ਵਿੱਤੀ ਭਗੌੜਾ ਵਿਜੈ ਮਾਲਿਆ

ਵਿਜੈ ਮਾਲਿਆ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਭਗੌੜਾ ਵਿੱਤੀ ਅਪਰਾਧੀ ਐਲਾਨ ਦਿੱਤਾ ਹੈ। ਮਾਲਿਆ ਅਜਿਹਾ ਪਹਿਲਾ ਕਾਰੋਬਾਰੀ ਹੈ ਜਿਸ ਨੂੰ ਨਵੇਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਦੇ ਘੇਰੇ ’ਚ ਲਿਆਂਦਾ ਗਿਆ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ ’ਚ ਅਪੀਲ ਦਾਇਰ ਕੀਤੀ ਸੀ ਕਿ ਵਿਜੈ ਮਾਲਿਆ ਜੋ ਇਸ ਸਮੇਂ ਬਰਤਾਨੀਆ ’ਚ ਰਹਿ ਰਿਹਾ ਹੈ, ਨੂੰ ਨਵੇਂ ਵਿੱਤੀ ਭਗੌੜਾ ਅਪਰਾਧ ਕਾਨੂੰਨ ਦੇ ਘੇਰੇ ’ਚ ਲਿਆਂਦਾ ਜਾਵੇ ਤਾਂ ਜੋ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕੇ ਤੇ ਉਸ ਨੂੰ ਸਿੱਧਾ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਲਿਆਂਦਾ ਜਾ ਸਕੇ।
ਅਦਾਲਤ ਨੇ ਈਡੀ ਦੀ ਅਪੀਲ ਦੇ ਇੱਕ ਹਿੱਸੇ ’ਤੇ ਹੁਕਮ ਜਾਰੀ ਕੀਤੇ ਹਨ। ਅਪੀਲ ਦੂਜੇ ਹਿੱਸੇ ਜਿਸ ’ਚ ਮਾਲਿਆ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ ਕੀਤੀ ਗਈ ਹੈ, ’ਤੇ ਸੁਣਵਾਈ 5 ਫਰਵਰੀ ਨੂੰ ਕੀਤੀ ਜਾਵੇਗੀ। ਮਾਲਿਆ ਦੇ ਵਕੀਲਾਂ ਨੇ ਮੰਗ ਕੀਤੀ ਕਿ ਇਨ੍ਹਾਂ ਹੁਕਮਾਂ ’ਤੇ ਚਾਰ ਹਫ਼ਤਿਆਂ ਲਈ ਰੋਕ ਲਗਾਈ ਜਾਵੇ ਤਾਂ ਜੋ ਉਹ ਹੁਕਮਾਂ ਦੀ ਪੂਰੀ ਕਾਪੀ ਹਾਸਲ ਕਰਨ ਮਗਰੋਂ ਹਾਈ ਕੋਰਟ ਜਾ ਸਕਣ। ਪਰ ਅਦਾਲਤ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਕੋਈ ਵੀ ਅਦਾਲਤ ਵਿੱਤੀ ਭਗੌੜਾ ਅਪਰਾਧ ਕਾਨੂੰਨ ਤਹਿਤ ਆਪਣੇ ਹੁਕਮਾਂ ’ਤੇ ਰੋਕ ਨਹੀਂ ਲਗਾ ਸਕਦੀ। ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਕੇਸ ’ਚ ਲੋੜੀਂਦੇ ਨੀਰਵ ਮੋਦੀ ਤੇ ਮੇਹੁਲ ਚੋਕਸੀ ਨੂੰ ਵੀ ਵਿੱਤੀ ਭਗੌੜੇ ਅਪਰਾਧੀ ਐਲਾਨਣ ਸਬੰਧੀ ਈਡੀ ਦੀ ਅਪੀਲ ’ਤੇ ਸੁਣਵਾਈ ਇਸੇ ਅਦਾਲਤ ਵੱਲੋਂ ਕੀਤੀ ਜਾ ਰਹੀ ਹੈ।

Real Estate