ਦੇਸ਼ ਭਰ ਵਿੱਚ 10 ਜਥੇਬੰਦੀਆਂ ਦੀ ਹੜਤਾਲ , ਪੰਜਾਬ ਰੋਡਵੇਜ ਦੇ ਕਰਮਚਾਰੀਆਂ ਨੇ ਮਨ ਬਦਲਿਆ

1189

10 ਅਹਿਮ ਟਰੇਡ ਜਥੇਬੰਦੀਆਂ ਵੱਲੋਂ ਦਿੱਤੇ ਦੋ ਦਿਨਾ ਹੜਤਾਲ ਦੇ ਸੱਦੇ ਦੌਰਾਨ ਪਹਿਲੇ ਦਿਨ ਮੰਗਲਵਾਰ ਨੂੰ ਰਾਜਸਥਾਨ ਦੇ ਨੀਮਰਾਣਾ ਸਥਿਤ ਏਅਰ ਕੰਡੀਸ਼ਨਰ ਨਿਰਮਾਣ ਕੰਪਨੀ ‘ਡਾਇਕਿਨ’ ਦੇ ਸਨਅਤੀ ਯੂਨਿਟ ’ਚ ਹੋਏ ਟਕਰਾਅ ਦੌਰਾਨ ਲਗਭਗ 22 ਪੁਲੀਸ ਮੁਲਾਜ਼ਮ ਤੇ 50 ਵਰਕਰ ਜ਼ਖ਼ਮੀ ਹੋ ਗਏ। ਹਿੰਸਕ ਟਕਰਾਅ ਉਸ ਵੇਲੇ ਹੋਇਆ ਜਦ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਸਨਅਤੀ ਯੂਨਿਟ ਵਿਚ ਦਾਖ਼ਲ ਹੋਣ ਦਾ ਯਤਨ ਕੀਤਾ ਤੇ ਯੂਨੀਅਨ ਦਾ ਝੰਡਾ ਲਹਿਰਾਉਣ ਚਾਹਿਆ। ਵਰਕਰਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ। ਪੱਛਮੀ ਬੰਗਾਲ ਵਿਚ ਵੀ ਕੁਝ ਥਾਵਾਂ ’ਤੇ ਹਿੰਸਕ ਘਟਨਾਵਾਂ ਦੀਆਂ ਖਬਰਾਂ ਹਨ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਦਾਅਵਾ ਕੀਤਾ ਕਿ ਪੰਜ ਰਾਜਾਂ ਤੇ ਇਕ ਯੂਟੀ ਵਿਚ ਹੜਤਾਲ ਦੇ ਪਹਿਲੇ ਦਿਨ ਮੁਕੰਮਲ ਬੰਦ ਰਿਹਾ ਹੈ। ਦਸ ਟਰੇਡ ਜਥੇਬੰਦੀਆਂ ਵੱਲੋਂ ਦਿੱਤੇ ਦੋ ਦਿਨਾ ਹੜਤਾਲ ਦੇ ਸੱਦੇ ਕਾਰਨ ਬੈਂਕਿੰਗ ਗਤੀਵਿਧੀਆਂ ਅੱਜ ਕੁਝ ਹੱਦ ਤੱਕ ਪ੍ਰਭਾਵਿਤ ਰਹੀਆਂ। ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ ਤੇ ਬੈਂਕ ਐਂਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਨੇ ਹੜਤਾਲ ਨੂੰ ਹਮਾਇਤ ਦਿੱਤੀ ਤੇ ਜਿਨ੍ਹਾਂ ਥਾਵਾਂ ’ਤੇ ਇਹ ਜਥੇਬੰਦੀਆਂ ਮਜ਼ਬੂਤ ਹਨ, ਬੈਂਕਿੰਗ ਪ੍ਰਕਿਰਿਆ ਪ੍ਰਭਾਵਿਤ ਰਹੀ।
