ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਨਵੋਦਿਆ ਲਈ ਤਿਆਰੀ ਜਮਾਤਾਂ ਸ਼ੁਰੂ

1473

ਫਰੀਦਕੋਟ 8 ਜਨਵਰੀ ( ਗੁਰਭੇਜ ਸਿੰਘ ਚੌਹਾਨ ) ਅਮਰੀਕਾ ਨਿਵਾਸੀ ਹਰਪਾਲ ਸਿੰਘ ਦੀ ਅਗਵਾਈ ਵਿੱਚ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਵਾਹਰ ਨਵੋਦਿਆ ਸਕੂਲਾਂ ਵਿੱਚ ਦਾਖਲਾ ਇਮਤਿਹਾਨ ਦੀ ਤਿਆਰੀ ਲਈ ਮੁਫਤ ਜਮਾਤਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਖਾਲਸਾ ਪੰਜਾਬ ਕੋਆਰਡੀਨੇਟਰ, ਭਾਈ ਜੈਤਾ ਜੀ ਫਾਊਂਡੇਸ਼ਨ ਨੇ ਦੱਸਿਆ ਕਿ ਪੰਜਾਬ ਦੇ ਲੋੜਵੰਦ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਤਹਿਤ ਜਵਾਹਰ ਨਵੋਦਿਆ ਸਕੂਲਾਂ ਵਿੱਚ ਦਾਖਲਾ ਇਮਤਿਹਾਨ ਤਿਆਰੀ ਲਈ ਮੁਫਤ ਜਮਾਤਾਂ ਦੀ ਸ਼ੁਰੂਆਤ ਲਈ ਫਰੀਦਕੋਟ ਅੰਦਰ ਵੱਖ-ਵੱਖ 12 ਸੈਂਟਰ ਸ਼ੁਰੂ ਕੀਤੇ ਗਏ ਹਨ। ਇਹਨਾਂ ਸੈਂਟਰਾਂ ਵਿੱਚ ਉੱਚ ਯੋਗਤਾ ਪ੍ਰਾਪਤ ਅਧਿਆਪਕ ਲੱਗਭੱਗ 400 ਵਿਦਿਆਰਥੀਆਂ ਨੂੰ ਪੇਪਰ ਦੀ ਤਿਆਰੀ ਕਰਵਾ ਰਹੇ ਹਨ। ਇਹਨਾਂ ਵਿਦਿਆਰਥੀਆਂ ਲਈ ਵਿਸ਼ੇਸ਼ ਪੜਨ ਸਮੱਗਰੀ, ਸਟੇਸ਼ਨਰੀ ਆਦਿ ਦਾ ਪ੍ਰਬੰਧ ਵੀ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਿਛਲੇ ਲੱਗਭਗ 5 ਸਾਲ ਤੋਂ ਕਿਲਾ ਨੌਂ, ਮਹਿਮੂਆਣਾ, ਢੀਮਾਂ ਵਾਲੀ, ਸਾਦਿਕ, ਪੱਕਾ, ਢਿੱਲਵਾਂ ਕਲਾਂ, ਕੋਟਕਪੂਰਾ ਸ਼ਹਿਰ, ਕੋਟਕਪੂਰਾ ਵਾਰਡ ਨੰ: 3, ਸਰਕਾਰੀ ਸਕੂਲ ਜੈਤੋ (ਮੁੰਡੇ), ਸਰਕਾਰੀ ਸਕੂਲ ਜੈਤੋ (ਕੁੜੀਆਂ), ਰੋੜੀਕਪੂਰਾ ਅਤੇ ਬਾਜਾਖਾਨਾ ਵਿਖੇ ਚੱਲ ਰਹੇ ਇਹਨਾਂ ਸੈਂਟਰਾਂ ਤੋਂ ਅਨੇਕਾਂ ਵਿਦਿਆਰਥੀਆਂ ਨੇ ਤਿਆਰੀ ਕਰਕੇ ਜਵਾਹਰ ਨਵੋਦਿਆ ਸਕੂਲ ਕਾਉਣੀ ਵਿੱਖੇ ਦਾਖਲਾ ਲਿਆ ਹੈ। ਇਸ ਮੌਕੇ ‘ਤੇ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਫਰੀਦਕੋਟ ਤੋਂ ਇਲਾਵਾ ਫਿਰੋਜ਼ਪੁਰ, ਮੁਕਤਸਰ ਅਤੇ ਬਠਿੰਡਾ ਜਿਲਿਆਂ ਅੰਦਰ ਵੀ ਫਾਊਂਡੇਸ਼ਨ ਵੱਲੋਂ ਸੈਂਟਰ ਖੋਲ ਕੇ ਤਿਆਰੀ ਕਰਵਾਈ ਜਾ ਰਹੀ ਹੈ, ਜਿੱਥੇ ਐਤਵਾਰ ਤੋਂ ਇਲਾਵਾ ਹਰ ਛੁੱਟੀ ਵਾਲੇ ਦਿਨ 4 ਘੰਟੇ ਦੀ ਜਮਾਤ ਲਗਾਈ ਜਾਂਦੀ ਹੈ।

Real Estate