ਕੇਜਰੀਵਾਲ ਨੂੰ ਗਿਆ ਪੰਜਾਬ ਦੇ ਇੱਕ ਹੋਰ MLA ਦਾ ਅਸਤੀਫਾ

1041

ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਸੂਬੇ ਦੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਪਰ ਵੱਡਾ ਇਲਜ਼ਾਮ ਲਾਇਆ ਹੈ।ਪਿਛਲੇ 15 ਦਿਨਾਂ ‘ਚ ਇਹ ਤੀਜਾ ਵੱਡਾ ਵਿਧਾਇਕ ਹੈ ਜਿਸ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਹੈ। ਬਲਦੇਵ ਸਿੰਘ ਤੋਂ ਪਹਿਲਾ ਸੁਖਪਾਲ ਖਹਿਰਾ ਤੇ ਐਸਐਸ ਫੂਲਕਾ ਨੇ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਖਹਿਰਾ ਆਪਣੀ ਵੱਖਰੀ ਪਾਰਟੀ ਪੰਜਾਬੀ ਏਕਤਾ ਪਾਰਟੀ ਬਣਾ ਚੁੱਕੇ ਹਨ।ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜੇ ਆਪਣੇ ਅਸਤੀਫ਼ਾ ਪੱਤਰ ‘ਚ ਮਾਸਟਰ ਬਲਦੇਵ ਸਿੰਘ ਨੇ ਲਿਖਿਆ ਹੈ ਕਿ ਉਹ ਬਹੁਤ ਹੀ ਦੁਖੀ ਮਨ ਨਾਲ ਅਸਤੀਫ਼ਾ ਦੇ ਰਹੇ ਹਨ, ਕਿਉਂ ਜੋ ਪਾਰਟੀ ਆਪਣੀ ਮੁੱਢਲੀ ਵਿਚਾਰਧਾਰਾ ਅਤੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ ਅਤੇ ਉਨ੍ਹਾਂ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਯਾਦ ਰਹੇ ਕਿ ਮਾਸਟਰ ਬਲਦੇਵ ਸਿੰਘ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨਾਲ ਪਿਛਲੇ ਦਿਨਾਂ ਤੋਂ ਹੀ ਪੂਰਾ ਸਮਰਥਨ ਕਰ ਰਹੇ ਸਨ। ਪੱਤਰ ‘ਚ ਮਾਸਟਰ ਬਲਦੇਵ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਪੰਜਾਬ ਦੇ ਸਮਾਜਿਕ ਸਿਆਸੀ ਹਾਲਾਤ ਨੂੰ ਸੁਧਾਰਨ ਲਈ ਉਨ੍ਹਾਂ ਨੇ ਮੁੱਖ ਅਧਿਆਪਕ ਦੀ ਆਪਣੀ ਸਰਕਾਰੀ ਨੌਕਰੀ ਛੱਡੀ, ਭਾਵੇਂ ਕਿ ਉਨ੍ਹਾਂ ਦੀ ਨੌਕਰੀ ਦੇ ਅਜੇ ਚਾਰ ਸਾਲ ਬਾਕੀ ਸਨ। ਉਨ੍ਹਾਂ ਕਿਹਾ ਹੈ ਕਿ ਪਾਰਟੀ ਦੀ ਪ੍ਰਣਾਲੀ ‘ਚ ਇਸ ਤਾਨਾਸ਼ਾਹੀ ਅਤੇ ਅਤਿ-ਵਿਸ਼ਵਾਸ ਦੇ ਵਤੀਰੇ ਨੇ 2017 ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਿੱਤੀ। ਇਸ ਤੋਂ ਕੋਈ ਸਬਕ ਨਾ ਸਿੱਖਦੇ ਹੋਏ ਤੁਸੀਂ (ਕੇਜਰੀਵਾਲ ਨੇ) ਸ਼ਰਮਨਾਕ ਹਾਰ ਦੇ ਨਤੀਜੇ ਲੱਭਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਅਤੇ ਫਿਰ ਪੰਜਾਬ ਦੀ ਵਾਗ ਡੋਰ ਦੁਰਗੇਸ਼ ਪਾਠਕ ਵਰਗੇ ਸ਼ਾਤਰ ਆਗੂਆਂ ਦੇ ਹੱਥ ਦੇ ਦਿੱਤੀ। ਉਨ੍ਹਾਂ ਇਹ ਵੀ ਲਿਖਿਆ ਹੈ ਕਿ 2017 ਚੋਣਾਂ ਤੋਂ ਬਾਅਦ ਪਾਰਟੀ ਦੇ ਸੰਗਠਨ ‘ਚ ਵਿਸਤਾਰ ਕਰਦੇ ਸਮੇਂ 26 ਜ਼ਿਲ੍ਹਾ ਪ੍ਰਧਾਨਾਂ ‘ਚੋਂ ਨਾ ਤਾਂ ਕਿਸੇ ਦਲਿਤ ਨੂੰ ਪ੍ਰਧਾਨ ਲਗਾਇਆ ਗਿਆ ਅਤੇ ਨਾ ਹੀ ਕਿਸੇ ਨੂੰ ਜ਼ੋਨ ਪ੍ਰਧਾਨ ਲਗਾਇਆ ਗਿਆ ਹੈ। ਇੰਨਾ ਹੀ ਨਹੀਂ, ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ ‘ਚੋਂ ਕੋਈ ਵੀ ਸੀਟ ਦਲਿਤ ਨੂੰ ਦਿੱਤੀ ਗਈ। ਉਨ੍ਹਾਂ ਨੇ ਆਪਣੀ ਪੱਤਰ ‘ਚ ਇੱਥੋਂ ਤੱਕ ਲਿਖਿਆ ਹੈ ਕਿ ਜੇ ਤੁਸੀਂ (ਕੇਜਰੀਵਾਲ) ਕਮਜ਼ੋਰ ਵਰਗਾਂ ਅਤੇ ਦਲਿਤਾਂ ਦੀ ਬਿਹਤਰੀ ਲਈ ਇੰਨੇ ਹੀ ਚਿੰਤਤ ਹੋ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਤਿੰਨ ਉੱਚੇ ਅਹੁਦੇ ਕਨਵੀਨਰ, ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ‘ਚੋਂ ਕੋਈ ਇੱਕ ਦਲਿਤਾਂ ਨੂੰ ਦੇ ਦੇਵੋ, ਜਿਹੜੇ ਕਿ ਤੁਹਾਡੇ ਅਤੇ ਮਨੀਸ਼ ਸਿਸੋਦੀਆ ਕੋਲ ਹਨ।

Real Estate