ਮੋਦੀ ਆਜ਼ਾਦ ਭਾਰਤ ਦੇ ਸਭ ਤੋਂ ਮਾੜੇ ਆਗੂ,ਆਪਣਾ ਇੱਕ ਵੀ ਵਾਅਦਾ ਪੂਰਾ ਕੀਤਾ ਦਿਖਉਣ- ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ ਹੈ ਕਿ ਮੋਦੀ ਆਜ਼ਾਦ ਭਾਰਤ ਦੇ ਸਭ ਤੋਂ ਮਾੜੇ ਆਗੂ ਹਨ।ਕੈਪਟਨ ਨੇ ਮੋਦੀ ਨੂੰ ਜੁਮਲੇਬਾਜ਼ ਤੇ ਝੂਠੇ ਬਿਆਨ ਦਾਗਣ ’ਚ ਮਾਹਿਰ ਗਰਦਾਨਦੇ ਹੋਏ ਉਨ੍ਹਾਂ ਨੂੰ ਆਪਣੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਇੱਕ ਵੀ ਵਾਅਦਾ ਪੂਰਾ ਕਰਨ ਨੂੰ ਚੁਣੌਤੀ ਦਿੱਤੀ ਹੈ।
ਗੁਰਦਾਸਪੁਰ ਰੈਲੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ‘ਜੁਮਲੇਬਾਜ਼’ ਪ੍ਰਧਾਨ ਮੰਤਰੀ ਨੇ ਧੋਖੇ ਤੇ ਪਾਖੰਡ ਨਾਲ ਦੇਸ਼ ਨੂੰ ਨਿਵਾਣਾਂ ’ਤੇ ਲੈ ਆਂਦਾ ਹੈ ਜਿਸ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪੱਕੀ ਹਾਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਨਿਰਾਸ਼ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਇੱਕ ਵਾਰ ਫਿਰ 1984 ਦੇ ਦੰਗਿਆਂ ਅਤੇ ਕਰਤਾਰਪੁਰ ਲਾਂਘੇ ਤੋਂ ਲੈ ਕੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਹਰ ਮੁੱਦੇ ’ਤੇ ਝੂਠ ਬੋਲਿਆ ਹੈ ਅਤੇ ਉਹ ਆਪਣੀਆਂ ਪੰਜ ਸਾਲ ਦੀਆਂ ਨਾਕਾਮੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ।
ਕੈਪਟਨ ਨੇ 1984 ਦੇ ਦੰਗਿਆਂ ਸਬੰਧੀ ਤਿਲਕ ਮਾਰਗ ਥਾਣੇ ਵਿੱਚ ਦਰਜ ਐੱਫਆਈਆਰ ’ਚ ਭਾਜਪਾ ਤੇ ਆਰਐੱਸਐੱਸ ਵਰਕਰਾਂ ਦੇ ਮਾਮਲੇ ਬਾਰੇ ਸਾਜ਼ਿਸ਼ੀ ਚੁੱਪ ਧਾਰਨ ਲਈ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗਾਂਧੀ ਪਰਿਵਾਰ ਵਿਰੁੱਧ ਕਿਸੇ ਨੇ ਵੀ ਕੋਈ ਦੋਸ਼ ਨਹੀਂ ਲਾਇਆ ਪਰ ਫਿਰ ਵੀ ਮੋਦੀ ਇਸ ਮਾਮਲੇ ਵਿਚ ਗਾਂਧੀ ਪਰਿਵਾਰ ਦਾ ਨਾਂ ਘਸੀਟਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ, ‘2002 ਦੇ ਗੁਜਰਾਤ ਦੰਗਿਆਂ ਬਾਰੇ ਤੁਹਾਡਾ ਕੀ ਖਿਆਲ ਹੈ ਜੋ ਐਨ ਤੁਹਾਡੇ ਨੱਕ ਹੇਠ ਵਾਪਰੇ ਸਨ ਅਤੇ ਜਿਨ੍ਹਾਂ ਵਿੱਚ ਤੁਹਾਡੀ ਆਪਣੀ ਪਾਰਟੀ ਦੇ ਮੈਂਬਰਾਂ ਦਾ ਨਾਂ ਆਇਆ ਹੈ ਅਤੇ ਦੋਸ਼ ਲੱਗੇ ਸਨ’।
ਕਰਤਾਰਪੁਰ ਲਾਂਘੇ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀਆਂ ਕੋਸ਼ਿਸ਼ਾਂ ਕਰਨ ਲਈ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਇਸ ਵਾਸਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਕਾਂਗਰਸ ਸਰਗਰਮੀ ਨਾਲ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਅਤੇ ਬਾਅਦ ’ਚ ਡਾ। ਮਨਮੋਹਨ ਸਿੰਘ ਨੇ ਵੀ ਇਹ ਕੋਸ਼ਿਸ਼ਾਂ ਕੀਤੀਆਂ। ਉਹ ਖੁਦ ਕਈ ਸਾਲਾਂ ਤੋਂ ਪਾਕਿਸਤਾਨ ਦੇ ਨਾਲ ਇਹ ਮੁੱਦਾ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ, ‘ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸਾਡੇ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ਦੇ ਬਾਵਜੂਦ ਤੁਸੀਂ ਇੱਕ ਵੀ ਪੈਸਾ ਨਹੀਂ ਦਿੱਤਾ ਅਤੇ ਤੁਸੀਂ ਅਜੇ ਵੀ ਆਪਣੇ ਆਪ ਨੂੰ ਸਿੱਖਾਂ ਤੇ ਉਨ੍ਹਾਂ ਦੇ ਧਰਮ ਦੇ ਰਖਵਾਲੇ ਹੋਣ ਦਾ ਦਾਅਵਾ ਕਰਦੇ ਹੋ।’

Real Estate