ਕੰਮ ਵਾਲੀਆਂ

ਮੋਹਨ ਸ਼ਰਮਾ

ਪ੍ਰੋਜੈਕਟ ਡਾਇਰੈਕਟਰ
ਨਸ਼ਾ ਛੁਡਾਊ ਕੇਂਦਰ,ਸੰਗਰੂਰ
ਮੋ: 94171-48866

ਪੱਛਮੀ ਸਭਿਅਤਾ ਨੇ ਬਿਨਾ ਸ਼ੱਕ ਭਾਰਤੀ ਸਭਿਅਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬੋਲਣ-ਚੱਲਣ ਦਾ ਢੰਗ, ਰਹਿਣ ਸਹਿਣ ਦਾ ਢੰਗ, ਖਾਣ-ਪੀਣ ਦੇ ਢੰਗ ਸਭ ਕੁਝ ਤੇ ਪੱਛਮੀ ਰੰਗ ਚੜ੍ਹਿਆ ਹੋਇਆ ਹੈ ਅਤੇ ਇਸ ਰੰਗ ਨੇ ਸੰਸਕਾਰਾ ਅਤੇ ਰਿਸ਼ਤਿਆਂ ਦੀ ਤੰਦ ਨੂੰ ਵੀ ਲੀਰਾਂ ਲੀਰਾਂ ਕਰ ਦਿੱਤਾ ਹੈ । ਪਰ ਪੱਛਮੀ ਕਲਚਰ ਦੇ ਇੱਕ ਪੱਖ ਤੋਂ ਭਾਰਤੀ ਕਲਚਰ ਤੇ ਬਿਲਕੁਲ ਹੀ ਅਸਰ ਨਹੀਂ ਪਿਆ। ਉਹ ਹੈ ਘਰਾਂ ਵਿੱਚ ਨੌਕਰਾਣੀਆਂ ਦਾ ਰੱਖਣਾ। ਪੱਛਮੀ ਦੇਸ਼ਾਂ ਵਿੱਚ ਘਰੇਲੂ ਨੌਕਰ ਜਾਂ ਨੌਕਰਾਣੀਆਂ ਨਹੀਂ ਹੁੰਦੀਆਂ, ਕਿਉਂ ਕਿ ਉੱਥੇ ਆਪਣੇ ਆਪ ਨੂੰ ਐਨਾ ਗਰੀਬ ਕੋਈ ਵੀ ਨਹੀਂ ਸਮਝਦਾ ਕਿ ਲੋਕਾਂ ਦੇ ਜੂਠੇ ਭਾਂਡੇ ਕੁਝ ਡਾਲਰਾਂ ਲਈ ਮਾਂਜੇ ਜਾਣ। ਉਥੇ ਸਭ ਨੂੰ ਆਪਣਾ ਕੰਮ ਆਪ ਕਰਨਾ ਪੈਂਦੈ। ਕੋਈ ਟਾਵਾਂ ਕੇਸ ਹੀ ਮਿਲੇਗਾ ਜਿੱਥੇ ਮਹਿੰਗੇ ਰੇਟ ਤੇ ਕੋਈ ਮੇਲ ਜਾਂ ਫੀਮੇਲ ਸਰਵੈਂਟ ਰੱਖਿਆ ਹੋਵੇ।
ਨੌਕਰਾਨੀਆਂ ਨੇ ਪੇਂਡੂ ਔਰਤਾਂ ਨੂੰ ਵੀ ਸੁਸਤ ਕਰ ਦਿੱਤਾ ਹੈ। ਕਦੇ ਸਮਾਂ ਸੀ ਜਦੋਂ ਘਰ ਦੀ ਸੁਆਣੀ ਸਵੇਰੇ 4 ਵਜੇ ਉੱਠ ਕੇ ਮੱਝਾਂ ਦੀਆਂ ਧਾਰਾਂ ਕੱਢਦੀ, ਘਰ ਦੀ ਚੱਕੀ ਤੇ 5-7 ਕਿਲੋ ਆਟਾ ਵੀ ਪੀਹ ਲੈਂਦੀ। ਜਦੋਂ ਨੂੰ ਬੱਚੇ ਅੱਖਾਂ ਮਲਦੇ ਉੱਠਦੇ ਉਦੋਂ ਤੱਕ ‘ਬੇਬੇ’ ਨੇ ਦੁੱਧ ਵੀ ਰਿੜਕ ਲਿਆ ਹੁੰਦਾ ਅਤੇ ਫਿਰ ਚੁੱਲ੍ਹੇ ਤੇ ਚਾਹ ਦਾ ਪਤੀਲਾ ਧਰ੍ਹ ਕੇ ਘਰ ਦੇ ਮੈਂਬਰਾਂ ਨੂੰ ਉੱਚੀ-ਉੱਚੀ ਆਵਾਜਾਂ ਦੇ ਕੇ ਉੱਠਾਉਂਦੀ। ਪਰ ਹੁਣ ਇਹ ਸਭ ਕੁਝ ਅਲੋਪ ਹੋ ਗਿਆ ਹੈ। ਦੁੱਧ ਡੈਰੀਆਂ ਦੀ ਭੇਂਟ ਚੜ੍ਹ ਗਿਆ ਹੈ, ਘਰ ਦੀਆਂ ਚੱਕੀਆਂ ਅਲੋਪ ਹੋ ਗਈਆਂ ਹਨ। ਪੇਂਡੂ ਔਰਤ ਹੁਣ ਪਹਿਲਾਂ ਵਾਂਗ ਚੁਸਤ ਅਤੇ ਫੁਰਤੀਲੀ ਨਹੀਂ ਰਹੀ। ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਗੋਡਿਆਂ ਦਾ ਦਰਦ ਜਿਹੀਆਂ ਬਿਮਾਰੀਆਂ ਦਾ ਉਹ ਸ਼ਿਕਾਰ ਹੋ ਗਈ ਹੈ। ਅੱਗੇ ਜਿੱਥੇ ਉਹ ਹਰ ਕੰਮ ਆਪਣੇ ਹੱਥੀਂ ਕਰਦੀ ਸੀ, ਹੁਣ ਉਸ ਦੀ ਥਾਂ ਪਿੰਡਾਂ ਵਿੱਚ ਰੱਖੇ ਕਾਮਿਆਂ ਦੀਆਂ ਪਤਨੀਆਂ ਨੇ ਸੰਭਾਲ ਲਿਆ ਹੈ ਅਤੇ ਘਰ ਦੀ ਸੁਆਣੀ ਬਸ ਹੁਕਮ ਦੇ ਕੇ ਉਨ੍ਹਾਂ ਤੋਂ ਕੰਮ ਕਰਵਾਉਂਦੀ ਹੈ। ਕੰਮ ਕਰਵਾਉਣ ਦੇ ਬਦਲੇ ਦੋ ਡੰਗ ਦੀ ਰੋਟੀ ਚਾਹ ਅਤੇ ਤਿੱਥ ਤਿਉਹਾਰ ਤੇ ਥੋੜੇ ਮੋਟੇ ਪੈਸੇ ਵੀ ਦਿੱਤੇ ਜਾਂਦੇ ਨੇ।
ਪ੍ਰਾਚੀਨ ਸਮੇਂ ਵਿੱਚ ਰਾਜੇ-ਮਹਾਰਾਜੇ ਜਦੋਂ ਆਪਣੀਆਂ ਧੀਆਂ ਦਾ ਵਿਆਹ ਕਰਦੇ ਸਨ ਤਾਂ ਦਾਜ ਵਿੱਚ ਨਾਲ ਨੌਕਰਾਨੀਆਂ ਵੀ ਭੇਜੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਬਾਂਦੀਆਂ ਕਿਹਾ ਜਾਂਦਾ ਸੀ ਅਤੇ ਸਹੁਰੇ ਗਈ ਰਾਜਕੁਮਾਰੀ ਦੀ ਦੇਖ-ਭਾਲ ਕਰਨ ਦੀ ਜੁੰਮੇਵਾਰੀ ਵੀ ਉਨ੍ਹਾਂ ਦੀ ਲਾਈ ਜਾਂਦੀ ਸੀ।
ਸਰਦਾਰਾਂ ਨੇ ਵੀ ਆਪਣੇ ਘਰ ਦੇ ਕੰਮਾਂ ਲਈ ਅਲੱਗ-ਅਲੱਗ ਨੌਕਰਾਨੀਆਂ ਰੱਖੀਆਂ ਹੋਈਆਂ ਹਨ। ਗੋਹਾ ਕੁੜਾ ਕਰਨ ਵਾਲੀ ਅਤੇ ਰਸੋਈ ਦਾ ਕੰਮ ਕਰਨ ਲਈ ਅਲੱਗ-ਅਲੱਗ ਨੌਕਰਾਨੀਆਂ ਕੰਮ ਕਰਦੀਆਂ ਹਨ। ਘਰ ਦਾ ਗੋਹਾ ਕੁੜਾ ਕਰਨ ਵਾਲੀ ਨੂੰ ਰਸੋਈ ਵਿੱਚ ਜਾਣ ਦੀ ਆਗਿਆ ਬਹੁਤੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਹੁਣ ਵੀ ਨਹੀਂ। ਪਿੰਡਾਂ ਅਤੇ ਸ਼ਹਿਰਾਂ ਦੋਨਾਂ ਥਾਵਾਂ ਤੇ ਹੀ ਸਰਮਾਏਦਾਰੀ ਨਿਜ਼ਾਮ ਨੌਕਰਾਨੀਆਂ ਦਾ ਸ਼ਰੀਰਕ ਅਤੇ ਮਾਨਸਿਕ ਸ਼ੋਸ਼ਨ ਕਰ ਰਿਹਾ ਹੈ। ਕੋਮਲ ਭਾਵੀ, ਬੁੱਧੀ ਜੀਵੀ ਅਤੇ ਸੂਝ ਰੱਖਣ ਵਾਲੇ ਵਿਅਕਤੀ ਬਹੁਤ ਹੱਦ ਤੱਕ ਆਪਣੀ ਨੌਕਰਾਨੀ ਦੀਆਂ ਮਜ਼ਬੂਰੀਆਂ ਸਮਝਦੇ ਹਨ ਅਤੇ ਵਾਹ ਲੱਗਦਿਆਂ ਕੋਈ ਅਜਿਹਾ ਕੰਮ ਨਹੀਂ ਕਹਿੰਦੇ ਜਿਸ ਨਾਲ ਉਸ ਨੂੰ ਮਾਨਸਿਕ ਜ਼ਲੀਲਤਾ ਦਾ ਸਾਹਮਣਾ ਕਰਨਾ ਪਵੇ। ਕੋਈ ਅਪਸ਼ਬਦ ਬੋਲਣ ਤੋਂ ਵੀ ਸੰਕੋਚ ਕਰਦੇ ਹਨ। ਪਿੰਡਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿੱਥੇ ਇੱਕ ਤੂੜੀ ਦੀ ਪੰਡ, ਚਰੀ ਦੀ ਭਰੀ ਜਾਂ 20-30 ਕਿਲੋ ਕਣਕ ਪਿੱਛੇ ਬਹੁਤ ਸਾਰੇ ਸਰਮਾਏਦਾਰੀ ਸੋਚ ਦੇ ਧਾਰਨੀ ਨੌਕਰਾਨੀ ਦਾ ਸ਼ਰੀਰਕ ਸ਼ੋਸ਼ਨ ਕਰਦੇ ਹਨ ਅਤੇ ਉਹ ਇਸ ਨੂੰ ਆਪਣਾ ਅਧਿਕਾਰ ਵੀ ਸਮਝਦੇ ਹਨ। ਕਿਉਂਕਿ ਨੌਕਰਾਨੀ ਘਰ ਵਿੱਚ ਛਾਈ ਗਰੀਬੀ ਦੀ ਹਨੇਰੀ ਨੂੰ ਠੱਲ ਪਾਉਣ ਲਈ ਮਜ਼ਬੁਰੀ ਵਸ ਨੌਕਰੀ ਕਰਦੀ ਹੈ ਅਤੇ ਅਜਿਹੇ ਘਰ ਨਾਲ ਸਬੰਧਤ ਹੁੰਦੀ ਹੈ, ਜਿੱਥੇ ਰੋਟੀ ਅਤੇ ਕਪੜੇ ਦੀ ਹੀ ਮੁੱਖ ਸਮੱਸਿਆ ਹੁੰਦੀ ਹੈ। ਇਸ ਕਾਰਨ ਉਹਦੀਆਂ ਇਛਾਵਾਂ ਵੀ ਸੀਮਤ ਹੁੰਦੀਆਂ ਹਨ। ਸੀਮਤ ਇਛਾਵਾਂ ਵਾਲਾ ਵਿਅਕਤੀ ਲਾਲਚੀ ਵੀ ਨਹੀਂ ਹੁੰਦਾ। ਪਰ ਜਦੋਂ ਆਪਣੇ ਮਾਲਕਾਂ ਦੀ ਐਸ਼-ਪ੍ਰਸਤੀ, ਜਾਇਜ਼-ਨਾਜਾਇਜ਼ ਢੰਗ ਨਾਲ ਪੈਸੇ ਦਾ ਆਉਣਾ ਅਤੇ ਫਿਰ ਖਰਚਨਾ ਵੀ ਖੁੱਲ੍ਹਾ ! ਘਰ ਦੇ ਮੁੰਡੇ ਕੁੜੀਆਂ ਦਾ ਭਾਂਤ-ਭਾਂਤ ਦੇ ਚਾਂਦੀ ਦੇ ਚਮਚਿਆਂ ਨਾਲ ਪਕਵਾਨ ਖਾਂਦੇ ਵੇਖ ਕੇ ਨੌਕਰਾਨੀ ਦੇ ਮਨ ਅੰਦਰ ਵੀ ਹੂਕ ਉੱਠਦੀ ਹੈ ਕਿ ਇਹ ਕੁਝ ਸਾਡੀ ਝੋਪੜੀ ਜਾਂ ਘਰ ਵਿੱਚ ਵੀ ਹੋਵੇ ਅਤੇ ਇਹ ਹੂਕ ਹੀ ਕਈ ਵਾਰ ਉਸ ਨੂੰ ਗਲਤ ਰਾਹ ਤੇ ਤੋਰਨ ਲਈ ਮਜ਼ਬੂਰ ਵੀ ਕਰਦੀ ਹੈ।
ਸ਼ਹਿਰਾਂ ਵਿੱਚ ਤਾਂ ਜੇਕਰ ਇਹ ਕਹਿ ਦਈਏ ਕਿ ਨੌਕਰਾਨੀਆਂ ਘਰ ਦੀ ਮਾਲਕਨ ਦੀਆਂ ਫਉੜੀਆਂ ਹਨ ਤਾਂ ਕੋਈ ਅਤਿ ਕੱਥਨੀ ਨਹੀਂ। ਜਿਨ੍ਹਾਂ ਘਰਾਂ ਵਿੱਚ ਪਤੀ-ਪਤਨੀ ਦੋਵੇਂ ਨੌਕਰੀ ਕਰਦੇ ਹਨ, ਜਿਨ੍ਹਾਂ ਔਰਤਾਂ ਦੇ ਬੱਚੇ ਨਿਆਣੇ ਹਨ ਜਾਂ ਜਿਨ੍ਹਾਂ ਦੇ ਘਰ ਬਿਰੱਧ ਮਾਂ-ਬਾਪ ਹਨ, ਉਨ੍ਹਾਂ ਘਰਾਂ ਵਿੱਚ ਤਾਂ ਨੌਕਰਾਨੀ ਜਿਹਦਾ ਆਧੁਨਿਕ ਨਾਂ ‘ਆਇਆ’ ਹੈ ਅਤੇ ਅਕਸਰ ਉਸ ਨੂੰ ‘ਕੰਮਵਾਲੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ, ਬਿਨਾਂ ਘਰ ਦੀ ਮਾਲਕਣ ਦੇ ਸਾਹ ਹੀ ਸੂੱਤੇ ਜਾਂਦੇ ਹਨ ਅਤੇ ਉਹ ਆਪਣੀ ਨੌਕਰਾਨੀ ਨੂੰ ਬੇਸਬਰੀ ਅਤੇ ਪ੍ਰੇਸ਼ਾਨੀ ਨਾਲ ਇੰਜ ਉਡੀਕ ਰਹੀ ਹੁੰਦੀ ਹੈ ਜਿਵੇਂ ਕਿਸੇ ਵੀ.ਆਈ.ਪੀ. ਨੇ ਆਉਣਾ ਹੋਵੇ। ਜਦੋਂ ਨੌਕਰਾਨੀ ਲਾਪਰਵਾਹੀ ਨਾਲ ਕੋਠੀ ਵਿੱਚ ਦਾਖ਼ਲ ਹੁੰਦੀ ਹੈ ਤਾਂ ਮਾਲਕਣ ਸਖ਼ਤ ਲਹਿਜੇ ਵਿੱਚ ਪੁੱਛਦੀ ਹੈ, ‘‘ ਕਿਉਂ, ਅੱਜ ਇੰਨ੍ਹੀ ਦੇਰ ਲਾ ਦਿੱਤੀ?’’ ਅਤੇ ਨੌਕਰਾਨੀ ਬੇਫ਼ਿਕਰੀ ਦੇ ਲਹਿਜ਼ੇ ਵਿੱਚ ਜਵਾਬ ਦਿੰਦੀ ਹੈ, ‘‘ ਵੋਹ ਪਾਂਚ ਨੰਬਰ ਕੋਠੀ ਵਾਲੀ ਬੀਬੀ ਹੈ ਨਾ, ਉਸਨੇ ਰੋਕ ਲੀਆ। ਵੋ ਕਹਿਤੀ ਥੀ ਯਹਾਂ ਕਾਮ ਪੇ ਆਜਾ। ਤਨਖਾਹ ਭੀ ਅੱਛੀ ਮਿੱਲ ਜਾਏਗੀ।’’ ਬਸ, ਉਸ ਵੇਲੇ ਮਾਲਕਣ ਦੀ ਹਾਲਤ ਤਰਸਯੋਗ ਹੁੰਦੀ ਹੈ। ਉਸ ਨੂੰ ਡਰ ਹੁੰਦਾ ਹੈ ਕਿ ਕਿਤੇ ‘ਪਾਂਚ ਨੰਬਰ ਵਾਲੀ ਕੋਠੀ’ ਵਿੱਚ ਨਾ ਚਲੀ ਜਾਵੇ। ਰਸੋਈ ਵਿੱਚ ਜੂਠੇ ਭਾਂਡਿਆਂ ਦਾ ਢੇਰ, ਘਰ ਦੀ ਸਫ਼ਾਈ, ਕਪੜਿਆਂ ਦੀ ਧੁਲਾਈ ਕੌਣ ਕਰੇਗਾ ਇਹਦੇ ਬਿਨਾਂ? ਬੱਸ ਇਹ ਸੋਚ ਕੇ ਮਾਲਕਣ ਦਾ ਗੁੱਸਾ ਸ਼ਾਂਤ ਹੋ ਜਾਂਦਾ ਹੈ ਅਤੇ ਉਹ ਨਰਮ ਜਿਹੇ ਲਹਿਜੇ ਵਿੱਚ ਕਹਿੰਦੀ ਹੈ, ‘‘ ਰਸੋਈ ’ਚ ਤੇਰੀ ਚਾਹ ਰੱਖੀ ਪਈ ਐ। ਪੀ ਕੇ ਨਬੇੜ ਛੇਤੀ ਕੰਮ। ਆਇਆਂ ਗਿਆਂ ਦਾ ਵੀ ਕੋਈ ਪਤਾ ਨਹੀਂ, ਕਦੋਂ ਕੋਈ ਆ ਜਾਵੇ। ’’
ਅਕਸਰ ਇਹ ਵੀ ਹੁੰਦਾ ਹੈ ਕਿ ਨੌਕਰਾਨੀ ਘਰ ਦਾ ਕੰਮ ਕਰ ਰਹੀ ਹੁੰਦੀ ਹੈ ਅਤੇ ਮਾਲਕਣ ਪਿੱਛੇ-ਪਿੱਛੇ ਸੁਪਰਵੀਜ਼ਨ ਦਾ ਕੰਮ ਕਰਦੀ ਹੈ। ‘‘ਏਥੇ ਪੋਚਾ ਚੰਗੀ ਤਰ੍ਹਾਂ ਨਹੀਂ ਲਾਇਆ। ਦੇਖ ਗਰਿਲਾਂ ਤੇ ਕਿਵੇਂ ਗਰਦ ਜੰਮ੍ਹੀ ਪਈ ਐ। ਫਾਹਾ ਨਾ ਵੱਢ। ’’ ਮਾਲਕਣ ਖਿਝਦੀ ਰਹਿੰਦੀ ਹੈ ਅਤੇ ਕੰਮਵਾਲੀ ਆਪਣੀ ਮਰਜ਼ੀ ਨਾਲ ਕੰਮ ਨਬੇੜ ਕੇ, ‘ਚੰਗਾ ਬੀਬੀ ਮੈਂ ਚੱਲੀ’ ਕਹਿ ਕੇ ਕੋਠੀ ਦੇ ਗੇਟ ਤੋਂ ਬਾਹਰ ਹੋ ਜਾਂਦੀ ਹੈ। ਮਾਲਕਣ ਵੀ ’ ਦੜ ਵੱਟ ਜਮਾਨਾ ਕੱਟ ’ ਦੀ ਨੀਤੀ ਤੇ ਚੱਲ ਕੇ ਕੌੜਾ ਘੁੱਟ ਭਰ ਲੈਂਦੀ ਹੈ।
