ਉਹ ਤਾਂ ਧਰਮਵੀਰ ਧਰਮਵੀਰ ਕਰਦਾ ਮਰ ਗਿਆ

1101

ਸੁਖਨੈਬ ਸਿੰਘ ਸਿੱਧੂ

ਹਾਲੇ ਕਿਹਾ ਹੀ ਸੀ ,  ‘ਹੋਰ ਮਰੀਜ਼ ਅੰਦਰ ਨਾ ਭੇਜਿਓ ।
ਇੱਕ  ਬੁੜੀ ਨੇ ਉਠ ਕੇ ਅੰਦਰੋ ਚਿਟਕਨੀ ਲਾ ਦਿੱਤੀ ।   ਕਮਰੇ ‘ਚ  ਬੈਠੇ ਮਰੀਜ਼ ਅਤੇ ਮਿਲਣ  ਵਾਲੇ ਹੱਸ ਪਏ ।
‘  ਆਜਾ ਮਾਈ ‘– ਸੁਣਦੇ ਸਾਰੇ ਹੀ   ਉਹ  ਡਾਕਟਰ ਮੂਹਰੈ ਬੈਠ ਗਈ ,   ਕਾਗਜ ਫਰੋਲਦੇ ਹੋਏ  ਡਾਕਟਰ ਧਰਮਵੀਰ ਗਾਂਧੀ ਨੇ ਪੁੱਛਿਆ  , ‘ਦਵਾਈ ਤਾਂ ਪਿਛਲੇ ਮੀਨੇ ਦੀ ਮੁੱਕੀ ,’
ਕੋਈ ਜਵਾਬ ਨਾ ਸੁਣ ਕੇ  ਡਾ: ਗਾਂਧੀ ਨੇ ਫਿਰ  ਪੁੱਛਿਆ ,  ‘ਦਵਾਈ ਤਾਂ ਕਦੋ ਦੀ ਮੁੱਕੀ ਹੋਈ ।’
ਬੱਸ ਫਿਰ ਤਾਂ ਉਹ  ਫਿਸ ਪਈ ,  70 ਕੁ ਸਾਲ ਦੀ ਬੇਬੇ ਨੇ ਡਾਕਟਰ ਗਾਂਧੀ ਨੂੰ ਜੱਫੀ ਪਾ ਕੇ  ਵਗਦੇ ਹੰਝੂਆਂ ਨਾਲ  ਦੱਸਿਆ , ‘ ਉਹ ਮੁੱਕ ਗਿਆ,  ਤੈਨੂੰ ਯਾਦ ਕਰਦਾ ਕਰਦਾ , ਕਹਿੰਦਾ ਮੈਨੂੰ ਧਰਮਵੀਰ ਕੋਲ ਲੈਜੋ , ਮੈਂ ਠੀਕ ਹੋਜੂ ।   ਬੱਸ ਪਹਿਲਾਂ ਪਿੰਡੋ ਦਵਾਈ ਲਈ  , ਫਿਰ ਸ਼ਹਿਰੋਂ ਅਖੀਰ ਮਰ ਕੇ ਖਹਿੜਾ ਛੁੱਟਿਆ । ਐਨੀ ਦੂਰ ਕੌਣ ਲਿਆਉਂਦਾ ?’
ਇਹ ਕਹਿ ਕੇ ਫਿਰ ਧਾਹ ਕੇ  ਡਾਕਟਰ ਨੂੰ ਚਿੰਬੜ ਗਈ ।
‘ਬਹੁਤ ਮਾੜਾ ਹੋਇਆ ,ਹੁਣ  ਕੀ ਬਿਮਾਰੀ ।’
‘ਭਾਈ ਇੱਕ ਹੋਵੇ ਤਾਂ ਦੱਸਾਂ , ਹੁਣ ਤਾਂ ਦਿਲ ਜਾ ਘੱਟਦਾ  ,  ਬਾਹਾਂ ‘ਚ ਫੁਲਝੜੀਆਂ ਚੱਲੀ ਜਾਂਦੀਆਂ  , ਭੌਰਾ ਈ ਸਾਹ ਸੱਤ ਨਹੀਂ ਰਿਹਾ । ਮੈਨੂੰ ਤਾਂ ਇੱਥੇ ਰੱਖ ਲੋ ਆਥਣ ਤੱਕ । ’ਬਿਲਾਸਪੁਰੋਂ ਆਈ ਮਾਈ ਨੇ  ਤਰਲੇ ਨਾਲ ਕਿਹਾ ।
ਤੂੰ ਗੱਡੀ ‘ਚ ਆਈ ਬਾਕੀ ਬੁੜੀਆਂ ਨਾਲ ? ’ ਡਾਕਟਰ ਸਾਹਿਬ ਨੇ ਅਪਣੱਤ ਨਾਲ ਪੁੱਛਿਆ ।
ਨਹੀਂ ਮੈਂ ਤਾਂ ਬੱਸ ਚ  ਹੀ ਆਈ  ,’ ਬੇਬੇ ਝੋਲਾ ਸੰਭਾਲਦੀ ਬੋਲੀ

