ਔਰਤ—ਇੱਕ ਦ੍ਰਿਸ਼ਟੀਕੋਣ (ਭਾਸ਼ਾ-ਵਿਗਿਆਨੀਆਂ ਤੋਂ ਖਿਮਾ ਸਹਿਤ!)

1038

ਮਈ 1979 ਵਿੱਚ ਅਮ੍ਰਿਤਾ ਪ੍ਰੀਤਮ ਨੇ ਆਪਣੇ ਮੈਗਜੀਨਨਾਗਮਣੀਦਾ ਵਿਸ਼ੇਸ਼ ਅੰਕ ਕੱਢਿਆ ਸੀਦੇਖ ਕਬੀਰਾ ਹੱਸਿਆ। ਇਸ ਅੰਕ ਦਾ ਬਹੁਤਾ ਭਾਗ ਭੂਸ਼ਨ ਦੀ ਕਲਮ ਨੇ ਰਚਿਆ ਸੀ। ਇਸ ਵਿੱਚੋਂ ਭੂਸ਼ਨ ਦੀ ਇੱਕ ਰਚਨਾ ਪੇਸ਼ ਹੈ:


ਭੂਸ਼ਨ/ਦ੍ਰਿਸ਼ਟੀ ਆਪਣੀਕੋਣ ਪਰਾਏ

—ਕੁੜੀ ਜੰਮਣਾ ਲਾਹਨਤ, ਕੁੜੀ ਕੱਢਣਾ ਮਰਦਾਨਗੀ।
—ਕੋੲੀ ਵੀ ਗਾਲ੍ਹ ਕੱਢੋ, ਨਿਕਲੇਗੀ ਮਰਦ ਲਈ ਹੋਵੇਗੀ ਔਰਤ ਲਈ।
—ਕੋਈ ਵੀ ਅਸੀਸ ਦਿਉ, ਨਿਕਲੇਗੀ ਔਰਤ ਲਈ, ਹੋਵੇਗੀ ਮਰਦ ਲਈ।
—ਔਰਤ ਇੱਕ, ਦ੍ਰਿਸ਼ਟੀਕੋਣ ਕਈ:
—ਆਦਮ ਅਤੇ ਹਵਾ ਦੇ ਸਮੇਂ ਤੋਂ ਨਰ-ਮਾਦਾ ਦੀ ਜੋੜੀ, ਪਰ ਕਾਦਰ ਨਰ, ਕੁਦਰਤ ਮਾਦਾ !
—ਰੱਬ ਦਾ ਸੰਕਲਪ, ਮਾਦਾ-ਰਹਿਤ, ਅਕਾਲ ਪੁਰਖ !
—ਆਤਮਾ ਮਾਦਾ—ਮਹਾਤਮਾ, ਧਰਮਾਤਮਾ, ਪਰਮਾਤਮਾ—ਨਰ !
—ਮਰਿਆਦਾ ਮਾਦਾ—ਮਰਿਆਦਾ ਪੁਰਸ਼ੋਤਮ—ਨਰ !
—ਧਰਤੀ ਮਾਂ—ਖੜ੍ਹੀ ਬਲਦ ਦੇ ਸਿੰਙ ਤੇ ।
—ਗਉ ਮਾਤਾ—ਗਉਆਂ ਵਿੱਚ ਸਾਨ੍ਹ, ਗੋਪੀਆਂ ਵਿੱਚ ਕਾਨ੍ਹ—(ਹਿੰਦੁਸਤਾਨ !)
—ਮਾਤ ਭਾਸ਼ਾ—ਸ਼ਬਦ, ਅਰਥ, ਵਾਕ—ਨਰ !
—ਮਰਦ ਦੇ ਭੋਗ ਦੀ ਹਰ ਵਸਤ ਮਾਦਾ : ਕੁੱਲੀ, ਗੁੱਲੀ, ਜੁੱਲੀ, ਦੌਲਤ, ਸ਼ੁਹਰਤ, ਇੱਜਤ, ਨੀਂਦ, ਭੁੱਖ,
ਪਿਆਸ, ਸਵਾਰੀ, ਤਰੱਕੀ, ਨੌਕਰੀ, ਅੱਯਾਸ਼ੀ, ਖੇਡ, ਦੌੜ, ਚਾਲ, ਸਾਮੱਗਰੀ, ਨੀਤੀ, ਸਿਆਸਤ,
ਆਸ਼ਕੀ, ਫੁਰਸਤ, ਦੀਵਾਨਗੀ, ਆਜਾਦੀ, ਖੂਬਸੂਰਤੀ, ਖੁਸ਼ਬੂ, ਪ੍ਰਾਪਤੀ, ਸ਼ਕਤੀ, ਭਗਤੀ !
—ਮਰਦ ਦੀ ਸੁਹਜ-ਤ੍ਰਿਪਤੀ ਦੀ ਹਰ ਵਸਤ ਮਾਦਾ: ਕਵਿਤਾ, ਕਲਾ, ਕੌਸ਼ਲਤਾ, ਕਲਪਨਾ, ਧੁਨੀ,
ਮੂਰਤੀ, ਪ੍ਰਤਿਭਾ, ਚੇਤਨਾ, ਭਾਵਨਾ, ਪਰਵਾਜ਼, ਨਫਾਸਤ, ਚਾਂਦਨੀ, ਰੋਸ਼ਨੀ !
—ਨਰ ਬਿੰਬ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਗਿਆਨ, ਵਿਗਿਆਨ, ਅਭਿਮਾਨ, ਸਵੈਮਾਨ,
ਜਿਮੀਂਦਾਰ, ਜਗੀਰਦਾਰ, ਸ਼ਾਹੂਕਾਰ, ਖਰੀਦਾਰ, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ,
ਰਾਸ਼ਟਰਪਤੀ, ਪਰਜਾਪਤੀ, ਸੰਕਟ-ਮੋਚਨ !
—ਮਾਦਾ ਬਿੰਬ: ਮੌਤ, ਕਿਆਮਤ, ਲਾਹਨਤ, ਕਿਸਮਤ, ਨਫਰਤ, ਮਜਬੂਰੀ, ਮਜਦੂਰੀ, ਕਾਲਖ,
ਕਿਰਸੀ, ਬੇਅਦਬੀ, ਈਰਖਾ, ਸਮੱਸਿਆ, ਖੁਦਕੁਸ਼ੀ, ਤੌਹੀਨ, ਤੁਹਮਤ, ਚੁਗਲੀ, ਨਿੰਦਿਆ,
ਸੁਸਤੀ, ਜੁੱਤੀ, ਮਾਯੂਸੀ,ਉਦਾਸੀ, ਵਿਦਾਈ, ਜੁਦਾਈ, ਤਨਹਾਈ, ਬੁਰਾਈ, ਪਰਲੋ !
—ਮਾਦਾ ਉਚਾਰਣ ਹਮੇਸ਼ਾ ਛੋਟੇਪਨ ਦਾ ਸੂਚਕ: ਪਹਾੜ-ਪਹਾੜੀ, ਸਾਗਰ-ਨਦੀ, ਗ੍ਰੰਥ-ਪੁਸਤਕ,
ਝੰਡਾ-ਝੰਡੀ, ਬੱਦਲ-ਬੱਦਲੋਟੀ, ਬੇੜਾ-ਬੇੜੀ, ਢੋਲ-ਢੋਲਕੀ, ਢੇਰ-ਢੇਰੀ, ਪਰਚਾ-ਪਰਚੀ ।
—ਕਲ੍ਹ ਦੀ ‘ਭੂਤਨੀ’, ‘ਸਿਵਿਆਂ’ ਵਿੱਚ ਅੱਧ; ਜਾਤ ਦੀ ‘ਕੋਹੜ ਕਿਰਲੀ’, ‘ਸ਼ਤੀਰਾਂ ਨਾਲ ਜੱਫੇ ।
—ਸਮਾਂ ਕਦੇ ਮਾਦਾ ਨਹੀਂ ਹੁੰਦਾ: ਯੁਗ, ਸਾਲ, ਮਹੀਨਾ, ਦਿਨ, ਪਹਿਰ, ਘੰਟਾ, ਮਿਨਟ, ਸਕਿੰਟ, ਪਲ,
ਛਿਣ, ਭੂਤ, ਭਵਿੱਖ, ਵਰਤਮਾਨ, ਵਾਰ, ਤਹਿਵਾਰ ।
—ਸਿਹਰਾ ਸਦਾ ਨਰ ਦੇ ਸਿਰ: ਵਿਦਿਆ, ਸਿਖਿਆ, ਪੜ੍ਹਾਈ, ਲਿਖਾਈ, ਦੁਹਰਾਈ, ਕਿਤਾਬ,
