ਛਾਤੀਆਂ ‘ਤੇ ਟੈਕਸ

2503

ਪੇਸ਼ਕਸ਼ : ਨਰਭਿੰਦਰ

ਹੱਥਲੀ ਕਥਾ ਪੁੱਛੋਗੇ ਤਾਂ ਤੁਹਾਨੂੰ ਹਿੰਦੂ ਸੰਸਕ੍ਰਿਤੀ ਉੱਤੇ ਕਚਿਆਣ ਆਉਣ ਲੱਗੇਗੀ ਜਿਸ ਸੰਸਕ੍ਰਿਤੀ ਨੂੰ ਆਰਐੱਸਐੱਸ ਅਤੇ ਭਾਜਪਾ ਹਿੰਦੂਤਵਵਾਦੀ ਬੜੇ ਫਖਰ ਨਾਲ ਅਮੀਰ ਪ੍ਰੰਪਰਾਵਾਂ ਵਾਲੀ ਵਿਰਾਸਤ ਕਹਿੰਦੇ ਹਨ ਅਤੇ ਮੁੜ ਸੁਰਜੀਤ ਕਰਨ ਲਈ ਤੱਤਪਰ ਹੋਏ ਪਏ ਹਨ। ਦਲਿਤ ਔਰਤਾਂ ਪ੍ਰਤੀ ਮਨੂੰ ਸਿਮਰਤੀ ਅਤੇ ਵਿਸ਼ਨੂੰ ਸਿਮਰਤੀ ਦੀਆਂ ਨਿਵਾਣਾਂ ਪੜ ਕੇ ਜਾਹਰ ਹੋ ਜਾਂਦਾ ਹੈ, ਜਿਸ ‘ਚ ਔਰਤਾਂ ਅਤੇ ਦਲਿਤਾਂ ਨੂੰ ਪਸ਼ੂਆਂ ਨਾਲੋਂ ਵੀ ਬਦਤਰ ਸਮਝਿਆ ਜਾਂਦਾ ਹੈ। ਪਰ ਹੱਥਲੀ ਕਥਾ ਤਾਂ ਬ੍ਰਾਹਮਣੀ ਸੋਚ ਅਤੇ ਅਮਲ ਦਾ ਸਿਰਾ ਹੀ ਹੈ।
ਪਰ ਨਾਲ ਹੀ ਇਸ ਕਥਾ ਦਾ ਦੂਸਰਾ ਪੱਖ ਵੀ ਹੈ ਕਿ ਉਸ ਦੌਰ ਦੇ ਲੋਕ ਮਾਨਵਤਾ ਵਿਹੂਣੀ ਸੋਚ ਅਤੇ ਪ੍ਰਬੰਧ ਵਿਰੁੱਧ ਕਿਵੇਂ ਆਪਣੇ ਨਿਵੇਕਲੇ ਢੰਗਾਂ ਰਾਹੀਂ ਲੜਦੇ ਰਹੇ ਅਤੇ ਅਜਿਹੀ ਸੋਚ ਨੂੰ ਚੈਲੰਜ ਬਣਦੇ ਰਹੇ। ਅਜਿਹੀਆਂ ਘਟਨਾਵਾਂ ਨਾਲ ਲਬਰੇਜ ਸਾਹਿਤ ਦਾ ਵੱਡਾ ਹਿੱਸਾ ਬੇਸ਼ੱਕ ਗੁੰਮ ਕਰ ਦਿੱਤਾ ਗਿਆ ਹੈ, ਪਰ ਫੇਰ ਵੀ ਅਜਿਹੀਆਂ ਇਤਿਹਾਸਕ ਕਹਾਣੀਆਂ ਜਿਹੜੀਆਂ ਵਰਗ ਸੰਘਰਸ਼ ਨੂੰ ਰੂਪਮਾਨ ਕਰਦੀਆਂ ਹਨ ਮਿਲ ਹੀ ਜਾਂਦੀਆ ਹਨ। ਅਜਿਹੀਆਂ ਹੀ ਗਾਥਾਵਾਂ ਚੋਂ ਇੱਕ ਹੈ ਬਹਾਦਰ ਔਰਤ ਨਾਨਗੌਲੀ ਦੀ ਜਿਸਨੇ ਦਲਿਤਾਂ ਅਤੇ ਔਰਤਾਂ ਦੇ ਹੱਕ ‘ਚ ਆਪਣੀ ਜਾਨ ਦੇਕੇ ਇੱਕ ਇਤਿਹਾਸਕ ਮਿਸਾਲ ਪੇਸ਼ ਕੀਤੀ।
