ਕਿਸਾਨ ਮੰਗਾ ਸਿੰਘ ਦੀ ਖੇਤਾਂ ਚ ਦੱਬੀ ਲਾਸ਼ – ਪੁਲਿਸ ਵੱਲੋਂ ਹਵਾਈ ਫਾਇਰਿੰਗ

1230

ਇੱਕ ਹੋਰ ਕਤਲ ‘ਚ ਆਇਆ  ਜੱਗਾ ਪਟਵਾਰੀ ਦਾ ਨਾਮ

ਬਠਿੰਡਾ/ 15 ਜਨਵਰੀ/ ਬੀ ਐਸ ਭੁੱਲਰ

ਕੁਝ ਦਿਨ ਪਹਿਲਾਂ ਲਾਪਤਾ ਹੋਏ ਪਿੰਡ ਲਹਿਰਾ ਬੇਗਾ ਦੇ ਕਿਸਾਨ ਮੰਗਾ ਸਿੰਘ ਦੀ ਲਾਸ਼ ਪੁਲਿਸ ਨੇ ਖੇਤਾਂ ਚੋਂ ਬਰਾਮਦ ਕਰ ਲਈ ਹੈ ਅਤੇ ਜਦ ਇਸ ਲਾਸ਼ ਨੂੰ ਪੁਲਿਸ ਨੇ ਪੋਸਟ ਮਾਰਟਮ ਲਈ ਲਿਜਾਣਾ ਚਾਹਿਆ ਤਾਂ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਊਗਰਾਹਾਂ ਦੇ ਵਰਕਰਾਂ ਨੇ ਪੁਲਿਸ ਦਾ ਘਿਰਾਓ ਕਰ ਲਿਆ। ਪੁਲਿਸ ਵੱਲੋਂ ਘੇਰਾ ਤੋੜਣ ਲਈ ਹਵਾਈ ਫਾਇਰਿੰਗ ਵੀ ਕੀਤੀ ਅਤੇ ਲਾਸ਼ ਨੂੰ ਲਿਜਾਣ ਵਿੱਚ ਸਫ਼ਲ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਮੰਗਾ ਸਿੰਘ 15 ਦਸੰਬਰ 2018 ਤੋਂ ਲਾਪਤਾ ਹੋ ਗਿਆ ਸੀ, ਜਿਸਦੀ ਉਸਦੇ ਰਿਸਤੇਦਾਰਾਂ ਵੱਲੋਂ ਤਲਾਸ ਕੀਤੀ ਜਾ ਰਹੀ ਸੀ। ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਜਦ ਉਸਦੀ ਤਲਾਸ ਲਈ ਪੁਲਿਸ ਤੇ ਦਬਾਅ ਪਾਇਆ ਤਾਂ ਜਾਂਚ ਅਰੰਭਦਿਆਂ ਸਬੰਧਤ ਥਾਨਾ ਪੁਲਿਸ ਨੇ ਮੰਗਾ ਸਿੰਘ ਦੀ ਭਰਜਾਈ ਮਲਕੀਤ ਕੌਰ ਨੂੰ ਪੁੱਛ ਗਿੱਛ ਲਈ ਬੁਲਾਇਆ। ਮਲਕੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਜਮੀਨ ਦੇ ਲਾਲਚ ਕਾਰਨ ਪਟਵਾਰੀ ਜਗਜੀਤ ਸਿੰਘ ਜੱਗਾ, ਅੰਕਤ ਸਿੰਘ, ਜੱਗਾ ਸਿੰਘ ਤੇ ਗੋਸਾ ਸਿੰਘ ਨੇ ਮੰਗਾ ਸਿੰਘ ਦਾ ਕਤਲ ਕਰਕੇ ਲਾਸ ਖੁਰਦ ਬੁਰਦ ਕਰ ਦਿੱਤੀ ਹੈ। ਇਹ ਪਤਾ ਲੱਗਣ ਤੇ ਪੁਲਿਸ ਨੇ ਲਾਸ ਦੀ ਖੇਤਾਂ ਵਿੱਚ ਭਾਲ ਸੁਰੂ ਕਰ ਦਿੱਤੀ। ਕਈ ਥਾਵਾਂ ਤੇ ਪੁਟਾਈ ਕੀਤੀ ਗਈ, ਪਰ ਸਫਲਤਾ ਨਾ ਮਿਲੀ। ਬੀਤੀ ਸਾਮ ਇੱਕ ਦੋਸ਼ੀ ਜੱਗਾ ਸਿੰਘ ਨੂੰ ਨਥਾਨਾ ਪੁਲਿਸ ਨੇ ਕਾਬੂ ਕਰ ਲਿਆ, ਉਸਦੀ ਨਿਸਾਨਦੇਹੀ ਤੇ ਅੱਜ ਦੁਪਹਿਰ ਮੰਗਾ ਸਿੰਘ ਦੀ ਲਾਸ ਖੇਤਾਂ ਵਿੱਚ ਬਰਾਮਦ ਕਰ ਲਈ। ਮੁਕੱਦਮੇ ਵਿੱਚ ਦੋ ਹੋਰ ਦੋਸੀ ਅੰਕਤ ਸਿੰਘ ਤੇ ਗੋਸਾ ਸਿੰਘ ਨੂੰ ਵੀ ਪੁਲਿਸ ਨੇ ਗਿਰਫਤਾਰ ਕਰ ਲਿਆ, ਪਰ ਦੋਸੀ ਜਗਜੀਤ ਸਿੰਘ ਜੱਗਾ ਅਜੇ ਤੱਕ ਗਿਰਫਤਾਰ ਨਹੀਂ ਕੀਤਾ ਗਿਆ। ਥਾਨਾ ਨਥਾਨਾ ਦੀ ਪੁਲਿਸ ਜਦ ਮੰਗਾ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਲਿਜਾਣ ਲੱਗੀ ਤਾਂ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਪੁਲਿਸ ਨੂੰ ਘੇਰਾ ਪਾ ਲਿਆ ਅਤੇ ਮੰਗ ਕੀਤੀ ਕਿ ਪਟਵਾਰੀ ਜੱਗਾ ਸਿੰਘ ਨੂੰ ਗਿਰਫਤਾਰ ਕਰਨ ਬਾਅਦ ਹੀ ਲਾਸ਼ ਲਿਜਾਣ ਦੇਣਗੇ। ਪੁਲਿਸ ਨੂੰ ਪਾਇਆ ਘੇਰਾ ਤੋੜਣ ਲਈ ਪੁਲਿਸ ਚੌਂਕੀ ਭੁੱਚੋ ਦੇ ਇੰਚਾਰਜ ਗੋਬਿੰਦ ਸਿੰਘ ਨੇ ਹਵਾਈ ਫਾਇਰਿੰਗ ਕੀਤੀ ਅਤੇ ਲਾਸ਼ ਨੂੰ ਬਦਲਵੇਂ ਰਸਤੇ ਲੈ ਗਏ। ਕਿਸਾਨ ਯੂਨੀਅਨ ਆਗੂ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਗਜੀਤ ਸਿੰਘ ਪਟਵਾਰੀ ਨੂੰ ਗਿਰਫਤਾਰ ਕਰਨ ਵਿੱਚ ਪੁਲਿਸ ਜਾਣ ਬੁੱਝ ਕੇ ਦੇਰੀ ਕਰ ਰਹੀ ਹੈ, ਜੇਕਰ ਤੁਰੰਤ ਉਸਦੀ ਗਿਰਫਤਾਰੀ ਨਾ ਕੀਤੀ ਤਾਂ ਸੰਘਰਸ ਸੁਰੂ ਕੀਤਾ ਜਾਵੇਗਾ। ਦੂਜੇ ਪਾਸੇ ਸਮੁੱਚੇ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਜਿਲ੍ਹਾ ਪੁਲਿਸ ਮੁਖੀ ਵੱਲੋਂ ਹਵਾਈ ਫਾਇਰਿੰਗ ਕਰਨ ਵਾਲੇ ਚੌਂਕੀ ਇੰਚਾਰਜ ਦੀ ਬਦਲੀ ਕਰ ਦਿੱਤੀ ਅਤੇ ਪਟਵਾਰੀ ਜਗਜੀਤ ਸਿੰਘ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।

Real Estate