ਐਨਾ ਸੱਚ ਨਾ ਬੋਲ

1591

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 065454
ਬੀਤੇ ਦਿਨੀ ਫਿਰੋਜ਼ਪੁਰ ਵਿਖੇ ਪੰਚਾਂ ਸਰਪੰਚਾਂ ਦੇ ਹੋਏ ਸਹੁੰ ਚੁੱਕ ਸਮਾਗਮ , ਜਿਸ ਵਿਚ ਚੁਣੇ ਗਏ ਸਾਰੇ ਨੁਮਾਇੰਦਿਆਂ ਨੂੰ ਨਸ਼ਿਆਂ ਖਿਲਾਫ ਲੜਨ ਦੀ ਸਹੁੰ ਚੁਕਾਈ ਜਾ ਰਹੀ ਸੀ। ਇਸ ਚੱਲਦੇ ਸਮਾਗਮ ਵਿਚ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਜਮੀਰ ਜਾਗ ਪਈ ਅਤੇ ਉਨਾਂ ਨੇ ਇਸ ਸਮਾਗਮ ਵਿਚ ਆਪਣੇ ਭਾਸ਼ਣ ਵਿਚ ਇਸ ਨਸ਼ਿਆਂ ਖਿਲਾਫ ਲੜਨ ਵਾਲੀ ਸਹੁੰ ਚੁਕਾਉਣ ਦੇ ਡਰਾਮੇ ਦਾ ਪਰਦਾਫਾਸ਼ ਕਰਦਿਆਂ ਕਹਿ ਦਿੱਤਾ ਕਿ ਨਸ਼ੇ ਤਾਂ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਖੁੱਲੇ ਤੌਰ ਤੇ ਵੇਚੇ ਜਾ ਰਹੇ ਹਨ ਅਤੇ ਫਿਰੋਜ਼ਪੁਰ ਜਿਲੇ ਦੇ ਆਈ ਜੀ ਰੈਂਕ ਦਾ ਇਕ ਪੁਲਿਸ ਅਫਸਰ ਇਸ ਲਈ ਸਿੱਧਾ ਸਿੱਧਾ ਜਿਮੇਂਵਾਰ ਹੈ। ਜਿਸਤੇ ਸਰਕਾਰ ਨੇ ਉਲਟਾ ਵਿਧਾਇਕ ਜੀਰਾ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਭੇਜਿਆ ਅਤੇ ਅੱਜ ਪਾਰਟੀ ਚੋਂ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਜਿਕਰਯੋਗ ਹੈ ਕਿ ਜੇਕਰ ਕੋਈ ਵਿਅਕਤੀ ਭਰੇ ਇਕੱਠ ਵਿਚ ਕਿਸੇ ਅਧਿਕਾਰੀ ਦਾ ਸਿੱਧਾ ਨਾ ਲੈ ਕੇ ਉਸ ਤੇ ਕੋਈ ਦੋਸ਼ ਲਾਉਂਦਾ ਹੈ ਤਾਂ ਉਸ ਦੀ ਕਹਿਣੀ ਵਿਚ ਕੁੱਝ ਤਾਂ ਸਚਾਈ ਹੋਵੇਗੀ ਹੀ, ਪਰ ਪਾਰਟਂੀ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਜੀਰਾ ਨੂੰ ਤਾਂ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਪਰ ਇੱਥੇ ਸਵਾਲ ਉਠੱਦਾ ਹੈ ਕਿ ਇਸਦੇ ਨਾਲ ਹੀ ਉਸ ਅਫਸਰ ਨੂੰ ਵੀ ਮੁਅੱਤਲ ਕਰਨਾ ਬਣਦਾ ਸੀ ਜਿਸ ਤੇ ਐਡੇ ਵੱਡੇ ਦੋਸ਼ ਲੱਗੇ ਹਨ। ਜੇਕਰ ਆਮ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਲੰਬੀ ਸਜ਼ਾ ਹੋ ਸਕਦੀ ਹੈ ਤਾਂ ਨਸ਼ਾ ਵਿਕਾਉਣ ਵਾਲੇ ਅਫਸਰ ਨੂੰ ਮੁਅੱਤਲ ਕਰਕੇ ਉਸ ਵਿਰੁੱਧ ਜਾਂਚ ਹੋਣੀ ਵੀ ਜਰੂਰੀ ਹੈ। ਜਾਖੜ ਸਾਹਿਬ ਨੇ ਜੀਰਾ ਸਾਹਿਬ ਦੀ ਮੁਅੱਤਲੀ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਇਸਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਦੱਸਦਿਆਂ ਕਿਹਾ ਹੈ ਕਿ ਜੀਰਾ ਨੂੰ ਇਹ ਗੱਲ ਜਨਤਕ ਕਰਨ ਦੀ ਬਜਾਏ ਪਾਰਟੀ ਕੋਲ ਉਠਾਉਣੀ ਚਾਹੀਦੀ ਸੀ। ਪਰ ਜੀਰਾ ਦਾ ਕਹਿਣਾ ਹੈ ਕਿ ਉਨਾਂ ਨੇ ਇਹ ਮਸਲਾ ਡੀ ਜੀ ਪੀ ਸਾਹਿਬ, ਕੈਪਟਨ ਸਾਹਿਬ ਅਤੇ ਜਾਖੜ ਸਾਹਿਬ ਕੋਲ ਉਠਾਇਆ ਸੀ ਪਰ ਕਿਸੇ ਨੇ ਉਨਾਂ ਦੀ ਗੱਲ ਨਹੀਂ ਸੁਣੀ। ਜੀਰਾ ਸਾਹਬ ਦੀ ਗੱਲ ਨਾਲ ਸਾਰੇ ਸਹਿਮਤ ਹਨ ਕਿ ਇਹ ਗੱਲ ਜੱਗ ਜਾਹਿਰ ਹੈ ਕਿ ਕਾਂਗਰਸ ਨੇ ਨਸ਼ਿਆਂ ਵਿਰੁੱਧ ਪ੍ਰਚਾਰ ਕਰਕੇ ਸੱਤਾ ਤਾਂ ਹਥਿਆ ਲਈ ਪਰ ਇਸਨੂੰ ਬੰਦ ਕਰਨ ਦੇ ਯਤਨ ਨਹੀਂ ਹੋਏ। ਜਦੋਂ ਵੀ ਸਰਕਾਰ ਉਪਰੋਂ ਸਖਤੀ ਕਰਦੀ ਹੈ ਪੰਜਾਬ ਦੀ ਪੁਲਿਸ ਦਾ ਵਿਗੜਿਆ ਤਾਣਾ ਬਾਣਾ ਹੇਠਲੇ ਪੱਧਰ ਦੇ ਤਸਕਰਾਂ ਜਿਹੜੇ ਵੱਡੇ ਤਸਕਰਾਂ ਵਲੋਂ ਪਹਿਲਾਂ ਨਸ਼ੇੜੀ ਬਣਾਏ ਜਾਂਦੇ ਹਨ ਅਤੇ ਬਾਅਦ ਵਿਚ ਉਨਾਂ ਨੂੰ ਉਨਾਂ ਦਾ ਨਸ਼ਾ ਵੇਚਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤੇ ਧੜਾਧੜ ਪਰਚੇ ਦਰਜ ਕਰਕੇ ਜੇਲਾਂ ਵਿਚ ਸੁੱਟ ਦਿੰਦੀ ਹੈ ਅਤੇ ਵੱਡੇ ਤਸਕਰ ਪਰਦੇ ਪਿੱਛੇ ਰਹਿੰਦੇ ਹਨ। ਥੋੜਾ ਚਿਰ ਸਰਗਰਮੀਆਂ ਰੋਕ ਕੇ ਉਹ ਆਪਣੇ ਨਵੇਂ ਕੁਰੀਅਰ ਲੱਭ ਲੈਂਦੇ ਹਨ ਅਤੇ ਨਸ਼ਾ ਫੇਰ ਵਿਕਦਾ ਰਹਿੰਦਾ ਹੈ। ਪੰਜਾਬ ਦੀ 90 ਪ੍ਰਤੀਸ਼ਤ ਪੁਲਿਸ ਭ੍ਰਿਸ਼ਟ ਹੈ। ਇਸ ਵਿਚ ਸੁਧਾਰ ਲਿਆਉਣਾ ਖਾਲਾ ਜੀ ਦਾ ਵਾੜਾ ਨਹੀਂ। ਇਹ ਕੰਮ ਬਹੁਤ ਜਿਗਰੇ ਵਾਲਾ ਹੀ ਕਰੇਗਾ। ਪਰ ਜੀਰਾ ਸਾਹਿਬ ਦੀ ਜ਼ਮੀਰ ਨੇ ਸੱਚ ਬੋਲ ਕੇ ਆਪਣੇ ਆਪ ਨੂੰ ਖਤਰੇ ਚ ਜਰੂਰ ਪਾਇਆ ਹੈ। ਇੱਥੇ ਮੈਨੂੰ ਸੁਰਜੀਤ ਪਾਤਰ ਦੀਆਂ ਲਿਖੀਆਂ ਉਹ ਲਾਈਨਾ ,‘ ਕਿ ਐਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਦੋ ਚਾਰ ਬੰਦੇ ਰੱਖਲੈ ਅਰਥੀ ਨੂੰ ਮੋਢਾ ਦੇਣ ਲਈ।’ ਯਾਦ ਆਉਂਦੀਆਂ ਨੇ। ਸੱਤਾਧਾਰੀ ਪਾਰਟੀ ਚ ਰਹਿਕੇ ਸੱਤਾ ਦਾ ਅਨੰਦ ਮਾਣਦਿਆਂ ਆਪਣੀ ਸਰਕਾਰ ਖਿਲਾਫ ਸਟੇਜ ਤੇ ਚੜਕੇ ਸੱਚ ਬੋਲ ਦੇਣਾ ਕੋਈ ਸੌਖੀ ਗੱਲ ਨਹੀਂ। ਅਸੀਂ ਜੀਰਾ ਸਾਹਬ ਦੀ ਇਸ ਮਰਦਾਨਗੀ ਦੀ ਦਾਦ ਦਿੰਦੇ ਹਾਂ। ਜੀਰਾ ਸਾਹਬ ਤੁਸੀਂ ਇਕੱਲੇ ਨਹੀਂ ਇਨਾਂ ਅੰਦਰਲੀਆਂ ਗੱਲਾਂ ਦਾ ਸਭ ਨੂੰ ਪਤਾ ਹੈ। ਲੋਕ ਤੁਹਾਡੇ ਨਾਲ ਹਨ ਅਤੇ ਸਮਾਂ ਨੇੜੇ ਹੈ ਲੋਕ ਇਨਾਂ ਲੀਡਰਾਂ ਤੋਂ ਇਸਦਾ ਜਵਾਬ ਮੰਗਣਗੇ।

Real Estate