ਕਈ ਘਰਾਂ ਵਿੱਚ ਨੌਕਰਾਨੀ ਦਾ ਰੱਖਣਾ ‘ਸਟੇਟਸ ਸਿੰਬਲ’ ਵੀ ਮੰਨ੍ਹਿਆ ਜਾਂਦਾ ਹੈ। ਜਿਸ ਘਰ ਦੀ ਮਾਲਕਣ ਜਾਂ ਨੂੰਹਾਂ-ਧੀਆਂ ਆਪ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਮਿਲਣ ਆਏ ਰਿਸ਼ਤੇਦਾਰ ਅਤੇ ਆਂਢਣਾ-ਗੁਆਂਢਣਾਂ ਹੋਰੂੰ ਜਿਹੇ ਵੇਖਦੀਆਂ ਨੇ। ਉਸ ਵੇਲੇ ਜਾਣ ਬੁੱਝ ਕੇ ਉਹ ਇਸ ਤਰ੍ਹਾਂ ਵੀ ਗੱਲ ਛੇੜਦੀਆਂ ਨੇ, ‘‘ ਸਾਡੀ ਆਇਆ ਤਾਂ ਬੜ੍ਹਾ ਸੋਹਣਾ ਕੰਮ ਕਰਦੀ ਹੈ। ਘਰ ਦੀ ਸਫ਼ਾਈ ਤੋਂ ਲੈ ਕੇ ਰਸੋਈ ਦੇ ਕੰਮ ਤੱਕ ਮੈਂ ਤਾਂ ਉਸੇ ਤੋਂ ਕੰਮ ਕਰਵਾਉਂਦੀ ਆਂ। ਪੈਸੇ ਵੀ ਮੂੰਹ ਮੰਗੇ ਅਤੇ ਕੰਮ ਵੀ ਮਨ ਪਸੰਦ ਦਾ। ’’ ਇਹ ਕਹਿ ਕੇ ਜਿਵੇਂ ਉਹ ਆਪਣੇ ਸਟੇਟਸ ਦਾ ਕੱਦ ਹੋਰ ਉਚਾ ਕਰ ਰਹੀ ਹੋਵੇ।
ਅਕਸਰ ਘਰ ਪਈ ਚੀਜ਼ ਵੇਖਕੇ ਨੌਕਰਾਨੀ ਬਿਨਾਂ ਝਿਜਕ ਤੋਂ ਮਾਲਕਣ ਅੱਗੇ ਆਪਣੀ ਮੰਗ ਰੱਖ ਦਿੰਦੀ ਹੈ, ‘‘ ਬੀਬੀ ਜੀ, ਯੇਹ ਆਪਕੇ ਬੱਚੇ ਦੀ ਸਾਈਕਲੀ ਹੈ ਨਾ, ਆਪਕਾ ਬੱਚਾ ਤੋ ਚਲਾਤਾ ਨਹੀਂ, ਸਾਈਕਲੀ ਪੁਰਾਣੀ ਭੀ ਹੋ ਗਈ। ਮੈਂ ਲੇ ਜਾਊਂ ਆਪਣੇ ਰਾਮੂ ਕੇ ਲੀਏ?’’ ਜਾਂ ਫਿਰ, ‘‘ਵੋਹ ਜੋ ਆਪਕਾ ਮੋਟੇ ਪ੍ਰਿੰਟ ਵਾਲਾ ਪੀਲਾ ਸੂਟ ਹੈ ਨਾ, ਆਪ ਤੋ ਇਸੇ ਪਹਿਨਤੇ ਹੀ ਨਹੀਂ, ਮੁਝੇ ਦੇ ਦੋ ਨਾ ’’ ਬੱਸ ਮਾਲਕਣ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ’ ਵਾਂਗ ‘ਤੂੰ ਲੈ ਜਾ’ ਕਹਿਕੇ ਔਖਿਆਂ-ਸੌਖਿਆਂ ਮੰਗ ਪੂਰੀ ਕਰ ਦਿੰਦੀ ਹੈ ਅਤੇ ਇਨ੍ਹਾਂ ਮੰਗਾਂ ਦੇ ਚਾਰਟ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਰਹਿੰਦਾ ਹੈ। ਅਕਸਰ ਇਹ ਵੀ ਹੁੰਦਾ ਹ ਕਿ ਉਹ ਆਪਣੀ ਮਹੀਨੇ ਦੀ ਤਨਖਾਹ ਵੀ ਹੌਲੀ-ਹੌਲੀ ਕਰਕੇ ਪਹਿਲੇ ਵੀਹਾਂ ਦਿਨਾਂ ਵਿੱਚ ਹੀ ਪੂਰੀ ਕਰ ਲੈਂਦੀ ਹੈ ਅਤੇ ਫਿਰ ਜੇਕਰ ਕੰਮ ਤੋਂ ਜਵਾਬ ਮਿਲ ਵੀ ਜਾਵੇ ਤਾਂ ਉਸਨੂੰ ਕੋਈ ਫਰਕ ਨਹੀਂ ਪੈਂਦਾ।
ਇਸਦੇ ਨਾਲ ਹੀ ‘ਘਰ ਦਾ ਭੇਤੀ ਲੰਕਾ ਢਾਵੇ ’ ਦੀ ਕਹਾਵਤ ਅਨੁਸਾਰ ਨੌਕਰਾਨੀਆਂ ਘਰ ਦੇ ਹਰ ਖੂੰਜੇ ਤੋਂ ਵਾਕਫ਼ ਹੁੰਦੀਆਂ ਨੇ। ਕਿਥੇ ਕੀ ਪਿਆ ਹੈ, ਉਨ੍ਹਾਂ ਨੂੰ ਇਸ ਗੱਲ ਦੀ ਸਾਰੀ ਜਾਣਕਾਰੀ ਹੁੰਦੀ ਹੈ ਅਤੇ ਇਹ ਜਾਣਕਾਰੀ ਬਹੁਤ ਵਾਰ ਜ਼ੁਰਮ ਕਰਨ ਵਿੱਚ ਸਹਾਈ ਹੁੰਦੀ ਹੈ। ਕੌਣ ਕਿੰਨ੍ਹੇ ਵਜੇ ਨੌਕਰੀ ਤੇ ਜਾਂਦਾ ਹੈ? ਘਰ ਕਿੰਨ੍ਹੇ ਵਜੇ ਤੋਂ ਕਿੰਨ੍ਹੇ ਵਜੇ ਤੱਕ ਸੁੰਨ੍ਹਾ ਰਹਿੰਦਾ ਹੈ? ਅਜਿਹੀ ਜਾਣਕਾਰੀ ਨੌਕਰਾਨੀ ਤੋਂ ਪ੍ਰਾਪਤ ਕਰਕੇ ਚੋਰ ਚੰਗੀ ਤਰ੍ਹਾਂ ਘਰ ਦੀ ਸਫਾਈ ਕਰ ਜਾਂਦੇ ਨੇ। ਬਹੁਤ ਥਾਂਵਾਂ ਤੇ ਤਾਂ ਨੌਕਰਾਨੀਆਂ ਸਿੱਧਾ ਹੀ ਅਜਿਹੇ ਕੰਮ ਵਿੱਚ ਆਪ ਹੀ ਅੰਜ਼ਾਮ ਦੇ ਜਾਂਦੀਆਂ ਹਨ। ਦੁਖਾਂਤਕ ਪੱਖ ਇਹ ਵੀ ਹੁੰਦਾ ਹੈ ਕਿ ਬਹੁਤ ਸਾਰੇ ਕੇਸਾਂ ਵਿੱਚ ਨੌਕਰਾਨੀਆਂ ਦਾ ਥਹੁ-ਟਿਕਾਣਾ ਵੀ ਪਤਾ ਨਹੀਂ ਹੁੰਦਾ । ਉਸ ਦੀ ਫੋਟੋ ਵੀ ਨਹੀਂ ਹੁੰਦੀ। ਬਸ ਥਾਣੇ ਵਿੱਚ ਇਤਲਾਹ ਵੀ ਉਸ ਦੇ ਨੈਣ ਨਕਸ਼ਾਂ ਦੇ ਆਧਾਰ ਤੇ ਹੀ ਦਿੱਤੀ ਜਾਂਦੀ ਹੈ। ਰਸੋਈ ਵਿੱਚ ‘ਨਿਕ-ਸੁੱਕ’ ਦੀ ਚੋਰੀ ਤਾਂ ਆਮ ਜਿਹੀ ਗੱਲ ਹੈ। ਪਰ ਦੂਜੇ ਪਾਸੇ ਅਜਿਹੇ ਪਹਿਲੂ ਵੀ ਸਾਹਮਣੇ ਆਏ ਹਨ, ਜਿੱਥੇ ਨੌਕਰਾਨੀ ਦਾ ਰੱਜ ਕੇ ਸ਼ੋਸ਼ਣ ਇਸ ਕਰਕੇ ਕੀਤਾ ਜਾਂਦਾ ਹੈ ਕਿ ਉਹ ਅੰਤਾਂ ਦੀ ਗਰੀਬ ਹੁੰਦੀ ਹੈ। ਉਹਦਾ ਆਪਣਾ ਮਾਸੂਮ ਵਿਲਕ ਰਿਹਾ ਹੁੰਦਾ ਹੈ। ਪਰ ਉਹ ਘਰ ਦੇ ‘ਰਾਜਕੁਮਾਰ’ ਨੂੰ ਸੰਭਾਲਣ ਲਈ ਮਜ਼ਬੂਰ ਹੁੰਦੀ ਹੈ। ਪੇਟ ਦੀ ਅੱਗ ਸਾਹਵੇਂ ਉਹਦੀ ਮਮਤਾ ਸਿਸਕ ਰਹੀ ਹੁੰਦੀ ਹੈ, ਪਰ ਘਰ ਦੇ ਮਾਲਕਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਕਈ ਵਾਰ ਘਰ ਬੱਚਾ ਬਿਮਾਰ ਹੁੰਦਾ ਹੈ ਅਤੇ ਮਾਲਕਣ ਨੂੰ ਕੀਤੀ ਰਹਿਮ ਦੀ ਅਪੀਲ ਦਾ ਜਵਾਬ ‘ਕੁੱਛ ਨੀ ਹੁੰਦਾ ਉਹਨੂੰ, ਤੂੰ ਕੰਮ ਕਰ’ ਜਿਹੇ ਜਵਾਬ ਨਾਲ ਉਹਦਾ ਹਿਰਦਾ ਛੱਲਨੀ ਹੋ ਜਾਂਦਾ ਹੈ।
ਕਦੇ ਨੌਕਰਾਨੀਆਂ ਦੀ ਆਪਣੇ ਮਾਲਕ/ਮਾਲਕਣ ਪ੍ਰਤੀ ਵਫ਼ਾਦਾਰੀ ਮਸ਼ਹੂਰ ਹੁੰਦੀ ਸੀ। ਅਜਿਹੇ ਅੰਧ ਵਿਸ਼ਵਾਸ ਅਤੇ ਅਗਿਆਨਤਾ ਕਾਰਨ ਈਰਖਾ ਭਾਰੂ ਨਹੀਂ ਸੀ ਹੁੰਦੀ, ‘‘ ਇਨ੍ਹਾਂ ਨੇ ਪਿਛਲੇ ਜਨਮ ’ਚ ਕੋਈ ਚੰਗੇ ਕਰਮ ਕੀਤੇ ਹੋਏ ਨੇ ’’ ਜਾਂ ਫਿਰ ‘‘ਅਸੀਂ ਤਾਂ ਜੰਮੇ ਹੀ ਇਨ੍ਹਾਂ ਦੀ ਸੇਵਾ ਕਰਨ ਨੂੰ ਹਾਂ, ਸਾਡੇ ਕਰਮਾਂ ’ਚ ਆਰਾਮ ਕਿੱਥੇ?’’ ਜਿਹੀ ਸੋਚ ਹੁਣ ਵਿਗਿਆਨਕ ਜਾਗਰਿਤੀ ਕਾਰਨ ਬਦਲ ਰਹੀ ਹੈ ਅਤੇ ਹੁਣ ਗਰੀਬੀ ਅਮੀਰੀ ਨੂੰ ਨਿਰੀ ਰੱਬ ਦੀ ਪੈਦਾਵਾਰ ਨਹੀਂ ਸਮਝਿਆ ਜਾਂਦਾ, ਸਗੋਂ ਆਰਥਿਕ ਨਾ ਬਰਾਬਰੀ ਨੂੰ ਬੇਇਨਸਾਫ਼ੀ ਦੀ ਪੈਦਾਵਾਰ ਸਮਝਿਆ ਜਾਂਦਾ ਹੈ। ਇਸੇ ਕਾਰਨ ਕੰਮ ਵਾਲੀਆਂ ਹੁਣ ਮਾਲਕ/ਮਾਲਕਣ ਦੀ ਜਾਇਜ਼-ਨਾਜਾਇਜ਼ ਗੱਲ ਨੂੰ ਰੱਬੀ ਹੁਕਮ ਨਹੀਂ ਸਮਝਦੀਆਂ।

 

Real Estate