ਹੋ ਜਾਵੇਗਾ।

Real Estate