ਹਾਥੀ -ਸਾਈਕਲ ਗੱਠਜੋੜ ਵਿੱਚੋ ਅੱਡ ਹੋਈ ਕਾਂਗਰਸ

868

ਹਾਥੀ -ਸਾਈਕਲ ਗੱਠਜੋੜ ਵਿਚ ਸ਼ਾਮਲ ਨਾ ਕੀਤੇ ਜਾਣ ਤੋਂ ਖਫ਼ਾ ਕਾਂਗਰਸ ਨੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਰਾਜ ਦੀਆਂ ਸਾਰੀਆਂ 80 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰੇਗੀ। ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਚਰਚਾ ਤੋਂ ਬਾਅਦ ਪਾਰਟੀ ਦੇ ਉੱਤਰ ਪ੍ਰਦੇਸ਼ ਮਾਮਲਿਆਂ ਬਾਰੇ ਇੰਚਾਰਜ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਜਿਹੀ ਕਿਸੇ ਵੀ ਧਰਮ ਨਿਰਪੱਖ ਤਾਕਤ ਨੂੰ ਥਾਂ ਦੇਵੇਗੀ ਜੋ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੀ ਸਮੱਰਥਾ ਰੱਖਦੀ ਹੋਵੇ।
ਕਾਂਗਰਸ ਆਗੂਆਂ ਦੀ ਇਹ ਮੀਟਿੰਗ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਚੋਣ ਗੱਠਜੋੜ ਹੋਣ ਦੇ ਐਲਾਨ ਤੋਂ ਇਕ ਦਿਨ ਬਾਅਦ ਬੁਲਾਈ ਗਈ ਸੀ।
ਆਜ਼ਾਦ ਨੇ ਪੱਤਰਕਾਰਾਂ ਨੂੰ ਦੱਸਿਆ ‘‘ ਕਾਂਗਰਸ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਭਾਜਪਾ ਨੂੰ ਹਰਾਏਗੀ।’’ ਉਨ੍ਹਾਂ ਉਮੀਦ ਜਤਾਈ ਕਿ ਪਾਰਟੀ 2009 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤੀਆਂ 21 ਸੀਟਾਂ ਦੀ ਗਿਣਤੀ ਦੁੱਗਣੀ ਕਰੇਗੀ। ਇਹ ਪੁੱਛੇ ਜਾਣ ’ਤੇ ਕਿ ਕੀ ਕਾਂਗਰਸ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਾਂਝ ਪਾ ਸਕਦੀ ਹੈ ਤਾਂ ਉਨ੍ਹਾਂ ਕਿਹਾ ‘‘ ਜੇ ਕੋਈ ਹੋਰ ਪਾਰਟੀ ਕਾਂਗਰਸ ਨਾਲ ਚੱਲਣ ਦੀ ਖਾਹਸ਼ਮੰਦ ਹੋਵੇ ਅਤੇ ਕਾਂਗਰਸ ਇਹ ਮਹਿਸੂਸ ਕਰੇ ਕਿ ਉਹ ਪਾਰਟੀ ਭਾਜਪਾ ਨੂੰ ਹਰਾਉਣ ਦੀ ਸਮੱਰਥਾ ਰੱਖਦੀ ਹੈ ਤਾਂ ਯਕੀਨਨ ਸਾਂਝ ਹੋ ਸਕਦੀ ਹੈ।’’

Real Estate