ਨਸ਼ੇ ਰੋਕਣ ਦੇ ਮੁੱਦੇ ਤੇ ਲੋਕ ਪੰਚਾਇਤਾਂ ਨੂੰ ਸਹਿਯੋਗ ਦੇਣਗੇ- ਕਾ: ਸੇਖੋਂ

1062

ਸਰਕਾਰਾਂ ਤੋਂ ਨਿਰਾਸ਼ ਪੰਚਾਇਤਾਂ ਨੇ ਆਪਣੇ ਤੌਰ ਤੇ ਨਸ਼ੇ ਰੋਕਣ ਲਈ ਯਤਨ ਅਰੰਭੇ
ਬਠਿੰਡਾ/ 8 ਜਨਵਰੀ/ ਬੀ ਐੱਸ ਭੁੱਲਰ
ਨਵੀਆਂ ਚੁਣੀਆਂ ਗਈ ਪੰਚਾਇਤਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨ ਤੇ ਪਿੰਡਾਂ ਵਿੱਚ ਕੀਤੀ ਜਾ ਰਹੀ ਸਖ਼ਤੀ ਜਿੱਥੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਨਸ਼ਾਂ ਤਸਕਰਾਂ ਨੂੰ ਖੁਲ ਦੇ ਕੇ ਰਾਜ ਵਿੱਚ ਨਸ਼ਾ ਫੈਲਾਉਣ ਦੀਆਂ ਕਥਿਤ ਕਾਰਵਾਈਆਂ ਤੇ ਮੋਹਰ ਲਾਉਂਦੀ ਹੈ, ਉੱਥੇ ਮੌਜੂਦਾ ਕਾਂਗਰਸ ਦੀ ਕਾਰਜਸ਼ੈਲੀ ਦਾ ਵੀ ਪਰਦਾਫਾਸ਼ ਕਰਦੀ ਹੈ, ਜੋ ਨਸ਼ਾ ਰੋਕਣ ਲਈ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ ਹਾਸਲ ਕਰਨ ਉਪਰੰਤ ਚੁੱਪ ਵੱਟ ਗਈ ਹੈ।
ਕੁਝ ਦਿਨ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਚੁਣੀਆਂ ਨਵੀਆਂ ਪੰਚਾਇਤਾਂ ਦੇ ਚਾਰਜ ਸੰਭਾਲਣ ਉਪਰੰਤ ਨਸ਼ੇ ਰੋਕਣ ਲਈ ਕੀਤੇ ਜਾ ਰਹੇ ਯਤਨ ਸਾਹਮਣੇ ਆ ਰਹੇ ਹਨ। ਸੋਸਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਪਿੰਡ ਦਾ ਸਰਪੰਚ ਆਪਣੇ ਸਾਥੀ ਪੰਚਾਂ ਸਮੇਤ ਰਿਕਸ਼ਾ ਰੇਹੜੀ ਤੇ ਸਪੀਕਰ ਲਾ ਕੇ ਪਿੰਡ ‘ਚ ਅਨਾਊਂਸਮੈਂਟ ਕਰ ਰਿਹਾ ਹੈ ਕਿ ਹੁਣ ਪਿੰਡ ਵਿੱਚ ਨਾ ਚਿੱਟਾ ਵੇਚਣ ਦਿੱਤਾ ਜਾਵੇਗਾ ਅਤੇ ਨਾ ਹੀ ਪੀਣ ਦਿੱਤਾ ਜਾਵੇਗਾ। ਉਹ ਕਹਿ ਰਿਹਾ ਹੈ ਜਿਹੜੇ ਲੋਕ ਚਿੱਟਾ ਵੇਚਦੇ ਸਨ, ਉਹ ਤੁਰੰਤ ਬੰਦ ਕਰ ਦੇਣ ਜੇਕਰ ਕੋਈ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ ਉਸ ਵਿਰੁੱਧ ਸਪੈਸਲ ਮਤਾ ਪਾਸ ਕਰਕੇ ਦਿੱਤਾ ਜਾਵੇਗਾ ਕਿ ਪਿੰਡ ਦਾ ਕੋਈ ਵਿਅਕਤੀ ਉਸਦੀ ਜਮਾਨਤ ਨਹੀਂ ਕਰਾਏਗਾ, ਪਰ ਜੇਕਰ ਕੋਈ ਚਿੱਟਾ ਪੀਂਦਾ ਹੈ ਤਾਂ ਉਹ ਛੱਡ ਦੇਵੇ ਜੇ ਲੋੜ ਪਈ ਤਾਂ ਉਸਦਾ ਇਲਾਜ ਪੰਚਾਇਤ ਵੱਲੋਂ ਕਰਵਾਇਆ ਜਾਵੇਗਾ।
ਇੱਕ ਹੋਰ ਨਵੀਂ ਬਣੀ ਔਰਤ ਸਰਪੰਚ ਨੂੰ ਜਦ ਪੱਤਰਕਾਰਾਂ ਨੇ ਪੁੱਛਿਆ ਤਾਂ ਉਸਦਾ ਕਹਿਣਾ ਸੀ ਕਿ ਭਾਵੇਂ ਪਿੰਡ ਦਾ ਵਿਕਾਸ ਕਰਨਾ ਉਸਦੀ ਜੁਮੇਵਾਰੀ ਹੋਵੇਗੀ, ਪਰ ਉਸਦਾ ਪਹਿਲਾ ਮੁੱਖ ਨਿਸ਼ਾਨਾ ਪਿੰਡ ਨੂੰ ਨਸ਼ਾ ਮੁਕਤ ਕਰਕੇ ਪਿੰਡ ਤੇ ਨਸ਼ਾ ਤਸਕਰੀ ਦੇ ਲੱਗੇ ਦਾਗ ਨੂੰ ਸਾਫ਼ ਕਰਨਾ ਹੈ। ਉਸਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਪਹਿਲਾਂ ਨਸ਼ਾ ਨਾ ਵੇਚਣ ਤੇ ਵਰਤੋਂ ਨਾ ਕਰਨ ਬਾਰੇ ਜਾਗਰਿਤ ਕੀਤਾ ਜਾਵੇਗਾ, ਪਰ ਜੇਕਰ ਫਿਰ ਵੀ ਉਹਨਾਂ ਨਸ਼ਿਆਂ ਨੂੰ ਨਾ ਛੱਡਿਆ ਤਾਂ ਸਖ਼ਤੀ ਵੀ ਕੀਤੀ ਜਾਵੇਗੀ। ਇੱਕ ਹੋਰ ਪਿੰਡ ਦੇ ਸਰਪੰਚ ਨੇ ਮੀਡੀਆ ਸਾਹਮਣੇ ਬਿਆਨ ਦਿੱਤਾ ਕਿ ਉਹ ਪਿੰਡ ਵਿੱਚ ਨਸ਼ਾ ਵੇਚਣ ਨਹੀਂ ਦੇਵੇਗਾ ਭਾਵੇਂ ਪੁਲਿਸ ਦੀ ਮੱਦਦ ਵੀ ਕਿਉਂ ਨਾ ਲੈਣੀ ਪਵੇ, ਪਰ ਜੇਕਰ ਨਸ਼ਾ ਛੱਡਣ ਵਾਲਾ ਕੋਈ ਵਿਅਕਤੀ ਇਲਾਜ ਕਰਾਉਣ ਤੋਂ ਅਸਮਰੱਥ ਹੋਵੇਗਾ ਤਾਂ ਪੰਚਾਇਤ ਉਸਦਾ ਇਲਾਜ ਕਰਵਾਵੇਗੀ। ਇਹ ਕੁਝ ਪਿੰਡਾਂ ਦੇ ਸਰਪੰਚਾਂ ਦੇ ਬਿਆਨ ਪਾਠਕਾਂ ਤੇ ਰੂਬਰੂ ਕੀਤੇ ਹਨ, ਪਰ ਸਮੁੱਚੇ ਪੰਜਾਬ ਖਾਸਕਰ ਮਾਲਵਾ ਖੇਤਰ ਦੇ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਅਜਿਹੀਆਂ ਕਾਰਵਾਈਆਂ ਕਰਨ ਲਈ ਕੇਵਲ ਬਿਆਨ ਹੀ ਨਹੀਂ ਦਿੱਤੇ ਜਾ ਰਹੇ ਬਲਕਿ ਕਾਰਵਾਈਆਂ ਵੀ ਸੁਰੂ ਕਰ ਦਿੱਤੀਆਂ ਹਨ।
