ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਹਰਾ ਕੇ ਲੋਕ ਸਭਾ ‘ਚ ਖੱਬੀਆਂ ਪਾਰਟੀਆਂ ਦੀ ਤਾਕਤ ਵਧਾਈ ਜਾਵੇਗੀ- ਕਾ: ਸੇਖੋਂ

1331

ਬਠਿੰਡਾ/ 11 ਜਨਵਰੀ/ ਬੀ ਐੱਸ ਭੁੱਲਰ
ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਫਿਰਕੂ ਫਾਸ਼ੀਵਾਦੀ ਭਾਜਪਾ ਤੇ ਉਸਦੇ ਸਹਿਯੋਗੀਆਂ ਨੂੰ ਹਰਾ ਕੇ ਸੰਸਦ ਵਿੱਚ ਖੱਬੀਆਂ ਪਾਰਟੀਆਂ ਦੀ ਤਾਕਤ ਵਧਾਈ ਜਾਵੇਗੀ। ਇਹ ਇੰਕਸਾਫ਼ ਸੀ ਪੀ ਆਈ ਐੱਮ ਪੰਜਾਬ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕੀਤਾ। ਉਹ ਸਥਾਨਕ ਪਾਰਟੀ ਦਫ਼ਤਰ ਵਿਖੇ 28 ਜਨਵਰੀ ਨੂੰ ਲੁਧਿਆਣਾ ਰੈਲੀ ਸਬੰਧੀ ਕਾ: ਰਣਜੀਤ ਸਿੰਘ ਲਹਿਰਾ ਦੀ ਪ੍ਰਧਾਨਗੀ ਹੇਠ ਹੋਈ ਵਰਕਰ ਮੀਟਿੰਗ ਉਪਰੰਤ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਮੋਦੀ ਸਰਕਾਰ ਆਪਣੇ ਵਾਅਦਿਆਂ 2 ਕਰੋੜ ਰੁਜਗਾਰ ਮੁਹੱਈਆ ਕਰਾਉਣ, ਸਵਾਮੀਨਾਥਨ ਕਮਿਸਨ ਦੀ ਰਿਪੋਰਟ ਲਾਗੂ ਕਰਨ ਤੋਂ ਹੀ ਨਹੀਂ ਮੁੱਕਰੀ ਬਲਕਿ ਇਸ ਦੌਰ ਵਿੱਚ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਨੂੰ ਨਿਸ਼ਾਨਾ
ਬਣਾਉਣ ਦੇ ਨਾਲ ਨਾਲ ਸੰਵਿਧਾਨਕ ਸੰਸਥਾਵਾਂ ਸੁਪਰੀਮ ਕੋਰਟ, ਸੀ ਬੀ ਆਈ, ਆਰ ਬੀ ਆਈ ਆਦਿ ਦਾ ਵੀ ਭਾਰੀ ਨੁਕਸਾਨ ਕੀਤਾ ਹੈ, ਜੋ ਦੇਸ਼ ਲਈ ਅਤੀ ਨੁਕਸਾਨਦਾਇਕ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਬੇਰੁਜਗਾਰੀ ਖਤਮ ਕਰਨ ਦੇ ਆਪਣੇ ਵਾਅਦੇ ਦੇ ਉਲਟ ਬੇਰੁਜਗਾਰੀ ਸਬੰਧੀ ਸਰਵੇ ਕਰਨ ਅਤੇ ਇਸ ਸਬੰਧੀ ਅੰਕੜੇ ਪ੍ਰਕਾਸਿਤ ਕਰਨ ਤੇ ਪਾਬੰਦੀ ਲਾ ਕੇ ਬੇਰੁਜਗਾਰ ਨੌਜਵਾਨਾਂ ਨਾਲ ਵੱਡਾ ਧਰੋਹ ਕੀਤਾ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਮੋਦੀ ਸਰਕਾਰ ਵਿਦੇਸਾਂ ਚੋਂ ਕਾਲਾ ਧਨ ਵਾਪਸ ਲਿਆਉਣ ਅਤੇ ਅੱਤਵਾਦੀਆਂ ਨੂੰ ਪਹੁੰਚਾਏ ਜਾਣ ਵਾਲੇ ਫੰਡ ਰੋਕਣ ਵਿੱਚ ਤਾਂ ਫੇਲ• ਹੋਈ ਹੀ ਹੈ, ਦੂਜੇ ਪਾਸੇ ਗੁਆਂਢੀ ਦੇਸ ਨਾਲ ਲਗਦੇ ਬਾਰਡਰ ਦੇ ਮਹੌਲ ਨੂੰ ਸਾਂਤ ਕਰਨ ਦੇ ਉਲਟ ਭਖਾ ਕੇ ਰੱਖਿਆ ਹੈ। ਉਹਨਾਂ ਕਿਹਾ ਗੁਆਂਢੀ ਦੇਸ ਨਾਲ ਗੱਲਬਾਤ ਰਾਹੀਂ ਰਾਜਸੀ ਹੱਲ ਕੱਢ ਕੇ ਸਾਂਤੀ ਸਥਾਪਤ ਕਰਨ ਦੀ ਲੋੜ ਹੈ, ਪਰ ਕੇਂਦਰ ਸਰਕਾਰ ਨੇ ਇਸ ਸਬੰਧੀ ਕੋਈ ਸੰਜੀਦਾ ਯਤਨ ਨਹੀਂ ਕੀਤੇ। ਉਹਨਾਂ ਕਿਹਾ ਕਿ ਗੱਲਬਾਤ ਦਾ ਰਸਤਾ ਤਿਆਗਣਾ ਨਹੀਂ ਚਾਹੀਦਾ ਸਗੋਂ ਬਾਰਡਰ ਤੇ ਸਾਂਤੀ ਦਾ ਮਹੌਲ ਬਣਾਉਣ ਲਈ ਯਤਨ ਹੋਣੇ ਚਾਹੀਦੇ ਹਨ।
ਉਹਨਾਂ ਦੱਸਿਆ ਕਿ 28 ਦੀ ਲੁਧਿਆਣਾ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਇਸ ਰੈਲੀ ਨੂੰ ਸੀ ਪੀ ਆਈ ਐੱਮ ਦੇ ਕੌਮੀ ਜਨਰਲ ਸਕੱਤਰ ਕਾ: ਸੀਤਾ ਰਾਮ ਯੈਚੁਰੀ ਅਤੇ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾ: ਐੱਸ ਸੁਧਾਕਰ ਰੈਡੀ ਸੰਬੋਧਨ ਕਰਨਗੇ। ਉਹਨਾਂ ਦੱਸਿਆ ਕਿ ਇਸਤੋਂ ਬਾਅਦ ਦੇਸ਼ ਭਰ ਦੇ ਵਿੱਦਿਅਕ ਕੈਂਪਸ ਨੂੰ ਸੁਰੱਖਿਅਤ ਕਰਕੇ ਦੇਸ਼ ਨੂੰ ਬਚਾਉਣ ਲਈ 19 ਫਰਵਰੀ ਨੂੰ ਵਿਦਿਆਰਥੀਆਂ ਟੀਚਰਾਂ ਤੇ ਨੌਜਵਾਨਾਂ ਨਾਲ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਦੇਸ ਨੂੰ ਸਹੀ ਲੀਹ ਤੇ ਲਿਆਉਣ ਲਈ ਵਿੱਦਿਅਕ ਅਦਾਰਿਆਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਅਤੇ ਦੇਸ਼ ਦੇ ਬੱਜਟ ਦਾ ਦਸ ਫੀਸਦੀ ਹਿੱਸਾ ਵਿੱਦਿਆ ਤੇ ਖ਼ਰਚ ਕਰਨਾ ਤਹਿ ਕੀਤਾ ਜਾਵੇ।
ਕੇਂਦਰ ਸਰਕਾਰ ਵੱਲੋਂ ਜਨਰਲ ਵਰਗ ਲਈ ਦਸ ਫੀਸਦੀ ਕੋਟਾ ਰਿਜਰਵ ਕਰਨ ਤੇ ਟਿੱਪਣੀ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਇਹ ਇੱਕ ਚੋਣ ਸਟੰਟ ਹੈ। ਜਦ ਸਰਕਾਰ ਨੇ ਅਸਾਮੀਆਂ ਹੀ ਪੁਰ ਨਹੀਂ ਕਰਨੀਆਂ ਤਾਂ ਰਿਜਰਵੇਸਨ ਦਾ ਕੀ ਲਾਭ ਹੋ ਸਕਦਾ ਹੈ। ਬਜੁਰਗਾਂ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਜੀਵਨ ਦੇ ਆਖ਼ਰੀ ਦੌਰ ਵਿੱਚ ਪਹੁੰਚੇ ਬਜੁਰਗਾਂ ਨੂੰ ਵਿਦੇਸ਼ੀ ਤਰਜ ਤੇ ਗੁਜਾਰੇ ਜੋਗੀ ਪੈਨਸਨ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇਸ ਵਿੱਚ ਹਰ ਸਮੇਂ ਵਿਕਾਸ ਦਾ ਢੰਡੋਰਾ ਪਿਟਦੀ ਹੈ, ਇਸ ਵਿਕਾਸ ਵਿੱਚ ਦੇਸ ਦੇ ਹਰ ਨਾਗਰਿਕ ਨੇ ਆਪਣਾ ਹਿੱਸਾ ਪਾਇਆ ਹੈ ਇਸ ਲਈ ਹਰ ਵਿਅਕਤੀ ਨੂੰ ਘੱਟੋ ਘੱਟ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸਨ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਬੁਢੇਪਾ ਖੁਸ਼ੀ ਤੇ ਸੁਖੀ ਬਤੀਤ ਕਰ ਸਕਣ।
ਕਾ: ਸੇਖੋਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਦੇਸ ਦਾ ਚੌਕੀਦਾਰ ਪ੍ਰਚਾਰਦਾ ਹੈ, ਜਦ ਕਿ ਇਹ ਦੇਸ਼ ਦਾ ਨਹੀਂ ਵੱਡੇ ਵੱਡੇ ਉਦਯੋਗਪਤੀਆਂ ਤੇ ਬਹੁ ਕੰਪਨੀਆਂ ਦਾ ਚੌਕੀਦਾਰ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਆਰ ਐੱਸ ਐੱਸ ਦੇ ਏਜੰਡੇ ਨੂੰ ਲਾਗੂ ਕਰਦਿਆਂ ਫਿਰਕਾਪ੍ਰਸਤੀ ਨੂੰ ਵਧਾਇਆ ਅਤੇ ਘੱਟ ਗਿਣਤੀਆਂ ਤੇ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਤੇ ਉਸਦੇ ਸਹਿਯੋਗੀਆਂ ਨੂੰ ਹਰਾ ਕੇ ਲੋਕ ਸਭਾ ਵਿੱਚ ਖੱਬੀਆਂ ਪਾਰਟੀਆਂ ਦੀ ਤਾਕਤ ਵਧਾਈ ਜਾਵੇਗੀ। ਉਹਨਾਂ ਕਿਹਾ ਕਿ ਦੇਸ ਵਿੱਚ ਧਰਮ ਨਿਰਪੱਖ ਤੇ ਜਮਹੂਰੀ ਸਰਕਾਰ ਸਥਾਪਤ ਕਰਨਾ ਖੱਬੀਆਂ ਪਾਰਟੀਆਂ ਦਾ ਮੁੱਖ ਨਿਸ਼ਾਨਾ ਹੈ, ਜਿਸਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸਰਵ ਸ੍ਰੀ ਕੁਲਵਿੰਦਰ ਸਿੰਘ ਉੱਡਤ, ਗੁਰਦੇਵ ਸਿੰਘ ਬਾਂਡੀ, ਬਲਕਾਰ ਸਿੰਘ, ਮੇਘ ਨਾਥ, ਰਾਮ ਚੰਦ, ਵਿਸਰਾਮ ਸਿੰਘ, ਹਰਮਿੰਦਰ ਸਿੰਘ ਢਿੱਲੋਂ, ਗੁਰਚਰਨ ਸਿੰਘ ਚੌਹਾਨ, ਇੰਦਰਜੀਤ ਸਿੰਘ, ਹਰਦੇਵ ਸਿੰਘ ਜੰਡਾਂਵਾਲਾ, ਕੁਲਜੀਤਪਾਲ ਸਿੰਘ ਭੁੱਲਰ, ਗੁਲਜਾਰ ਸਿੰਘ ਆਦਿ ਮੌਜੂਦ ਸਨ।

Real Estate