ਡੇਰਾ ਮੁਖੀ ਦੀ ਪੰਚਕੂਲਾ ‘ਚ ਫਿਰ ਪੇਸ਼ੀ ,ਪੁਲਿਸ ਦੇ ਸਾਹ ਸੁੱਕੇ

1314

ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿਚ ਸੀਬੀਆਈ ਦੀ ਅਦਾਲਤ ਵਿਚ 11 ਜਨਵਰੀ ਨੂੰ ਡੇਰਾ ਮੁਖੀ ਦੀ ਪੇਸ਼ੀ ਕਾਰਨ ਪੰਚਕੂਲਾ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਪੁਲੀਸ ਸ਼ਸ਼ੋਪੰਜ ’ਚ ਹੈ ਕਿ ਬਾਬਾ ਰਾਮ ਰਹੀਮ ਨੂੰ ਉਸ ਦਿਨ ਕਿਸ ਤਰ੍ਹਾਂ ਲਿਆਇਆ ਜਾਵੇ ਕਿਉਂਕਿ ਜੇ ਬਾਬੇ ਨੂੰ ਹੈਲੀਕਾਪਟਰ ਰਾਹੀਂ ਪੰਚਕੂਲਾ ਲਿਆਇਆ ਜਾਂਦਾ ਹੈ ਤਾਂ ਲੋਕਾਂ ਵਿਚ ਗ਼ਲਤ ਸੰਦੇਸ਼ ਜਾਵੇਗਾ। ਪੰਚਕੂਲਾ ਪੁਲੀਸ ਹਾਲੇ ਵੀ ਸੋਚ ਰਹੀ ਹੈ ਕਿ ਕੀ ਰਾਮ ਰਹੀਮ ਨੂੰ ਸੜਕ ਰਾਹੀਂ ਲਿਆਉਣਾ ਵੀ ਉੱਚਿਤ ਹੋਵੇਗਾ।
ਪੁਲੀਸ ਦੇ ਹੈੱਡਕੁਆਰਟਰ ਪੰਚਕੂਲਾ ਵਿਚ ਹੋਈਆਂ ਮੀਟਿੰਗਾਂ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੀਬੀਆਈ ਅਦਾਲਤ ਰਾਮ ਰਹੀਮ ਦੀ ਪੇਸ਼ੀ ਰੋਹਤਕ ਵਿਚ ਹੀ ਕਰਵਾ ਸਕਦੀ ਹੈ ਜਾਂ ਪੰਚਕੂਲਾ ਵਿਚ ਬਾਬੇ ਨੂੰ ਵੀਡੀਓ ਕਾਨਫਰੰਸਿਗ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ। ਪੰਚਕੂਲਾ ਪੁਲੀਸ ਨੇ ਅਦਾਲਤ ਦੇ ਬਾਹਰ ਅਤੇ ਡੀਸੀ ਦਫ਼ਤਰ ਦੇ ਆਸਪਾਸ ਬੈਰੀਕੇਡ ਬਣਾਏ ਹਨ। ਪੰਚਕੂਲਾ ਪ੍ਰਸ਼ਾਸਨ ਅਤੇ ਪੁਲੀਸ ਨੇ ਰਾਮ ਰਹੀਮ ਦੀ ਪੇਸ਼ੀ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ।
ਸਿਰਸਾ ਵਿਚ ਪੁਲੀਸ ਵੱਲੋਂ ਕਈ ਥਾਈਂ ਨਾਕੇ ਲਾਏ ਗਏ ਹਨ ਤੇ ਸ਼ਰਾਰਤੀ ਅਨਸਰਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਬਾਰੇ 11 ਜਨਵਰੀ ਨੂੰ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਚਾਰ ਜਣੇ ਇਸ ਕੇਸ ਵਿਚ ਮੁਲਜ਼ਮ ਹਨ। ਡੇਰਾ ਮੁਖੀ ਸਾਧਵੀ ਬਲਾਤਕਾਰ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਅੱਜ ਡੇਰਾ ਪ੍ਰੇਮੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਗ਼ੈਰ ਸਮਾਜਿਕ ਅਨਸਰਾਂ ਉੱਤੇ ਨਜ਼ਰ ਰੱਖੀ ਜਾਵੇ ਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਨਾ ਲੈਣ ਦਿੱਤਾ ਜਾਵੇ। ਡੇਰਾ ਪ੍ਰੇਮੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਡੇਰੇ ਨਾਲ ਜੁੜਿਆ ਹਰੇਕ ਵਿਅਕਤੀ ਪ੍ਰਸ਼ਾਸਨ ਦਾ ਸਹਿਯੋਗ ਕਰੇਗਾ। 6 ਜਨਵਰੀ ਨੂੰ ਹੋਣ ਵਾਲੀ ਨਾਮ ਚਰਚਾ ਮੁਅੱਤਲ ਕਰ ਦਿੱਤੀ ਗਈ ਹੈ।
ਪੰਜਾਬੀ ਟ੍ਰਿਬਿਊਨ

Real Estate