ਸੁਖਨੈਬ ਸਿੱਧੂ
ਸੂਰਮਾ ਸਿਰਫ ਉਹ ਨਹੀਂ ਹੁੰਦਾ ਜਿਹੜਾ ਸਰਹੱਦ/ ਜੰਗ ਵਿੱਚ ਹਥਿਆਰ ਲੈ ਕੇ ਲੜੇ । ਸੂਰਮਾ ਉਹ ਵੀ ਹੁੰਦਾ ਹੈ ਜੋ ਤੰਗੀਆਂ – ਤੁਰਸ਼ੀਆਂ ਸਹਿੰਦਿਆ ਸੱਚ ਬੋਲਣ ਦੀ ਜੁਰੱਅਤ ਕਰੇ ਪਰ ਕਿਸੇ ਦੀ ਈਨ ਨਾ ਮੰਨੇ । ਕਲਮਾਂ ਅਤੇ ਵਿਚਾਰਾਂ ਦੀ ਲੜਾਈ ਵਾਲੇ ਵੀ ਮਹਾਨ ਹੁੰਦੇ ਹਨ । ਵਿਚਾਰ ਯੁੱਗ ਪਲਟਾਉਣ ਦੇ ਸਮਰੱਥ ਹੁੰਦੇ ਹਨ ।
ਹੁਣ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਡੇਰਾਵਾਦ ਨੇ ਕੀਤਾ ਹੈ ਅਤੇ ਇਸਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਸਤੇ ਸਾਡੇ ਸਿਆਸਤਦਾਨਾਂ ਨੇ ਡੇਰਾਵਾਦ ਗੁੰਢਤੁੰਪ ਕੀਤੀ ਹੋਈ ਹੈ। ਡੇਰਾ ਸਿਰਸਾ ਇਸ ਵਿਵਾਦ ਵਿੱਚ ਸਭ ਤੋਂ ਮੋਹਰੀ ਰੋਲ ਅਦਾ ਕਰਨ ਵਾਲਾ ਹੈ। ਇਸ ਡੇਰਾ ਸਿਰਸਾ ਦੇ ਮੁਖੀ ਨਾਲ ਸਿੱਧੀ ਟੱਕਰ ਲੈਣ ਵਾਲਾ ਪਹਿਲਾ ‘ਪੱਤਰਕਾਰ ਸ਼ਹੀਦ ਰਾਮ ਚੰਦਰ ਛੱਤਰਪਤੀ’ ਗਿਣਿਆ ਜਾਵੇਗਾ । ਸਿਰਧੜ ਦੀ ਬਾਜ਼ੀ ਲਾਉਣ ਵਾਲੇ ਜਾਂਬਾਜ਼ ਨੇ ਜੋ ਰੋਲ ਡੇਰਾ ਸਿਰਸਾ ਦੇ ਮੁਖੀ ਦੇ ਪਰਦੇਫਾਸ ਕਰਨ ਲਈ ਕੀਤਾ ਉਹਨਾਂ ਸ਼ਾਇਦ ਕਿਸੇ ਹੋਰ ਨਹੀਂ ਕੀਤਾ । ਪਰ ਸਿੱਖ ਕੌਮ ਨੇ ਉਸਦੀ ਕੋਈ ਮੱਦਦ ਨਹੀਂ ।
ਚੇਤੇ ਰਹੇ ਕਿ ਸ਼ਹੀਦ ਛੱਤਰਪਤੀ ਨੇ 2002 ਵਿੱਚ ਡੇਰਾ ਮੁਖੀ ਖਿਲਾਫ਼ ਆਈ ਇੱਕ ਗੁਪਤ ਚਿੱਠੀ ਨੂੰ ਆਪਣੇ ਅਖ਼ਬਾਰ ‘ਪੂਰਾ ਸੱਚ ’ਹੂਬਹੂ ਪ੍ਰਕਾਸਿ਼ਤ ਕੀਤਾ ਜਿਸ ਤੋਂ ਮਗਰੋਂ ਉਸਨੂੰ ਡੇਰਾ ਮੁਖੀ ਗੁੰਡਿਆਂ ਵੱਲੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਪਰ ਉਸਨੇ ਦੀ ਕੋਈ ਪ੍ਰਵਾਹ ਕੀਤੇ ਬਗੈਰ ਲਗਾਤਾਰ ਆਪਣੇ ਅਖ਼ਬਾਰ ਵਿੱਚ ਹੋਰ ਪਰਦੇਫਾਸ਼ ਕਰਨੇ ਸ਼ੁਰੂ ਕਰ ਦਿੱਤੇ । ਜਿਸਦੇ ਸਿੱਟੇ ਵਜੋਂ ਉਸਨੂੰ ਡੇਰੇ ਦੇ ਤਿੰਨ ਪੈਰੋਕਾਰਾਂ ਨੇ 24 ਅਕਤੂਬਰ 2002 ਨੂੰ ਉਸਦੇ ਘਰ ਜਾ ਕੇ ਗੋਲੀਆਂ ਮਾਰ ਦਿੱਤੀਆਂ ਅਤੇ ਉਹ ਜਿੰਦਗੀ ਅਤੇ ਮੌਤ ਨਾਲ ਜੂਝਦਾ ਹੋਇਆ 21 ਨਵੰਬਰ 2002 ਨੂੰ ਸ਼ਹੀਦ ਹੋ ਗਿਆ । ਉਸਦੇ ਅੰਤਿਮ ਸੰਸਕਾਰ ਸਮੇਂ ਪੂਰਾ ਸਿਰਸਾ ਜਿ਼ਲ੍ਹਾ ਉਸੀ ਅੰਤਿਮ ਯਾਤਰਾ ਨਾਲ ਚੱਲ ਰਿਹਾ ਸੀ ਅਤੇ ਉਸਦੇ ਭੋਗ ਮੌਕੇ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਜੋ ਵੱਡੇ- ਵੱਡੇ ਦਮਗਜ਼ੇ ਮਾਰੇ ਪਰ ਉਹਨਾਂ ਵਿੱਚੋਂ ਕੁਝ ਨਹੀਂ ਨਿਬੜਿਆ । ਬੀਤੇ 17 ਸਾਲਾਂ ਤੋਂ ਰਾਮ ਚੰਦਰ ਛੱਤਰਪਤੀ ਦਾ ਪਰਿਵਾਰ ਡੇਰਾ ਮੁਖੀ ਖਿਲਾਫ਼ ਨਿੱਜੀ ਤੇ ਮੁਕੱਦਮਾ ਝਗੜ ਰਿਹਾ ਹੈ ਜਿਸਦੇ ਸਿੱਟੇ ਵਜੋਂ ਆਰਥਿਕ ਤੰਗੀਆਂ ਦੇ ਕਾਰਨ ਉਸਦੇ ਪਰਿਵਾਰ ਨੂੰ ਆਪਣੀ ਕੁਝ ਪੁਸ਼ਤੈਨੀ ਜ਼ਮੀਨ ਵੀ ਵੇਚਣੀ ਪਈ ਹੈ। ਸ਼ਹੀਦ ਪੱਤਰਕਾਰ ਰਾਮ ਚੰਦਰ ਛੱਤਰਪਤੀ ਦਾ ਸਪੁੱਤਰ ਅੰਸੁ਼ਲ ਛੱਤਰਪਤੀ ਪਿਛਲੇ 17 ਸਾਲਾਂ ਤੋਂ ‘ਪੂਰਾ ਸੱਚ ’ ਅਖ਼ਬਾਰ ਨੂੰ ਆਰਥਿਕ ਤੰਗੀਆਂ ਦੇ ਬਾਵਜੂਦ ਵੀ ਚਲਾ ਰਿਹਾ ਹੈ ਅਤੇ ਡੇਰਾ ਮੁਖੀ ਖਿਲਾਫ ਲਗਾਤਾਰ ਲਿਖ ਰਿਹਾ ਹੈ।
ਇਸ ਤਰ੍ਹਾਂ ਦੇ ਹਾਲਤਾਂ ਵਿੱਚ ਵੀ ਯੋਧਿਆਂ ਦੀ ਭੂਮਿਕਾ ਨਿਭਾਉਣ ਵਾਲੇ ਇਸ ਪਰਿਵਾਰ ਨੂੰ ਮੱਦਦ ਦੇਣਾ ਕੀ ਸਾਡਾ ਫਰਜ਼ ਨਹੀਂ ਬਣ ਜਾਂਦਾ । ਜੋ ਡੇਰਾ ਮੁਖੀ ਦੀਆਂ ਕਾਲੀਆਂ ਕਰਤੂਤਾਂ ਨੂੰ ਮੱਦੇਨਜ਼ਰ ਰੱਖਦੇ ਯੋਗ ਸਜ਼ਾ ਦਿਵਾਉਣ ਲਈ ਸੰਘਰਸ਼ ਕਰ ਰਿਹਾ ਹੈ । ਇਹ ਵੀ ਜਿ਼ਕਰਯੋਗ ਹੈ ਕਿ ਜਿੱਥੇ ਡੇਰਾ ਮੁਖੀ ਤੇ ਦੋਸ਼ ਹੈ ਕਿ ਉਸਨੇ ਸਾਂਧਵੀ ਨਾਲ ਬਲਾਤਕਾਰ ਕਰਨ , ਕਤਲ ਕਰਨ ਅਤੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ । ਇਹਨਾਂ ਵਿੱਚੋਂ ਕੁਝ ਕੇਸਾਂ ਦੀ ਪੁਸ਼ਟੀ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਕਰ ਚੁੱਕੀ ਹੈ ।
ਜੋ ਵੀ ਵਿਅਕਤੀ ਡੇਰਾ ਮੁਖੀ ਦੇ ਕਾਲੇ ਕਾਰਨਾਮਿਆਂ ਖਿਲਾਫ਼ ਲੜਾਈ ਲੜਨ ਚਾਹੁੰਦੇ ਤਾਂ ਜਰੂਰਤ ਹੈ ਸਾਂਝੇ ਦੁਸ਼ਮਣ ਦੀ ਗੋਡੀ ਲਵਾਉਣ ਦੀ ਇਸ ਪਰਿਵਾਰ ਦਾ ਆਰਥਿਕ ਅਤੇ ਮਾਨਸਿ਼ਕ ਸਾਥ ਦਿਓ ।