ਅੰਮ੍ਰਿਤਸਰ ਤੋਂ ਬੰਦ ਕੀਤੀਆਂ ਉਡਾਣਾਂ ਨੂੰ ਸ਼ੁਰੂ ਕਰਨ ਦੀ ਮੰਗ, ਔਜਲਾ ਦਾ ਲੋਕ ਸਭਾ ਦੇ ਬਾਹਰ ਪ੍ਰਦਰਸ਼ਨ

1115

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵੱਲੋਂ ਲੋਕ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਅਮ੍ਰਿਤਸਰ ਤੋਂ ਲੰਡਨ ਅਤੇ ਟੋਰਾਂਟੋ ਜਾਣ ਵਾਲੀਆਂ ਬੰਦ ਪਈਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਾਲ 2017-18 ਵਿੱਚ ਵੱਖ-ਵੱਖ ਹਵਾਈ ਉਡਾਣਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਚ 2319995 ਯਾਤਰੀ ਵੱਖ-ਵੱਖ ਦੇਸ਼ਾਂ ਤੋਂ ਆਏ ਅਤੇ ਗਏ ਸਨ ਅਤੇ 2018-19 ਵਿੱਚ 25 ਲੱਖ ਯਾਤਰੀ ਇਥੇ ਆਉਣ ਜਾਣ ਦਾ ਅਨੁਮਾਨ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਪਾਕਿਸਤਾਨ ਦੋਵਾਂ ਸਰਕਾਰਾਂ ਦੀ ਸਹਿਮਤੀ ਨਾਲ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੁੱਲਣ ਨਾਲ ਹਰ ਸਾਲ ਇਥੇ ਵਿਦੇਸ਼ਾਂ ਤੋਂ ੩੫ ਲੱਖ ਯਾਤਰੂਆਂ ਦੇ ਆਉਣ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਇਸ ਹਵਾਈ ਅੱਡਾ ਵਿਖੇ ਰੋਜ਼ਾਨਾਂ ਵਿਦੇਸ਼ਾਂ ਤੋਂ 11 ਉਡਾਣਾਂ ਆਉਂਦੀਆਂ ਜਾਂਦੀਆਂ ਹਨ ਅਤੇ ਦਿੱਲੀ ਵਿਖੇ ਧੁੰਦ ਪੈਣ ਕਾਰਨ ਵੱਡੀਆਂ ਤੋਂ ਵੱਡੀਆਂ ਹਵਾਈ ਉਡਾਣਾਂ ਹੰਗਾਮੀ ਹਾਲਤ ਵਿਚ ਉਤਾਰੀਆਂ ਤਾਂ ਜਾ ਸਕਦੀਆਂ ਹਨ ਪਰ ਏਹ ਸਾਰੀਆਂ ਅਧੁਨਿਕ ਸਹੂਲਤਾਂ ਨਾਲ ਲੈਸ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਦਿੱਲੀ ਤਖਤ ਵੱਲੋਂ ਏਸ ਹਵਾਈ ਅੱਡੇ ਨਾਲ ਵਿਤਕਰਾ ਕਿਓ ਕੀਤਾ ਜਾ ਰਿਹਾ ਹੈ?

Real Estate