ਕਾਪੀ, ਪੈਂਸਿਲ, ਰਬੜ, ਕਲਮ, ਦੁਆਤ, ਸਿਆਹੀ, ਫੱਟੀ, ਸਲੇਟ, ਸਲੇਟੀ, ਮਿਹਨਤ, ਪ੍ਰਿਖਿਆ—ਮਾਦਾ
ਨਤੀਜਾ, ਪ੍ਰਮਾਣ-ਪੱਤਰ—ਨਰ !
—ਨਰ ਉਚਾਰਣ ਨਿੱਗਰ, ਮਾਦਾ ਉਚਾਰਣ ਛੂਈ-ਮੂਈ। ਕਿਸੇ ਵੀ ਸੰਗਿਆ ਦਾ ਉਚਾਰਣ ਮਾਦਾ ਕਰ
ਦਿਉ, ਚੰਗੀ-ਭਲੀ ਵਸਤ ਹੱਥਾਂ ‘ਚੋਂ ਨਿੱਕਲ ਕੇ ਭਾਵ-ਵਾਚਕ ਬਣ ਜਾਏਗੀ: ਰੰਗ-ਰੰਗਤ,
ਭਾਵੁਕ-ਭਾਵੁਕਤਾ, ਦੀਵਾਨਾ-ਦੀਵਾਨਗੀ। ਮਨੁੱਖ-ਮਨੁੱਖਤਾ, ਪਵਿੱਤ੍ਰ-ਪਵਿੱਤ੍ਰਤਾ,
ਸੱਭਿਆ-ਸੱਭਿਅਤਾ, ਮੂਰਖ-ਮੂਰਖਤਾ ।
—ਔਰਤ ਇੱਕ ਤਿਕੋਣ ਹੈ: ਜੋ ਬਚਪਨ ਵਿੱਚ ਸਫੈਦ ਹੁੰਦੀ ਹੈ, ਜਵਾਨੀ ਵਿੱਚ ਗੁਲਾਬੀ ਤੇ ਵਿਆਹ
ਪਿੱਛੋਂ ਲਾਲ !
ਤਿੰਨ ਬਿੰਦੂ : ਪਿਤਾ, ਪਤੀ, ਪੁੱਤਰ । ਤਿੰਨ ਰੇਖਾਵਾਂ : ਪੇਕੇ, ਸਹੁਰੇ, ਨਿੱਜ !
ਤਿੰਨ ਪੜਾਅ: ਮਹਿਬੂਬਾ, ਪਤਨੀ, ਮਾਂ ! ਤਿੰਨ ਸ਼੍ਰੇਣੀਆਂ: ਵਧੂ, ਵਿਧਵਾ, ਵੇਸਵਾ ।
ਤਿੰਨ ਰੂਪ : ਸਰਸਵਤੀ, ਲਕਸ਼ਮੀ, ਦੁਰਗਾ । ਤਿੰਨ ਤੱਤ : ਹਵਾ, ਅਗਨੀ, ਪ੍ਰਿਥਵੀ ।
ਤਿੰਨ ਸਤਿਕਾਰ: ਗਊ ਮਾਤਾ, ਮਾਤ ਭਾਸ਼ਾ, ਮਾਤਭੂਮੀ । ਤਿੰਨ ਕੱਪੜੇ : ਝੱਗਾ, ਚੁੰਨੀ, ਸਲਵਾਰ ।
ਤਿੰਨ ਗੁਲਾਈਆਂ : ਛਾਤੀ, ਕਮਰ, ਹਿੱਪਸ । ਤਿੰਨ ਕਮਜੋਰੀਆਂ : ਹੰਝੂ, ਦੁੱਧ, ਲਹੂ ।
ਤਿੰਨ ਰੁਟੀਨ : ਕਿਚਨ, ਡਰਾਇੰਗ ਰੂਮ, ਬੈੱਡ ਰੂਮ । ਤਿੰਨ ਭਾਵ : ਪਿਆਰ, ਲੱਜਿਆ, ਮਮਤਾ ।
ਤਿੰਨ ਸੋਚਾਂ : ਉਡੀਕ, ਉਦਾਸੀ, ਆਤਮ-ਹੱਤਿਆ ।
—ਬਸ, ਔਰਤ ਇੱਕ ਦ੍ਰਿਸ਼ਟੀ-ਕੋਣ ਹੁੰਦੀ ਹੈ, ਜਿਸ ਵਿੱਚ ‘ਦ੍ਰਿਸ਼ਟੀ’ ਹਮੇਸ਼ਾ ਮਾਦਾ ਹੁੰਦੀ ਹੈ ਤੇ ‘ਕੋਣ’ ਹਮੇਸ਼ਾ ਨਰ !

Real Estate