ਵੀਆਈਪੀ ਹਲਕੇ ਬਠਿੰਡਾ ’ਚ ਰਾਜਨੀਤਕ ਪਾਰਟੀਆਂ ਦੀ ਟੁੱਟ ਭੱਜ ਸੁਰੂ : ਕਾਂਗਰਸ ਦਾ ਸਾਬਕਾ ਸੂਬਾ ਸਕੱਤਰ ਅਕਾਲੀ ਦਲ ’ਚ ਸਾਮਲ

1135

ਅਕਾਲੀ ਦਲ ਦੇ ਚਾਰ ਕੌਂਸਲਰਾਂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ

ਬਠਿੰਡਾ/ 12 ਜਨਵਰੀ/ ਬੀ ਐਸ ਭੁੱਲਰ
ਲੋਕ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਰਾਜਨੀਤਕ ਪਾਰਟੀਆਂ ਵਿੱਚ ਸੁਰੂ ਹੋਈ ਟੁੱਟ ਭੱਜ ਦੇ ਚਲਦਿਆਂ ਜਿੱਥੇ ਕਾਂਗਰਸ ਪਾਰਟੀ ਦਾ ਇੱਕ ਸੀਨੀਅਰ ਆਗੂ ਅਕਾਲੀ ਦਲ ਵਿੱਚ ਸਾਮਲ ਹੋ ਗਿਆ, ਉ¤ਥੇ ਚਾਰ ਕੌਂਸਲਰਾਂ ਸਮੇਤ ਜਮੀਨ ਨਾਲ ਜੁੜੇ ਕਈ ਅਕਾਲੀ ਆਗੂਆਂ ਨੇ ਅਕਾਲੀ ਦਲ ਨੂੰ ਫਤਹਿ ਬੁਲਾ ਦਿੱਤੀ।ਸਥਾਨਕ ਇੱਕ ਮੈਰਿਜ ਪੈਲੇਸ ਵਿਖੇ ਸ੍ਰ: ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਵਿੱਚ
ਕਾਂਗਰਸ ਪਾਰਟੀ ਦੇ ਸਾਬਕਾ ਸੁਬਾਈ ਸਕੱਤਰ ਸ੍ਰੀ ਇਕਬਾਲ ਸਿੰਘ ਬਬਲੀ ਢਿੱਲੋਂ ਅੱਜ ਅਕਾਲੀ ਦਲ ਵਿੱਚ ਸਾਮਲ ਹੋ ਗਏ। ਇਸ ਮੌਕੇ ਸੈਂਕੜਿਆਂ ਦੀ ਤਾਦਾਦ ਵਿੱਚ ਉਹਨਾਂ ਦੇ ਸਾਥੀਆਂ ਨੇ ਵੀ ਅਕਾਲੀ ਦਲ ਦਾ ਹੀ ਪੱਲਾ ਫੜ ਲਿਆ। ਯਾਦ ਰਹੇ ਕੁਝ ਸਮਾਂ ਪਹਿਲਾਂ ਬਬਲੀ ਢਿੱਲੋਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਪੁੱਛਣ ਤੇ ਕਿ ਉਹਨਾਂ ਕਾਂਗਰਸ ਪਾਰਟੀ ਕਿਉਂ ਛੱਡੀ, ਤਾਂ ਸ੍ਰੀ ਢਿੱਲੋਂ ਨੇ ਦੱਸਿਆ ਕਿ ਜਦੋਂ ਤੋਂ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਕਮਾਂਡ ਸੰਭਾਲੀ ਹੈ ਉਦੋਂ ਤੋਂ ਹੀ ਸੀਨੀਅਰ ਕਾਂਗਰਸੀਆਂ ਨੂੰ ਨਜ਼ਰ ਅੰਦਾਜ ਕਰਕੇ ਉਹਨਾਂ ਦੀ ਥਾਂ ਤੇ ਆਪਣੇ ਸਮਰਥਕ ਗੈਰ ਕਾਂਗਰਸੀਆਂ ਨੂੰ ਚੌਧਰੀ ਬਣਾਇਆ
ਹੋਇਆ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਪੁਰਾਣੇ ਕਾਂਗਰਸੀਆਂ ਨੂੰ ਇਸ ਕਦਰ ਦਬਾਅ ਕੇ ਰੱਖਿਆ ਹੋਇਆ ਹੈ ਕਿ ਬਠਿੰਡਾ ਸ਼ਹਿਰ ਚੋਂ ਅਸਲ ਕਾਂਗਰਸ ਖਤਮ ਹੋ ਗਈ ਤੇ ਸਿਰਫ਼ ਤੇ ਸਿਰਫ਼ ਵਿੱਤ ਮੰਤਰੀ ਦੀ ਆਪਣੀ ਟੀਮ ਹੀ ਸਭ ਕਾਸੇ ਦੀ ਮਾਲਕ ਬਣ ਚੁੱਕੀ ਹੈ।ਬਬਲੀ ਢਿੱਲੋਂ ਨੂੰ ਅਕਾਲੀ ਦਲ ਵਿੱਚ ਸਾਮਲ ਕਰਦਿਆਂ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤੇ ਕਈ ਤਰ੍ਹਾਂ ਦੇ ਸੁਆਲ ਉਠਾਏ। ਆਪਣੀ ਸਰਕਾਰ ਦੌਰਾਨ ਬਠਿੰਡਾ ਪਾਰਲੀਮਾਨੀ ਹਲਕੇ ਵਿੱਚ ਹੋਏ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਸਾਂ ਸਾਲਾਂ ਦੌਰਾਨ ਇਸ ਸ਼ਹਿਰ ਦਾ ਇਸ ਕਦਰ ਨਿਖਾਰ ਹੋ ਚੁੱਕਾ ਹੈ ਕਿ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਵਿਕਸਿਤ ਦੇਸਾਂ ਵਰਗਾ ਭੁਲੇਖਾ ਪੈਣ ਲੱਗ ਪਿਐ। ਕੁਝ ਸਮੇਂ ਬਾਅਦ ਹੋਣ ਵਾਲੀਆਂ ਚੋਣਾਂ ਲਈ ਹਮਾਇਤ ਮੰਗਦਿਆਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਦਾ ਸਾਥ ਦੇਣ ਤਾਂ ਕਿ ਵਿਕਾਸ ਕਾਰਜਾਂ ਵਿੱਚ ਜੋ ਮੌਜੂਦਾ ਸਰਕਾਰ ਦੇ ਦੌਰ ’ਚ ਖੜੋਤ ਹੋਈ ਹੈ ਉਸਨੂੰ ਤੋੜਿਆ ਜਾ ਸਕੇ। ਇਸਤੋਂ ਪਹਿਲਾਂ ਸਾਬਕਾ ਵਿਧਾਇਕ ਸ੍ਰੀ ਸਰੂਪ ਸਿੰਗਲਾ ਨੇ ਅਕਾਲੀ ਦਲ ਵਿੱਚ ਸਾਮਲ ਹੋਣ ਲਈ ਸ੍ਰੀ ਢਿੱਲੋਂ ਦਾ ਧੰਨਵਾਦ ਕੀਤਾ। ਇਸ ਮੌਕੇ ਅਕਾਲੀ ਦਲ ਦੇ ਦਿਹਾਤੀ ਜਿਲ੍ਹਾ ਪ੍ਰਧਾਨ ਸ੍ਰ: ਜਗਦੀਪ ਸਿੰਘ ਨਕੱਈ, ਮੇਅਰ ਬਲਵੰਤ ਰਾਏ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਤੇ ਕਈ ਕੌਂਸਲਰ ਵੀ ਮੌਜੂਦ ਸਨ।

