ਈਸ਼ਰ ਆਏ ਦਲਿੱਦਰ ਜਾਏ

1050

ਤਰਨਦੀਪ ਬਿਲਾਸਪੁਰ
ਈਸ਼ਰ ਤੁਹਾਡੀ ਸੋਚ , ਦਲਿੱਦਰ ਤੁਹਾਡੀ ਸੋਚ , ਨਕਾਰਤਮਕ(negative ) ਸੋਚ ਤੇ ਸਕਾਰਤਮਕ (positive)ਸੋਚ ਰਾਹੀਂ ਕਾਬੂ ਪਾਉਣਾ ਹੀ ਈਸ਼ਰ ਦਾ ਪ੍ਰਤੀਕ ਹੈ । ਸਮਾਂ ਆਪਣੀ ਤੋਰ ਚੱਲਦਾ ਹੈ । ਇਸ ਸਫ਼ਰ ਵਿੱਚ ਪੜਾਉ ਹੁੰਦੇ ਹਨ , ਹਰ ਪੜਾਉ ਤੇ ਯਾਤਰੀ ਮਿਲ ਜਾਂਦੇ ਨੇ , ਕੁੱਝ ਕੌੜੀਆਂ ਯਾਦਾਂ ਵਾਲੇ , ਕੁੱਝ ਮਿੱਠੀਆਂ ਵਾਲੇ ਤੇ ਕੁੱਝ ਰਲੀਆਂ ਮਿਲੀਆਂ ਵਾਲੇ । ਜਦੋਂ ਤੁਸੀਂ ਕੌੜੀਆਂ ਯਾਦਾਂ ਨੂੰ ਝੋਲੀ ਵਿੱਚ ਪਾਉਣ ਵਾਲ਼ਿਆਂ ਦਾ ਰੁਦਨ ਕਰਦੇ ਹੋ ਤਾਂ ਦਲਿੱਦਰ ਉਸੇ ਵਿੱਚੋਂ ਉਪਜਦਾ ਉਪਜਦਾ ਪਹਾੜ ਬਣ ਜਾਂਦਾ ਹੈ । ਜਿਸ ਤੇ ਜਿੱਤ ਪਾਉਣੀ ਐਵਰੈਸਟ ਨੂੰ ਸਰ ਕਰਨ ਵਾਂਗ ਹੁੰਦੀ ਹੈ , ਕਿਉਂਕਿ ਸਰ ਕਰਨਾ ਚਾਹੁੰਦੇ ਤਾਂ ਸਾਰੇ ਹੀ ਹੁੰਦੇ ਨੇ , ਕਾਫ਼ੀ ਤੁਰ ਵੀ ਪੈਂਦੇ ਨੇ ਪਰ ਚੋਟੀ ਤੇ ਈਸ਼ਰ ਦਾ ਪਰਚਮ ਥੋੜੇ ਲਹਿਰਾਉਂਦੇ ਹਨ । ਇਸ ਲਈ ਜ਼ਰੂਰੀ ਹੈ ਕਿ ਹਰ ਕੌੜੀ ਯਾਦ ਤਹਾਨੂੰ ਪ੍ਰੇਰਿਤ ਕਰੇ ਚੰਗੇ ਅਨੁਭਵਾਂ ਦੀ ਭਾਲ ਲਈ , ਇਹ ਤਦੇ ਸੰਭਵ ਹੈ । ਇਸ ਲਈ ਜ਼ਰੂਰੀ ਹੈ ਕਿ ਬੀਤੇ ਦੇ ਕੌੜੇ ਅਨੁਭਵਾਂ ਵਾਲੇ ਮੁਸਾਫ਼ਰਾਂ ਨੂੰ ਜ਼ਿੰਦਗੀ ਚੋਂ ਕੱਢ ਦਈਏ । ਕਿਉਂਕਿ ਉਹਨਾਂ ਦੀ ਯਾਦ ,ਤੇ ਕੀਤੀ ਚਰਚਾ ਵੀ ਤਹਾਨੂੰ ਘ੍ਰਿਣਾ ਚ’ ਗ਼ਲਤਾਨ ਕਰਦੀ ਹੈ । ਜੋ ਹੌਲੇ ਹੌਲੇ ਸਕਾਰਤਿਮਕਤਾ (positivity) ਤੋਂ ਦੂਰ ਖਿਸਕਾਉਂਦੀ ਹਨੇਰੇ ਖੂਹ ਵਿੱਚ ਲੈ ਜਾਂਦੀ ਹੈ । ਇਸੇ ਲਈ ਸ਼ਾਇਰ ਕਹਿੰਦਾ ਹੈ ,
