ਪਿੰਡ ਨੂੰ ਨਸ਼ਾ ਮੁਕਤ ਕਰਕੇ ਤਸਕਰੀ ਵਾਲਾ ਦਾਗ ਲਾਹੁਣਾ ਮੇਰਾ ਮੁੱਖ ਨਿਸ਼ਾਨਾ-ਗੁਰਮੇਲ ਕੌਰ ਸਰਪੰਚ

972

ਬਠਿੰਡਾ/ 5 ਜਨਵਰੀ/ ਬਲਵਿੰਦਰ ਸਿੰਘ ਭੁੱਲਰ
ਪਿੰਡ ਦਾ ਵਿਕਾਸ ਕਰਨਾ ਭਾਵੇਂ ਹਰ ਸਰਪੰਚ ਦਾ ਫ਼ਰਜ ਹੈ ਅਤੇ ਵਿਕਾਸ ਲਈ ਮੈਂ ਵੱਚਨਬੱਧ ਵੀ ਹਾਂ, ਪਰ ਪਿੰਡ ਨੂੰ ਨਸ਼ਾ ਮੁਕਤ ਕਰਕੇ ਜਵਾਨੀ ਨੂੰ ਬਚਾਉਣਾ ਮੇਰਾ ਪਹਿਲਾ ਮੁੱਖ ਨਿਸ਼ਾਨਾ ਹੋਵੇਗਾ। ਇਹ ਵਿਚਾਰ ਪਿੰਡ ਬੀੜ ਤਲਾਬ ਦੀ ਨਵੀਂ ਬਣੀ ਸਰਪੰਚ ਸ੍ਰੀਮਤੀ ਰਾਜਪਾਲ ਕੌਰ ਦੇ ਹਨ।
ਸਰਪੰਚ ਰਾਜਪਾਲ ਕੌਰ ਪਤਨੀ ਸ੍ਰੀ ਗੁਰਮੇਲ ਸਿੰਘ ਖਾਲਸਾ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਬੀੜ ਤਲਾਬ ਨਹਿਰ ਬਸਤੀ ਨੰਬਰ ਇੱਕ ਚਾਰ ਅਤੇ ਪੰਜ ਤੇ ਅਧਾਰਤ ਹੈ, ਜਿਸਦੇ ਵਿਕਾਸ ਲਈ ਉਹ ਹਰ ਸੰਭਵ ਯਤਨ ਕਰੇਗੀ, ਪਰ ਉਸਦਾ ਪਹਿਲਾ ਨਿਸ਼ਾਨਾ ਪਿੰਡ ਨੂੰ ਨਸ਼ਾ ਮੁਕਤ ਕਰਕੇ ਨੌਜਵਾਨੀ ਨੂੰ ਬਚਾਉਣ ਦਾ ਹੈ। ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਨਾਅਰਾ ਲੈ ਕੇ ਹੀ ਉਹ ਮੈਦਾਨ ਵਿੱਚ ਅਜ਼ਾਦ ਤੌਰ ਤੇ ਨਿੱਤਰੀ ਸੀ, ਜਦ ਕਿ ਉਸਦੇ ਮੁਕਾਬਲੇ ਵਿੱਚ ਕਾਂਗਰਸ, ਅਕਾਲੀ ਦਲ ਅਤੇ ਇੱਕ ਹੋਰ ਅਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਸਨ। ਉਸਨੇ ਦੱਸਿਆ ਕਿ ਭਾਵੇਂ ਹੋਰ ਉਮੀਦਵਾਰਾਂ ਨੇ ਚੋਣਾਂ ਲਈ ਖ਼ਰਚ ਵੀ ਕੀਤਾ, ਪਰ ਉਸਨੇ ਚੋਣਾਂ ਦੌਰਾਨ ਨਾ ਕਿਸੇ ਨਸ਼ੇ ਦੀ ਵਰਤੋਂ ਕੀਤੀ, ਨਾ ਕੋਈ ਪੋਸਟਰ ਲਾਇਆ, ਨਾ ਹੀ ਪੋਲਿੰਗ ਬੂਥ ਲਾਇਆ ਅਤੇ ਨਾ ਹੀ ਪੋਲਿੰਗ ਏਜੰਟ ਬਣਾਇਆ, ਸਗੋਂ ਚੋਣਾਂ ਦੇ ਪ੍ਰਚਾਰ ਦਿਨਾਂ ਸਮੇਂ ਉਹ ਸੰਗਤਾਂ ਨਾਲ ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜਾਦਿਆਂ ਦੇ ਸਹੀਦੀ ਅਸਥਾਨ ਤੇ ਨਤਮਸਤਕ ਹੋਣ ਚਲੀ ਗਈ ਸੀ।
ਰਾਜਪਾਲ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਸਨੂੰ ਮਾਣ ਬਖਸ਼ਦਿਆਂ ਵੱਡੀ ਜੁਮੇਵਾਰੀ ਦਿੱਤੀ ਹੈ, ਜਿਸਨੂੰ ਉਹ ਤਨਦੇਹੀ ਨਾਲ ਪੂਰਾ ਕਰੇਗੀ। ਉਸਨੇ ਕਿਹਾ ਕਿ ਉਹਨਾਂ ਦੇ ਪਿੰਡ ਨੂੰ ਇਲਾਕੇ ਦੇ ਲੋਕ ਨਜਾਇਜ ਸ਼ਰਾਬ ਦੀ ਤਸਕਰੀ ਦਾ ਮੁੱਖ ਅੱਡਾ ਮੰਨਦੇ ਹਨ, ਕਿਉਂਕਿ ਸਬੰਧਤ ਥਾਨੇ ਵਿੱਚ ਸ਼ਰਾਬ ਵੇਚਣ ਦੇ ਸੈਂਕੜੇ ਮੁਕੱਦਮੇ ਦਰਜ ਹੋ ਚੁੱਕੇ ਹਨ। ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਦਾਗ ਨੂੰ ਸਾਫ਼ ਕਰਨ ਲਈ ਹਰ ਸੰਭਵ ਯਤਨ ਕਰੇਗੀ। ਉਹਨਾਂ ਕਿਹਾ ਕਿ ਉਹ ਸਿਆਸੀ ਵਖ਼ਰੇਵਿਆਂ, ਪਿੰਡ ਦੀ ਧੜੇਬਾਜੀ ਜਾਂ ਗਰੁੱਪਬਾਜੀ ਤੋਂ ਉਪਰ ਉਠ ਕੇ ਅਤੇ ਮੱਤਭੇਦਾਂ ਨੂੰ ਭੁਲਾ ਕੇ ਆਪਣੀ ਬਣਦੀ ਜੁਮੇਵਾਰੀ ਨਿਭਾਏਗੀ।

Real Estate