ਦੂਜੇ ਪਾਸੇ ਅਕਾਲੀ ਦਲ ਨੂੰ ਉਸ ਵੇਲੇ ਸਖ਼ਤ ਝਟਕਾ ਲੱਗਾ ਜਦੋਂ ਚਾਰ ਕੌਂਸਲਰਾਂ ਸਮੇਤ ਕਈ ਹੋਰ ਆਗੂਆਂ ਨੇ ਵੀ ਅਕਾਲੀ ਦਲ ਤੋਂ ਅਸਤੀਫੇ ਦੇ ਦਿੱਤੇ। ਸਥਾਨਕ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾ: ਹਰਮੰਦਰ ਸਿੰਘ, ਰਾਜਿੰਦਰ ਸਿੰਘ ਸਿੱਧੂ, ਰਾਜੂ ਸਰਾਂ, ਨਿਰਮਲ ਸਿੰਘ ਸੰਧੂ ਸਾਰੇ ਕੌਂਸਲਰ ਤੇ ਸਾਬਕਾ ਕੌਂਸਲਰ ਰਾਜੂ ਮਾਨ ਨੇ ਕਿਹਾ ਕਿ ਬੇਅਦਬੀ ਕਾਂਡ ਦੀ ਵਜਾਹ ਕਾਰਨ ਜਦੋਂ ਅਕਾਲੀ ਦਲ ਇੱਕ ਔਖੇ ਦੌਰ ਵਿਚਦੀ ਗੁਜਰ ਰਿਹਾ ਹੈ, ਠੀਕ ਉਸ ਵੇਲੇ ਸੌ ਸਾਲ ਪੁਰਾਣੀ ਇਸ ਜਥੇਬੰਦੀ ’ਚ ਕਾਰਪੋਰੇਟ ਜਗਤ ਦੀ ਤਰਜ ਤੇ ਅਜਿਹਾ ਮੈਨੇਜਰ ਕਲਚਰ ਭਾਰੂ ਹੋ ਚੁੱਕਾ ਹੈ, ਜਿਸਦੇ ਚਲਦਿਆਂ ਬਾਹਰਲੇ ਇਲਾਕਿਆਂ ਤੋਂ ਵੱਖ ਵੱਖ ਇਲਾਕਿਆਂ ਦੇ ਇੰਚਾਰਜ ਥਾਪੇ ਜਾ ਰਹੇ ਹਨ, ਜੋ ਸਥਾਨਕ ਲੀਡਰਸਿਪ ਨਾਲ ਗੁਲਾਮਾਂ ਵਰਗਾ ਵਰਤਾਓ ਕਰਦੇ ਹਨ। ਬਾਦਲ ਪਰਿਵਾਰ ਜਾਂ ਸਰੂਪ ਸਿੰਗਲਾ ਨਾਲ ਕਿਸੇ ਕਿਸਮ ਦੀ ਰੰਜ ਤੋਂ ਇਨਕਾਰ ਕਰਦਿਆਂ ਉਹਨਾਂ ਆਗੂਆਂ ਨੇ ਦੱਸਿਆ ਕਿ ਉਹ ਤਾਨਾਸ਼ਾਹੀ ਕਲਚਰ ਤੋਂ ਦੁਖੀ ਹੋ ਕੇ ਪਾਰਟੀ ਤੋਂ ਅਲਹਿਦਾ ਹੋ ਰਹੇ ਹਨ, ਜੋ ਇੱਕ ਅਜਿਹਾ ਸੰਕੇਤ ਹੈ ਜਿਸਦਾ ਅੰਜਾਮ ਵੱਡੇ ਪੱਧਰ ਤੇ ਪਾਰਟੀ ਦੇ ਵਰਕਰਾਂ ਵੱਲੋਂ ਦਲ ਨੂੰ ਅਲਵਿਦਾ ਕਹਿਣ ਦੀ ਸੁਰੂਆਤ ਹੈ। ਇਹ ਪੁੱਛਣ ਤੇ ਕਿ ਕੀ ਉਹਨਾਂ ਦਲ ਦੇ ਪ੍ਰਧਾਨ ਕੋਲ ਕਿਸੇ ਕਿਸਮ ਦਾ ਇਤਰਾਜ ਦਰਜ ਕਰਾਇਆ ਹੈ, ਤਾਂ ਮਾ: ਹਰਮੰਦਰ ਸਿੰਘ ਨੇ ਦੱਸਿਆ ਕਿ ਆਪਣੀ ਨਰਾਜਗੀ ਤੋਂ ਉਹਨਾਂ ਸਾਬਕਾ ਵਿਧਾਇਕ ਸ੍ਰੀ ਸਰੂਪ ਸਿੰਗਲਾ ਰਾਹੀਂ ਸ੍ਰ: ਸੁਖਬੀਰ ਬਾਦਲ ਨੂੰ ਜਾਣੂ ਕਰਵਾ ਦਿੱਤਾ ਸੀ ਲੇਕਿਨ ਸਥਿਤੀ ਇਹ ਹੈ ਕਿ ਬਠਿੰਡਾ ਸ਼ਹਿਰ ਵਿੱਚ ਸਿਰਫ ਤੇ ਸਿਰਫ ਬੀਬੀ ਹਰਸਿਮਰਤ ਕੌਰ ਬਾਦਲ ਦੀ ਚਲਦੀ ਹੈ ਤੇ ਉਹ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ।

Real Estate