ਬਠਿੰਡਾ ’ਚ ਖੁੱਲਿਆ ਪੰਜਾਬੀ ਏਕਤਾ ਪਾਰਟੀ ਦਾ ਪਹਿਲਾ ਦਫ਼ਤਰ:ਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ਦੇ ਸੰਕੇਤ

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਾਰਟੀ ਦੇ ਪਹਿਲੇ ਦਫ਼ਤਰ ਦਾ ਉਦਘਾਟਨ ਬਠਿੰਡਾ ਵਿਚ ਕਰ ਦਿੱਤਾ ਗਿਆ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਅਤੇ ਕਾਂਗਰਸ ਨੂੰ ਟੱਕਰ ਦੇਣ ਲਈ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਸਾਰੀਆਂ ਸੀਟਾਂ ’ਤੇ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਖ਼ੁਦ ਚੋਣ ਲੜਨ ਦੇ ਵੀ ਸੰਕੇਤ ਦਿੱਤੇ, ਭਾਵੇ ਚੋਣ ਲੜਨ ਦਾ ਫ਼ੈਸਲਾ ਵਰਕਰਾਂ ਤੇ ਹਮਖਿਆਲੀ ਪਾਰਟੀਆਂ ਦੇ ਹੱਥ ਹੋਣ ਦੀ ਗੱਲ ਕਹੀ।
ਪੱਤਰਕਾਰਾਂ ਨੇ ਉਨ੍ਹਾਂ ਨੂੰ ਚੋਣਾਂ ਮੌਕੇ ‘ਆਪ’ ਨਾਲ ਸਮਝੌਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਚਾਹੇ ‘ਆਪ’ ਵਾਲੇ ਨਫ਼ਰਤ ਦੀ ਰਾਜਨੀਤੀ ਕਰਦੇ ਹਨ, ਪਰ ਸਾਡੇ ਦੇ ਦਰਵਾਜ਼ੇ ਹਮੇਸ਼ਾ ‘ਆਪ’ ਲਈ ਖੁੱਲ੍ਹੇ ਹਨ। ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ 20 ਜਨਵਰੀ ਨੂੰ ਬਰਨਾਲਾ ’ਚ ਬਿਕਰਮ ਮਜੀਠੀਆ ਵਿਰੁੱਧ ਰੈਲੀ ਕਰਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਇਸ ਰੈਲੀ ਵਿਚ ਭਗਵੰਤ ਮਾਨ ਕੇਜਰੀਵਾਲ ਸਾਹਿਬ ਤੋਂ ਮਜੀਠੀਆ ਤੋਂ ਮੰਗੀ ਮੁਆਫ਼ੀ ਬਾਰੇ ਸਪਸ਼ਟ ਕਰਨ।
ਖਹਿਰਾ ਨੇ ਜਸਟਿਸ ਜ਼ੋਰਾ ਸਿੰਘ ’ਤੇ ਦੋਸ਼ ਲਾਏ ਕਿ ਬੇਅਦਬੀ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਗਈ। ਖਹਿਰਾ ਨੇ ਜਸਟਿਸ ਜ਼ੋਰਾ ਕਮਿਸ਼ਨ ਨੂੰ ਬੋਗਸ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਕਾਂਗਰਸੀ ਸਟੇਜ ਤੋਂ ਕਾਂਗਰਸ ਦੇ ਹੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਸ਼ੇ ਦੇ ਮੁੱਦੇ ’ਤੇ ਦਿੱਤੇ ਬਿਆਨ ਨੂੰ ਕੈਪਟਨ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਕਰਾਰ ਦਿੰਦਿਆ ਕਿਹਾ ਕਿ ਪੁਲੀਸ ਬੇਕਸੂਰ ਲੋਕਾਂ ਨੂੰ ਫੜ ਕੇ ਕਾਰਵਾਈ ਕਰ ਰਹੀ ਹੈ, ਜਦੋਂਕਿ ਵੱਡੇ ਨਸ਼ਾ ਤਸਕਰਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ।

Real Estate