ਸ਼ਰਾਬ ਕਾਰੋਬਾਰੀ ਵੱਲੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ‘ਤੇ ਦੋਸ਼: ਜ਼ੀਰਾ ਦੇ ਗੈਂਗਸਟਰਾਂ ਨਾਲ ਸਬੰਧ

1052

ਪੰਚਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਆਪਣੇ ਹੀ ਸਰਕਾਰ ਅਧਿਕਾਰੀਆਂ ‘ਤੇ ਨਸ਼ਾ ਤਸਕਰਾਂ ਨਾਲ ਰਲੇ ਹੋਣ ਦਾ ਦੋਸ਼ ਲਾ ਕੇ ਸਮਾਗਮ ਦਾ ਬਾਈਕਾਟ ਕਰਨ ਵਾਲੇ ਹਲਕਾ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖਿਲਾਫ਼ ਫ਼ਿਰੋਜ਼ਪੁਰ ਦੇ ਸ਼ਰਾਬ ਕਾਰੋਬਾਰੀ ਨੇ ਮੋਰਚਾ ਖੋਲਦਿਆਂ ਵਿਧਾਇਕ ਜ਼ੀਰਾ ਦੇ ਗੈਂਗਸਟਰਾਂ ਅਤੇ ਨਜਾਇਜ਼ ਕਾਰੋਬਾਰੀਆਂ ਨਾਲ ਸਬੰਧ ਹੋਣ ਦੇ ਦੋਸ਼ ਲਾਏ ਹਨ। ਫਿਰੋਜਪੁਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਨਾਮੀ ਸ਼ਰਾਬ ਕਾਰੋਬਾਰੀ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਨੀਤੀਆਂ ਅਨੁਸਾਰ ਫ਼ਿਰੋਜ਼ਪੁਰ ਅੰਦਰ ਸ਼ਰਾਬ ਦੇ ਠੇਕੇ ਚਲਾ ਰਹੇ ਹਨ ਅਤੇ ਹੁਣ ਤੱਕ ਸਰਕਾਰੀ ਖ਼ਜ਼ਾਨੇ ਵਿੱਚ ਕਰੀਬ 200 ਕਰੋੜ ਰੁਪਏ ਦਾ ਮਾਲੀਆ ਜਮਾਂ ਕਰਵਾ ਚੁੱਕੇ ਹਨ ਪਰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜੋ ਖੁਦ ਸ਼ਰਾਬ ਮਾਫੀਆ ਨਾਲ ਰਲੇ ਹੋਏ ਹਨ ਅਤੇ ਪੰਜਾਬ ਤੋਂ ਬਾਹਰ ਦੀ ਸ਼ਰਾਬ ਲਿਆ ਕੇ ਗੈਰ ਕਾਨੂੰਨੀ ਤਰੀਕੇ ਨਾਲ ਇਲਾਕੇ ਵਿੱਚ ਵਿਕਵਾ ਰਹੇ ਹਨ।
ਜ਼ੀਰਾ ‘ਤੇ ਸਿੱਧੇ ਤੌਰ ‘ਤੇ ਦੋਸ਼ ਲਾਉਂਦਿਆਂ ਸ਼ਰਾਬ ਠੇਕੇਦਾਰ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਤੋਂ ਇਹ ਹਲਕਾ ਜ਼ੀਰਾ ਦੇ ਵਿਧਾਇਕ ਬਣੇ ਹਨ ਸਾਰੀਆਂ ਹੱਦਾਂ ਬੰਨੇ ਟੱਪ ਕੇ ਗੁੰਡਾਗਰਦੀ ਦਾ ਨੰਗਾ ਨਾਚ ਨੱਚ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਜ਼ੀਰਾ ਵੱਲੋਂ ਮੇਰੇ ਪਾਸੋਂ ਸ਼ਰਾਬ ਦੇ ਕਾਰੋਬਾਰ ਨੂੰ ਚਲਾਉਣ ਲਈ ਮੋਟੀ ਰਕਮ ਦੀ ਮੰਗ ਕੀਤੀ ਜਾਂਦੀ ਰਹੀ ਹੈ ਜਿਸ ਲਈ ਇੱਕ ਵਾਰ ਤਾਂ ਮੈਂ ਮਜ਼ਬੂਰੀ ਵੱਸ 15 ਲੱਖ ਰੁਪਏ ਦੇ ਚੁੱਕਾ ਹਾਂ ਪਰ ਹੁਣ ਫਿਰ ਮੇਰੇ ਪਾਸੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਨੂੰ ਪੂਰਾ ਨਾ ਕਰਨ ‘ਤੇ ਮੇਰੇ ਉੱਪਰ ਪੁਲਿਸ ‘ਤੇ ਦਬਾਅ ਪਾ ਕੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਤਾਂ ਜੋ ਮੈਂ ਪੁਲਿਸ ਦੇ ਡਰ ਕਾਰਨ ਕੁਲਬੀਰ ਜ਼ੀਰਾ ਨੂੰ ਹਫਤਾ ਭਰ ਸਕਾਂ। ਉਨ੍ਹਾਂ ਕਿਹਾ ਕਿ ਉਹ ਇੱਕ ਨੰਬਰ ਦਾ ਕਾਰੋਬਾਰ ਕਰਦੇ ਹਨ ਅਤੇ ਸਰਕਾਰੀ ਖ਼ਜ਼ਾਨੇ ਵਿੱਚ ਬਣਦੀ ਫੀਸ ਬਕਾਇਦਾ ਜਮਾਂ ਕਰਵਾਉਂਦੇ ਆ ਰਹੇ ਹਨ ਤਾਂ ਫਿਰ ਇਹਨਾਂ ਨੂੰ ਪੈਸੇ ਕਿਉਂ ਦੇਵਾਂ ਬਸ ਇਸੇ ਗੱਲ ਨੂੰ ਲੈ ਕੇ ਵਿਧਾਇਕ ਜ਼ੀਰਾ ਵੱਲੋਂ ਉਹਨਾਂ ਦੀਆਂ ਜਾਇਜ਼ ਬਰਾਂਚਾ ਵੀ ਬੰਦ ਕਰਵਾਈਆਂ ਜਾ ਰਹੀਆਂ ਹਨ।
ਸ਼ਰਾਬ ਕਾਰੋਬਾਰੀ ਨੇ ਦੋਸ਼ ਲਾਇਆ ਕਿ ਵਿਧਾਇਕ ਜ਼ੀਰਾ ਵੱਲੋਂ ਮੇਰੇ ਅਤੇ ਮੇਰੇ ਬੇਟੇ ‘ਤੇ ਗੈਂਗਸਟਰਾਂ ਪਾਸੋਂ ਹਮਲੇ ਕਰਵਾਏ ਜਾ ਰਹੇ ਹਨ। ਉਹਨਾਂ ਦੇ ਫ਼ਿਰੋਜ਼ਪੁਰ ਅਤੇ ਮੱਖੂ ਦਫ਼ਤਰ ਅਤੇ ਘਰ ਤਿੰਨ ਵਾਰ ਗੈਂਗਸਟਰਾਂ ਵੱਲੋਂ ਹਮਲੇ ਕੀਤੇ ਗਏ ਹਨ ਜਿਹਨਾਂ ਪਿੱਛੇ ਸਿੱਧੇ ਤੌਰ ‘ਤੇ ਕੁਲਬੀਰ ਸਿੰਘ ਜ਼ੀਰਾ ਦਾ ਹੱਥ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਪਾਸ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪਰ ਇਥੇ ਵੀ ਵਿਧਾਇਕ ਜ਼ੀਰਾ ਦੇ ਦਬਾਅ ਕਾਰਨ ਪੁਲਿਸ ਕਾਰਵਾਈ ਨਹੀ ਕਰ ਰਹੀ।

Real Estate