ਦੂਜੇ ਪਾਸੇ ਪੰਜਾਬ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬੱਸ ਮੁਲਾਜ਼ਮਾਂ ਨੇ 8 ਅਤੇ 9 ਜਨਵਰੀ ਨੂੰ ਕੀਤੀ ਜਾਣ ਵਾਲੀ ਦੋ ਦਿਨਾ ਹੜਤਾਲ ਵਾਪਸ ਲੈ ਲਈ ਹੈ। ਪੰਜਾਬ ਰੋਡਵੇਜ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਮੰਗਤ ਖ਼ਾਨ ਨੇ ਦਸਿਆ ਕਿ ਵਿਭਾਗ ਦੇ ਸਕੱਤਰ ਵਲੋਂ ਰੋਡਵੇਜ਼ ਦੀਆਂ ਸਾਰੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਸੁਖਾਵੇਂ ਮਾਹੌਲ ਵਿਚ ਮੀਟਿੰਗ ਹੋਈ। ਖ਼ਾਨ ਨੇ ਦਸਿਆ ਕਿ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਵਿਚ ਠੇਕੇਦਾਰੀ ਸਿਸਟਮ ਬੰਦ ਕਰਨ, ਵਿਭਾਗ ਵਿਚ ਠੇਕੇਦਾਰੀ, ਆਊਟਡੋਰ ਸਿਸਟਮ ਰਾਹੀ ਕੰਮ ਕਰਨ ਵਾਲੇ ਕਾਮਿਆਂ ਨੂੰ ਪੱਕਾ ਕਰਨ, ਪਨਬੱਸ ਦੀਆਂ ਕਰਜ਼ਾ ਮੁਕਤ ਬਸਾਂ ਨੂੰ ਸਟਾਫ਼ ਸਮੇਤ ਰੋਡਵੇਜ ਬੇੜੇ ਵਿਚ ਸ਼ਾਮਲ ਕਰਨ, ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖ਼ਾਹ ਦੇਣ, ਇੰਸਪੈਕਟਰ ਤੋਂ ਐਸ।ਐਸ ਪਦ ਉਨਤ ਕਰਨ ਲਈ ਤਜ਼ਰਬਾ ਪੰਜ ਸਾਲ ਤੋਂ ਘਟਾ ਕੇ ਦੋ ਸਾਲ ਕਰਨ, 2004 ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਧਾਰਾ 304 ਏ ਤਹਿਤ ਸਜ਼ਾ ਮਿਲਣ ਤੋਂ ਬਾਅਦ ਵਿਭਾਗ ਵਲੋਂ ਦਿਤੀ ਜਾਂਦੀ ਟਰਮੀਨੇਸ਼ਨ ਕਰਨ ਦਾ ਫ਼ੈਸਲਾ ਵਾਪਸ ਲੈਣ, ਡਾਇਰੈਕਟਰ ਦਫ਼ਤਰ ਅਤੇ ਰੋਡਵੇਜ ਡਿਪੂਆਂ ਵਿਚ ਤਾਇਨਾਤ ਮੁਲਾਜ਼ਮਾਂ ਦੀ ਸੀਨੀਅਰਤਾ ਇਕਸਾਰ ਕਰਨ,ਪੰਜਾਬ ਵਿਚ ਸਪੈਸ਼ਲ ਆਪਰੇਸ਼ਨ ਤੁਰਤ ਬੰਦ ਕਰਨ, ਵਿਕਾਸ ਟੈਕਸ ਦੇ ਨਾਮ ‘ਤੇ ਲਿਆ ਜਾਂਦਾ ਦੋ ਸੋ ਰੁਪਏ ਤੁਰਤ ਬੰਦ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰਾਂ ਵਲੋਂ ਧਿਆਨ ਨਹੀਂ ਦਿਤਾ ਜਾ ਰਿਹਾ ਅਤੇ ਸੂਬੇ ਵਿਚ ਨਿਜੀਕਰਨ ਨੂੰ ਬੜਾਵਾ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੱਤਰ ਨੇ ਹਰੇਕ ਹਫ਼ਤੇ ਹਰੇਕ ਮੁੱਦੇ ‘ਤੇ ਮੀਟਿੰਗ ਕਰਨ ਦਾ ਭਰੋਸਾ ਦਿਤਾ ਹੈ ਜਿਸ ਕਰਕੇ ਦੋ ਦਿਨਾ ਹੜਤਾਲ ਦਾ ਫ਼ੈਸਲਾ ਵਾਪਸ ਲੈ ਲਿਆ ਹੈ ਅਤੇ ਸਾਰੇ ਡੀਪੂਆਂ ਅੱਗੇ ਦੋ ਘੰਟੇ ਕੇਂਦਰ ਸਰਕਾਰ ਵਿਰੁਧ ਮੁਜ਼ਾਹਰਾ ਕੀਤਾ ਜਾਵੇਗਾ।

Real Estate