ਖਹਿਰਾ ਤੋਂ ਅਹੁਦਾ ਖੋਹਣ ਲਈ ਸਪੀਕਰ ਨੂੰ ਪੱਤਰ ਨਹੀਂ ਲਿਖੇਗੀ ਆਪ

ਖਹਿਰਾ ਦਾ ਅਹੁਦਾ ਤਾਂ ਛੱਡਣ ਨੂੰ ਮਨ ਨਹੀਂ ਕਰ ਰਿਹਾ-ਭਗਵੰਤ ਮਾਨ

ਆਮ ਆਦਮੀ ਪਾਰਟੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਤੋਂ ਵਿਧਾਇਕ ਦਾ ਅਹੁਦਾ ਖੋਹਣ ਲਈ ਪਾਰਟੀ ਨੇ ਹਾਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਪੱਤਰ ਲਿਖਣ ਦਾ ਕੋਈ ਫ਼ੈਸਲਾ ਨਹੀਂ ਕੀਤਾ। ਪਾਰਟੀ ਨੇ 7 ਬਾਗੀ ਵਿਧਾਇਕਾਂ ਵਿਚੋਂ ਫਿਲਹਾਲ ਕੇਵਲ ਖਹਿਰਾ ਤੇ ਕੰਵਰ ਸੰਧੂ ਨੂੰ ਹੀ ਮੁਅੱਤਲ ਕੀਤਾ ਹੈ ਜਦਕਿ ਬਾਕੀ 5 ਵਿਧਾਇਕਾਂ ਬਾਰੇ ਲੀਡਰਸ਼ਿਪ ਦਾ ਵਤੀਰਾ ਨਰਮ ਹੈ। ਉਂਜ ‘ਆਪ’ ਦੀ ਲੀਡਰਸ਼ਿਪ ਦੀ ਬਾਗੀ ਆਗੂਆਂ ਨੂੰ ਹਵਾ ਵਿੱਚ ਹੀ ਲਟਕਾਉਣ ਦੀ ਸ਼ੁਰੂ ਤੋਂ ਹੀ ਰਣਨੀਤੀ ਰਹੀ ਹੈ। ਪਹਿਲਾਂ ਪਾਰਟੀ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੂੰ ਵੀ ਪਾਰਟੀ ਵਿਚੋਂ ਮੁਅੱਤਲ ਕਰ ਚੁੱਕੀ ਹੈ ਪਰ ਅੱਜ ਤਕ ਉਨ੍ਹਾਂ ਵਿਰੁੱਧ ਅਗਲੀ ਕਾਰਵਾਈ ਨਹੀਂ ਕੀਤੀ ਗਈ।
ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੁਸ਼ਟੀ ਕੀਤੀ ਕਿ ਹਾਈਕਮਾਂਡ ਵੱਲੋਂ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਵਾਉਣ ਲਈ ਕੋਈ ਪੱਤਰ ਨਹੀਂ ਲਿਖਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਖਹਿਰਾ ਆਪਣੀ ਗੈਰਤ ਦਿਖਾ ਕੇ ਵਿਧਾਇਕ ਦਾ ਅਹੁਦਾ ਵੀ ਛੱਡਣ ਦੀ ਹਿੰਮਤ ਦਿਖਾਉਣ। ਉਨ੍ਹਾਂ ਕਿਹਾ ਕਿ ਖਹਿਰਾ ਅਕਸਰ ਸੌ ਅਹੁਦੇ ਛੱਡਣ ਦੇ ਦਾਅਵੇ ਕਰਦੇ ਹਨ ਪਰ ਉਨ੍ਹਾਂ ਦਾ ਮਹਿਜ਼ ਇਕ ਵਿਧਾਇਕ ਦਾ ਅਹੁਦਾ ਤਾਂ ਛੱਡਣ ਨੂੰ ਮਨ ਨਹੀਂ ਕਰ ਰਿਹਾ।

Real Estate