ਮੌਜੂਦਾ  ਤੋਂ ਪਹਿਲਾਂ ਦਸ ਸਾਲ ਰਹੇ ਅਕਾਲੀ ਭਾਜਪਾ ਦੇ ਰਾਜ ਵਿੱਚ ਫੈਲੇ ਨਸ਼ਿਆਂ ਦੇ ਧੰਦੇ ਨੇ ਜੋ ਪੈਰ ਪਸਾਰੇ, ਉਸ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਾ ਦਿੱਤਾ ਸੀ। ਲੋਕ ਸਰੇਆਮ ਨਸ਼ਾ ਵੇਚਣ ਵਾਲਿਆਂ ਦੇ ਨਾਂ ਨਸ਼ਰ ਕਰਦੇ ਸਨ, ਜਿਹਨਾਂ ਵਿੱਚ ਸੱਤਾਧਾਰੀ ਧਿਰ ਦੇ ਆਗੂਆਂ ਸਮੇਤ ਮੰਤਰੀਆਂ ਦੇ ਨਾਂ ਵੀ ਸਾਹਮਣੇ ਆਏ, ਪਰ ਅਕਾਲੀ ਭਾਜਪਾ ਸਰਕਾਰ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ ਕਹਿ ਕੇ ਜਿੱਥੇ ਆਪ ਦੁੱਧ ਧੋਤੀ ਬਣਦੀ ਰਹੀ ਉੱਥੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਛਤਰੀ ਵੀ ਮੁਹੱਈਆ ਕਰਕੇ ਉਹਨਾਂ ਦੇ ਸਹਾਰੇ ਮੁੜ ਸੱਤਾ ਹਾਸਲ ਕਰਨ ਦਾ ਸੁਪਨਾ ਦੇਖਦੀ ਰਹੀ। ਵਿਧਾਨ ਸਭਾ ਚੋਣਾਂ ਆਈਆਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਤੀ ਨਾਜੁਕ ਮੁੱਦੇ ਨੂੰ ਲੈ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਬਠਿੰਡਾ ਵਿਖੇ ਇੱਕ ਵੱਡੇ ਜਨਤਕ ਇਕੱਠ ਵਿੱਚ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਸਹੁੰ ਖਾਧੀ ਕਿ ਉਹਨਾਂ ਦੀ ਸਰਕਾਰ ਹੋਂਦ ਵਿੱਚ ਆਉਣ ਤੇ ਦੋ ਹਫਤਿਆਂ ਵਿੱਚ ਨਸ਼ਾ ਬੰਦ ਕਰ ਦਿੱਤਾ ਜਾਵੇਗਾ। ਪੰਜਾਬ ਦੇ ਲੋਕ ਨਸ਼ਿਆਂ ਦੇ ਫੈਲਾਅ ਕਾਰਨ ਚਿੰਤਾ ਵਿੱਚ ਸਨ, ਪੰਜਾਬ ਦੀ ਜਵਾਨੀ ਖਾਤਮੇ ਵੱਲ ਜਾਂਦੀ ਦਿਖਾਈ ਦੇ ਰਹੀ ਸੀ, ਨਸ਼ਿਆਂ ਕਾਰਨ ਸੱਜ ਵਿਆਹੀਆਂ ਦੇ ਸੁਹਾਗ ਉੱਜੜ ਰਹੇ ਸਨ, ਭੈਣਾਂ ਦੇ ਵੀਰ ਮੌਤ ਦੇ ਮੂੰਹ ਜਾ ਰਹੇ ਸਨ ਅਤੇ ਮਾਪੇ ਆਪਣੇ ਮੋਢਿਆਂ ਤੇ ਨੌਜਵਾਨ ਪੁੱਤਰਾਂ ਦੀਆਂ ਲਾਸਾਂ ਚੁੱਕ ਕੇ ਸਮਸਾਨਘਾਟਾਂ ਵੱਲ ਜਾ ਰਹੇ ਸਨ, ਅਜਿਹੇ ਮਹੌਲ ਵਿੱਚ ਰਾਜ ਦੇ  ਲੋਕਾਂ ਨੇ ‘ਡੁਬਦੇ ਨੂੰ ਤਿਨਕੇ ਦਾ ਸਹਾਰਾ’ ਸਮਝ ਕੇ ਕੈਪਟਨ ਅਮਰਿੰਦਰ ਸਿੰਘ ਤੇ ਵਿਸਵਾਸ ਕਰਕੇ ਸਹਿਯੋਗ ਦਿੱਤਾ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸਥਾਪਤ ਹੋਇਆਂ ਦੋ ਸਾਲ ਹੋਣ ਵਾਲੇ ਹਨ, ਭਾਵੇਂ ਖਤਰਨਾਕ ਨਸ਼ਿਆਂ ਵਿੱਚ ਕੁੱਝ ਰੁਕਾਵਟ ਤਾਂ ਪਈ ਪਰ ਨਸ਼ੇ ਬਿਲਕੁਲ ਬੰਦ ਨਹੀਂ ਕੀਤੇ ਗਏ ਅਤੇ ਨਾ ਹੀ ਅਜਿਹੇ ਕਿਸੇ ਵੱਡੇ ਨਸ਼ਾ ਤਸਕਰ ਨੂੰ ਜੇਲਾਂ ਵਿੱਚ ਸੁੱਟਿਆ ਗਿਆ ਜਿਹਨਾਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਸੀ।
ਹੁਣ ਨਵੀਆਂ ਬਣੀਆਂ ਪੰਚਾਇਤਾਂ ਵੱਲੋਂ ਆਪਣੇ ਤੌਰ ਤੇ ਨਸ਼ੇ ਰੋਕਣ ਲਈ ਯਤਨ ਅਰੰਭੇ ਜਾ ਰਹੇ ਹਨ, ਜਿਹਨਾਂ ਤੋਂ ਸਰਕਾਰਾਂ ਦੀਆਂ ਕਾਰਵਾਈਆਂ ਪ੍ਰਤੀ ਨਿਰਾਸ਼ਾ ਵੀ ਝਲਕਦੀ ਹੈ ਅਤੇ ਪੰਜਾਬ ਦੀ ਜਵਾਨੀ ਦੀ ਸੁਰੱਖਿਆ ਲਈ ਸ਼ੁਭ ਸੰਕੇਤ ਵੀ ਨਜਰ ਆਉਂਦੇ ਹਨ। ਇਹ ਯਤਨ ਜਿੱਥੇ ਅਕਾਲੀ ਭਾਜਪਾ ਸਰਕਾਰ ਦੀਆਂ ਨਸ਼ੇ ਫੈਲਾਉਣ ਦੀਆਂ ਕਥਿਤ ਕਾਰਵਾਈਆਂ ਤੇ ਮੋਹਰ ਲਾਉਂਦੇ ਹਨ, ਉੱਥੇ ਮੌਜੂਦਾ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਤੇ ਉਂਗਲ ਉਠਾਉਂਦੇ ਹਨ ਜੋ ਨਸ਼ੇ ਰੋਕਣ ਵਿੱਚ ਅਸਫਲ ਰਹੀ ਹੈ। ਪੰਚਾਇਤਾਂ ਵੱਲੋਂ ਕੀਤੇ ਅਜਿਹੇ ਯਤਨਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਨਸ਼ੇ ਰੋਕਣ ਲਈ ਪੰਜਾਬ ਦੇ ਲੋਕ ਅਜਿਹੀਆਂ ਕੋਸਿਸ਼ਾਂ ਲਈ ਪੂਰਨ ਸਹਿਯੋਗ ਦੇਣਗੇ। ਉਹਨਾਂ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਅਨੁਸਾਰ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਉਣ।

Real Estate