ਪੰਜਾਬ ਵਿੱਚ ਨਕਸ਼ ਘੜਦਾ ਪਿਆ ਚੋਣ ਮੈਦਾਨ

1016
ਬਿਨਾਂ ਸ਼ੱਕ ਹਾਲੇ ਤੱਕ ਲੋਕ ਸਭਾ ਚੋਣਾਂ ਦਾ ਐਲਾਨ ਨਹੀਂ ਹੋਇਆ, ਪਰ ਜਿਹੜੇ ਵੀ ਪਾਸੇ ਵੇਖਿਆ ਜਾਵੇ, ਚੋਣਾਂ ਦੇ ਲਈ ਸਰਗਰਮੀ ਇਸ ਵਕਤ ਪੂਰੇ ਜ਼ੋਰ ਨਾਲ ਚੱਲ ਚੁੱਕੀ ਹੈ। ਪਿਛਲੇ ਦੋ ਦਿਨ ਇਸ ਵਿੱਚ ਚੋਖੀ ਤੇਜ਼ੀ ਵਾਲੇ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦਿੱਲੀ ਵਿੱਚ ਹਾਈ ਕਮਾਂਡ ਨੂੰ ਮਿਲੇ ਸਨ। ਕਹਿਣ ਨੂੰ ਕਾਂਗਰਸ ਹਾਈ ਕਮਾਂਡ ਨਾਲ ਉਨ੍ਹਾਂ ਦੀ ਮਿਲਣੀ ਪਾਰਟੀ ਦੇ ਅੰਦਰੂਨੀ ਮਾਮਲਿਆਂ ਬਾਰੇ ਸੀ, ਪਰ ਅਸਲ ਵਿੱਚ ਉਨ੍ਹਾਂ ਦੇ ਨਾਲ ਪਾਰਟੀ ਦੀ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਬਾਰੇ ਸਲਾਹ ਕਰਨੀ ਸੀ। ਓਥੇ ਇਹ ਗੱਲ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਦਿੱਲੀ ਦੀਆਂ ਸੱਤਾਂ ਵਿੱਚੋਂ ਤਿੰਨ ਸੀਟਾਂ ਦੇ ਦੇਵੇ ਅਤੇ ਪੰਜਾਬ ਵਿੱਚ ਉਸ ਨੂੰ ਦੋ ਸੀਟਾਂ ਦੇਣ ਦਾ ਸਮਝੌਤਾ ਕਰਨ ਦਾ ਯਤਨ ਕੀਤਾ ਜਾਵੇ। ਅੱਗੋਂ ਆਮ ਆਦਮੀ ਪਾਰਟੀ ਦਿੱਲੀ ਵਿੱਚ ਦੋ ਸੀਟਾਂ ਦੇ ਕੇ ਪੰਜਾਬ ਵਿੱਚ ਤਿੰਨ ਮੰਗਦੀ ਹੈ ਤੇ ਜਾਂ ਫਿਰ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਕੁੱਲ ਤੀਹ ਸੀਟਾਂ ਵਿੱਚੋਂ ਅੱਧ ਪੰਦਰਾਂ ਸੀਟਾਂ ਦੀ ਮੰਗ ਕਰਦੀ ਹੈ। ਬਹੁਤੀ ਵੱਡੀ ਛਾਲ ਉਹ ਇਸ ਲਈ ਮਾਰਦੀ ਹੈ ਕਿ ਸਮਝੌਤਾ ਕਰਨ ਵੇਲੇ ਤੱਕ ਤੀਹਾਂ ਵਿੱਚੋਂ ਅੱਠ ਸੀਟਾਂ ਵੀ ਮਿਲ ਜਾਣ ਤੇ ਦਿੱਲੀ ਦੀਆਂ ਪੰਜ ਸੀਟਾਂ ਨਾਲ ਪੰਜਾਬ ਵਿੱਚ ਤਿੰਨ ਲੈ ਕੇ ਸਮਝੌਤਾ ਕਰਨ ਦਾ ਯਤਨ ਕੀਤਾ ਜਾਵੇ। ਕਾਂਗਰਸ ਦੀ ਲੀਡਰਸ਼ਿਪ ਦਿੱਲੀ ਵਾਲੇ ਪੱਖੋਂ ਕੁਝ ਵੀ ਕਰਨ ਨੂੰ ਤਿਆਰ ਹੈ, ਪਰ ਪੰਜਾਬ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਸੁਰ ਥੋੜ੍ਹੀ ਵੱਖਰੀ ਹੈ। ਦਿੱਲੀ ਵਿੱਚ ਚੋਖਾ ਝੁਕ ਕੇ ਕਾਂਗਰਸ ਇਸ ਲਈ ਸਮਝੌਤਾ ਕਰਨ ਨੂੰ ਤਿਆਰ ਹੈ ਕਿ ਇਸ ਦੇ ਨਾਲ ਇਹ ਗੱਲ ਪੱਕੀ ਹੋ ਜਾਵੇਗੀ ਕਿ ਕੇਜਰੀਵਾਲ ਦੇ ਪੱਕੇ ਚੇਲਿਆਂ ਵਿੱਚੋਂ ਦੋ ਜਿੱਤਣ ਜਾਂ ਚਾਰ, ਜਿੰਨੇ ਵੀ ਜਿੱਤ ਗਏ, ਇਸ ਚੋਣ ਸਮਝੌਤੇ ਕਾਰਨ ਪਾਰਲੀਮੈਂਟ ਵਿੱਚ ਭਾਜਪਾ ਵਿਰੁੱਧ ਉਹ ਕਾਂਗਰਸ ਦੇ ਨਾਲ ਭਵਿੱਖ ਵਿੱਚ ਖੜੇ ਹੋਣਗੇ ਤੇ ਲੇਖੇ ਦੀ ਘੜੀ ਕਾਂਗਰਸ ਲੀਡਰਸ਼ਿਪ ਦਾ ਪੱਲਾ ਭਾਰੀ ਹੋ ਸਕੇਗਾ।
ਆਮ ਆਦਮੀ ਪਾਰਟੀ ਇਹ ਗੱਲ ਜਾਣਦੀ ਹੈ ਕਿ ਇਹ ਸਮਝੌਤਾ ਏਨਾ ਸੌਖਾ ਹੋਣ ਵਾਲਾ ਨਹੀਂ, ਇਸ ਲਈ ਅਕਾਲੀ ਦਲ ਤੋਂ ਰੁੱਸ ਕੇ ਟਕਸਾਲੀ ਅਕਾਲੀ ਦਲ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਸ ਦੇ ਸਾਥੀਆਂ ਨਾਲ ਗੱਲਬਾਤ ਵਾਸਤੇ ਭਗਵੰਤ ਮਾਨ ਨੂੰ ਉਚੇਚਾ ਅੰਮ੍ਰਿਤਸਰ ਨੂੰ ਭੇਜਿਆ ਗਿਆ ਸੀ। ਇਸ ਦਾ ਕਾਰਨ ਇੱਕ ਤਾਂ ਇਹ ਹੈ ਕਿ ਜੇ ਕਾਂਗਰਸ ਨਾਲ ਦਿੱਲੀ ਤੇ ਪੰਜਾਬ ਬਾਰੇ ਸਮਝੌਤਾ ਨਾ ਹੋਇਆ ਤਾਂ ਇਸ ਨਵੀਂ ਉੱਠ ਰਹੀ ਧਿਰ ਨਾਲ ਗੰਢ ਚਿਤਰਾਵੇ ਦੀ ਸੰਭਾਵਨਾ ਬਣੀ ਰਹੇ। ਦੂਸਰਾ ਇਹ ਵੀ ਹੈ ਕਿ ਸਮਝੌਤਾ ਜੇ ਕਾਂਗਰਸ ਨਾਲ ਵੀ ਹੁੰਦਾ ਹੋਇਆ ਤਾਂ ਏਧਰ ਹੁੰਦੀ ਗੱਲਬਾਤ ਦੇ ਸੰਕੇਤ ਦੇ ਕੇ ਰਾਹੁਲ ਗਾਂਧੀ ਵਾਲੇ ਚੋਣ ਨੀਤੀ ਘੜਨ ਵਾਲੇ ਗਰੁੱਪ ਉੱਤੇ ਦਬਾਅ ਵਧਾਇਆ ਜਾਵੇ ਤਾਂ ਕਿ ਉਹ ਕਿਸੇ ਪਾਸੇ ਲੱਗ ਸਕਣ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਇਹੋ ਜਿਹੇ ਸਮਝੌਤੇ ਨੂੰ ਰੱਦ ਕਰਨ ਅਤੇ ਫਿਰ ਇਹ ਗੱਲ ਕਹਿਣ ਕਿ ਹਾਈ ਕਮਾਂਡ ਦਾ ਫੈਸਲਾ ਮੰਨਾਂਗੇ, ਦੇ ਪਿੱਛੇ ਵੀ ਆਮ ਆਦਮੀ ਪਾਰਟੀ ਦੀਆਂ ਇਹੋ ਜਿਹੀਆਂ ਦਬਾਅ ਪਾਊ ਤਿਕੜਮਾਂ ਦਾ ਪ੍ਰਭਾਵ ਜਾਪਦਾ ਹੈ।
ਦੂਸਰੇ ਪਾਸੇ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾ ਦੇ ਸੱਤ ਵਿਧਾਇਕ ਸਾਥੀਆਂ ਦਾ ਵੱਖਰੀ ਪਾਰਟੀ ਬਣਾ ਕੇ ਬਠਿੰਡੇ ਤੋਂ ਚੋਣ ਲੜਨ ਦਾ ਸੰਕੇਤ ਦੇਣਾ ਵੀ ਕੁਝ ਅਰਥ ਰੱਖਦਾ ਹੈ। ਉਹ ਇਹ ਪ੍ਰਭਾਵ ਦੇਣ ਦਾ ਯਤਨ ਕਰਦੇ ਪਏ ਹਨ ਕਿ ਬਠਿੰਡੇ ਵਿੱਚ ਵੱਡੇ ਜ਼ੋਰਾਵਰਾਂ ਨਾਲ ਪੇਚਾ ਪਾਉਣ ਦੀ ਜੁਰਅੱਤ ਸਿਰਫ ਇਹੋ ਧੜਾ ਰੱਖਦਾ ਹੈ। ਇਸ ਕਾਰਨ ਉਹ ਬਠਿੰਡਾ ਦੇ ਨਾਲ ਫਰੀਦਕੋਟ ਦੀ ਸੀਟ ਲਈ ਵੀ ਇੱਕ ਉਮੀਦਵਾਰ ਨੂੰ ਤਿਆਰ ਕਰਨ ਦੀ ਗੱਲ ਲੁਕਾਏ ਬਿਨਾਂ ਵਿਧਾਇਕੀ ਤੋਂ ਉਸ ਦਾ ਅਸਤੀਫਾ ਦਿਵਾਉਣ ਦੀ ਗੱਲ ਕਰ ਰਹੇ ਹਨ। ਲੁਧਿਆਣੇ ਵਾਲੇ ਦੋਵੇਂ ਬੈਂਸ ਭਰਾ ਉਨ੍ਹਾਂ ਦੇ ਨਾਲ ਰਹਿਣਗੇ। ਡਾਕਟਰ ਧਰਮਵੀਰ ਗਾਂਧੀ ਇੱਕ ਤਰ੍ਹਾਂ ਨਾਲ ਅਣਗੌਲਿਆ ਜਿਹਾ ਹੁੰਦਾ ਜਾ ਰਿਹਾ ਹੈ ਤੇ ਬਹੁਤੀ ਪੁੱਛਗਿੱਛ ਦੇ ਘੇਰੇ ਤੋਂ ਬਾਹਰ ਹੈ।
ਪੰਜਾਬ ਦੀ ਭਾਜਪਾ ਨੇ ਚੋਣਾਂ ਲਈ ਇਸ ਵਾਰੀ ਪੈਂਤੜਾ ਬਦਲ ਲਿਆ ਹੈ। ਪਿਛਲੇ ਕਈ ਸਾਲਾਂ ਤੋਂ ਜਿੱਥੋਂ ਅੰਮ੍ਰਿਤਸਰ ਦੀ ਸੀਟ ਤੋਂ ਉਹ ਲਗਾਤਾਰ ਲੜਦੀ, ਕਦੀ ਜਿੱਤਦੀ ਤੇ ਕਦੀ ਹਾਰਦੀ ਆਈ ਸੀ, ਉਹ ਇਸ ਵਾਰੀ ਉਸ ਵੱਲ ਮੂੰਹ ਕਰਨ ਤੋਂ ਡਰਦੇ ਹੋਏ ਆਪਣੇ ਸਿਆਸੀ ਭਾਈਵਾਲ ਅਕਾਲੀ ਦਲ ਨਾਲ ਵਟਾਂਦਰੇ ਵਿੱਚ ਛੱਡ ਕੇ ਲੁਧਿਆਣੇ ਤੋਂ ਲੜਨ ਨੂੰ ਤਿਆਰ ਹੈ। ਗੁਰਦਾਸਪੁਰ ਵਾਲੀ ਉਸ ਦੀ ਪੱਕੀ ਸੀਟ ਲਈ ਉਸ ਦੇ ਆਗੂ ਆਪੋ ਵਿੱਚ ਭਿੜਦੇ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਕਤ ਜਿਵੇਂ ਉੱਪ ਚੋਣ ਲੜ ਚੁੱਕੇ ਸਵਰਨ ਸਲਾਰੀਆ ਨੂੰ ਬੋਲਣ ਤੋਂ ਰੋਕਿਆ ਤੇ ਫਿਰ ਪਿਛਲੀ ਸੀਟ ਉੱਤੇ ਬਿਠਾ ਦਿੱਤਾ ਗਿਆ, ਉਸ ਤੋਂ ਇਹ ਪ੍ਰਭਾਵ ਪਿਆ ਹੈ ਕਿ ਇਹ ਸਭ ਪ੍ਰਧਾਨ ਮੰਤਰੀ ਦੀ ਸਹਿਮਤੀ ਨਾਲ ਹੋਇਆ ਹੈ। ਇਸ ਮੌਕੇ ਮਰਹੂਮ ਐੱਮ ਪੀ ਵਿਨੋਦ ਖੰਨਾ ਦੀ ਪਤਨੀ ਨੂੰ ਪਹਿਲੀ ਪਾਲ ਵਿੱਚ ਬਿਠਾਏ ਜਾਣ ਨਾਲ ਭਾਜਪਾ ਵਿੱਚ ਟਕਰਾਅ ਵਧਣ ਲੱਗ ਪਿਆ ਤਾਂ ਅਗਲੇ ਦਿਨ ਦਿੱਲੀ ਤੋਂ ਕਮੇਟੀਆਂ ਦੀ ਵੰਡ ਦੇ ਵਕਤ ਵਿਜੇ ਸਾਂਪਲਾ ਨੂੰ ਉਭਾਰੇ ਜਾਣ ਨੇ ਵੀ ਕਈ ਕੁਝ ਪੇਸ਼ ਕਰ ਦਿੱਤਾ ਹੈ। ਸਪੱਸ਼ਟ ਹੈ ਕਿ ਅਗਲੇ ਦੌਰ ਵਿੱਚ ਪੰਜਾਬ ਦੀ ਭਾਜਪਾ ਬਿਨਾਂ ਸ਼ੱਕ ਇਕੱਠੇ ਹੋਣ ਦਾ ਪ੍ਰਭਾਵ ਦੇਂਦੀ ਰਹੇ, ਅਮਲ ਵਿੱਚ ਉਸ ਦੇ ਅੰਦਰ ਦਾ ਪਾਟਕ ਬਾਹਰ ਆਈ ਜਾ ਰਿਹਾ ਹੈ। ਉਂਜ ਭਾਜਪਾ ਡੇਢ ਸਾਲ ਬਾਅਦ ਤੱਕ ਵਿਧਾਇਕ ਦਲ ਦਾ ਨੇਤਾ ਤੱਕ ਨਹੀਂ ਚੁਣ ਸਕੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਗੱਠਜੋੜ ਦਾ ਪੰਜਾਬ ਵਿੱਚ ਅੱਜ ਵੀ ਬਹੁਤਾ ਦਾਰੋਮਦਾਰ ਅਕਾਲੀਆਂ ਦੇ ਸਿਰ ਹੈ, ਪਰ ਉਹ ਆਪ ਬੜੀ ਬੁਰੀ ਹਾਲਤ ਵਿੱਚ ਹਨ। ਪਿਛਲੇ ਇੱਕ ਹਫਤੇ ਤੋਂ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਵਿੱਚ ਅਕਾਲੀ ਆਗੂਆਂ ਨਾਲ ਇਹ ਸਲਾਹਾਂ ਕਰ ਰਿਹਾ ਸੁਣਿਆ ਗਿਆ ਹੈ ਕਿ ਮੈਂ ਇਸ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਲੜਨ ਲਈ ਤਿਆਰ ਹਾਂ। ਉਸ ਦੇ ਚੋਣ ਲੜਨ ਦੀ ਨਹੀਂ, ਬਠਿੰਡੇ ਤੋਂ ਬਾਦਲ ਕੈਂਪ ਤੋਂ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਪਿਛਲੀ ਵਾਰੀ ਆਪਣੀ ਸਰਕਾਰ ਦੇ ਹੁੰਦਿਆਂ ਜਿਹੜੀ ਸੀਟ ਮਸਾਂ ਜਿੱਤੀ ਗਈ ਸੀ, ਇਸ ਵਾਰੀ ਉਹ ਛੱਡ ਕੇ ਕਿਸੇ ਵੀ ਹੋਰ ਹਲਕੇ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾ ਲੈਣਾ ਚਾਹੀਦਾ ਹੈ। ਫਿਰੋਜ਼ਪੁਰ ਇਹ ਹਲਕਾ ਹੋ ਸਕਦਾ ਹੈ। ਪਿਛਲੇ ਸਾਲ ਵੀ ਇਹ ਗੱਲ ਚੱਲਦੀ ਰਹੀ ਸੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਸੀ ਕਿ ਹਰਸਿਮਰਤ ਕੌਰ ਨੂੰ ਸਾਰੇ ਪੰਜਾਬ ਦੇ ਲੋਕ ਇੱਜ਼ਤ ਦੇਂਦੇ ਹਨ, ਉਹ ਕਿਤੋਂ ਵੀ ਚੋਣ ਲੜ ਸਕਦੀ ਹੈ। ਓਦੋਂ ਵੀ ਏਸੇ ਹਲਕੇ ਵੱਲ ਸੰਕੇਤ ਸੀ।
ਇਸ ਵਕਤ ਪੰਜਾਬ ਦਾ ਚੋਣ ਦ੍ਰਿਸ਼ ਹਾਲੇ ਸਾਫ ਨਹੀਂ, ਪਰ ਇਸ ਨੂੰ ਸਾਫ ਹੋਣ ਦੇ ਲਈ ਬਹੁਤੇ ਦਿਨ ਲੱਗਣ ਵਾਲੇ ਨਹੀਂ ਤੇ ਦਿੱਲੀ ਵਾਲੀ ਗੱਲਬਾਤ ਕਿਸੇ ਤਣ-ਪੱਤਣ ਲੱਗਦੇ ਸਾਰ ਲੜਾਈ ਸਿੱਧੀ ਹੋ ਸਕਦੀ ਹੈ। ਐਨ ਇਹੋ ਜਿਹੇ ਮੌਕੇ ਕੇਂਦਰ ਸਰਕਾਰ ਵੱਲੋਂ ਉੱਚ ਜਾਤੀ ਕਹੇ ਜਾਂਦੇ ਵਰਗਾਂ ਲਈ ਰਿਜ਼ਰਵੇਸ਼ਨ ਦਾ ਮਾਮਲਾ ਇਸ ਵਕਤ ਪਾਰਲੀਮੈਂਟ ਵਿੱਚ ਹੋਣ ਕਾਰਨ ਇਸ ਦੀ ਗੱਲ ਅਸੀਂ ਓਥੇ ਹੋਣ ਵਾਲੀ ਚਰਚਾ ਦੇ ਬਾਅਦ ਲਈ ਛੱਡ ਦੇਣਾ ਠੀਕ ਜਾਣਿਆ ਹੈ।
ਨਵਾਂ ਜ਼ਮਾਨਾ ਤੋਂ ਧੰਨਵਾਦ ਸਾਹਿਤ
Real Estate