ਇਤਿਹਾਸਕ ਹਕੀਕਤ ਇਹ ਹੈ ਕਿ 19ਵੀਂ ਸਦੀ ‘ਚ ਕੇਰਲ ਦੇ ਤਖਨਕੋਰ ਇਲਾਕੇ ਵਿੱਚ ਨਿਰਕੁੰਸ਼ ਜਗੀਰੂ ਬ੍ਰਾਹਮਣੀ ਸੋਚ ਦੇ ਅਲੰਬਰਦਾਰ ਹਾਕਮ ਨੇ ਦਲਿਤ ਔਰਤਾਂ ਉੱਤੇ ਇੱਕ ਅਜਿਹਾ ਟੈਕਸ ਲਗਾਇਆ ਜੋ ਦਰਿੰਦਤਾ ਅਤੇ ਕਮੀਨਗੀ ਦਾ ਸਿਰਾ ਸੀ। ਉਹ ਸੀ-ਮੁੱਲਾਕਰਨ ਟੈਕਸ-ਭਾਵ ਛਾਤੀਆਂ ਦਾ ਟੈਕਸ। ਇਸ ਟੈਕਸ ਮੁਤਾਬਿਕ ਦਲਿਤ ਔਰਤਾਂ ਦੀਆਂ ਛਾਤੀਆਂ ਨੂੰ ਮਿਣਿਆ ਜਾਂਦਾ ਸੀ ਅਤੇ ਉਸ ਪੈਮਾਇਸ਼ ਮੁਤਾਬਕ ਉਨਾਂ ਨੂੰ ਟੈਕਸ ਅਦਾ ਕਰਨਾ ਪੈਂਦਾ ਸੀ ਜਾਂ ਹਾਕਮ ਟੈਕਸ ਵਸੂਲਦੇ ਸਨ। ਦਲਿਤ ਔਰਤਾਂ ਨੂੰ ਆਪਣੀਆਂ ਛਾਤੀਆਂ ਢੱਕਣ ਦੀ ਇਜਾਜਤ ਨਹੀਂ ਸੀ। ਕੋਈ ਵੀ ਅਧਿਕਾਰੀ ਕਿਸੇ ਵੀ ਵੇਲੇ ਕਿਸੇ ਵੀ ਦਲਿਤ ਔਰਤ ਦੀਆਂ ਛਾਤੀਆਂ ਦੀ ਪੈਮਾਇਸ਼ ਕਰ ਸਕਦਾ ਸੀ ਜਾਂ ਇਉਂ ਪੈਮਾਇਸ਼ ਦੇ ਬਹਾਨੇ ਕਿਸੇ ਵੀ ਦਲਿਤ ਔਰਤ ਨਾਲ ਛੇੜ ਛਾੜ ਕਰਨ ਦਾ ਹਕੂਮਤ ਵੱਲੋਂ ਦਿੱਤਾ ਗਿਆ ਕਾਨੂੰਨੀ ਅਧਿਕਾਰ ਸੀ ਅਤੇ ਅਜਿਹੀ ਛੇੜਛਾੜ ਕੋਈ ਗੁਨਾਹ ਨਹੀਂ ਸੀ। ਸਗੋਂ ਹਕੂਮਤ ਲਈ ਕੀਤੀ ਜਾ ਰਹੀ ਇੱਕ ਡਿਉਟੀ ਸੀ। ਜੇਕਰ ਕੋਈ ਦਲਿਤ ਔਰਤ ਇਸ ਪੈਮਾਇਸ਼ ਲਈ ਸਹਿਯੋਗ ਨਹੀਂ ਸੀ ਦਿੰਦੀ ਜਾਂ ਛਾਤੀਆਂ ਢੱਕਕੇ ਰੱਖਦੀ ਸੀ ਤਾਂ ਉਹ ਗੁਨਾਹਗਾਰ ਗਿਣੀ ਜਾਂਦੀ ਸੀ ਅਤੇ ਉਸ ਨੂੰ ਦਲਿਤ ਅਤੇ ਔਰਤ ਦੋਹਾਂ ਪੱਖਾਂ ਤੋਂ ਸਜਾ ਹੁੰਦੀ ਸੀ ਅਤੇ ਸਜਾ ਦੇ ਨਾਂ ਉੱਤੇ ਜੁਲਮ ਨਾ ਸਿਰਫ਼ ਔਰਤ ਸਗੋਂ ਉਸਦਾ ਦਾ ਪ੍ਰੀਵਾਰ ਵੀ ਝੱਲਦਾ ਸੀ।
ਪਰ ਸੰਭਵ ਹੀ ਨਹੀਂ ਕਿ ਜੁਲਮ ਅਤੇ ਅੱਤਿਆਚਾਰਾਂ ਨੂੰ ਸਦਾ ਹੀ ਲੋਕ ਬਰਦਾਸ਼ਤ ਕਰਦੇ ਰਹਿਣ। ਚੇਰਥਾਲ (ਕੇਰਲਾ) ਇਲਾਕੇ ਦੀ ਇਜਹਾਣ ਜਾਤੀ ਦੀ ਔਰਤ ਨਾਨਗੇਲੀ ਨੇ ਇਸ ਦਾ ਵਿਰੋਧ ਇੱਕ ਵੱਖਰੇ ਢੰਗ ਨਾਲ ਕਰਕੇ ਔਰਤਾਂ ਦੇ ਹੱਕਾਂ ਦਾ ਇੱਕ ਨਵਾਂ ਇਤਿਹਾਸ ਲਿਖ ਦਿੱਤਾ। ਇਜਹਾਣ ਦਲਿਤ ਜਾਤੀਆਂ ‘ਚੋਂ ਹੇਠਲੇ ਪੱਧਰ ਦੀ ਜਾਤੀ ਹੈ।
ਚੇਰਥਾਲ ਵਿੱਚ ਵੀ ਤਖਨਕੋਰ ਵਾਂਗੂੰ ਛਾਤੀਆਂ ‘ਤੇ ਟੈਕਸ ਵਸੂਲਿਆ ਜਾਂਦਾ ਸੀ। ਸਥਾਨਕ ਹੁਕਮਰਾਨਾਂ ਦੇ ਅਧਿਕਾਰੀ ਟੈਕਸ ਵਸੂਲਣ ਆਏ। ਨਾਨਗੇਲੀ ਨੇ ਕਾਫੀ ਸਮੇਂ ਤੋਂ ਆਪਣੀਆਂ ਛਾਤੀਆਂ ਢਕਣੀਆਂ ਸ਼ੁਰੁ ਕਰ ਦਿੱਤੀਆਂ ਸਨ। ਇਸ ਦੀ ਖਬਰ ਅਧਿਕਾਰੀਆਂ ਤੱਕ ਵੀ ਪਹੁੰਚ ਗਈ। ਇਹ ਰਾਜ ਦੇ ਹੁਕਮਾਂ ਦਾ ਵਿਰੋਧ ਸੀ। ਅਧਿਕਾਰੀ ਜਦੋਂ ਨਾਨਗੇਲੀ ਦੀ ਝੁੱਗੀ ‘ਚ ਆਏ ਤਾਂ ਉਨਾਂ ਫੌਰੀ ਛਾਤੀਆਂ ਨੂੰ ਨੰਗੀਆਂ ਕਰਨ ਦਾ ਹੁਕਮ ਸੁਣਾ ਦਿੱਤਾ। ਉਨਾਂ ਪੈਮਾਇਸ਼ ਲੈਣੀ ਸੀ। ਨਾਨਗੇਲੀ ਆਪਣੀ ਝੁੱਗੀ ਅੰਦਰ ਗਈ। ਇਸ ਤੋਂ ਪਹਿਲਾਂ ਅਧਿਕਾਰੀ ਝੁੱਗੀ ਅੰਦਰ ਜਾਂਦਾ, ਨਾਨਗੇਲੀ ਨੇ ਝੱਟ ਦੇਣੀ ਆਪਣੀਆਂ ਛਾਤੀਆਂ ਕੱਟੀਆਂ ਅਤੇ ਇੱਕ ਕੇਲੇ ਦੇ ਪੱਤੇ ਉੱਤੇ ਰੱਖਕੇ ਟੈਕਸ ਵਸੂਲਣ ਆਏ ਅਧਿਕਾਰੀ ਦੇ ਸਾਹਮਣੇ ਪੇਸ਼ ਕਰ ਦਿੱਤੀਆਂ। ਖੂਨ ਨਾਲ ਲੱਥਪੱਥ ਨਾਨਗੇਲੀ ਵੇਖਦਿਆਂ ਹੀ ਵੇਖਦਿਆਂ ਡਿੱਗ ਪਈ ਅਤੇ ਆਪਣੀ ਜਿੰਮੇਵਾਰੀ ਨਿਭਾਕੇ ਅਜਿਹੇ ਸਮਾਜ ਤੋਂ ਰੁਖਸਤ ਹੋ ਗਈ ਭਾਵ ਦਮ ਤੋੜ ਗਈ।