‘ਹੁਣ ਕੁਝ ਨਹੀਂ ਹੋਇਆ ਤੈਨੂੰ , ਆਹ ਦਵਾਈ ਖਾਹ , ਇੱਕ ਗੋਲੀ ਜੀਭ ਥੱਲੇ ਰੱਖ ,  ਜੀਵਨ ,ਇਹਨਾਂ ਨੂੰ 20 ਦਿਨਾਂ ਦੀ ਦਵਾਈ ਦੇ ।’
ਨਹੀਂ ਧਰਮਵੀਰ , ਮੈਨੂੰ  15 ਦਿਨਾਂ ਦੀ ਦੇ,  ਜੇ  ਤਕਲੀਫ ਹੋਈ ਫਿਰ ਆਜੂ,।  ਮਾਈ ਨੇ ਫਿਰ ਕਿਹਾ।
ਨਹੀਂ ਤੁਸੀ ਦਵਾਈ  20 ਦਿਨਾਂ ਦੀ ਲੈਜੋ   ਲੋੜ ਹੋਈ ਫੋਨ ਕਰ ਲਿਓ।
ਚੰਗਾ , ਫਿਰ ,
ਜਾਂਦੀ ਹੋਈ ਨੇ ਫਿਰ ਜੱਫੀ ਹੰਝੂਆਂ ਭਰੀ ਜੱਫੀ ਪਾਈ ।
ਹੁਣ  ਕਮਰੇ ‘ਚ ਬੈਠੇ ਲੋਕਾਂ ਨੂੰ ਡਾ: ਗਾਂਧੀ ਦੇ ਕੈਬਿਨ ਨੂੰ ਲਾਈ ਕੁੰਡੀ ਦੇ ਅਰਥ ਸਮਝ ਆ ਰਹੇ ਸਨ।  ਜਿੱਥੇ  ਬਿਲਾਸਪੁਰ ਦੀ ਮਾਈ  ਆਪਣਾ ਦੁੱਖ ਵੀ ਸਾਂਝਾ ਕਰ ਰਹੀ ਅਤੇ  ਦਵਾਈ ਵੀ ਲੈਣ ਆਈ ਸੀ।

ਇਹ ਸਿਰਫ  ਇੱਕ ਮਰੀਜ ਦੀ ਕਹਾਣੀ ਸੀ ।  ਜੋ ਅਸੀਂ ਦੇਖੀ , ਸੈਕੜੇ ਮਰੀਜ਼  ਨਿੱਤ ਆਉਂਦੇ ਕੋਈ ਭਦੌੜ  ਦਾ , ਕੋਈ ਸਨੌਰ  ਦਾ ,  ਇੱਥੇ ਡਾਕਟਰ ਸਾਹਿਬ ਕੋਲ ਆਪਣਾ ਦਿਲ ਹੌਲਾ ਕਰ ਜਾਂਦੇ ।ਬਿਲਾਸਪੁਰ , ਬਰਨਾਲਾ ਲੰਘ ਕੇ  ਮੋਗਾ  ਜਿਲ੍ਹੇ ਦਾ ਪਿੰਡ ਹੈ  , ਇੱਥੇ ਪਹਿਲਾਂ ਡਾਕਟਰ ਸਾਹਿਬ ਨੇ ਨੌਕਰੀ ਕੀਤੀ ਸੀ । ਪਿੰਡ ਆਲ੍ਹੇ ਤਾਂ ਸਿਰ ਦਰਦ ਦੀ ਦਵਾਈ ਵੀ ਪਟਿਆਲੇ ਤੋ ਲੈਣ ਜਾਂਦੇ  , ‘ਵਈ ਡਾਂ ਗਾਧੀ ਕੋਲ ਜਾਵਾਂਗੇ’
ਗਲ ‘ਚ ਸਟੈਥੋ ਪਾਈ  ਬੈਠਾ  ਡਾਕਟਰ ਗਾਂਧੀ  ਇੱਕ ਦੇਵਤਾ ਲੱਗਦਾ ।
ਕਾਮਰੇਡ ਸੁਖਦਰਸ਼ਨ  ਨੱਤ ਕਹਿੰਦਾ ,  ‘ ਮੈਨੂੰ  ਨਹੀਂ ਪਤਾ ਡਾਕਟਰ ਗਾਂਧੀ ਆਪਣੇ ਕਿੱਤੇ ਦਾ ਕਿੰਨਾ ਕੁ ਮਾਹਿਰ , ਪਰ ਮਰੀਜ਼ ਅੱਧਾ ਠੀਕ ਤਾਂ ਉਸਦੀਆਂ ਗੱਲਾਂ ਨਾਲ ਹੀ ਹੋ ਜਾਂਦਾ।

Real Estate