“ ਐਹ ਮੇਰੇ ਦੋਸਤ ਕਿਉਂ ਨਾ
ਮਨ ਦੀ ਸਲੇਟ ਚੁੱਕੀਏ
ਤੇ ਇੱਕ ਦੂਸਰੇ ਨੂੰ ਮੇਟ ਦਈਏ
ਜਿੱਥੇ ਬੇਵਿਸਾਹੀ ਹੈ
ਧੋਖਾ ਹੈ ਤੇ ਥੋੜੀ ਗ਼ਲਤ-ਫ਼ਹਿਮੀ ਵੀ
ਆਪਾ ਮਿਲਾਂਗੇ ਫਿਰ ਨਵੇਂ ਨਕੋਰ ਹੋ ਕੇ
ਅੰਦਰ ਨੂੰ ਸੱਚ ਦੀ ਗੰਗੋਤਰੀ ਚ’ ਧੋ ਕੇ “
— ਸੋ ਇਸੇ ਲਈ ਜ਼ਿੰਦਗੀ ਨੂੰ ਵਹਿੰਦੇ ਪਾਣੀ ਦੀ ਪ੍ਰਤੀਕ ਮੰਨਿਆਂ ਜਾਂਦਾ ਹੈ ਸੋ ਇਹ ਛੱਪੜ ਵਰਗੀ ਨਾ ਹੋ ਜਾਵੇ ਜੋ ਬੁਸਿਆ ਹੋਵੇ ਆਪਣੇ ਗਿਣਤੀ ਦੇ ਜਲ ਜੀਵਾਂ ਨਾਲ ,ਦੂਸਰੇ ਪਾਸੇ ਵਹਿੰਦੇ ਪਾਣੀ ਨੂੰ ਵਿਸਥਾਰਿਤ ਭੂ ਖੰਡ ਛੂੰਹਦੇ ਨੇ ,ਹਰ ਪਲ ਨਵੇਂ ਮੁਸਾਫ਼ਰ ਜੀਵ ਮਿਲਦੇ ਨੇ । ਪਰ ਵਹਿੰਦਾ ਪਾਣੀ ਉਹਨਾਂ ਕੋਲ ਕਦੇ ਵੀ ਰੁਕਦਾ ਨਹੀਂ ,ਕਿਉਂਕਿ ਉਸਦਾ ਲਕਸ਼ ਵੱਡਾ ਹੈ , ਜੋ ਅਸਮਾਨ ਚ’ ਰਚਦਾ ਹੈ ਬੱਦਲ਼ ਬਣ ਮੁੜ ਵਰਦਾ ਜਾਂ ਸਮੁੰਦਰ ਵਿੱਚ ਜਾ ਆਪਣੇ ਆਪ ਨੂੰ ਵਿਸ਼ਾਲ ਮਹਾਂ ਵਿਸ਼ਾਲ ਕਰ ਲੈਂਦਾ ਹੈ । ਇਸੇ ਕਰਕੇ ਲੋਹੜੀ ਹਰ ਰੋਜ ਮਨ ਮਸਤਕ ਚ’ ਬਲਣੀ ਚਾਹੀਦੀ ਹੈ , ਮਾਘ ਦਾ ਇਸ਼ਨਾਨ ਤੁਹਾਡੀ ਰੂਹ ਨਿੱਤ ਕਰਨੀ ਚਾਹੀਦੀ ਹੈ । ਫਿਰ ਦਲਿੱਦਰ ਜਨਮ ਨਹੀਂ ਲਵੇਗਾ ਤੇ ਪੋਹ ਦੀ ਠਰਠਰਾਉਂਦੀ ਰਾਤ ਨੂੰ ਕਿਸੇ ਧੂਣੀ ਦਾ ਆਸਰਾ ਨਹੀਂ ਲੱਭਣਾ ਪਵੇਗਾ । ਜਿਸ ਚੋਂ ਈਸ਼ਰ ਦਾ ਕੱਲ ਨਜ਼ਰ ਆਵੇ । ਕਿਉਂਕਿ ਈਸ਼ਰ ਸਦੀਵੀ ਹੈ , ਦਲਿੱਦਰ ਸਦੀਵੀ ਹੈ , ਹੁਣ ਇਹ ਤੁਹਾਡੀ ਸੋਚ ਦੀ ਉੱਪਜ ਹੈ ਕਿ ਤੁਸੀਂ ਇਹਨਾਂ ਦੋਵਾਂ ਚੋਂ ਕਿਸਨੂੰ ਚੁਣਨਾ ਪਸੰਦ ਕਰੋਗੇ ?

Real Estate