ਇਹ ਵੇਖਕੇ ਅਧਿਕਾਰੀ ਉੱਥੋਂ ਭੱਜ ਗਏ। ਘਟਨਾ ਪੂਰੇ ਰਾਜ ਅਤੇ ਇਲਾਕੇ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਹਰ ਥਾਂ ਇਸ ਅਣਮਨੁੱਖੀ ਬਰਬਰਤਾ ਦਾ ਵਿਰੋਧ ਹੋਣ ਲੱਗਾ। ਇਹ ਵਿਰੋਧ ਬ੍ਰਹਾਮਣੀ ਅਤੇ ਹਾਕਮਾਂ ਦੀ ਸੋਚ ਵਿਰੱਧ ਐਨਾ ਜ਼ਬਰਦਸਤ ਰੂਪ ਧਾਰਨ ਕਰ ਗਿਆ ਕਿ ਜਾਲਮ ਹਾਕਮਾਂ ਨੂੰ ਇਸ ਘਿਨਾਉਣੇ ਟੈਕਸ ਨੂੰ ਰੱਦ ਕਰਨਾ ਪਿਆ।
ਭਾਰਤੀ ਇਤਿਹਾਸ ਵਿੱਚ ਨਾਨਗੇਲੀ ਦੀ ਇਹ ਬਹਾਦਰਾਨਾ ਸ਼ਹਾਦਤੀ ਗਾਥਾ ਹੈ। ਬ੍ਰਾਹਮਣੀ ਜਗੀਰੂ ਮਾਨਸਿਕਤਾ ਅਤੇ ਸਰਕਾਰੀ ਦਮਨ ਵਿਰੁੱਧ ਵਿਦਰੋਹ ਦੀ ਗਾਥਾ ਹੈ। ਪਰ ਅਫਸੋਸ ਕਿ ਇਤਿਹਾਸ ਦੇ ਪੰਨਿਆਂ ਤੋਂ ਇਸ ਨੂੰ ਗਾਇਬ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਉਹ ਗਾਥਾਵਾਂ ਹਨ ਜਿਹੜੀਆਂ ਬ੍ਰਾਹਮਣੀ ਸੋਚ ਨੂੰ ਬੇਪੜਦ ਕਰਦੀਆਂ ਹਨ। ਜਬਰ, ਜੁਲਮ,ਲੁੱਟ ਅਤੇ ਦਾਬੇ ਵਿਰੁੱਧ ਅਜਿਹੀਆਂ ਗਾਥਾਵਾ ਦਾ ਇਤਿਹਾਸ ਸਦਾ ਪ੍ਰੇਰਕ ਅਤੇ ਪ੍ਰੇਰਣਾ ਸ੍ਰੋਤ ਰਿਹਾ ਹੈ। ਨਾਨਗੇਲੀ ਦੀ ਇਹ ਕਹਾਣੀ ਅੱਜ ਵੀ ਬ੍ਰਹਮਣੀ ਸੋਚ ਅਤੇ ਮਾਨਸਿਕਤਾ ਵਿਰੱਧ ਲੜਨ ਵਾਲਿਆਂ ਲਈ ਨਾਂ ਸਿਰਫ ਮਾਰਗ-ਦਰਸ਼ਕ ਹੈ ਸਗੋਂ ਬਹਾਦਰੀ ਅਤੇ ਬਲੀਦਾਨ ਦੀ ਇੱਕ ਸਦੀਵੀ ਯਾਦ ਰੱਖਣਯੋਗ ਮਿਸਾਲ ਵੀ ਹੈ।

 

Real Estate