ਬਾਦਲਾਂ ਦੀ ਔਰਬਿਟ ਨੇ ਬੰਦ ਕਰਵਾਈ ਸਰਕਾਰੀ ਵੋਲਵੋ ,ਰਾਜਾ ਵੜਿੰਗ ਨੇ ਕਰਵਾਈ ਸੀ ਸੁ਼ਰੂ

1219

ਬਾਦਲਾਂ ਦੀ ਔਰਬਿਟ ਨੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਡਰੀਮ ‘ਵੋਲਵੋ ਬੱਸ’ ਨੂੰ ਬਰੇਕ ਲਗਵਾ ਦਿੱਤੀ ਹੈ। ਵੜਿੰਗ ਨੇ 19 ਨਵੰਬਰ, 2018 ਨੂੰ ਡਰੀਮ ਪ੍ਰਾਜੈਕਟ ਵਜੋਂ ਮਲੋਟ-ਚੰਡੀਗੜ੍ਹ ਵਾਇਆ ਗਿੱਦੜਬਾਹਾ ਵੋਲਵੋ ਬੱਸ ਸ਼ੁਰੂ ਕਰਵਾਈ ਸੀ, ਜਿਸ ਨੂੰ ਬਰੇਕਾਂ ਲਗਵਾ ਕੇ ਹੀ ਔਰਬਿਟ ਨੇ ਸਾਹ ਲਿਆ ਹੈ। ਔਰਬਿਟ ਕੰਪਨੀ ਨੇ ਵੋਲਵੋ ਬੱਸ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਮਲੋਟ-ਚੰਡੀਗੜ੍ਹ ਵੋਲਵੋ ਬੱਸ ਦੇ ਚੱਲਣ ’ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਰੋਡਵੇਜ਼ ਮੁਕਤਸਰ ਦੀ ਵੋਲਵੋ ਬੱਸ ਨੇ ਅੱਜ ਚੰਡੀਗੜ੍ਹ ਤੋਂ ਮਲੋਟ ਦਾ ਆਖ਼ਰੀ ਗੇੜਾ ਲਾਇਆ। ਭਲਕ ਤੋਂ ਸਰਕਾਰੀ ਵੋਲਵੋ ਮਲੋਟ ਦੇ ਅੱਡੇ ਵਿਚੋਂ ਸਵੇਰ ਵੇਲੇ ਨਹੀਂ ਚੱਲੇਗੀ। ਹਾਈ ਕੋਰਟ ਨੇ ਮੁੱਢਲੇ ਪੜਾਅ ’ਤੇ ਵੋਲਵੋ ਬੱਸ ਦੇ ਆਰਜ਼ੀ ਪਰਮਿਟ ਨੂੰ ਜਾਇਜ਼ ਨਹੀਂ ਮੰਨਿਆ ਹੈ। ਹਾਈ ਕੋਰਟ ਨੇ ਅਗਲੀ ਤਰੀਕ 28 ਜਨਵਰੀ ਪਾ ਦਿੱਤੀ ਹੈ। ਹਾਈ ਕੋਰਟ ਦੇ ਫ਼ੈਸਲੇ ਪਿੱਛੋਂ ਔਰਬਿਟ ਲਈ ਮਲੋਟ ਤੋਂ ਚੰਡੀਗੜ੍ਹ ਦਾ ਰਾਹ ਪੱਧਰਾ ਹੋ ਗਿਆ ਹੈ। ਰਿਜਨਲ ਟਰਾਂਸਪੋਰਟ ਅਥਾਰਿਟੀ ਫ਼ਰੀਦਕੋਟ ਦੇ ਸਕੱਤਰ ਨੇ 13 ਨਵੰਬਰ, 2018 ਨੂੰ ਪੰਜਾਬ ਰੋਡਵੇਜ਼ ਮੁਕਤਸਰ ਨੂੰ ਮਲੋਟ-ਚੰਡੀਗੜ੍ਹ ਦਾ ਆਰਜ਼ੀ ਪਰਮਿਟ ਜਾਰੀ ਕੀਤਾ ਸੀ। ਪੀਆਰਟੀਸੀ ਬਠਿੰਡਾ ਦੇ ਜਨਰਲ ਮੈਨੇਜਰ ਨੇ 15 ਨਵੰਬਰ ਨੂੰ ਸਰਕਾਰੀ ਵੋਲਵੋ ਦਾ ਬਠਿੰਡਾ ਤੋਂ ਚੱਲਣ ਤੇ ਪਰਤਣ ਦਾ ਟਾਈਮ ਟੇਬਲ ਐਡਜਸਟ ਕਰ ਦਿੱਤਾ ਸੀ। ਮਲੋਟ ਤੋਂ ਸਰਕਾਰੀ ਵੋਲਵੋ ਚੱਲਣ ਦਾ ਸਮਾਂ ਸਵੇਰੇ 3:50 ਦਾ ਤੇ ਔਰਬਿਟ ਦਾ ਸਮਾਂ 4:20 ਦਾ ਸੀ। ਇੰਜ ਹੀ ਬਠਿੰਡਾ ਬੱਸ ਅੱਡੇ ਤੋਂ ਸਰਕਾਰੀ ਵੋਲਵੋ ਦੇ ਚੱਲਣ ਦਾ ਸਮਾਂ 4:50 ਵਜੇ ਸਵੇਰ ਦਾ ਸੀ ਜਦੋਂਕਿ ਔਰਬਿਟ ਦਾ ਉਸ ਤੋਂ ਪਿੱਛੇ 5:10 ਵਜੇ ਦਾ ਸੀ। ਸਰਕਾਰੀ ਵੋਲਵੋ ਨੇ ਸਿੱਧੀ ਔਰਬਿਟ ਨੂੰ ਢਾਹ ਲਾ ਦਿੱਤੀ ਸੀ। ਔਰਬਿਟ ਕੰਪਨੀ ਦਾ ਤਰਕ ਸੀ ਕਿ ਆਰਜ਼ੀ ਪਰਮਿਟ ਗ਼ਲਤ ਜਾਰੀ ਹੋਇਆ ਹੈ ਤੇ ਟਾਈਮ ਟੇਬਲ ’ਤੇ ਵੀ ਇਤਰਾਜ਼ ਕੀਤਾ ਗਿਆ। ਔਰਬਿਟ ਕੰਪਨੀ ਨੇ ਆਖਿਆ ਕਿ ਆਰਜ਼ੀ ਪਰਮਿਟ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਾਊਂਟਰ ਸਾਈਨ ਨਹੀਂ ਹੋਇਆ, ਜੋ ਨਿਯਮਾਂ ਅਨੁਸਾਰ ਜ਼ਰੂਰੀ ਸੀ। ਔਰਬਿਟ ਕੰਪਨੀ ਦੇ ਮੁਲਾਜ਼ਮਾਂ ਨੇ 20 ਨਵੰਬਰ ਨੂੰ ਹੀ ਸਰਕਾਰੀ ਵੋਲਵੋ ਦੇ ਰਾਹ ਰੋਕ ਲਏ ਸਨ, ਜਿਸ ਮਗਰੋਂ ਥਾਣਾ ਕੋਤਵਾਲੀ ਬਠਿੰਡਾ ਦੀ ਪੁਲੀਸ ਨੇ ਔਰਬਿਟ ਦੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 21 ਨਵੰਬਰ ਨੂੰ ਕੇਸ ਦਰਜ ਕਰ ਲਿਆ ਸੀ। ਸਰਕਾਰੀ ਵੋਲਵੋ ਦੀ ਬੁਕਿੰਗ ਵੀ ਵਧਣ ਲੱਗੀ ਸੀ ਅਤੇ ਆਨਲਾਈਨ ਬੁਕਿੰਗ ਵੀ ਸ਼ੁਰੂ ਹੋ ਗਈ ਸੀ। ਸਰਕਾਰੀ ਵੋਲਵੋ ਦੇ ਚੱਲਣ ਤੋਂ ਦੋਹਾਂ ਧਿਰਾਂ ਦਰਮਿਆਨ ਰੱਫੜ ਪਿਆ ਹੋਇਆ ਸੀ। ਸਰਕਾਰੀ ਵੋਲਵੋ ਨੇ ਪ੍ਰਾਈਵੇਟ ਕੰਪਨੀ ਦੇ ਸਾਹ ਸੂਤ ਰੱਖੇ ਸਨ ਤੇ ਔਰਬਿਟ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ।
ਪੰਜਾਬ ਰੋਡਵੇਜ਼ ਮੁਕਤਸਰ ਦੇ ਜਨਰਲ ਮੈਨੇਜਰ ਜਗਦੀਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਾਰੀ ਆਰਜ਼ੀ ਪਰਮਿਟ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਾਊਂਟਰ ਸਾਈਨ ਹੋਇਆ ਹੈ ਅਤੇ ਔਰਬਿਟ ਕੰਪਨੀ ਵੱਲੋਂ ਹਾਈ ਕੋਰਟ ਵਿਚ ਤੱਥ ਛੁਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਹਾਈ ਕੋਰਟ ਨੂੰ ਸਹੀ ਤੱਥਾਂ ਤੋਂ ਜਾਣੂ ਕਰਾਉਣਗੇ ਅਤੇ ਅਗਲੇ ਫ਼ੈਸਲੇ ਤੱਕ ਵੋਲਵੋ ਨੂੰ ਬੰਦ ਰੱਖਿਆ ਜਾਵੇਗਾ।

Real Estate