ਗਜ਼ਲ -ਘੜੀ ਪਲ ਹੀ ਸਹੀ -ਵਾਹਿਦ

1135

ਵਾਹਿਦ

ਘੜੀ ਪਲ ਹੀ ਸਹੀ ਪਰ ਦਿਲ ‘ਚ ਤੇਰੇ ਧੜਕਿਆ ਤਾਂ ਹਾਂ।
ਮੈਂ ਆਪਣੇ ਲਕਸ਼ ਦੇ ਨਜ਼ਦੀਕ ਆਖ਼ਿਰ ਪਹੁੰਚਿਆ ਤਾਂ ਹਾਂ।

ਤੂੰ ਉਂਝ ਬੇਗਾਨਿਆਂ ਵਾਂਗੂੰ ਲਿਆ ਹੈ ਨਾਮ ਮੇਰਾ ਪਰ,
ਮੈਂ ਕੁਝ ਪਲ ਇਸ ਤਰ੍ਹਾਂ ਤੇਰੇ ਲਬਾਂ ‘ਤੇ ਠਹਿਰਿਆ ਤਾਂ ਹਾਂ।

ਇਹ ਵੱਖਰੀ ਗੱਲ ਹੈ ਜੋ ਹੋਂਦ ਆਪਣੀ ਨਾ ਮਿਟਾ ਸਕਿਆ,
ਮੈਂ ਤੇਰੇ ਹਿਜਰ ਦੇ ਹਰ ਇਕ ਪੜਾਅ ‘ਚੋਂ ਗੁਜ਼ਰਿਆ ਤਾਂ ਹਾਂ।

ਇਹ ਗੱਲ ਕੁਝ ਹੋਰ ਜੋ ਮੈਂ ਜ਼ਬਤ ਆਪਣੇ-ਆਪ ‘ਤੇ ਰੱਖਿਆ,
ਤੇਰੇ ਨਜ਼ਦੀਕ ਆ ਕੇ ਉਂਝ ਥੋੜ੍ਹਾ ਬਹਿਕਿਆ ਤਾਂ ਹਾਂ।

ਵਹਾਅ ਕਿੰਝ ਰੋਕਿਆ ਪਲਕਾਂ ਦੇ ਓਹਲੇ ਮੈਂ ਜਾਂ ਰੱਬ ਜਾਣੇ,
ਉਹਨਾਂ ਦੇ ਸਾਹਮਣੇ ਜਿੱਦਾਂ ਵੀ ਹੋਇਆ ਹੱਸਿਆ ਤਾਂ ਹਾਂ।

 

Real Estate